ਅਸੀਂ ਵਾਰਸ ਹਾਂ ਹਿੰਦ ਦੀ ਆਤਮਾ
ਬਦਕਿਸਮਤ ਹਿੰਦੋਸਤਾਨ ਪਹਿਲਾਂ ਅੰਗਰੇਜ਼ ਕੰਪਨੀਆਂ ਤੇ ਫਿਰ ਅੰਗਰੇਜ਼ਾਂ ਦੇ 200 ਸਾਲ ਗ਼ੁਲਾਮ ਰਿਹਾ ਪਰ ਪੰਜਾਬ ਪੰਜਾਬੀਆਂ ਦੀ ਸੂਰਬੀਰਤਾ ਸਦਕਾ ਸੌ ਸਾਲ ਬਾਅਦ ਗ਼ੁਲਾਮ ਹੋਇਆ ਸੀ।
ਫਿਰ ਉਠੀ ਆਖ਼ਿਰ ਸਦਾ, ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ ਕਾਮਿਲ ਨੇ ਜਗਾਯਾ ਖ਼ਾਬ ਸੇ।
ਇਹ 16ਵੀਂ ਸਦੀ ਦੇ ਆਰੰਭ ਸਮੇਂ ਦਾ ਵਾਕਿਆ ਹੈ, ਜਦੋਂ ਮੁਗ਼ਲ ਬਾਬਰ ਪਾਪ ਕੀ ਜੰਞ ਕਾਬਲੋਂ ਲੈ ਕੇ ਹਿੰਦੋਸਤਾਨ ਤੇ ਕਾਬਜ਼ ਹੋਣ ਲਈ ਆਇਆ ਸੀ। ਪੂਰੇ ਹਿੰਦੋਸਤਾਨ ਵਿਚੋਂ ਕਿਸੇ ਇਕ ਬੰਦੇ ਦੇ ਕੰਨ ਉਤੇ ਵੀ ਜੂੰ ਨਾ ਸਰਕੀ ਕਿ ਬਾਬਰ ਹਮਲਾਵਰ ਨੂੰ ਵੰਗਾਰ ਸਕੇ। ਕੇਵਲ ਇਕ ਮਰਦੇ-ਕਾਮਲ ਸ੍ਰੀ ਨਨਕਾਣਾ ਸਾਹਿਬ ਪੰਜਾਬ ਵਿਚ ਪ੍ਰਗਟ ਹੋਏ ਬਾਬਾ ਨਾਨਕ ਜੀ ਨੇ ਅਪਣੇ ਸ਼ਬਦਾਂ ਵਿਚ ਬਾਬਰ ਹਮਲਾਵਰ ਨੂੰ ਜ਼ੋਰਦਾਰ ਸ਼ਬਦਾਂ ਵਿਚ ਲਲਕਾਰਿਆ ਸੀ। ਹਿੰਦੁਸਤਾਨ ਅੰਦਰ ਮੁਗ਼ਲਾਂ ਦੇ ਦਾਖ਼ਲੇ ਦਾ ਵਿਰੋਧ ਕਰਦਿਆਂ ‘ਪਹਿਲੀ ਗ੍ਰਿਫ਼ਤਾਰੀ’ ਦਿਤੀ ਜਿਸ ਅਧੀਨ ਬਾਬਰ ਦੇ ਕੈਦਖ਼ਾਨੇ ਵਿਚ ਬਾਬਾ ਨਾਨਕ ਸਾਹਿਬ ਨੂੰ ਬਾਮੁਸ਼ੱਕਤ ਚੱਕੀ ਪੀਹਣ ਦੀ ਸਜ਼ਾ ਵੀ ਦਿਤੀ ਗਈ ਸੀ। ਇਹ ਸਿੱਖ ਇਤਿਹਾਸ, ਇਹ ਹਿੰਦੋਸਤਾਨ ਦੀ ਹਿਸ਼ਟਰੀ ਹੈ। ਇਸ ਘਟਨਾ ਦਾ ਹਵਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਉਪਲਬਧ ਹੈ। ਇਤਿਹਾਸ ਦੇ ਪੰਨੇ ਬੋਲਦੇ ਹਨ।
17ਵੀਂ ਸਦੀ ਦੇ ਸੰਨ 1606 ਈਸਵੀ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਹਕੂਮਤ ਵਲੋਂ ਤੱਤੀ ਤਵੀ ਤੇ ਬਿਠਾ ਕੇ ਜਿਸ ਦੇ ਹੇਠ ਲਟ-ਲਟ ਅੱਗ ਬਲ ਰਹੀ ਸੀ ਜਿਊਂਦੇ ਜੀਅ ਇਸ ਕਰ ਕੇ ਸ਼ਹੀਦ ਕੀਤਾ ਗਿਆ ਕਿ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਕੇ ਪੂਰੇ ਹਿੰਦੁਸਤਾਨ ਦੇ ਭਗਤਾਂ ਦੀ, ਭੱਟਾਂ ਦੀ ਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕ ਗ੍ਰੰਥ ਵਿਚ ਦਰਜ ਕੀਤਾ ਸੀ। ਜਿਹੜੇ ਭਗਤ ਵੱਖ-ਵੱਖ ਸੂਬਿਆਂ, ਵੱਖ-ਵੱਖ ਜਾਤਾਂ ਦੇ ਸਨ, ਜੋ ਗੁਰੂ ਗ੍ਰੰਥ ਸਾਹਿਬ ਸਮੁੱਚੇ ਹਿੰਦੁਸਤਾਨ ਦੀ ਸਾਂਝੀਵਾਲਤਾ ਦਾ ਹੀ ਪ੍ਰਤੀਕ ਨਹੀਂ, ਸਗੋਂ ਸਮੁੱਚੇ ਮਨੁੱਖਤਾ ਦਾ ਰਹਿਬਰ, ਦੇਸ਼ ਦੀ ਅਖੰਡਤਾ, ਸੰਸਾਰ ਦੀ ਅਖੰਡਤਾ ਦਾ ਜਾਮਨ ਹੈ ਜਿਸ ਵਿਚ ਆਮ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਟੀਚਾ ਹੈ।
ਸੰਨ 1675 ਈਸਵੀ 11 ਨਵੰਬਰ ਦਾ ਦਿਨ ਸੀ ਜਦੋਂ ਸਿੱਖਾਂ ਦੇ 9ਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਔਰੰਗਜ਼ੇਬ ਮੁਗ਼ਲ ਬਾਦਸ਼ਾਹ ਵਲੋਂ, ਇਸ ਕਰ ਕੇ ਸ਼ਹੀਦ ਕੀਤਾ ਗਿਆ ਕਿਉਂਕਿ ਹਿੰਦੂਆਂ/ਬ੍ਰਾਹਮਣਾਂ ਦੇ ਔਰੰਗਜ਼ੇਬ ਵਲੋਂ ਜਬਰੀ ਜਨੇਊ ਉਤਾਰੇ ਜਾ ਰਹੇ ਸਨ, ਤਿਲਕ ਤੇ ਧੋਤੀਆਂ ਖ਼ਤਮ ਕੀਤੀਆਂ ਜਾ ਰਹੀਆਂ ਸਨ, ਜਬਰਨ ਹਿੰਦੂਆਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਅਤੇ ਇਸ ਸਰਕਾਰੀ ਦਮਨਕਾਰੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਖ਼ਤ ਵਿਰੋਧ ਕਰ ਰਹੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ, ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ। ਚਾਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਖ਼ੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਮਨੁੱਖਤਾ ਦੇ ਭਲੇ ਅਤੇ ਦੇਸ਼ ਦੀ ਆਨ-ਸ਼ਾਨ ਲਈ ਸ਼ਹੀਦ ਹੋ ਗਏ। ਮਗਰੋਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ, ਸਦੀਆਂ ਤੋਂ ‘ਜੜ੍ਹਾਂ-ਪਸਾਰੀ ਬੈਠੇ ਮੁਗ਼ਲ ਰਾਜ ਨੂੰ ਖ਼ਤਮ ਕਰ ਕੇ ਸੰਨ 1710 ਵਿਚ ਨਿਰੋਲ ਪੰਜਾਬੀਆਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ ਹਿੰਦੋਸਤਾਨੀ ਦਾ ਰਾਜ ‘ਖ਼ਾਲਸਾ ਰਾਜ’ ਕਾਇਮ ਕੀਤਾ ਜਿਸ ਦਾ ਵਿਸਥਾਰ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਵਿਚ ਹੋਇਆ।
ਬਦਕਿਸਮਤ ਹਿੰਦੋਸਤਾਨ ਪਹਿਲਾਂ ਅੰਗਰੇਜ਼ ਕੰਪਨੀਆਂ ਤੇ ਫਿਰ ਅੰਗਰੇਜ਼ਾਂ ਦੇ 200 ਸਾਲ ਗ਼ੁਲਾਮ ਰਿਹਾ ਪਰ ਪੰਜਾਬ ਪੰਜਾਬੀਆਂ ਦੀ ਸੂਰਬੀਰਤਾ ਸਦਕਾ ਸੌ ਸਾਲ ਬਾਅਦ ਗ਼ੁਲਾਮ ਹੋਇਆ ਸੀ। ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੇ ਸੱਭ ਤੋਂ ਉੱਚਾ ਝੰਡਾ ਆਜ਼ਾਦੀ ਦਾ ਬੁਲੰਦ ਕੀਤਾ, ਅਪਣੀ ਅਬਾਦੀ ਨਾਲੋਂ 90 ਫ਼ੀ ਸਦੀ ਵੱਧ ਕੁਰਬਾਨੀਆਂ ਦਿਤੀਆਂ। ਪੰਜਾਬ ਦੇ 10 ਲੱਖ ਲੋਕ ਪੀੜਤ ਪ੍ਰਭਾਵਤ ਹੋਏ, ਵੰਡ ਦਾ ਸੰਤਾਪ ਭੋਗਿਆ-ਦੇਸ਼ ਆਜ਼ਾਦ ਹੋਇਆ ਸਮਾਂ 1947 ਦਾ।
1947 ਤੋਂ ਮਗਰੋਂ ਜਿੰਨੀਆਂ ਵੀ ਭਾਰਤੀ ਸਰਹੱਦਾਂ ਤੇ ਲੜਾਈਆਂ ਲੜੀਆਂ ਗਈਆਂ। ਭਾਵੇਂ ਪਾਕਿਸਤਾਨ ਦੀ ਤੇ ਭਾਵੇਂ ਚੀਨ ਦੀ ਜਾਂ ਹੁਣ ਵੀ ਸਰਹੱਦਾਂ ਤੇ ਹਰ ਰੋਜ਼ ਠੂਹ-ਠਾਹ ਹੋ ਰਹੀ ਹੈ। ਕਦੇ ਇਮਾਨਦਾਰੀ ਨਾਲ ਅੰਕੜੇ ਤਾਂ ਕੱਢ ਕੇ ਵੇਖੋ। ਕੀ ਹੁਣ ਵੀ ਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ, ਕਿਸਾਨਾਂ, ਮਜ਼ਦੂਰਾਂ ਨੂੰ ਤੇ ਦਲਿਤਾਂ ਨੂੰ ਸਰਟੀਫ਼ੀਕੇਟ ਦੇਣਾ ਪਵੇਗਾ ਕਿ ਅਸੀ ਦੇਸ਼-ਵਿਰੋਧੀ ਨਹੀਂ, ਅਸੀ ਅਤਿਵਾਦੀ ਨਹੀਂ, ਅਸੀ ਵਖਵਾਦੀ ਨਹੀਂ? ਸ਼ਰਮ ਆਉਣੀ ਚਾਹੀਦੀ ਹੈ, ਇਹੋ ਜਹੇ ਬੇਸ਼ਰਮ ਲੋਕਾਂ ਨੂੰ ਜੋ ਦੋਸ਼ ਲਗਾਉਂਦੇ ਹਨ।
ਅਸਲ ਅਤਿਵਾਦੀ ਕੌਣ ਹਨ? ਜੋ ਦੇਸ਼ ਨਾਲ ਅਤੇ ਦੇਸ਼ ਦੇ ਗ਼ਰੀਬ ਲੋਕਾਂ ਨਾਲ ਠੱਗੀ ਕਰ ਰਹੇ ਹਨ। ਜੋ ਦੇਸ਼ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ। ਕਾਸ਼ਤਕਾਰ ਅਤੇ ਖ਼ਰੀਦਦਾਰ ਨੂੰ ਬੇਰਹਿਮੀ ਨਾਲ ਲੁੱਟ ਰਹੇ ਹਨ- ਵਿਚੋਲੇ-ਦੱਲੇ। ਵੱਖਵਾਦੀ ਉਹ ਲੋਕ ਹਨ ਜਿਹੜੇ ਮੇਰੇ ਪਿਆਰੇ ਦੇਸ਼ ਹਿੰਦੋਸਤਾਨ ਨੂੰ ਹਿੰਦੂ, ਮੁਸਲਮ, ਸਿੱਖ, ਈਸਾਈ ਵਿਚ ਧਰਮ ਦਾ ਪਾੜਾ ਪਾ ਕੇ ਰਾਜ ਕਰਨਾ ਜ਼ਰੂਰੀ ਸਮਝਦੇ ਹਨ। ਜਾਤਾਂ ਦੀਆਂ ਵੰਡੀਆਂ ਪਾਉਂਦੇ ਹਨ। ਇਕ ਦੂਜੇ ਨਾਲੋਂ ਤੋੜ ਕੇ ਵੱਖ-ਵੱਖ ਕਰਨਾ ਚਾਹੁੰਦੇ ਹਨ। ਇਹੋ ਜਿਹਾਂ ਤੋਂ ਹਿੰਦੁਸਤਾਨ ਨੂੰ ਸੱਭ ਤੋਂ ਵੱਧ ਖ਼ਤਰਾ ਹੈ। ਕਿਸਾਨੋਂ! ਮਜ਼ਦੂਰੋ!! ਦਲਿਤ ਭਰਾਵੋ!!! ਤੁਹਾਡੀ ਗਿਣਤੀ ਵੱਧ ਹੈ, ਤੁਹਾਡੀਆਂ ਵੋਟਾਂ ਵੱਧ ਹਨ, ਭਾਰਤੀ ਸੰਵਿਧਾਨ ਦੇ ਅਧੀਨ ਰਹਿ ਕੇ ਤੁਹਾਡੀ ਏਕਤਾ ਦੇਸ਼ ਨੂੰ ਬਚਾ ਸਕਦੀ ਹੈ।
ਸਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ।
ਗਿਆਨੀ ਧਰਮ ਸਿੰਘ ਭੰਖਰਪੁਰ,ਸੰਪਰਕ : 98781-61006