ਠੇਕੇ ਖੁੱਲ੍ਹੇ ਪਰ ਸਕੂਲ ਬੰਦ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਮਾਜ ਦੇ ਹਰ ਵਰਗ ਨੂੰ ਪ੍ਰੇਸ਼ਾਨ ਕੀਤਾ ਹੈ, ਉੱਥੇ ਖ਼ਾਸ ਕਰ ਕੇ ਬੱਚਿਆਂ ਦੀ ਪੜ੍ਹਾਈ  ਦਾ ਬਹੁਤ ਵੱਡੀ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ।

liquor store open but school closed?

ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਤੋਂ ਪੂਰੀ ਦੁਨੀਆਂ ਪ੍ਰੇਸ਼ਾਨੀ ਵਿਚੋਂ ਲੰਘ ਰਹੀ ਹੈ। ਅਮੀਰਕਾ, ਕੈਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਦੀਆਂ ਸਰਕਾਰਾਂ ਇਸ ਮੁਸ਼ਕਲ ਸਮੇਂ ਵਿਚ ਅਪਣੇ ਦੇਸ਼ ਦੇ ਲੋਕਾਂ ਦੀ ਆਰਥਕ ਮਦਦ ਕਰ ਰਹੀਆਂ ਹਨ। ਪਰ ਸਾਡੇ ਭਾਰਤ ਦੇਸ਼ ਦੀ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐਮ. ਫ਼ੰਡ ਤਾਂ ਇਕੱਠਾ ਕੀਤਾ ਪਰ ਉਹ ਗਿਆ ਕਿੱਧਰ, ਹਾਲੇ ਤਕ ਪਤਾ ਹੀ ਨਹੀਂ ਚਲਿਆ ਅਤੇ ਸਾਡੇ ਦੇਸ਼ ਦੀਆਂ ਸੂਬਾ ਸਰਕਾਰਾਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਰਾਤ ਦੇ ਕਰਫ਼ਿਊ ਵਰਗੇ ਹਾਸੋਹੀਨੇ ਫ਼ੈਸਲੇ ਕਰ ਕੇ ਤੇ ਰਾਜਨੀਤਕ ਇਕੱਠਾਂ ਦੀ ਖੁਲ੍ਹ ਦੇ ਕੇ ਲੋਕਾਂ ਦੇ ਮਨਾਂ ਵਿਚੋਂ ਬਿਮਾਰੀ ਪ੍ਰਤੀ ਸ਼ੰਕੇ ਖੜੇ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ।

ਲੋਕ ਪੁਛਦੇ ਹਨ ਕਿ ਕੋਰੋਨਾ ਰਾਤ ਨੂੰ ਆਉਂਦਾ ਹੈ, ਦਿਨੇ ਨਹੀਂ? ਸਾਡੇ ਦੇਸ਼ ਦੀ ਤ੍ਰਾਸਦੀ ਇਹ ਰਹੀ ਹੈ ਕਿ ਇਥੇ ਬਿਮਾਰੀ ਦਾ ਵੀ ਰਾਜਨੀਤੀਕਰਨ ਕਰ ਦਿਤਾ ਗਿਆ ਹੈ। ਜਿਥੇ ਚੋਣਾਂ ਹੁੰਦੀਆਂ ਹਨ, ਉਥੇ ਸੱਭ ਪਾਬੰਦੀਆਂ ਚੁੱਕ ਦਿਤੀਆਂ ਜਾਂਦੀਆਂ ਹਨ ਤੇ ਜਿਥੇ ਚੋਣਾਂ ਖ਼ਤਮ, ਉਥੇ ਬਿਮਾਰੀ ਦੇ ਵਧੇ ਅੰਕੜੇ ਵਿਖਾ ਕੇ ਪਾਬੰਦੀਆਂ ਲਗਾ ਦਿਤੀਆਂ ਜਾ ਰਹੀਆਂ ਹਨ। ਇਸੇ ਕਾਰਨ ਲੋਕ ਕੋਰੋਨਾ ਨੂੰ ਸਰਕਾਰ ਦਾ ਆਗਿਆਕਾਰੀ ਪੁੱਤਰ ਦੱਸ ਰਹੇ ਹਨ। ਕੋਰੋਨਾਂ ਮਹਾਂਮਾਰੀ ਨੇ ਜਿਥੇ ਸਮਾਜ ਦੇ ਹਰ ਵਰਗ ਨੂੰ ਪ੍ਰੇਸ਼ਾਨ ਕੀਤਾ ਹੈ, ਉੱਥੇ ਖ਼ਾਸ ਕਰ ਕੇ ਬੱਚਿਆਂ ਦੀ ਪੜ੍ਹਾਈ  ਦਾ ਬਹੁਤ ਵੱਡੀ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ।

ਬੱਚੇ ਪੂਰੇ ਇਕ ਸਾਲ ਤੋਂ ਘਰ ਬੈਠੇ ਹਨ। ਬੱਚਾ ਜੋ ਸਕੂਲ ਵਿਚ ਜਾ ਕੇ ਅਪਣੇ ਅਧਿਆਪਕ ਤੋਂ ਕਲਾਸ ਵਿਚ ਸਿਖ ਸਕਦਾ ਹੈ, ਉਸ ਦਾ ਬਦਲ ਆਨਲਾਈਨ ਕਲਾਸਾਂ ਨਹੀਂ ਹੋ ਸਕਦੀਆਂ। ਬਹੁਤੇ ਲੋਕਾਂ ਕੋਲ ਸਮਾਰਟ ਫ਼ੋਨ ਨਹੀਂ ਹਨ। ਕਿਤੇ ਨੈੱਟਵਰਕ ਦੀ ਸਮੱਸਿਆ ਖੜੀ ਹੋ ਜਾਂਦੀ ਹੈ, ਫ਼ੋਨ ਜ਼ਿਆਦਾ ਵੇਖਣ ਕਾਰਨ ਬੱਚਿਆਂ ਦੀਆਂ ਅੱਖਾਂ ਤੇ ਦਿਮਾਗ਼ ਉਤੇ ਮਾੜਾ ਅਸਰ ਨਜ਼ਰ ਆ ਰਿਹਾ ਹੈ। ਫਿਰ ਵੀ ਅਧਿਆਪਕਾਂ ਤੇ ਮਾਤਾ-ਪਿਤਾ ਦੇ ਸਹਿਯੋਗ ਨਾਲ ਇਕ ਸਾਲ ਔਖਾ-ਸੌਖਾ ਕੱਢ ਲਿਆ ਗਿਆ। ਸਰਕਾਰੀ ਸਕੂਲ ਤਾਂ ਸਰਕਾਰ ਦੀ ਸਹਾਇਤਾ ਨਾਲ ਚਲਦੇ ਰਹੇ ਤੇ ਅਧਿਆਪਕਾਂ ਨੂੰ ਤਨਖ਼ਾਹ ਵੀ ਮਿਲਦੀ ਰਹੀ। ਮਾਪੇ ਬੇਲੋੜੀਆਂ ਫ਼ੀਸਾਂ ਵੀ ਭਰਦੇ ਰਹੇ ਪਰ ਫਿਰ ਵੀ ਪੰਜਾਬ ਦੇ ਤਕਰੀਬਨ 9 ਹਜ਼ਾਰ ਨਿਜੀ ਸਕੂਲਾਂ ਵਿਚ ਕੰਮ ਕਰਦੇ ਦੱਸ ਲੱਖ ਦੇ ਕਰੀਬ ਕਰਮਚਾਰੀਆਂ ਤੇ ਬੱਸ ਡਰਾਈਵਰਾਂ ਨੂੰ ਤਨਖ਼ਾਹ ਤੋਂ ਬਿਨਾਂ ਜਾਂ ਘੱਟ ਤਨਖ਼ਾਹ ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਹੈ।

ਸਕੂਲਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਸਮੇਂ ਹੀ ਫਿਰ ਤੋਂ ਬੰਦ ਕਰ ਦਿਤਾ ਗਿਆ। ਇਸ ਪਿੱਛੇ ਬਿਮਾਰੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਇਕ ਚੰਗੀ ਗੱਲ ਇਹ ਵੇਖਣ ਨੂੰ ਮਿਲੀ ਕਿ ਸਰਕਾਰੀ ਸਕੂੁਲਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਦਾਖ਼ਲਾ ਫ਼ੀ ਸਦ ਵਧੀ ਹੈ। ਇਸ ਦੌਰਾਨ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ ਕਿ ਅਧਿਆਪਕ ਘਰ-ਘਰ ਜਾ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ। ਇਹ ਫ਼ੈਸਲਾ ਉਸ ਸਮੇਂ ਠੀਕ ਜਾਪੇਗਾ ਜਦੋਂ ਸਕੂਲ ਖੁਲ੍ਹੇ ਹੋਣ ਪਰ ਇਕ ਪਾਸੇ ਬਿਮਾਰੀ ਕਾਰਨ ਸਕੂਲ ਬੰਦ ਹਨ ਦੂਜੇ ਪਾਸੇ ਅਧਿਆਪਕਾਂ ਨੂੰ ਬਿਮਾਰੀ ਫ਼ੈਲਾਉਣ ਲਈ ਪਿੰਡ -ਪਿੰਡ ਬੱਚਿਆਂ ਦੇ ਸੰਪਰਕ ਵਿਚ ਆਉਣ ਲਈ ਕਿਹਾ ਜਾ ਰਿਹਾ ਹੈ, ਇਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। 

ਸਕੂਲ ਬੰਦ ਹੋਣ ਨਾਲ ਨਿਰਾ ਸਕੂਲ ਬੰਦ ਨਹੀਂ ਹੁੰਦਾ, ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਬੰਦ ਹੋ ਜਾਂਦਾ ਹੈ। ਜੇਕਰ ਨਿਜੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਤਾਂ ਫ਼ੀਸ ਲੈ ਰਹੇ ਹਨ, ਉਨ੍ਹਾਂ ਨੂੰ ਤਾਂ ਫ਼ਾਇਦਾ ਹੀ ਹੈ ਪਰ ਜਿਹੜੇ ਨਾਲ ਵਰਦੀਆਂ ਵਾਲੇ, ਜੁੱਤੀਆਂ ਵਾਲਿਆਂ, ਸਟੇਸ਼ਨਰੀ ਵਾਲਿਆਂ, ਬਸਾਂ ਵਾਲਿਆਂ ਦਾ ਕੰਮ ਧੰਦਾ ਚਲਦਾ ਹੈ, ਜੋ ਸਰਕਾਰ ਨੇ ਖ਼ਤਮ ਕਰ ਦਿਤੇ ਹਨ। ਲੱਖਾਂ ਹੀ ਨੌਜੁਆਨ ਜਿਨ੍ਹਾਂ ਨੂੰ ਸਰਕਾਰ ਰੁਜ਼ਗਾਰ ਨਹੀਂ ਦੇ ਸਕਦੀ, ਉਹ ਇਨ੍ਹਾਂ ਨਿਜੀ ਸਕੂਲਾਂ ਵਿਚ ਕੰਮ ਕਰ ਕੇ ਅਪਣੇ ਬੱਚਿਆਂ ਨੂੰ ਪਾਲ ਰਹੇ ਸਨ, ਜੋ ਹੁਣ ਵਿਹਲੇ ਹੋ ਗਏ ਹਨ। ਇਸ ਤਰ੍ਹਾਂ ਦੇ ਫ਼ੈਸਲਿਆਂ ਨਾਲ ਬੱਚਿਆਂ ਤੇ ਮਾਤਾ-ਪਿਤਾ ਵਿਚ ਨਿਰਾਸ਼ਾ ਫੈਲਦੀ ਹੈ ਕਿ ਸ਼ਾਇਦ ਇਸ ਸਾਲ ਵੀ ਘਰ ਬੈਠ ਕੇ ਹੀ ਪੜ੍ਹਨਾ ਪਵੇ ਤੇ ਉਹ ਫ਼ੀਸ ਤਾਂ ਛਡੋ ਦਾਖ਼ਲਾ ਕਰਵਾਉਣ ਵੀ ਸਕੂਲ ਨਹੀਂ ਪਹੁੰਚ ਰਹੇ। ਸਰਕਾਰ ਦੇ ਫ਼ੀਸ ਪ੍ਰਤੀ ਗ਼ੈਰ-ਜ਼ਿੰਮੇਵਾਰੀ ਵਾਲੇ ਬਿਆਨਾਂ ਨੇ ਨਿਜੀ ਸਕੂਲਾਂ ਤੇ ਮਾਤਾ-ਪਿਤਾ ਦੇ ਸਬੰਧਾਂ ਨੂੰ ਵਿਗਾੜ ਕੇ ਰੱਖ ਦਿਤਾ ਹੈ। 

ਮਾਪੇ ਆਖ ਰਹੇ ਹਨ ਕਿ ਨਿਜੀ ਸਕੂਲਾਂ ਵਿਚ ਵੀ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦਾ ਦਬਾਅ ਬਣਾ ਰਹੇ ਹਨ ਜੋ ਕਿ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ। ਸਰਕਾਰ ਸਕੂਲ ਬੰਦ ਕਰਨ ਦਾ ਫ਼ੈਸਲਾ ਕਰ ਦਿੰਦੀ ਹੈ ਪਰ ਕਦੇ ਇਹੋ ਜਹੇ ਨੋਟੀਫ਼ੀਕੇਸ਼ਨ ਜਾਰੀ ਨਹੀਂ ਕਰਦੀ ਕਿ ਸੈਸ਼ਨ 2021-22 ਕਿਸ-ਕਿਸ ਮਿਤੀ ਤੋਂ ਸ਼ੁਰੂ ਹੋ ਰਿਹਾ ਹੈ। ਸਕੂਲ ਬੰਦ ਦੇ ਭੰਬਲਭੂਸੇ ਵਿਚ ਪਿਛਲੇ ਸਾਲ ਵੀ ਬੇਨਤੀਆਂ ਕਰ ਕਰ ਕੇ ਬਚਿਆਂ ਨੂੰ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਨਹੀਂ ਤੇ ਉਨ੍ਹਾਂ ਦਾ ਸਾਲ ਖ਼ਰਾਬ ਹੋ ਸਕਦਾ ਸੀ। ਇਕ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਦੱਸੇ ਕਿ ਸੈਸ਼ਨ ਕਦੋਂ ਸ਼ੁਰੂ ਹੋ ਰਿਹਾ ਹੈ, ਇਹ ਵੀ ਦੱਸੋ ਕਿ ਸਕੂਲ ਜਾ ਕੇ ਦਾਖ਼ਲਾ ਲੈਣਾ ਜ਼ਰੂਰੀ ਹੈ ਤਾਂ ਹੀ ਬੱਚਾ ਅਗਲੀ ਜਮਾਤ ਵਿਚ ਮੰਨਿਆਂ ਜਾਵੇਗਾ। 

ਸੂਬਾ ਸਰਕਾਰਾਂ ਵਲੋਂ ਸਕੂਲ ਬੰਦ ਕਰਨ ਦੀ ਬਜਾਏ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਕੂਲ ਖੋਲ੍ਹਣ ਦੇ ਢੰਗ ਸੋਚਣੇ ਚਾਹੀਦੇ ਹਨ। ਸਾਰੀਆਂ ਜਮਾਤਾਂ ਨਾ ਬੁਲਾ ਕੇ ਸਕੂਲ ਵਿਚ ਅੱਧੀਆਂ ਜਮਾਤਾਂ ਜਾਂ ਅੱਧੇ ਬੱਚੇ ਬੁਲਾ ਕੇ ਸਕੂਲ ਲਗਾਇਆ ਜਾ ਸਕਦਾ ਹੈ। ਹਰ ਕਲਾਸ ਦੇ 10 ਬੱਚੇ ਇਕ ਦਿਨ ਅਗਲੇ 10 ਦੂਜੇ ਦਿਨ ਇਸ ਤਰ੍ਹਾਂ ਦੀ ਵੰਡ ਕਰ ਕੇ ਵੀ ਸਕੂਲ ਖੋਲ੍ਹੇ ਜਾ ਸਕਦੇ ਹਨ। ਸਕੂਲ ਜਾਂ ਪੀਰੀਅਡ ਦਾ ਸਮਾਂ ਘਟਾ ਕੇ ਥੋੜੇ ਸਮੇਂ ਲਈ ਵੀ ਸਕੂਲ ਖੋਲ੍ਹੇ ਜਾ ਸਕਦੇ ਹਨ। ਔਡ-ਈਵਨ (ਕੱਲੀ-ਜੋਟਾ) ਫ਼ਾਰਮੂਲੇ ਤਹਿਤ ਵੀ ਸਕੂਲ ਖੋਲ੍ਹੇ ਜਾ ਸਕਦੇ ਹਨ। ਬੋਰਡ ਦੀਆਂ ਜਮਾਤਾਂ ਦੇ ਇਮਤਿਹਾਨ ਅੱਗੇ-ਅੱਗੇ ਕਰ ਕੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਰੁਝਾਨ ਘਟਾਉਣ ਤੋਂ ਚੰਗਾ ਇਹ ਹੋਵੇ ਕਿ ਹਰ ਸਕੂਲ ਨੂੰ ਸੈਂਟਰ ਐਲਾਨ ਕੇ ਬਾਹਰੋਂ ਸੁਪਰੀਡੈਂਟ ਲਗਾ ਕੇ ਸਟਾਫ਼ ਦੂਜੇ ਸਕੂਲ ਤੋਂ ਭੇਜ ਕੇ ਉਸੇ ਸਕੂਲ ਵਿਚ ਬੱਚਿਆਂ ਦੇ ਪੇਪਰ ਲੈ ਲਏ ਜਾਣ ਜਿਥੇ ਉਹ ਪੜ੍ਹਦੇ ਹਨ। ਕੋਵਿਡ-ਨਿਯਮਾਂ ਦੀ ਪਾਲਣਾ ਵੀ ਹੋ ਜਾਵੇਗੀ ਤੇ ਬੱਚੇ ਸਮੇਂ ਸਿਰ ਪੇਪਰ ਵੀ ਦੇ ਸਕਣਗੇ।

 ਸਕੂਲ ਖੋਲ੍ਹਣੇ ਬਹੁਤ ਜ਼ਰੂਰੀ ਹਨ ਕਿਉਂਕਿ ਪਿਛਲੇ ਇਕ ਸਾਲ ਵਿਚ ਬੱਚਿਆਂ ਦਾ ਬਹੁਤ ਨੁਕਸਾਨ ਹੋ ਚੁਕਿਆ ਹੈ। ਦੂਜਾ ਨਿਜੀ ਸਕੂਲਾਂ ਨਾਲ ਜੁੜੇ ਦੁਕਾਨਦਾਰ, ਬੱਸ ਅਪਰੇਟਰ ਤੇ ਨਿਜੀ ਸਕੂਲ ਅਧਿਆਪਕਾਂ ਦਾ ਇਸ ਔਖੇ ਸਮੇਂ ਗੁਜ਼ਾਰਾ ਚਲਣਾ ਵੀ ਔਖਾ ਹੋ ਗਿਆ ਹੈ। ਜੇ ਸਰਕਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸਕੂਲਾਂ ਦੇ ਕਰਮਚਾਰੀ ਵੀ ਕਿਸਾਨਾਂ ਵਾਂਗ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਣਗੇ ਜਾਂ ਸੰਘਰਸ਼ ਦੇ ਰਾਹ ਪੈਣਗੇ। ਸਰਕਾਰ ਨੂੰ ਕੋਈ ਨਾ ਕੋਈ ਤਰੀਕਾ ਕੱਢ ਕੇ ਕੋਰੋਨਾ ਦੀ ਲਾਗ ਤੋਂ ਬਚਾਉਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਂਦਿਆਂ ਸਕੂਲ ਖੋਲ੍ਹਣੇ ਚਾਹੀਦੇ ਹਨ ਕਿਉਂਕਿ ਹਰ ਕਿਸੇ ਦੀ ਜ਼ੁਬਾਨ ਉਤੇ ਇਹੀ ਸਵਾਲ ਹੈ ਕਿ ਜੇਕਰ ਦੇਸ਼ ਵਿਚ ਠੇਕੇ ਖੁਲ੍ਹ ਸਕਦੇ ਹਨ, ਮਾਲ ਖੁਲ੍ਹ ਸਕਦੇ ਹਨ, ਮੇਲੇ ਲੱਗ ਸਕਦੇ ਹਨ, ਬਾਜ਼ਾਰ ਖੁਲ੍ਹ ਸਕਦੇ ਹਨ, ਸਰਕਾਰੀ ਬਸਾਂ ਪੂਰੀਆਂ ਸਵਾਰੀਆਂ ਨਾਲ ਚੱਲ ਸਕਦੀਆਂ ਹਨ, ਰਾਜਨੀਤਕ ਇਕੱਠ ਹੋ ਸਕਦੇ ਹਨ ਤਾਂ ਫਿਰ ਸਕੂਲ ਕਿਉਂ ਨਹੀਂ ਖੁਲ੍ਹ ਸਕਦੇ? ਇਹ ਸੱਭ ਕੁੱਝ ਖੁਲ੍ਹ ਸਕਦਾ ਹੈ ਤਾਂ ਸਕੂਲ ਵੀ ਖੁਲ੍ਹ ਸਕਦੇ ਹਨ। ਇਸ ਪਾਸੇ ਸੂਬਾ ਸਰਕਾਰਾਂ ਨੂੰ ਸੰਜੀਦਗੀ ਨਾਲ ਸੋਚਣਾਂ ਪਵੇਗਾ। 

(ਗੁਰਪ੍ਰੀਤ ਸਿੰਘ ਅੰਟਾਲ
ਸੰਪਰਕ : 98154-24647)