...ਤੇ ਹੁਣ ਰੱਬ ਨੂੰ ਵੀ ਪੈਸੇ ਦੇ ਜ਼ੋਰ ਨਾਲ ਹਾਸਲ ਕਰਨਾ ਲੋਚਦੈ ਮਨੁੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਜੋਕਾ ਯੁੱਗ ਪੈਸੇ ਦਾ ਯੁੱਗ ਹੈ। ਬੇਸ਼ੱਕ ਪੈਸਾ ਬੰਦੇ ਨੇ ਬਣਾਇਆ ਸੀ ਪਰ ਅੱਜ ਪੈਸੇ ਨੇ ਜੋ ਬੰਦੇ ਨੂੰ ਬਣਾ ਕੇ ਰੱਖ ਦਿਤਾ ਹੈ, ਮੈਨੂੰ ਨਹੀਂ ਲਗਦਾ ਕਿ ਬੰਦਾ ਨੇੜ ਭਵਿੱਖ....

Money

ਅਜੋਕਾ ਯੁੱਗ ਪੈਸੇ ਦਾ ਯੁੱਗ ਹੈ। ਬੇਸ਼ੱਕ ਪੈਸਾ ਬੰਦੇ ਨੇ ਬਣਾਇਆ ਸੀ ਪਰ ਅੱਜ ਪੈਸੇ ਨੇ ਜੋ ਬੰਦੇ ਨੂੰ ਬਣਾ ਕੇ ਰੱਖ ਦਿਤਾ ਹੈ, ਮੈਨੂੰ ਨਹੀਂ ਲਗਦਾ ਕਿ ਬੰਦਾ ਨੇੜ ਭਵਿੱਖ ਵਿਚ ਮੁੜ ਉਸ ਤਰ੍ਹਾਂ ਦਾ ਬਣ ਸਕੇਗਾ ਜੋ ਉਹ ਪੈਸਾ ਬਣਾਉਣ ਤੋਂ ਪਹਿਲਾਂ ਹੁੰਦਾ ਸੀ ਜਾਂ ਹੁੰਦਾ ਹੈ। ਖ਼ੈਰ, ਪੈਸੇ ਤੇ ਬਹੁਤ ਸਾਰੀਆਂ ਕਹਾਵਤਾਂ ਅਤੇ ਕਥਨ ਬਣੇ ਹਨ। ਕਹਿੰਦੇ ਹਨ ਕਿ ਪੈਸੇ 'ਚ ਬਹੁਤ ਤਾਕਤ ਹੁੰਦੀ ਹੈ। ਪੈਸੇ ਨਾਲ ਹੀ ਸੱਭ ਕੰਮ ਹੁੰਦੇ ਹਨ। ਪੈਸਾ ਨਾ ਹੋ ਕੇ ਵੀ ਸਾਰਿਆਂ ਦਾ ਸੱਭ ਤੋਂ ਵੱਡਾ ਅਤੇ ਸ਼੍ਰੇਸ਼ਠ ਰਿਸ਼ਤੇਦਾਰ ਹੈ। ਪੈਸੇ ਦੇ ਅੱਗੇ ਮਾਂ-ਪਿਉ, ਭੈਣ-ਭਰਾ, ਧੀਆਂ-ਪੁੱਤਰ, ਰਿਸ਼ਤੇਦਾਰੀ, ਪਿਆਰ ਮੁਹੱਬਤ, ਦੋਸਤੀ ਦਾ ਕੁੱਝ ਮਤਲਬ ਜਾਂ ਮਹੱਤਵ ਨਹੀਂ ਰਿਹਾ।

ਪੈਸੇ ਬਾਰੇ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਉਸ ਸਮੇਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਜਦੋਂ ਪੈਸਾ ਆਮ ਲੋਕਾਂ ਦੀ ਪਹੁੰਚ ਵਿਚ ਬਹੁਤ ਘੱਟ ਹੁੰਦਾ ਸੀ। ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ। ਉਸ ਪੁਰਾਣੇ ਸਮੇਂ ਦੀ ਅੱਜ ਵੀ ਇਸ ਨਵੇਂ ਜ਼ਮਾਨੇ ਨਾਲ ਤੁਲਨਾ ਕਰਦੇ ਸਮੇਂ ਬਜ਼ੁਰਗ ਇਕ ਠੰਢਾ ਅਤੇ ਲੰਮਾ ਹਉਕਾ ਭਰ ਕੇ ਅਕਸਰ ਇਹ ਕਿਹਾ ਕਰਦੇ ਹਨ ਕਿ ਸਾਡੇ ਸਮੇਂ ਪੈਸਾ ਤਾਂ ਬੇਸ਼ੱਕ ਬਹੁਤ ਘੱਟ ਹੁੰਦਾ ਸੀ ਪਰ ਸਮਾਂ ਬਹੁਤ ਵਧੀਆ ਲੰਘਦਾ ਸੀ।

ਬੰਦੇ ਨੂੰ ਬੰਦਾ ਸਮਝਿਆ ਜਾਂਦਾ ਸੀ ਅਤੇ ਉਸ ਦੀ ਕਦਰ ਹੁੰਦੀ ਸੀ। ਪਰ ਅੱਜ ਬਿਨਾਂ ਪੈਸੇ ਅਤੇ ਮਤਲਬ ਤੋਂ ਕੋਈ ਕਿਸੇ ਦੀ ਕੀ ਅਪਣੇ ਦੀ ਵੀ ਬਾਤ ਨਹੀਂ ਪੁਛਦਾ। ਵਾਕਿਆ ਹੀ ਉਨ੍ਹ੍ਹਾਂ ਸਮਿਆਂ 'ਚ ਚੀਜ਼ਾਂ ਦਾ ਲੈਣ-ਦੇਣ ਬਹੁਤ ਹੀ ਧਰਮ ਅਤੇ ਈਮਾਨਦਾਰੀ ਨਾਲ ਕੀਤਾ ਜਾਂਦਾ ਸੀ। ਜਿਵੇਂ ਕਣਕ ਵੱਟੇ ਚੌਲ, ਗੁੜ ਵੱਟੇ ਤੇਲ। ਮਤਲਬ ਜਿਸ ਚੀਜ਼ ਦੀ ਵੀ ਕਿਸੇ ਨੂੰ ਲੋੜ ਹੁੰਦੀ ਸੀ ਉਸ ਦਾ ਲੈਣ-ਦੇਣ ਬਿਨਾਂ ਕਿਸੇ ਹੀਲ-ਹੁੱਜਤ ਤੋਂ ਕਰ ਲਿਆ ਜਾਂਦਾ ਸੀ। 

ਆਉ, ਹੁਣ ਨਵੇਂ ਜ਼ਮਾਨੇ, ਪੈਸੇ ਵਾਲੇ ਯੁੱਗ ਦੀ ਗੱਲ ਕਰੀਏ। ਬੇਸ਼ੱਕ ਪੈਸੇ ਦੀ ਕਾਢ ਮਨੁੱਖ ਨੇ ਸਦੀਆਂ ਪਹਿਲਾਂ ਕੱਢ ਲਈ ਸੀ ਪਰ ਅਜੋਕੀ ਸਦੀ ਤਾਂ ਪੈਸੇ ਦੀ ਹੀ ਸਦੀ ਹੈ। ਹਰ ਗੱਲ-ਕਹਾਣੀ ਪੈਸੇ ਤੋਂ ਸ਼ੁਰੂ ਹੁੰਦੀ ਹੈ ਅਤੇ ਪੈਸੇ ਤੇ ਹੀ ਆ ਕੇ ਖ਼ਤਮ ਹੋ ਜਾਂਦੀ ਹੈ। ਇਥੋਂ ਤਕ ਕਿ ਬਿਨਾਂ ਪੈਸੇ ਤੋਂ ਇਨਸਾਨੀ ਰਿਸ਼ਤੇ-ਨਾਤੇ ਵੀ ਜ਼ਿਆਦਾ ਸਮਾਂ ਨਹੀਂ ਚਲਦੇ। ਬਹੁਤ ਹੀ ਛੇਤੀ ਤਿੜਕਣ-ਟੁੱਟਣ ਲੱਗ ਜਾਂਦੇ ਹਨ। ਪਰ ਇਸ ਪੈਸੇ ਦੇ ਚੱਕਰਵਿਊ ਤੋਂ ਦੂਰ ਕੱਝ ਲੋਕਾਂ ਦਾ ਮੰਨਣਾ ਹੈ ਕਿ ਬੇਸ਼ੱਕ ਅਜੋਕੇ ਯੁੱਗ ਵਿਚ ਪੈਸਾ ਬਹੁਤ ਵੱਡੀ ਤਾਕਤ ਹੈ, ਪੈਸਾ ਬਹੁਤ ਕੁੱਝ ਹੈ ਪਰ ਫਿਰ ਵੀ ਸੱਭ ਕੁੱਝ ਪੈਸਾ ਨਹੀਂ ਹੈ।

ਖ਼ੈਰ, ਹਰ ਸ਼ੈਅ ਨੂੰ ਪੈਸੇ ਦੀ ਤਾਕਤ ਨਾਲ ਹਾਸਲ ਕਰਨ ਵਾਲਾ ਅਜੋਕਾ ਮਨੁੱਖ, ਉਸ ਪਰਮ ਪਿਤਾ ਪਰਮੇਸ਼ਰ ਨੂੰ ਵੀ ਪੈਸੇ ਦੀ ਤਾਕਤ ਨਾਲ ਹਾਸਲ ਕਰਨਾ ਲੋਚਦਾ ਹੈ ਕਿਉਂਕਿ ਧਾਰਮਕ ਅਸਥਾਨਾਂ ਵਿਚ ਬੈਠੇ ਸ਼ੈਤਾਨ ਦਿਮਾਗ਼ ਅਖੌਤੀ ਪ੍ਰਚਾਰਕਾਂ (ਪੰਡਿਆਂ-ਪੁਜਾਰੀਆਂ) ਨੇ ਆਦਿ ਕਾਲ ਤੋਂ ਹੀ ਭੋਲੀ-ਭਾਲੀ ਅਤੇ ਉਸ ਰੱਬ ਵਾਲੇ ਫ਼ੰਡੇ ਤੋਂ ਅਨਜਾਣ ਅਤੇ ਬੇਖ਼ਬਰ ਜਨਤਾ ਨੂੰ, ਉਸ ਨਿਰਵੈਰ, ਅਕਾਲ ਮੂਰਤ ਰੱਬ ਨੂੰ ਅਲੱਗ ਅਲੱਗ ਤਰ੍ਹਾਂ ਦੇ ਵਰ ਸਰਾਪ ਦੰਡ ਸਜ਼ਾਵਾਂ ਦੇਣ ਅਤੇ ਕਈ ਕਈ ਅਖੌਤੀ ਮੂਰਤਾਂ, ਸ਼ਕਲਾਂ ਅਤੇ ਤਸਵੀਰਾਂ ਦੀ ਘਾੜਤ ਘੜ ਕੇ, ਉਸ ਪਰਮਾਤਮਾ ਦੇ ਨਾਂ ਤੇ ਡਰਾ-ਧਮਕਾ, ਸਵਰਗ-ਨਰਕ ਦੇ ਡਰਾਵੇ ਦੇ ਕੇ ਅਤੇ ਸੰਕਟਾਂ-ਦੁੱਖਾਂ ਨੂੰ ਦੂਰ ਕਰਨ ਦੇ ਨਾਂ ਤੇ ਲੋਕਾਂ ਨੂੰ ਲੁਟਿਆ ਅਤੇ ਲੁੱਟ ਰਹੇ ਹਨ।

ਸੋ ਇਨ੍ਹਾਂ ਅਖੌਤੀ ਪ੍ਰਚਾਰਕਾਂ, ਪੰਡਿਆਂ-ਪੁਜਾਰੀਆਂ ਵਲੋਂ ਸਦੀਆਂ ਤੋਂ ਕੀਤੇ ਅਤੇ ਚੱਲੇ ਆ ਰਹੇ ਕੂੜ ਪ੍ਰਚਾਰ (ਕਿ ਉਪਰੋਕਤ ਦਰਸਾਈਆਂ ਕਰਮਕਾਂਡੀ ਕਿਰਿਆਵਾਂ ਕਰਨ ਨਾਲ ਉਸ ਰੱਬ-ਪ੍ਰਮਾਤਮਾ ਦਾ ਅਖੌਤੀ ਪਾਉਣਾ-ਮਿਲਣਾ ਸੰਭਵ ਹੈ) ਨੂੰ ਭੋਲੇ-ਭਾਲੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਹੀਲ-ਹੁੱਜਤ ਕੀਤੇ ਬਗ਼ੈਰ (ਕਿ ਉਸ ਰੱਬ ਸੱਚੇ ਪਰਮਾਤਮਾ) ਨਾਲ ਇਕਮਿਕ ਹੋਣਾ, ਅਰਥਾਤ ਉਸ ਰੱਬ ਸੱਚੇ ਨੂੰ ਕਿਹੜੇ ਕੰਮ ਚੰਗੇ ਲਗਦੇ ਹਨ, ਪ੍ਰਵਾਨ ਨੇ, ਅਤੇ ਕਿਹੜੇ ਨਹੀਂ), ਬਿਨਾਂ ਸਮਝੇ ਅਖੌਤੀ ਪ੍ਰਚਾਰਕਾਂ, ਪੰਡਿਆਂ-ਪੁਜਾਰੀਆਂ ਦੇ ਕਹੇ ਤੇ ਉਹ ਕੁੱਝ (ਅਖੌਤੀ ਕਰਮਕਾਂਡ, ਬਾਹਰੀ ਭਟਕਣਾ) ਹੀ ਕੀਤਾ, ਜਿਸ ਬਾਰੇ ਉਨ੍ਹਾਂ ਕਿਹਾ।

ਜਿਵੇਂ ਧਾਰਮਕ ਅਸਥਾਨਾਂ ਤੇ ਪਾਠ-ਪੂਜਾ, ਅਰਚਨਾ, ਵੱਧ ਤੋਂ ਵੱਧ ਰੁਪਏ-ਪੈਸੇ, ਸੋਨਾ-ਚਾਂਦੀ, ਹੀਰੇ-ਜਵਾਹਰ, ਮੋਤੀਆਂ ਦਾ ਦਾਨ, ਕਰਨਾ-ਚੜ੍ਹਾਉਣਾ, ਅਖੌਤੀ ਧਾਰਮਕ-ਅਸਥਾਨਾਂ ਦੀਆਂ ਯਾਤਰਾਵਾਂ (ਅਖੌਤੀ) ਪਵਿੱਤਰ ਸਰੋਵਰਾਂ 'ਚ ਇਸ਼ਨਾਨ, ਅਖੰਡ-ਪਾਠਾਂ ਦੀਆਂ ਲੜੀਆਂ ਤੋਂ ਵੱਡੇ-ਵੱਡੇ ਵੰਨ-ਸੁਵੰਨੇ ਲੰਗਰ ਆਦਿਕ ਅਨੇਕਾਂ ਅਖੌਤੀ ਫ਼ੋਟਕ ਕਰਮ-ਕਾਂਡਾਂ ਨਾਲ ਅਤੇ ਪੈਸੇ ਦੇ ਜ਼ੋਰ ਨਾਲ ਉਸ ਰੱਬ ਸੱਚੇ ਨੂੰ ਅਖੌਤੀ ਪਾਉਣ-ਰਜਾਉਣ 'ਚ ਹੀ ਲੱਗੇ ਮਿਲਦੇ ਹਨ।

ਵੱਡੀਆਂ ਵੱਡੀਆਂ ਮੰਗਾਂ (ਅਰਦਾਸਾਂ) ਰਖਦੇ-ਕਰਦੇ ਹਨ ਅਤੇ ਉਸ ਦੀ ਪੂਰਤੀ ਹੋਣ ਬਦਲੇ 'ਚ ਵੱਡੀ ਤੋਂ ਵੱਡੀ ਭੇਟਾ (ਵੱਢੀ, ਜੋ ਅਸੀ ਖ਼ੁਦ ਹੀ ਤੈਅ ਕੀਤੀ ਹੁੰਦੀ ਹੈ) ਜਿਵੇਂ ਰੁਪਏ-ਪੈਸੇ, ਸੋਨਾ-ਗੱਡੀ, ਲੰਗਰ, ਯਾਤਰਾ-ਇਸ਼ਨਾਨ ਆਦਿ ਚੜ੍ਹਾਵੇ ਦਿਤੇ ਜਾਂਦੇ ਹਨ।ਜਦਕਿ ਗੁਰੂ ਸਾਹਿਬਾਨ ਨੇ ਉਸ ਇਕ ਰੱਬ ਸੱਚੇ ਨਾਲ ਜਾ ਮਿਲਣਾ, ਉਸ ਨਾਲ ਇਕਮਿਕ ਹੋਣ ਲਈ ਮਨੁੱਖ (ਜੀਵ-ਆਤਮਾ) ਨੂੰ ਗੁਰਬਾਣੀ ਸ਼ਬਦ ਰਾਹੀਂ ਬੜਾ ਹੀ ਸਰਲ ਅਤੇ ਸਪੱਸ਼ਟ ਸੰਕੇਤ (ਸੰਦੇਸ਼) (ਰਸਤਾ ਦਸਦੇ ਹੋਏ) ਦੇਂਦੇ ਹੋਏ, ਅਨੇਕਾਂ ਉਦਾਹਰਣਾਂ ਦੇ, ਇਕ ਵਾਰ ਨਹੀਂ ਵਾਰ ਵਾਰ ਉਚਾਰਣ ਕੀਤਾ ਹੈ।

ਵਿੰਡਬਨਾ ਇਹ ਹੈ ਕਿ ਯੁੱਗਪੁਰਸ਼ ਬਾਬੇ ਨਾਨਕ ਦੇ ਘਰ ਤੋਂ ਸਿੱਖ ਨੂੰ ਜੋ ਸੰਦੇਸ਼ ਦਿਤਾ ਹੈ ਉਸ ਸੱਚ ਦੇ ਪੈਗ਼ਾਮ ਤੋਂ ਮਨੁੱਖ (ਸਿੱਖ) ਬੇਮੁੱਖ ਹੋ ਕੇ, ਉਸ ਰੱਬ ਸੱਚੇ ਨੂੰ ਰਿਝਾਉਣ, ਖ਼ੁਸ਼ ਕਰਨ ਅਤੇ ਬਦਲੇ 'ਚ ਉਸ ਪਰਮਾਤਮਾ, ਰੱਬ ਤੋਂ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਮੰਨਤਾਂ-ਮਨੌਤਾਂ ਪੂਰੀਆਂ ਹੋਣ, ਕਰਵਾਉਣ ਲਈ ਅਤੇ ਰੱਬ-ਪਰਮਾਤਮਾ ਨੂੰ ਅਖੌਤੀ ਪਾਉਣ-ਮਿਲਣ ਲਈ ਤਰ੍ਹਾਂ ਤਰ੍ਹਾਂ ਦੇ ਕਰਮਕਾਂਡਾਂ 'ਚ ਉੱਲਜ (ਬਾਹਰੀ ਭਟਕਣਾਂ) ਕੇ, ਅਪਣਾ ਵਡਮੁੱਲਾ-ਬੇਸ਼ਕੀਮਤੀ ਜੀਵਨ, ਆਖ਼ਰ ਭੰਗ ਦੇ ਭਾੜੇ ਗਵਾ, ਬਰਬਾਦ ਕਰ ਕੇ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ।                         ਸੰਪਰਕ : 98155-98955