ਅਮੀਰ ਵਿਰਸਾ, ਮਜਬੂਰ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਧਰਮ ਬਾਬੇ ਨਾਨਕ ਦਾ ਲਾਇਆ ਬੂਟਾ ਹੈ। ਦਸ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਅਤੇ ਉਪਦੇਸ਼ਾਂ ਨਾਲ ਵਿਸ਼ਾਲ ਦਰੱਖ਼ਤ ਬਣਿਆ ਹੈ। ਪਰ ਕੀ ਅਸੀ ਸੱਚਮੁਚ ਹੀ...

Students in Class

ਸਿੱਖ ਧਰਮ ਬਾਬੇ ਨਾਨਕ ਦਾ ਲਾਇਆ ਬੂਟਾ ਹੈ। ਦਸ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਅਤੇ ਉਪਦੇਸ਼ਾਂ ਨਾਲ ਵਿਸ਼ਾਲ ਦਰੱਖ਼ਤ ਬਣਿਆ ਹੈ। ਪਰ ਕੀ ਅਸੀ ਸੱਚਮੁਚ ਹੀ ਸਿੱਖ ਹਾਂ? ਕੀ ਪੰਜਾਬ ਵਿਚ ਰਹਿੰਦੇ ਹੋਏ ਵੀ ਸਾਨੂੰ ਅਪਣੇ-ਆਪ ਨੂੰ ਸਾਬਤ ਕਰਨ ਲਈ ਪ੍ਰਮਾਣ ਦੀ ਲੋੜ ਹੈ? ਹਾਂ ਸਾਨੂੰ ਹਰ ਥਾਂ ਹਰ ਵੇਲੇ ਅਪਣੇ ਵਜੂਦ ਨੂੰ ਸਾਬਤ ਕਰਨ ਲਈ ਪ੍ਰਮਾਣ ਦੇਣੇ ਪੈਣਗੇ।

ਮੈਂ ਇਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਅਕਸਰ ਨਿਰਾਸ਼ ਹੋ ਜਾਂਦੀ ਹਾਂ। ਕਹਿਣ ਨੂੰ ਬਹੁਤ ਸੰਸਥਾਵਾਂ ਚਲ ਰਹੀਆਂ ਹਨ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ, ਪਰ ਕੁੱਝ ਨੂੰ ਛੱਡ ਕੇ ਬਹੁਤੀਆਂ ਦੀ ਕੋਈ ਖ਼ਾਸ ਪ੍ਰਾਪਤੀ ਨਹੀਂ।ਸਾਡੇ ਘਰ ਪਿਛਲੇ ਕਈ ਸਾਲਾਂ ਤੋਂ ਇਕ ਆਦਮੀ ਈਸਾ ਮਸੀਹ ਨਾਲ ਸਬੰਧਤ ਮੁਫ਼ਤ ਸਾਹਿਤ ਦੇ ਕੇ ਜਾਂਦਾ ਹੈ। ਨਾਲ ਹੀ ਕਹਿ ਵੀ ਦਿੰਦਾ ਹੈ ਕਿ 'ਸਾਨੂੰ ਬਾਹਰ ਤੋਂ ਪੈਸੇ ਆਉਂਦੇ ਹਨ। ਅਸੀ ਅਪਣੇ ਪ੍ਰਭੂ ਦੀ ਖ਼ੁਸ਼ੀ ਲਈ ਇਹ ਸਾਹਿਤ ਵੰਡਦੇ ਹਾਂ।

ਅਪਣਾ ਧਰਮ ਪ੍ਰਚਾਰ ਕਰਦੇ ਹਾਂ। ਸਾਡੇ ਬੱਚਿਆਂ ਨੂੰ ਸਕੂਲ, ਕਾਲਜ ਵਿਚ ਵੀ ਫ਼ੀਸ ਵਿਚ ਛੋਟ ਹੈ।' ਉਨ੍ਹਾਂ ਦੇ ਇਕ ਪ੍ਰਭੂ ਈਸਾ ਮਸੀਹ ਦੀ ਕੁਰਬਾਨੀ ਨੂੰ ਉਹ ਸਾਰੀ ਦੁਨੀਆਂ ਨੂੰ ਦੱਸ ਰਹੇ ਹਨ। ਸਾਡਾ ਤਾਂ ਸਾਰਾ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਹੈ। ਪਰ ਅਸੀ ਪ੍ਰਚਾਰ ਨਹੀਂ ਕਰ ਸਕੇ।ਹੁਣ ਮੁੱਦੇ ਦੀ ਵਿਚਾਰਨਯੋਗ ਗੱਲ ਇਹ ਹੈ ਕਿ ਕੀ ਸਿੱਖਾਂ ਦੀ ਸਿਰਮੌਰ ਸੰਸਥਾ 'ਸ਼੍ਰੋਮਣੀ ਕਮੇਟੀ' ਕੋਲ ਏਨੇ ਪੈਸੇ ਨਹੀਂ ਹਨ ਕਿ ਉਹ ਸਿੱਖੀ ਦੇ ਪ੍ਰਚਾਰ ਲਈ ਮੁਫ਼ਤ ਸਾਹਿਤ ਦੇ ਸਕੇ ਜਾਂ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕ ਸਕੇ?

ਗ਼ੌਰ ਕਰਨ ਦੀ ਗੱਲ ਇਹ ਹੈ ਕਿ ਪਿਛਲੇ ਸਮਿਆਂ ਤੋਂ ਜੋ ਐਮ.ਬੀ.ਬੀ.ਐਸ. (ਡਾਕਟਰੀ ਟੈਸਟ) ਦਾ ਸਿੱਖ ਕੋਟੇ ਦਾ ਟੈਸਟ ਹੋ ਰਿਹਾ ਹੈ ਉਸ ਦੀ ਫ਼ੀਸ ਕਰੀਬ ਦਸ ਹਜ਼ਾਰ ਰੁਪਏ ਹੈ। ਟੈਸਟ ਸਿਰਫ਼ ਸ਼੍ਰੋਮਣੀ ਕਮੇਟੀ ਲੈਂਦੀ ਹੈ। ਕਰੀਬ ਅੱਧੇ ਘੰਟੇ ਦਾ ਟੈਸਟ ਹੈ। ਅਸੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਅਜਿਹੇ ਟੈਸਟ ਹੋਣੇ ਚਾਹੀਦੇ ਹਨ, ਤਾਕਿ ਬੱਚਿਆਂ ਨੂੰ ਅਪਣੇ ਅਮੀਰ ਵਿਰਸੇ, ਗੁਰੂ ਸਾਹਿਬਾਨਾਂ ਬਾਰੇ ਪਤਾ ਲੱਗੇ।

ਪਰ ਕੀ ਇਸ ਟੈਸਟ ਦੀ ਏਨੀ ਕੀਮਤ ਵਾਜਬ ਹੈ? 25% ਬੱਚੇ ਹੀ ਇਸ ਟੈਸਟ ਲਈ ਫ਼ੀਸ ਭਰਦੇ ਹਨ। ਬਹੁਤੇ ਤਾਂ ਫ਼ੀਸ ਦੇਣ ਦੀ ਹੈਸੀਅਤ ਨਹੀਂ ਰਖਦੇ। ਉਥੇ ਹੀ ਸਾਨੂੰ ਇਕ ਸਾਬਤ ਸੂਰਤ ਸੱਜਣ ਮਿਲ ਪਏ ਜੋ ਦਿੱਲੀ ਤੋਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਾਲ ਵੀ ਦਿੱਲੀ ਵਰਗਾ ਹੀ ਹੋ ਗਿਆ ਹੈ। ਉਥੇ ਵੀ ਉਨ੍ਹਾਂ ਨੂੰ ਹਰ ਸਾਲ ਸਿੱਖ ਹੋਣ ਦਾ ਪ੍ਰਮਾਣ ਸਰਟੀਫ਼ੀਕੇਟ ਬਣਵਾਉਣਾ ਪੈਂਦਾ ਹੈ, ਜੋ ਇਕ ਸਾਲ ਲਈ ਹੀ ਜਾਇਜ਼ ਹੁੰਦਾ ਹੈ।

ਮੁੜ ਤੋਂ ਰੀਨਿਊ ਕਰਵਾਉਣਾ ਪੈਂਦਾ ਹੈ। ਇਕ ਸਾਬਤ ਸੂਰਤ ਕੇਸਕੀ ਵਾਲੀ ਬੱਚੀ, ਜੋ ਕਿ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ, ਤੋਂ ਮੈਂ ਪੁਛਿਆ, ''ਬੇਟੇ ਟੈਸਟ ਦੇ ਰਹੇ ਹੋ ਤੁਸੀ?'' ਤਾਂ ਉਸ ਦਾ ਉਦਾਸ ਜਿਹਾ ਜਵਾਬ ਸੁਣ ਕੇ ਮਨ ਬਹੁਤ ਦੁਖੀ ਹੋਇਆ ਕਿ 'ਪਾਪਾ ਕੋਲ ਟੈਸਟ ਭਰਨ ਲਈ ਪੈਸੇ ਨਹੀਂ ਸਨ।'ਉਥੇ ਅਸੀ ਕੀ ਵੇਖ ਰਹੇ ਹਾਂ ਕਿ ਗੁਰੂ ਰਾਮਦਾਸ ਜੀ ਦੇ ਨਾਂ ਤੇ ਮੈਡੀਕਲ ਕਾਲਜ ਅਤੇ ਲੋਕ ਉਥੇ ਛਾਂ ਅਤੇ ਪਾਣੀ ਲਈ ਤਰਸ ਰਹੇ ਸਨ। ਉਂਜ ਅਸੀ ਲੋਕ ਗੱਡੀਆਂ ਰੋਕ ਰੋਕ ਕੇ ਪਾਣੀ ਲੰਗਰ ਛਕਾਉਂਦੇ ਹਾਂ, ਪਰ ਕੀ ਸ਼੍ਰੋਮਣੀ ਕਮੇਟੀ ਦਸ ਹਜ਼ਾਰ ਲੈ ਕੇ ਵੀ ਦੂਰ-ਦੁਰਾਡੇ ਤੋਂ ਆਏ ਬੱਚਿਆਂ ਅਤੇ ਮਾਪਿਆਂ ਲਈ ਪਾਣੀ ਤਕ ਦਾ ਵੀ ਪ੍ਰਬੰਧ ਨਹੀਂ ਕਰ ਸਕਦੀ?

ਕਈ ਵਿਚਾਰੇ ਪਟਨਾ ਸਾਹਿਬ ਕਲਕੱਤਾ ਅਤੇ ਹੋਰ ਪਤਾ ਨਹੀਂ ਕਿੰਨੀ ਕਿੰਨੀ ਦੂਰ ਤੋਂ ਆਏ ਸਨ ਅਤੇ ਦੱਸ ਰਹੇ ਸਨ ਕਿ ਅਸੀ ਹੋਟਲ ਵਿਚ ਰੁਕੇ ਹਾਂ। ਦਰਬਾਰ ਸਾਹਿਬ ਕਮਰਾ ਨਹੀਂ ਮਿਲ ਸਕਿਆ। ਉਥੇ ਮਹਿੰਗਾ ਖਾਣਾ ਅਤੇ ਪੀਣਾ ਲੈਣਾ ਪੈ ਰਿਹਾ ਹੈ। ਉਨ੍ਹਾਂ ਦੀ ਹਾਲਤ ਉਤੇ ਤਰਸ ਆ ਰਿਹਾ ਸੀ। 
ਇਹ ਵੀ ਚੇਤੇ ਰਹੇ ਕਿ ਸੱਭ ਤੋਂ ਵੱਧ ਫ਼ੀਸ ਸਿਰਫ਼ ਸਾਬਤ ਸੂਰਤ ਸਿੱਖ ਹੋਣ ਦੀ ਹੈ। ਬਾਕੀ ਘੱਟ ਪੈਸੇ ਲੈਣ ਵਾਲੇ ਕਾਲਜ ਵੀ ਘੱਟ ਤੋਂ ਘੱਟ ਪਾਣੀ, ਸਨੈਕਸ, ਚਾਹ ਆਦਿ ਦਿੰਦੇ ਹਨ।

ਅੰਤ ਮੇਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਧਰਮ ਬਹੁਤ ਅਮੀਰ ਹੈ। ਅਮੀਰ ਵਿਰਸਾ ਮਜਬੂਰ ਕਿਉਂ? ਕਿਰਪਾ ਕਰ ਕੇ ਇਨ੍ਹਾਂ ਟੈਸਟਾਂ ਦੀ ਫ਼ੀਸ ਘਟਾਈ ਜਾਵੇ ਤਾਂ ਜੋ ਮਿਹਨਤੀ ਅਤੇ ਹੁਸ਼ਿਆਰ ਬੱਚੇ ਸਿਰਫ਼ ਪੈਸਿਆਂ ਕਾਰਨ ਹੀ ਵਾਂਝੇ ਨਾ ਰਹਿ ਜਾਣ ਅਤੇ ਨਿਰਾਸ਼ ਹੋਣ, ਸਗੋਂ ਉਨ੍ਹਾਂ ਨੂੰ ਸਿੱਖ ਹੋਣ ਦਾ ਮਾਣ ਮਹਿਸੂਸ ਹੋਵੇ।
ਸੰਪਰਕ : 83608-15955