ਪੰਜਾਬੀ ਗਾਇਕੀ ਦਾ ਮਨੋਰੰਜਨ ਤੋਂ ਮੰਡੀ ਬਣਨ ਤਕ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬੀ ਗਾਇਕੀ ਦੀ ਬਦਲੀ ਦਿਸ਼ਾ ਤੇ ਦਸ਼ਾ ਨੇ ਸਾਡੇ ਸ਼ਾਨਾਂਮਤੇ ਸਭਿਆਚਾਰ ਨੂੰ ਅਜਿਹਾ ਨਾਗ ਵਲੇਵਾਂ ਮਾਰਿਆ ਕਿ ਵਿਰਸੇ.........

Singers

ਪੰਜਾਬੀ ਗਾਇਕੀ ਦੀ ਬਦਲੀ ਦਿਸ਼ਾ ਤੇ ਦਸ਼ਾ ਨੇ ਸਾਡੇ ਸ਼ਾਨਾਂਮਤੇ ਸਭਿਆਚਾਰ ਨੂੰ ਅਜਿਹਾ ਨਾਗ ਵਲੇਵਾਂ ਮਾਰਿਆ ਕਿ ਵਿਰਸੇ ਦੀ ਅਹਿਮ ਧਰੋਹਰ ਗਾਇਕੀ ਉਤੇ ਚਾਰੇ ਕੁੰਟਾਂ ਵਿਚੋਂ ਲਚਰਤਾ ਨਾਲ ਭਰੇ ਹੋਣ ਦੇ ਇਲਜ਼ਾਮਾਂ ਦਾ ਦੌਰ ਸ਼ੁਰੂ ਹ ੋਗਿਆ। ਡੇਢ ਦਹਾਕਾ ਪਹਿਲਾਂ ਵਾਲੇ ਸਮੇਂ ਉਤੇ ਨਿਗ੍ਹਾ ਮਾਰੀਏ ਤਾਂ ਅੱਜ ਜਿੰਨਾ ਕੋਹਰਾਮ ਇਸ ਖੇਤਰ ਵਿਚ ਪਹਿਲਾਂ ਕਦੇ ਵੀ ਨਹੀਂ ਸੀ ਮਚਿਆ। ਅਸ਼ਲੀਲਤਾ ਭਾਵੇਂ ਗੀਤਾਂ ਵਿਚ ਸ਼ੁਰੂ ਤੋਂ ਹੀ ਰਹੀ ਪਰ ਸਮੇਂ ਦੇ ਬਦਲੇ ਤੇਵਰਾਂ ਨੇ ਬਲਦੀ ਉਤੇ ਤੇਲ ਦਾ ਕੰਮ ਕੀਤਾ ਹੈ। ਪਹਿਲਾਂ ਇੱਕਾ-ਦੁੱਕਾ ਮਾੜੇ ਗੀਤ ਮਾਰਕਿਟ ਵਿਚ ਆਉਂਦੇ ਤੇ ਚਲੇ ਜਾਂਦੇ ਜਾਂ ਥੋੜੀ ਬਹੁਤੀ ਚਰਚਾ ਤੋਂ ਬਾਅਦ ਸੂਰਜ ਦੇ ਛੁਪਦਿਆਂ ਹੀ ਅਲੋਪ ਹੋ ਜਾਂਦੇ

ਸਨ। ਰਲਵਾਂ-ਮਿਲਵਾਂ ਰੰਗ ਮੰਚ ਬਣਿਆ ਰਹਿੰਦਾ ਸੀ। ਕਦੇ ਵੀ ਕਲਾਕਾਰੀ ਦਾ ਖੇਤਰ ਸਮਾਜਕ ਕਦਰਾਂ ਕੀਮਤਾਂ ਉਤੇ ਭਾਰੀ ਨਹੀਂ ਸੀ ਪਿਆ ਜਾਂ ਇਹ ਕਹਿ ਲਈਏ ਕਿ ਬਹੁਤੇ ਸੰਜੀਦਾ ਗੀਤ ਸੰਗੀਤ ਦੀ ਭਰਮਾਰ ਵਿਚ ਮਾੜੇ ਗੀਤਾਂ ਦੀ ਕਾਂਵਾਂ ਰੌਲੀ ਨਜ਼ਰ ਨਹੀਂ ਆਈ ਜਾਂ ਉਸ ਉਤੇ ਕਿਸੇ ਧਿਆਨ ਹੀ ਨਹੀਂ ਸੀ ਦਿਤਾ। 
ਸਮਾਂ ਬਦਲਿਆ, ਹਾਲਾਤ ਬਦਲੇ, ਗਾਇਕੀ ਦੇ ਪੁਰਾਣੇ ਦੌਰ ਨੇ ਕਰਵਟ ਲਈ, ਪੈਸੇ ਤੇ ਸ਼ੌਹਰਤ ਦੀ ਫੁਲਝੜੀ ਨੇ ਅਪਣੇ ਆਲੇ ਦੁਆਲੇ ਚਾਨਣ ਬਿਖੇਰਿਆ ਤਾਂ ਨਵੇਂ ਪੂਰ ਦੇ ਬਹੁਤੇ ਕਲਾਕਾਰਾਂ ਦੀਆਂ ਅੱਖਾਂ ਚੁੰਧਿਆ ਗਈਆਂ। ਰਹਿੰਦੀ ਕਸਰ ਗੀਤਾਂ ਦੀ ਸ਼ੁਰੂ ਹੋਈ ਤਾਂ ਫ਼ਿਲਮਾਂਕਣ ਨੇ ਪੂਰੀ ਕਰ ਦਿਤੀ। ਇਕ ਦੂਜੇ ਤੋਂ ਅੱਗੇ ਵੱਧਣ ਦੀ

ਹੋੜ ਨੇ ਨਵੀਂ ਉਮਰ ਦੇ ਮੁੰਡਿਆਂ ਨੂੰ ਸਬਜ਼ ਬਾਗ਼ ਦੇ ਜਾਲ ਵਿਚ ਅਜਿਹਾ ਉਲਝਾਇਆ ਕਿ ਪੰਜਾਬੀ ਸੰਗੀਤ ਜਗਤ ਮਨੋਰੰਜਨ ਤੋਂ ਬਾਅਦ ਇਕ ਵੱਡੀ ਵਪਾਰਕ ਮੰਡੀ ਦੇ ਰੂਪ ਵਿਚ ਉੱਭਰਨ ਲਗਿਆ। ਕੈਸੇਟ ਕੰਪਨੀ ਦੇ ਨਿਰਮਾਤਾ ਤੇ ਪੇਸ਼ਕਾਰਾਂ ਨੇ ਰੂਹ ਨਾਲ ਰੱਜ ਕੇ ਇਸ ਅਮੀਰ ਅਤੇ ਅਸ਼ਲੀਲ ਇਨਕਲਾਬ ਦਾ ਲਾਹਾ ਲਿਆ। ਗੀਤਕਾਰ ਵੀ ਪਿਛੇ ਨਾ ਰਹੇ। ਉਨ੍ਹਾਂ ਨਵੀਂ ਚਲਦੀ ਗੰਗਾ ਵਿਚ ਹੱਥ ਧੋਣ ਦੀ ਰੀਤ ਨੂੰ ਰੂਹ ਨਾਲ ਮਾਣਿਆ। ਭਾਵੇਂ ਬਹੁਤੇ ਗੀਤਕਾਰ ਇਸ ਲਚਰਤਾ ਦੇ ਸਮੁੰਦਰ ਵਿਚ ਨਾਮ ਅਤੇ ਨਾਮਾ ਕਮਾਉਣ ਦੀ ਲਾਲਸਾ ਨਾਲ ਕੁੱਦੇ, ਕਈ ਤਾਂ ਪੈਰ ਲਗਾ ਗਏ। ਉਨ੍ਹਾਂ ਨੇ ਦੋਹੇਂ ਚੀਜ਼ਾਂ ਨੂੰ ਹੱਥ ਪਾ ਲਿਆ ਤੇ ਕਈ ਪੁਰੇ ਦੀ ਹਵਾ ਵਿਚ ਗੋਤੇ ਖਾ ਕੇ

ਵਾਪਸ ਪੁਰਾਣੇ ਘਰ ਆ ਗਏ। ਜਿਹੜਿਆਂ ਨੇ ਹੱਥ ਰੰਗੇ ਉਨ੍ਹਾਂ ਫਿਰ ਮਨੋਰੰਜਨ ਦੇ ਨਾਂਅ ਉਤੇ ਗਾਇਕੀ ਤੇ ਗੀਤਕਾਰੀ ਵਾਲਾ ਅਜਿਹਾ ਤੂਫ਼ਾਨ ਲਿਆਂਦਾ ਕਿ ਸੱਭ ਕੁੱਝ ਨੇਸਤੋ ਨਾਬੂਦ ਹੁੰਦਾ ਚਲਿਆ ਗਿਆ। ਉਨ੍ਹਾਂ ਨੇ ਫਿਰ ਪਿਛੇ ਮੁੜ ਕੇ ਵੇਖਣਾ ਮੁਨਾਸਬ ਨਾ ਸਮਝਿਆ। ਪਿਛੇ ਰਹਿ ਗਿਆਂ ਨੇ ਕਾਫ਼ੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਕਈ-ਕਈ ਲੱਖ ਗੁਆ ਮੁੜ ਅਪਣੇ ਹੀ ਖੇਤ ਨੂੰ ਜਾਂਦੀ ਡੰਡੀ ਉਤੇ ਫੇਰਾ ਪਾਇਆ। ਇਸ ਸਾਰੇ ਝਲਕਾਰੇ ਦੌਰਾਨ ਬਹੁਤ ਕੁੱਝ ਉਹ ਵਾਪਰਿਆ ਜੋ ਸਾਡੀ ਸਭਿਅਤਾ ਨੂੰ ਕਦੇ ਵੀ ਪ੍ਰਵਾਨ ਨਹੀਂ ਸੀ। ਨੌਜਵਾਨੀ ਬੁਰੀ ਤਰ੍ਹਾਂ ਨਾਲ ਇਸ ਵਪਾਰਕ ਮੰਡੀ ਅੰਦਰ ਦਾਅ ਉਤੇ ਲੱਗੀ। ਕੁੜੀਆਂ, ਮੁੰਡੇ ਜੋ ਵੀ ਪੇਸ਼ਕਾਰਾਂ ਦੇ ਹੱਥੀਂ ਚੜ੍ਹੇ, ਅਪਣਾ ਸੱਭ ਕੁੱਝ

ਲੁਟਵਾ ਆਖ਼ਰ ਮਾਂ-ਪਿਉ ਦੀ ਬੁੱਕਲ ਵਿਚ ਆ ਕੇ ਭੁੱਬੀਂ ਰੋਏ। ਅੱਲ੍ਹੜ ਉਮਰ ਦੀਆਂ ਲੜਕੀਆਂ ਇਸ ਚੱਕਰਵਿਊ ਵਿਚ ਉਲਝਦੀਆਂ ਹੀ ਚਲੀਆਂ ਗਈਆਂ। ਤਨ ਉਤੇ ਕਪੜੇ ਘੱਟ ਕਰਨ ਦਾ ਫ਼ਾਰਮੂਲਾ ਪੇਸ਼ਕਾਰਾਂ ਦੇ ਅਜਿਹਾ ਫਿੱਟ ਬੈਠਿਆ ਕਿ ੍ਰਸ੍ਰੀਰ ਨੂੰ ਕੱਜਣ ਦੀ ਸਦੀਆਂ ਪੁਰਾਣੀ ਰਵਾਇਤ ਵੀ ਦਮ ਤੋੜਨ ਲੱਗੀ। ਇਹ ਸੱਭ ਕੁੱਝ ਇਕੋਦਮ ਨਹੀਂ ਹੋਇਆ, ਵਰ੍ਹਿਆਂ ਦਾ ਸਫ਼ਰ ਹੈ ਇਸ ਨਰਸੰਘਾਰ ਦਾ ਜੋ ਸ਼ੁਰੂ ਤਾਂ ਅਛੋਪਲੇ ਜਿਹੇ ਹੋਇਆ ਪਰ ਬਾਅਦ ਵਿਚ ਜ਼ਹਿਰੀ ਨਾਗ ਦੀ ਤਰ੍ਹਾਂ ਫੁੰਕਾਰ ਮਾਰ ਅੱਗੇ ਵਧਦਾ ਚਲਿਆ ਗਿਆ। ਸਿਤਮ ਭਰੀ ਗੱਲ ਇਹ ਹੋਈ ਕਿ ਸਾਡੀ ਜਵਾਨੀ ਅਪਣੇ ਹੀ ਵਿਰਸੇ ਦੀ ਮਿੱਟੀ ਪਲੀਤ ਕਰਦੇ ਗੀਤਾਂ ਨੂੰ ਮਾਨਤਾ ਦੇਣ ਲੱਗੀ। ਇਹ

ਸਿਲਸਿਲਾ ਪੈਸਾ, ਸ਼ੋਹਰਤ ਤੇ ਮਸ਼ਹੂਰੀ ਦੇ ਕੰਧਾੜੇ ਚੜ੍ਹ ਨਸ਼ਾ, ਕਤਲੋਗਾਰਤ ਅਤੇ ਬਦਮਾਸ਼ੀ ਦੀ ਸਰਦਲ ਨੂੰ ਪਾਰ ਕਰਦਾ ਹੋਇਆ ਇਨਸਾਨੀ ਜ਼ਮੀਰਾਂ ਵਾਲੇ ਖ਼ਾਨੇ ਉਤੇ ਜਾ ਟਿਕਿਆ। ਭਾਵੇਂ ਚੰਗਾ ਸੋਚਣ ਵਾਲੇ ਸ਼ੁਰੂ ਤੋਂ ਹੀ ਇਸ ਮਾੜੀ ਅਲਾਮਤ ਦਾ ਸ਼ਰੇਆਮ ਵਿਰੋਧ ਕਰਦੇ ਰਹੇ ਪਰ ਡਾਢਿਆਂ ਅੱਗੇ ਉਨ੍ਹਾਂ ਦੀ ਪੇਸ਼ ਨਾ ਗਈ। ਉਨ੍ਹਾਂ ਵਗਦੀ ਹਨੇਰੀ ਦੇ ਉਲਟ ਖੜ ਕੇ ਜੋ ਕਾਫ਼ਲਾ ਸ਼ੁਰੂ ਕੀਤਾ ਸੀ, ਉਸ ਨਾਲ ਸੈਂਕੜੇ ਹੋਰ ਸਨੇਹੀ ਸੱਜਣ ਜ਼ਰੂਰ ਆ ਰਲੇ ਨੇ ਪਰ ਅਜੇ ਸ਼ਾਇਦ ਉਹ ਵੇਲਾ ਨਹੀਂ ਆਇਆ ਕਿ ਮਾੜੇ ਗੀਤ ਸੰਗੀਤ ਵਿਰੁਧ ਲਹਿਰ ਦਾ ਉਭਾਰ ਹੋ ਜਾਵੇ। ਕਈ ਲੋਕ ਆਖਦੇ ਨੇ ਕਿ ਇਹ ਸਮੇਂ ਦਾ ਵੇਗ ਹੈ। ਪਰ ਸੱਚ ਇਹ ਵੀ ਹੈ ਕਿ ਜਦ ਵੇਗ ਹੀ ਕਾਤਲ ਬਣਨ

ਲੱਗ ਪਵੇ ਤਾਂ ਉਸ ਨੂੰ ਰੋਕਣਾ ਜ਼ਰੂਰੀ ਹੁੰਦੈ। ਲਚਰਤਾ ਦੀ ਗਰਦਿਸ਼ ਨੇ ਬਹੁਤੇ ਚੰਗੇ ਤੇ ਪਾਏਦਾਰ ਕਲਾਕਾਰਾਂ ਨੂੰ ਵੀ ਹਾਸ਼ੀਏ ਉਤੇ ਧੱਕ ਦਿਤਾ ਹੈ। ਪੈਸੇ ਵਲੋਂ ਸੌਖੇ ਅਤੇ ਪਹਿਲਾਂ ਤੋਂ ਪੈਰਾਂ ਉਤੇ ਖੜੇ ਗਵਈਏ ਅੱਜ ਥੋੜਾ ਬਹੁਤ ਲੋਕਾਂ ਵਿਚ ਜਾ ਕੇ ਅਸਲ ਗਾਇਕੀ ਦੇ ਦੀਦਾਰ-ਏ-ਦਰਸ਼ਨ ਜ਼ਰੂਰ ਕਰਵਾਉਂਦੇ ਹਨ। ਨਹੀਂ ਤਾਂ ਮਾੜੇ ਗੀਤਾਂ ਦੀ ਕਾਂਵਾਂ ਰੌਲੀ ਨੇ ਸੱਚੀ ਤੇ ਚੰਗੀ ਸੋਚ ਦੇ ਮਾਲਕ ਇਨਸਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਅਖ਼ੀਰ ਕਦ ਤਕ ਇਹ ਨਿੰਦਣਯੋਗ ਅਲਾਮਤਾਂ ਨਾਲ ਲਬਰੇਜ਼ ਗੀਤ-ਸੰਗੀਤ ਬਿਨਾਂ ਕਸੂਰ ਤੋਂ ਮਨੁੱਖੀ ਜਾਨਾਂ ਨੂੰ ਅਪਣੇ ਕਲਾਵੇ ਵਿਚ ਲੈ ਕੇ ਮੌਤ ਦੇ ਰਾਹ ਤੋਰਦਾ ਰਹੇਗਾ। ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ

ਸਰਕਾਰ ਤਕ ਨੂੰ ਮੰਨਣਾ ਪਿਆ ਕਿ ਗਾਇਕੀ ਵਿਚ ਆਈ ਗਿਰਾਵਟ ਨੇ ਸਮਾਜ ਵਿਚ ਅਰਾਜਕਤਾ ਫੈਲਾਉਣ ਵਿਚ ਵਡਾ ਰੋਲ ਨਿਭਾਇਐ। ਮੇਰੇ ਵਰ੍ਹਿਆਂ ਦੇ ਇਸ ਖੇਤਰ ਨਾਲ ਜੁੜ ਕੇ ਲਿਖਣ ਦੇ ਸਫ਼ਰ ਦੌਰਾਨ ਅੱਜ ਵਰਗੀ ਮਾਨਸਕ ਪੀੜਾਂ ਭਰੀ ਸਥਿਤੀ ਕਦੇ ਵੀ ਪੈਦਾ ਨਹੀਂ ਹੋਈ ਜਿਸ ਨੇ ਸਮਾਜਕ ਕਦਰਾਂ ਕੀਮਤਾਂ ਤੋਂ ਬਾਅਦ ਨੌਜਵਾਨਾਂ ਨੂੰ ਅਪਰਾਧਾਂ ਦੀ ਦਲਦਲ ਵਿਚ ਧੱਕਣ ਲਈ ਸਿਰੇ ਦਾ ਅਹਿਮ ਯੋਗਦਾਨ ਪਾਇਆ ਹੋਵੇ। ਕਿਉਂ ਭੁੱਲ ਬੈਠੇ ਹਾਂ ਅਸੀ ਕਿ ਵਧੀਆ ਗੀਤ ਸੰਗੀਤ ਹੀ ਇਕ ਚੰਗੇ ਕਿਰਦਾਰ ਵਾਲੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ ਜਿਸ ਦੀ ਅੱਜ ਸਾਡੇ ਸਮਾਜ ਅਤੇ ਨੌਜਵਾਨੀ ਨੂੰ ਵੱਡੀ ਲੋੜ ਹੈ ਕਿਉਂਕਿ ਨੌਜਵਾਨੀ ਦਾ ਇਕ ਵੱਡਾ ਸਮੂਹ

ਗੀਤ-ਸੰਗੀਤ ਨੂੰ ਅੱਜ ਵੀ ਅਪਣਾ ਰੋਲ ਮਾਡਲ ਅਤੇ ਸ਼ੀਸ਼ਾ ਮੰਨ ਕੇ ਅਪਣੀ ਜ਼ਿੰਦਗੀ ਨੂੰ ਉਸ ਆਸੇ ਵਿਚ ਢਾਲਦਾ ਹੈ। ਹਾਲਾਂਕਿ ਗੀਤਾਂ ਦਾ ਇਕ ਵੱਡਾ ਕੰਮ ਸਮਾਜ ਨੂੰ ਸੇਧ ਦੇਣਾ ਵੀ ਹੁੰਦੈ ਪਰ ਸ਼ਾਤਰ ਲੋਕਾਂ ਵਲੋਂ ਹਮੇਸ਼ਾ ਮਨੋਰੰਜਨ ਵਾਲੇ ਪੱਖ ਨੂੰ ਹੀ ਪਿਛਲੇ ਲੰਮੇ ਸਮੇਂ ਤੋਂ ਅੱਗੇ ਰਖਿਆ ਗਿਆ ਹੈ। ਕਿੰਨਾ ਚੰਗਾ ਹੋਵੇ ਜੇਕਰ ਸਮੁੱਚੀ ਸੰਗੀਤ ਇੰਡਸਟਰੀ ਅੰਦਰੋਂ ਨੌਜਵਾਨਾਂ ਤੇ ਸਮਾਜ ਦੇ ਚੰਗੇ ਭਵਿੱਖ ਨੂੰ ਮੁੱਖ ਰੱਖ ਕੇ ਆਬ-ਸ਼ਾਰ ਤੇ ਠੰਢੀ ਹਵਾ ਦੇ ਬੁੱਲ੍ਹੇ ਵਰਗਾ ਸੰਗੀਤ ਪੰਜਾਬ ਦੀਆਂ ਫ਼ਿਜ਼ਾਵਾਂ ਅੰਦਰ ਮਿਸ਼ਰੀ ਵਰਗੀ ਮਿਠਾਸ ਘੋਲ ਕੇ ਗੰਧਲੀ ਹੋ ਚੁੱਕੀ ਆਬੋ ਹਵਾ ਲਈ ਇਕ ਸਾਰਥਕ ਸੁਨੇਹੇ ਦੇ ਰੂਪ ਵਿਚ ਸਾਹਮਣੇ ਆਵੇ। ਇਹੀ ਸਾਡੀ ਕਾਮਨਾ ਹੈ।
ਸੰਪਰਕ : 94634-63136