ਪੰਛੀਆਂ ਦੇ ਕਤਲੇਆਮ ਦਾ ਪਸ਼ਚਾਤਾਪ ਮੈਂ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਡੇ ਇਧਰ ਸ੍ਰੀ ਮੁਕਤਸਰ ਸਾਹਿਬ ਬਾਈਪਾਸ ਦੇ ਅੰਦਰ ਤਾਂ ਸੰਘਣੀ ਅਬਾਦੀ ਏ.............

Birds

ਸਾਡੇ ਇਧਰ ਸ੍ਰੀ ਮੁਕਤਸਰ ਸਾਹਿਬ ਬਾਈਪਾਸ ਦੇ ਅੰਦਰ ਤਾਂ ਸੰਘਣੀ ਅਬਾਦੀ ਏ। ਬਾਹਰ ਸਾਡੇ ਜ਼ਿੰਮੀਦਾਰਾਂ ਦੇ ਈ ਘਰ ਨੇ ਜ਼ਮੀਨਾਂ ਵਿਚ ਲੰਘੇ ਟਪਦੇ ਦੂਜੇ ਚੌਥੇ ਦਿਨ ਦੋ ਚਾਰ ਬਰੀਡਦਾਰ ਪੌਦੇ ਫੜ ਗੱਡ ਦਈਦੇ ਆਂ। ਸਵੇਰੇ 10 ਮਿੰਟ ਪਾਣੀ ਵਗੈਰਾ ਪਾਉਂਦਿਆਂ ਆਸੇ-ਪਾਸੇ ਸਫ਼ਾਈ ਵਗੈਰਾ ਵਾਸਤੇ ਵੀ ਹੱਥ ਪੈਰ ਹਿਲਾ ਲਈਦੇ ਨੇ। ਬਾਈਪਾਸ ਉਪਰਲੇ ਹਸਪਤਾਲ ਹੋਟਲਾਂ ਵਗੈਰਾ ਨੂੰ ਕਹਿ ਛੱਡੀਦੈ, ਯਾਰ ਅਪਣਾ ਬਿਜ਼ਨਸ ਕਰੋ ਪਰ ਗੰਦ ਨਹੀਂ ਪਾਉਣਾ। ਬੱਸ ਏਨੇ ਕੁ ਨਾਲ ਹੀ ਸਾਰਾ ਦਿਨ ਚਿੜੀਆਂ ਤੇ ਕੋਇਲਾਂ ਵਗ਼ੈਰਾ ਦੇ ਗੀਤ ਸੁਣਨ ਨੂੰ ਮਿਲ ਜਾਂਦੇ ਹਨ। 

ਸ਼ਹਿਰੀ ਵੀਰ ਸੈਰ ਨੂੰ ਆਏ ਤੱਤੀਆਂ-ਠੰਢੀਆਂ ਰੌਣਕਾਂ ਲਗਾ ਜਾਂਦੇ ਨੇ ਕਿ ਬਾਈ ਕਿਵੇਂ ਸਰਵੇ ਵਾਲਿਆਂ ਦੀ ਟੀਮ ਨੇ ਵੱਡੇ ਲੀਡਰਾਂ ਦੀ ਨਗਰੀ ਨੂੰ ਸੈਟੇਲਾਈਟ ਰਾਹੀਂ ਵੇਖਿਆ ਕਿ ਇਥੇ ਕੂੜੇ ਦੇ ਢੇਰ ਸਾਰੇ ਪੰਜਾਬ ਨਾਲੋਂ ਉੱਚੇ ਹਨ। ਸੀਵਰੇਜ ਤਾਂ ਕਈ ਸਾਲ ਦਾ ਪੱਕਾ ਹੀ ਬੰਦ ਪਿਐ। ਫਲੱਸ਼ਾਂ ਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਚ ਰਲ ਕੇ ਘਰੋਂ ਘਰੀ ਆਉਂਦੈ, ਦਰੱਖ਼ਤ ਇਕ ਵੀ ਕਾਇਮ ਨਹੀਂ ਕੀਤਾ ਪਰ ਬਿਜਲੀ ਦੇ ਖੰਭਿਆਂ ਤੇ ਲੱਕੜ ਦੇ ਆਲ੍ਹਣੇ ਜ਼ਰੂਰ ਟੰਗੇ ਹੋਏ ਨੇ, ਢੱਠਿਆਂ ਦੀ ਬਦਮਾਸ਼ੀ ਕਾਇਮ ਹੈ। ਸੋ ਬਿਨਾਂ ਕੋਈ ਜ਼ਿਆਦਤੀ ਕੀਤਿਆਂ ਇਸੇ ਇਤਿਹਾਸਕ ਸ਼ਹਿਰ ਨੂੰ ਡਰਟੀ ਸਿਟੀ ਦਾ ਖ਼ਿਤਾਬ ਜ਼ਰੂਰ ਜਲਦੀ ਦੇਣਾ ਚਾਹੀਦੈ।

ਪਿਛਲੇ ਸਾਲ ਹਾਈ ਕੋਰਟ ਦੇ ਜੱਜ ਸਾਹਬ ਆਏ ਸੀ, ਨੀਹ ਪੱਥਰ ਰੱਖਣ, ਜੱਜ ਦੀਆਂ ਸਰਕਾਰੀ ਕੋਠੀਆਂ ਦਾ ਕਿਉਂਕਿ ਸਾਰੇ ਕਿਰਾਏ ਤੇ ਹੀ ਬੈਠੇ ਹਨ। ਲੋਕਲ ਜੱਜਾਂ, ਡੀ.ਸੀ., ਐਸ.ਐਸ.ਪੀ. ਵਗੈਰਾਂ ਨੇ ਪੰਚਾਇਤੀ ਵਿਹਲੇ ਪਏ 17 ਕਿਲ੍ਹਿਆਂ ਵਿਚ ਪੰਜ-ਪੰਜ ਸੌ ਸਾਲ ਲੰਮੀਆਂ ਉਮਰਾਂ ਵਾਲੇ ਇਤਿਹਾਸਕ ਪਿੱਪਲ, ਬੋਹੜ, ਅੰਬ ਵਗੈਰਾ ਲਾਉਣ ਦੀ ਬਜਾਏ ਸਫ਼ੈਦੇ ਦੀ ਛਾਂ ਹੇਠ ਫ਼ਰਜ਼ੀ ਪੌਦਿਆਂ ਨੂੰ ਫਰੇਮਾਂ ਵਿਚ ਰੱਖ ਪਾਰਖੂ ਅੱਖਾਂ ਵਾਲੇ ਜੱਜ ਸਾਹਬ ਹਥੋਂ ਪਾਣੀ ਦੀ ਬਾਲਟੀ ਪੁਆ ਤਾੜੀਆਂ ਮਾਰ ਦਿਤੀਆਂ ਕਿ ''ਇਤਿਹਾਸਕ ਗਰੁੱਪ ਫ਼ੋਟੋ ਬਹੁਤ ਸੋਹਣੀ ਆਈ ਏ ਜਨਾਬ!

ਰਿਟਾਇਰਡ ਵਣ ਅਫ਼ਸਰ ਟਹਿਲਣ ਆਇਆ ਕਹਿੰਦਾ, ''ਬਾਈ, ਇਧਰ ਰੰਗ ਬਰੰਗੇ ਜਾਨਵਰਾਂ ਨੂੰ ਖੇਡਦਿਆਂ ਵੇਖ ਡਰਾਉਣੇ ਸੁਪਨੇ ਆਉਂਦੇ ਨੇ। ਮੈਂ ਅਪਣੇ ਹਥੀਂ ਲੱਖਾਂ ਜਾਨਵਰਾਂ ਦੇ ਘਰ, ਮਧੂ ਮੱਖੀਆਂ ਦੇ ਛੱਤੇ ਉਜਾੜ, ਅੰਗਰੇਜ਼ਾਂ ਦੇ ਸਮੇਂ ਦੀਆਂ ਪੁਰਾਣੀਆਂ, ਪੰਜ ਹਜ਼ਾਰ ਟਾਹਲੀਆਂ ਦੀਆਂ ਲਾਸ਼ਾਂ ਰਿਕਾਰਡ ਵਿਚੋਂ ਖ਼ੁਰਦ ਬੁਰਦ ਕਰ ਕੇ ਅਫ਼ਸਰਾਂ ਤੇ ਲੀਡਰਾਂ ਦੇ ਘਰੀਂ ਸੁੱਟੀਆਂ ਸਨ, ਉਨ੍ਹਾਂ ਦੇ ਬੱਚਿਆਂ ਦੇ ਰਹਿਣ ਲਈ, ਨਵੀਆਂ ਕੋਠੀਆਂ ਬਣਾਉਣ ਵਾਸਤੇ।'' ਅੱਜ ਸਵੱਖਤੇ ਹੀ ਮੇਰੇ ਖੇਤ ਦੇ ਗੁਆਂਢੀ ਕਹਿੰਦੇ ''ਬਾਈ ਸਾਰਿਆਂ ਨੇ ਤੂੜੀ ਬਣਾ ਲਈ, ਬਾਸਮਤੀ ਲਈ ਵਾਹਣ ਵਿਹਲੇ ਕਰਨੇ ਹਨ।

ਟਰੈਕਟਰਾਂ ਨਾਲ ਕਿੱਥੇ ਮੱਥਾਂ ਮਾਰਾਂਗੇ, ਬਾਰਸ਼ਾਂ ਦੇ ਦਿਨ ਆਉਣ ਵਾਲੇ ਨੇ।'' ਮੈਂ ਬਹੁਤ ਰੋਕਿਆ, ''ਯਾਰ ਅੱਗ ਨਾ ਲਾਇਉ, ਬਾਈਪਾਸ ਤੇ ਅਫ਼ਸਰਾਂ ਦਾ ਲਾਂਘਾ ਟੱਪਾ ਬਣਿਆ ਰਹਿੰਦੈ।'' ਅੱਗੋਂ ਕਹਿੰਦੇ ''ਬਈ ਇਨ੍ਹਾਂ ਦੀਆਂ  ਕਾਰਾਂ ਵਿਚ ਤਾਂ ਪਰਦੇ ਲੱਗੇ ਹੁੰਦੇ ਨੇ, ਗੁਰਬਾਣੀ ਸੁਣਿਦਿਆਂ ਅੱਖਾਂ ਮੀਟੀ ਲੰਘ ਜਾਂਦੇ ਨੇ।'' ਨਾਂਹ-ਨਾਂਹ ਕਰਦਿਆਂ, ਜ਼ਿੰਦਗੀ ਦੀ ਪਹਿਲੀ ਤੇ ਆਖ਼ਰੀ ਸੱਭ ਤੋਂ ਵੱਡੀ ਗ਼ਲਤੀ ਹੋ ਗਈ। ਹਵਾ ਦਾ ਅਜਿਹਾ ਹਿਸਾਬ-ਕਿਤਾਬ ਵਿਗੜਿਆ, ਕੱਚੇ ਫ਼ਲਾਂ ਨਾਲ ਭਰੇ ਦਰੱਖ਼ਤ ਸਾੜ ਦਿਤੇ, ਅੱਗ ਦੀਆਂ ਲਪਟਾਂ ਨੇ, ਅਪਣੇ ਹੱਥੀਂ ਰੋਸਟਡ ਕਰ ਲਏ, ਜਿਹੜੇ ਪੰਛੀ ਗੀਤ ਸੁਣਾ-ਸੁਣਾ ਕੇ ਉਠਾਉਂਦੇ ਸੀ ਸਵੇਰੇ ਸੁੱਤਿਆਂ ਨੂੰ। 

ਵੱਟ ਉਤੇ ਬੈਠਿਆਂ ਨੂੰ ਹਰਾ ਭਰਾ ਫ਼ਾਰਮ ਹਾਊਸ ਸ਼ਮਸ਼ਾਨਘਾਟ ਵਰਗਾ ਲਗਦਾ, ਤੜਫ਼ਦੇ ਜਾਨਵਰ ਇਸ਼ਾਰਿਆਂ ਨਾਲ ਕਹਿੰਦੇ ਜਾਪਦੇ ਹਨ ਕਿ ਤੁਹਾਡਾ ਇਕ ਅਪਣੇ ਆਪ ਵੀ ਮਰਦਾ ਹੈ ਤਾਂ ਵੱਡੇ-ਵੱਡੇ ਰੋਡ ਬੰਦ ਕਰ ਦਿੰਦੇ ਹੋ, ਬਾਹਵਾਂ ਉੱਚੀਆਂ ਕਰ-ਕਰ ਕੇ ਨਾਹਰੇ ਮਾਰਦੇ ਹੋ। ਦਿੱਲੀ ਦੰਗਿਆਂ ਵਾਂਗ ਸਾਡੇ ਬੱਚੇ ਸਾਡੀਆਂ ਅੱਖਾਂ ਸਾਹਮਣੇ ਸਾੜ ਦਿੰਦੇ ਹੋ।

ਜ਼ਹਿਰ ਦੀਆਂ ਟਰਾਲੀਆਂ ਭਰ ਭਰ ਵਾਹਣਾਂ ਵਿਚ ਖਿਲਾਰਦੇ ਹੋ ਅਪਣੇ ਬੱਚਿਆਂ ਦੀ ਖ਼ੁਸ਼ੀ ਕਿਥੋਂ ਭਾਲਦੇ ਹੋ, ਸਰਦਾਰ ਤੇ ਧਰਮੀ ਅਖਵਾਉਂਦੇ ਹੋ। ਅਸੀ ਇਨਸਾਫ਼ ਕਿਹੜੀ ਅਦਾਲਤ ਤੋਂ ਮੰਗੀਏ? ਮੈਂ ਅਪਣੇ ਇਸ ਪਾਪ ਦੇ ਪਸ਼ਚਾਤਾਪ ਵਜੋਂ ਪੰਛੀਆਂ ਦੀ ਆਤਮਿਕ ਸ਼ਾਂਤੀ ਲਈ ਕਰਜ਼ਾ ਮੁਆਫ਼ੀ ਵਾਸਤੇ ਆਇਆ 50 ਹਜ਼ਾਰ ਦਾ ਚੈੱਕ 'ਉੱਚਾ ਦਰ' ਵਾਸਤੇ ਭੇਜ ਦਿਤਾ।   ਸੰਪਰਕ : 90562-00000