ਕੀ ਸਿੱਖ ਰਹਿਤ ਮਰਯਾਦਾ ਸਿਰਫ਼ ਹੈਲਮਟ ਤਕ ਸੀਮਤ ਹੋ ਗਈ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰ ਰੋਜ਼ ਅਣਗਿਣਤ ਬੇਸ਼ਕੀਮਤੀ ਜਿੰਦੜੀਆਂ ਹੈਲਮਟ ਦੀ ਅਣਹੋਂਦ ਵਿਚ ਸੜਕਾਂ-ਚੌਰਾਹਿਆਂ ਵਿਚ ਮੁਕਦੀਆਂ ਵੇਖਦਿਆਂ.............

Women

ਹਰ ਰੋਜ਼ ਅਣਗਿਣਤ ਬੇਸ਼ਕੀਮਤੀ ਜਿੰਦੜੀਆਂ ਹੈਲਮਟ ਦੀ ਅਣਹੋਂਦ ਵਿਚ ਸੜਕਾਂ-ਚੌਰਾਹਿਆਂ ਵਿਚ ਮੁਕਦੀਆਂ ਵੇਖਦਿਆਂ, ਸਾਡੀ ਉÎੱਚ ਅਦਾਲਤ ਨੇ ਲੋਹ-ਟੋਪ ਪਾਉਣ ਨੂੰ ਜਦੋਂ ਜ਼ਰੂਰੀ ਕਰਾਰ ਦੇ ਦਿਤਾ ਹੈ ਤਾਂ ਸਾਡੇ ਅਗਾਂਹਵਧੂ, ਆਧੁਨਿਕ ਤੇ ਵਿਗਿਆਨਕ ਧਾਰਮਕ ਆਗੂ, ਮਹਿਜ਼ ਵੋਟਾਂ ਖ਼ਾਤਰ, ਸਿੱਖ ਬੀਬੀਆਂ ਲਈ ਹੈਲਮਟ ਦੀ ਛੋਟ ਨੂੰ ਲੈ ਕੇ ਵਿਰੋਧ ਜਤਾਉਣ ਲਈ ਜਨਤਕ ਥਾਵਾਂ ਉਤੇ ਜਾ ਪਹੁੰਚੇ ਹਨ। ਬੀਬੀਆਂ ਦੇ ਮਾਮਲੇ ਵਿਚ ਸੱਭ ਤੋਂ ਵੱਧ ਕ੍ਰਾਂਤੀਕਾਰੀ ਧਰਮ, ਜਿਥੇ ਸਾਡੇ ਗੁਰੂ ਮਹਿਲਾਂ ਨੇ ਮਾਅਰਕੇ ਦੀ ਅਗਵਾਈ ਕਰਦਿਆਂ, ਨਵੇਂ ਪੰਥ ਤੇ ਪੰਧ ਉਲੀਕੇ, ਉÎੱਥੇ ਅੱਜ ਸਿੱਖ ਔਰਤਾਂ ਦੀ ਅਗਵਾਈ ਉਹ ਲੋਕ ਕਰ ਰਹੇ ਹਨ,

ਜਿਨ੍ਹਾਂ ਦੀ ਸੋਚ 21ਵੀਂ ਸਦੀ ਦੀ ਅਨੁਸਾਰੀ ਨਹੀਂ ਹੈ। ਹਰ ਦਸਤਾਰਧਾਰੀ ਵੀਰ ਤੇ ਭੈਣ ਨੂੰ ਇਸ ਤੋਂ ਛੋਟ ਹੈ ਪ੍ਰੰਤੂ ਚੁੰਨੀ, ਦੁਪੱਟਾ ਜਾਂ ਸਕਾਰਫ਼ ਬੰਨ੍ਹ ਕੇ ਭੀੜ ਭੜੱਕਿਆਂ ਵਿਚ ਦੋ ਪਹੀਆ ਵਾਹਨ ਚਲਾਉਣੇ ਭਲਾ ਅਜੋਕੇ ਕਾਹਲਾਂ ਭਰੇ ਸਮਿਆਂ ਵਿਚ ਨਿਰੀ ਮੌਤ ਨੂੰ ਬੁਲਾਵਾ ਦੇਣ ਵਾਲੀ ਗੱਲ ਨਹੀਂ? ਇੰਜ, ਚੁੰਨੀ ਧਾਰੀ ਔਰਤਾਂ ਲਈ ਹੈਲਮਟ ਦੀ ਛੋਟ ਮੰਗ ਕੇ ਅਸੀ ਬੀਬੀਆਂ ਦੀ ਸਲਾਮਤੀ ਨਹੀਂ ਲੋਚ ਰਹੇ ਸਗੋਂ ਉਨ੍ਹਾਂ ਨੂੰ ਮੌਤ ਦੇ ਜਬਾੜਿਆਂ ਵਿਚ ਧੱਕ ਰਹੇ ਹਾਂ। ਅਜੋਕੇ ਆਪੋਧਾਪੀ, ਕਾਹਲ ਤੇ ਲੁੱਟ-ਖਸੁੱਟ ਦੇ ਮਾਹੌਲ ਵਿਚ ਰਹਿਤ ਮਰਿਯਾਦਾ ਦਾ ਵਾਸਤਾ ਪਾ ਕੇ ਕਦੇ ਅਦਾਲਤਾਂ ਤੋਂ, ਕਦੇ ਸਰਕਾਰ ਤੋਂ ਅਤੇ ਕਦੇ ਰਾਜ-ਮੁਖੀ ਗਵਰਨਰ

ਤੋਂ ਸਿੱਖ ਔਰਤਾਂ ਲਈ ਹੈਲਮਟ ਤੋਂ ਛੋਟ ਮੰਗਣੀ ਸਰਾਸਰ ਗ਼ਲਤ ਤੇ ਜੱਗ-ਹਸਾਈ ਦਾ ਸਬੱਬ ਹੈ। 'ਸਿੱਖ ਰਹਿਤ ਮਰਯਾਦਾ' ਸੱਭ ਲਈ ਬੇਹੱਦ ਮਹੱਤਵਪੂਰਨ, ਸਤਿਕਾਰਤ ਤੇ ਅਹਿਮ ਦਸਤਾਵੇਜ਼ ਹੈ ਜਿਸ ਨੂੰ ਲੰਮੇ ਅੰਤਰਾਲ ਵਿਚ ਸਾਡੇ ਆਦਰਯੋਗ ਗੁਣੀ-ਗਿਆਨੀਆਂ ਤੇ ਕਮਾਈ ਵਾਲੇ ਸਿਆਣਿਆਂ ਨੇ ਨਿਸ਼ਚਿਤ ਕੀਤਾ ਸੀ। ਗੁਰੂ ਪਾਤਿਸ਼ਾਹੀਆਂ ਦੀ ਢਾਈ ਸੌ ਸਾਲਾਂ ਦੀ ਲਾਸਾਨੀ ਘਾਲਣਾ, ਧਰਮ ਦੀ ਰਾਖੀ ਤੇ ਗੁਰਬਾਣੀ ਦੇ ਅਦਬ-ਅਦਾਬ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੁੱਝ ਜ਼ਰੂਰੀ ਰਹਿਤਾਂ ਤੇ ਕੁਰਹਿਤਾਂ ਸਵੀਕਾਰੀਆਂ ਗਈਆਂ ਤਾਕਿ ਗੁਰੂ ਦੇ ਪਿਆਰੇ ਕਦੇ ਵੀ ਨਿਵਾਣਾਂ ਵਿਚ ਨਾ ਡਿੱਗ ਸਕਣ।

ਪਰ ਅੱਜ ਚਾਰ ਚੁਫੇਰੇ ਨਜ਼ਰ ਮਾਰ ਕੇ ਵੇਖ ਲਉ, ਪੰਜ ਕਕਾਰੀਏ ਵੀ ਸਾਰੇ ਇਨ੍ਹਾਂ ਅਲਾਮਤਾਂ ਤੋਂ ਨਹੀਂ ਬਚੇ ਹੋਏ। ਸਾਬਤ ਸੂਰਤ ਹੁੰਦਿਆਂ ਤਮਾਕੂ ਦਾ ਸੇਵਨ, ਦਾਰੂ ਦੀ ਖੁੱਲ੍ਹਮ ਖੁੱਲ੍ਹੀ ਵਰਤੋਂ, ਪਰਾਏ ਮਰਦਾਂ ਤੇ ਪਰਾਈ ਔਰਤ ਦਾ ਸੰਗ, ਕੁੱਠਾ ਤੇ ਹਲਾਲ ਸੱਭ ਦੀ ਵਰਤੋਂ ਸਿੱਖ ਪੰਥ ਵਿਚ ਵੀ ਪ੍ਰਚਲਿਤ ਹੈ। ਨਸ਼ਿਆਂ ਦੀ ਵੇਚ-ਵੱਟ ਤੇ ਸੇਵਨ ਵਿਚ ਸਿੱਖ ਕਿਸੇ ਦੀ ਨੂੰਹ ਧੀ ਤੋਂ ਘੱਟ ਨਹੀਂ। ਘਰੋਂ-ਘਰੋਂ ਉÎਠਦੀਆਂ ਅਰਥੀਆਂ, ਜੇਲਾਂ ਦੀ ਸਜ਼ਾ, ਫੜੋ ਫੜਾਈ, ਡਾਕੇ, ਉਧਾਲੇ, ਬਲਾਤਕਾਰ, ਧੀਆਂ ਮਾਰਨ ਤੇ ਕੁੱਖਾਂ ਕਤਲ ਕਰਾਉਣ ਵਿਚ ਕÎਥਿਤ ਸਿੱਖ ਅਖਵਾਉਣ ਵਾਲੇ ਵੀ ਕਿਸੇ ਨਾਲੋਂ ਘੱਟ ਨਹੀਂ ਹਨ।

ਇਸ ਪ੍ਰਥਾਏ ਤਾਂ ਕਦੇ ਆਵਾਜ਼ ਨਹੀਂ ਚੁੱਕੀ ਸਾਡੇ ਘੱੜਮ ਚੌਧਰੀਆਂ ਨੇ। ਅਵਾਮ ਨੂੰ ਕਦੇ ਇਨ੍ਹਾਂ ਵਿਰੁਧ ਲਾਮਬੰਦ ਨਹੀਂ ਕੀਤਾ ਤੇ ਗੱਲ ਫਿਰ ਮੁੜ ਘਿੜ ਕੇ ਹੈਲਮਟ ਉਤੇ ਹੀ ਆ ਗਈ ਹੈ ਜਿਹੜਾ ਕੇਵਲ ਤੇ ਕੇਵਲ ਸਾਡੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ। ਲੰਡਨ ਤੋਂ ਪਿਛੇ ਜਹੇ ਖ਼ਬਰ ਆਈ ਹੈ ਕਿ ਕੋਈ ਦਲਵਿੰਦਰ ਸਿੰਘ ਬੱਸੀ ਨਾਂ ਦਾ ਸਿੰਘ ਨਸ਼ਾ-ਤਸਕਰੀ ਵਿਚ ਫੜਿਆ ਗਿਆ ਸੀ ਜਿਸ ਨੂੰ ਅੰਗਰੇਜ਼ੀ ਅਦਾਲਤ ਨੇ 13 ਸਾਲ ਦੀ ਸਖ਼ਤ ਸਜ਼ਾ ਤੇ ਸਾਢੇ ਛੇ ਕਰੋੜ ਪੌਂਡ ਜ਼ੁਰਮਾਨਾ ਕੀਤਾ ਹੈ। ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦਾਂ ਉਤੇ ਸਾਡੇ ਸਿੱਖ ਭਰਾਵਾਂ ਦੀ ਹੋ ਰਹੀ ਬਦਨਾਮੀ ਕਿਸੇ ਤੋਂ ਲੁਕੀ ਛਿਪੀ ਨਹੀਂ।

ਕੀ ਇਹ ਰਹਿਤ ਮਰਯਾਦਾ ਨੂੰ ਮੰਨ ਕੇ ਚੱਲ ਰਹੇ ਹਨ? ਜਾਂ ਫਿਰ ਪੈਸਾ ਕਮਾਉਣ ਲਈ ਦੂਜਿਆਂ ਨੂੰ ਮੌਤ ਵੰਡ ਰਹੇ ਹਨ? ਅੱਜ ਕਿਸਾਨ ਵੀ ਬੇਹਾਲ ਹੈ ਤੇ ਨੌਜਵਾਨ ਵੀ ਕਿਉਂਕਿ ਪਿਛਲੇ ਦਸ ਸਾਲਾਂ ਵਿਚ ਜਿੰਨਾ ਪੰਜਾਬ ਦਾ ਨੁਕਸਾਨ ਕੀਤਾ ਗਿਆ ਹੈ, ਉਸ ਦੀ ਸਜ਼ਾ ਸਾਨੂੰ ਦਹਾਕਿਆਂ ਤਕ ਭੋਗਣੀ ਪੈਣੀ ਹੈ ਕਿਉਂਕਿ ਦੂਰ ਅੰਦੇਸ਼ੀ ਦੀ ਘਾਟ, ਸਮਾਂਬਧ ਨੀਤੀਆਂ ਦੀ ਕਮੀ, ਭਾਈ ਭਤੀਜਾਵਾਦ ਦੇ ਹੜ੍ਹ, ਰਿਸ਼ਵਤ ਦੇ ਸ਼ਰੇਆਮ ਵਰਤਾਰੇ ਤੇ ਭ੍ਰਿਸ਼ਟਾਚਾਰੀ ਰੁਚੀਆਂ ਸਰਬਾਂਗੀ ਹੋਂਦ ਕਰ ਕੇ ਪੰਜਾਬੀ ਗੱਭਰੂ ਪੜ੍ਹ ਲਿਖ ਕੇ ਵੀ ਨੌਕਰੀਆਂ ਨਾ ਪ੍ਰਾਪਤ ਕਰ ਸਕੇ। ਅਣਗੌਲੇ ਰਹੇ ਅਜਿਹੇ ਆਲਮ ਵਿਚ ਅੰਦਰਲੇ ਤੇ ਬਾਹਰਲੇ ਵੈਰੀਆਂ ਨੇ ਸਾਡੇ ਭੋਲੇ ਭਾਲੇ ਬੱਚਿਆਂ

ਨੂੰ ਅਜਿਹੇ ਮੱਕੜ-ਜਾਲ ਵਿਚ ਫਸਾ ਲਿਆ ਜਿਥੋਂ ਨਿਕਲ ਸਕਣਾ ਸੰਭਵ ਹੀ ਨਾ ਰਿਹਾ। ਕਾਸ਼! ਕਿ ਲੰਘੀਆਂ ਸ਼ਤਾਬਦੀਆਂ ਮੌਕੇ ਗੱਜਵੱਜ ਕੇ ਰਹਿਤ ਮਰਯਾਦਾ ਦਾ ਪ੍ਰਚਾਰ ਕੀਤਾ ਗਿਆ ਹੁੰਦਾ ਤਾਂ ਹਾਲਾਤ ਅੱਜ ਵਰਗੇ ਕਦੇ ਵੀ ਧਮਾਕਾਖੇਜ਼ ਨਾ ਬਣਦੇ। ਗੈਂਗਸਟਰਾਂ ਦੀ ਨਵੀਂ ਪੈਦਾਇਸ਼ ਪੰਜਾਬ ਦੇ ਮੱਥੇ ਉਤੇ ਇਕ ਹੋਰ ਬਦਨੁਮਾ ਧੱਬਾ ਹੈ ਜਿਹੜੇ ਵਿਭਚਾਰੀ, ਦੁਰਾਚਾਰੀ, ਨਸ਼ੇੜੀ, ਡਾਕੂ, ਕਾਤਲ ਅਤੇ ਭ੍ਰਿਸ਼ਟਾਚਾਰੀ ਬਣ ਚੁੱਕੇ ਹਨ। ਏਡਜ਼-ਪੀੜਤਾਂ ਦੀ ਆਈ ਨਵੀਂ ਰਿਪੋਰਟ ਚੌਂਕਾ ਦੇਣ ਵਾਲੀ ਹੈ। ਖ਼ਾਲਸਾ ਤ੍ਰੈ-ਸ਼ਤਾਬਦੀ ਦੇ ਸਮਾਪਨ-ਸਮਾਰੋਹ ਮੌਕੇ ਸ੍ਰੀ ਕੇਸਗੜ੍ਹ ਦੇ ਪਵਿੱਤਰ ਸਥਾਨ ਉਤੇ ਖੜ ਕੇ ਦਾਸਰੀ ਨੇ ਲਲਕਾਰ ਕੇ ਆਖਿਆ ਸੀ

ਕਿ ਅਸੀ ਇਸ ਮਹਾਨ ਸ਼ਤਾਬਦੀ ਮੌਕੇ ਘੱਟੋ ਘੱਟ ਪਰ ਪੁਰਖ ਤੇ ਪਰ ਨਾਰੀ ਤੋਂ ਪ੍ਰਹੇਜ਼ ਦੇ ਗੁਰ-ਸੰਦੇਸ਼ ਨੂੰ ਸਾਰੇ ਸੰਸਾਰ ਤਕ ਪਹੁੰਚਾਇਆ ਹੁੰਦਾ ਤਾਂ ਤ੍ਰੈ-ਸ਼ਤਾਬਦੀ ਦੀ ਸਾਰਥਕਤਾ ਪੁਸ਼ਟ ਹੋ ਸਕਦੀ ਸੀ ਪ੍ਰੰਤੂ ਸਾਨੂੰ ਰਹਿਤ ਮਰਯਾਦਾ ਵਿਚਲੇ ਇਸ ਅਤਿ ਮਹੱਤਵਪੂਰਨ ਪਹਿਲੂ ਦਾ ਤਾਂ ਕਦੇ ਧਿਆਨ ਨਹੀਂ ਆਇਆ ਅਤੇ ਦਿਲਪ੍ਰੀਤ ਸਿੰਘ ਵਰਗੇ ਗੈਂਗਸਟਰ ਵੀ ਦੋ-ਦੋ ਭੈਣਾਂ ਹੋਣ ਦੇ ਬਾਵਜੂਦ ਵੀ ਸ਼ਰੇਆਮ ਮੌਜਾਂ ਲੁੱਟ ਰਹੇ ਹਨ। ਲਿਵ-ਇਨ ਰਿਲੇਸ਼ਨਸ਼ਿਪ ਦੀ ਪ੍ਰਵਾਨਗੀ ਸੁਪਰੀਮ ਕੋਰਟ ਵਲੋਂ ਹੋਵੇਗੀ ਪ੍ਰੰਤੂ ਸਾਡੀ ਰਹਿਤ ਮਰਯਾਦਾ ਵਿਚ ਹਰਗਿਜ਼ ਵੀ ਅਜਿਹੀ ਇਜਾਜ਼ਤ ਨਹੀਂ ਹੈ।

ਜਿਨ੍ਹਾਂ ਪਾਤਸ਼ਾਹਾਂ ਦੇ ਘੋੜੇ ਵੀ ਤਮਾਕੂ ਦੇ ਖੇਤਾਂ ਵਿਚੋਂ ਦੀ ਨਹੀਂ ਸੀ ਲੰਘਦੇ, ਉਨ੍ਹਾਂ ਦੇ ਸੇਵਕ ਅੱਜ ਤਮਾਕੂ-ਉਤਪਾਦਾਂ ਦੇ ਸੇਵਕ ਬਣ ਚੁੱਕੇ ਹਨ। ਏਨੀਆਂ ਮੌਤਾਂ ਬੀਮਾਰੀ ਨਾਲ ਨਹੀਂ ਹੋ ਰਹੀਆਂ ਜਿੰਨੀਆਂ ਨਸ਼ਿਆਂ ਕਰ ਕੇ ਹੋ ਰਹੀਆਂ ਹਨ। ਸ਼ਰਾਬ ਸਿੱਖ ਸਭਿਆਚਾਰ ਦਾ ਅਨਿੱਖੜ ਅੰਗ ਬਣ ਗਈ ਹੈ ਜਿਸ ਨੇ ਸਿੱਖ ਸਮਾਜ ਨੂੰ ਮਲੀਆਮੇਟ ਕਰ ਕੇ ਰੱਖ ਦਿਤਾ ਹੈ। ਪ੍ਰੰਤੂ ਦਿਮਾਗ਼ੀ ਸੱਟ ਤੋਂ ਬਚਾਉਣ ਵਾਲੀ ਹੈਲਮਟ ਦਾ ਵਿਰੋਧ ਕਰਨ ਵਾਲਿਆਂ ਕੋਲ ਦੂਰਅੰਦੇਸ਼ੀ ਦੀ ਘਾਟ ਹੈ। ਕਿੰਨੀਆਂ ਮੌਤਾਂ ਇਸ ਦੀ ਅਣਹੋਂਦ ਕਰ ਕੇ ਪੂਰੇ ਦੇਸ਼ ਵਿਚ ਹੋ ਰਹੀਆਂ ਹਨ, ਆਪਾਂ ਸਾਰੇ ਜਾਣਦੇ ਹਾਂ।

ਬਹੁਤੀ ਵਾਰ ਪੁਲਿਸ ਦੇ ਡਰੋਂ ਹੀ ਅਸੀ ਹੈਲਮਟ ਪਾਉਂਦੇ ਹਾਂ, ਉਂਜ ਇਸ ਦੀ ਮਹੱਤਤਾ ਨਹੀਂ ਸਮਝਦੇ। ਕੁੱਝ ਸਮਾਂ ਪਹਿਲਾਂ, ਪਟਿਆਲੇ ਦਾ ਇਕ ਵਿਅਕਤੀ ਅੰਬਾਲੇ ਅਪਣੇ ਸਹੁਰਿਆਂ ਨੂੰ ਪੁੱਤਰ ਦੇ ਵਿਆਹ ਦਾ ਕਾਰਡ ਦੇਣ ਗਿਆ। ਨਾਲ ਉਸ ਦੀ ਪਤਨੀ ਤੇ ਵੱਡੇ ਮੁੰਡੇ ਦਾ ਲੜਕਾ ਭਾਵ ਪੋਤਰਾ ਵੀ ਸਕੂਟਰ ਦੇ ਅੱਗੇ ਖੜਾ ਸੀ। ਰਾਜਪੁਰੇ ਤੋਂ ਪਹਿਲਾਂ ਹੀ ਨਾਕੇ ਉਤੇ ਪੁਲਿਸ ਮੁਲਾਜ਼ਮਾਂ ਨੂੰ ਵੇਖਦਿਆਂ ਉਸ ਨੇ ਪਤਨੀ ਨੂੰ ਫੜਾਈ ਹੈਲਮਟ ਪਾਉਣ ਲਈ ਕਿਹਾ ਜਿਹੜੀ ਕਿ ਉਸ ਨੇ ਉਲਟੀ ਪਾ ਦਿਤੀ ਜਾਂ ਕਾਹਲ ਵਿਚ ਪੈ ਗਈ। ਹੋਇਆ ਇਹ ਕਿ ਬੰਦੇ ਨੂੰ ਦਿਸਣਾ ਬੰਦ ਹੋ ਗਿਆ ਤੇ ਅਗਿਉਂ ਆ ਰਹੇ ਟਰੱਕ ਨੇ ਸਾਰੇ ਹੀ ਟੱਬਰ ਨੂੰ ਕੁਚਲ ਦਿਤਾ।

ਸੋ, ਬਚਾਅ ਵਾਲੀ ਹੈਲਮਟ ਉਨ੍ਹਾਂ ਦੀ ਮੌਤ ਦਾ ਬਹਾਨਾ ਬਣ ਗਈ। ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਹੈਲਮਟ ਪਹਿਨਣ ਲਈ ਹੈ, ਵਿਖਾਵੇ ਜਾਂ ਪੁਲਿਸ ਤੋਂ ਬਚਾਅ ਲਈ ਨਹੀਂ। ਨਿਹਾਇਤ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਵਧੇਰੇ ਧਾਰਮਕ ਆਗੂ ਅੱਜ ਵੀ ਸੌੜੀ ਸੋਚ ਅਤੇ ਪੁਰਾਤਨ ਵਿਚਾਰਾਂ ਦੇ ਧਾਰਨੀ ਹਨ। ਇਨ੍ਹਾਂ ਦੀ ਬਦੌਲਤ ਸਿੱਖੀ ਦਾ ਪਾਸਾਰ ਨਹੀਂ ਹੋ ਰਿਹਾ ਸਗੋਂ ਸੁੰਗੜ ਰਹੀ ਹੈ। ਕਿਥੇ ਬਾਬੇ ਨਾਨਕ ਦਾ ਘਰ ਪੂਰੇ ਸੰਸਾਰ ਵਿਚ ਵਿਆਪਤ ਸੀ ਜਿਸ ਵਿਚ ਬਿਦਰ, ਜਗਨਨਾਥ ਪੁਰੀ, ਹਸਤਨਾਪੁਰ ਤੇ ਲਾਹੌਰ ਆਦਿ ਦੁਰਡੇ ਇਲਾਕਿਆਂ ਤੋਂ ਪੰਜ ਪਿਆਰਿਆਂ ਦੀ ਚੋਣ ਹੋਈ

ਤੇ ਕਿੱਥੇ ਅੱਜ ਹੌਲੀ-ਹੌਲੀ ਛਾਂਟੀ ਕਰਦਿਆਂ ਕੇਵਲ ਕੁੱਝ ਪੰਜ ਕਕਾਰੀਏ ਹੀ ਸਿੱਖ ਸੰਸਾਰ ਵਿਚ ਬਾਕੀ ਬਚੇ ਹਨ। ਸਾਡੇ ਜ਼ਿੰਮੇਵਾਰ ਧਾਰਮਕ ਆਗੂਆਂ ਦੀ ਬਦਨੀਅਤੀ ਤੇ ਸੌੜੇਪਣ ਕਰ ਕੇ ਅੱਜ ਸਿੱਖੀ ਨੂੰ ਖੋਰਾ ਲੱਗਾ ਹੋਇਆ ਹੈ। ਰੋਲ ਮਾਡਲ ਹੀ ਗ਼ਲਤ ਹਨ, ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਦਾ ਗ਼ਲਤ ਦਿਸ਼ਾਵਾਂ ਵਲ ਭਟਕ ਜਾਣਾ ਸੁਭਾਵਕ ਹੈ। ਰਾਮ ਰਹੀਮ ਦਾ ਕੇਸ ਇਸ ਦੀ ਇਕ ਪ੍ਰਤੱਖ ਮਿਸਾਲ ਹੈ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤਦਿਆਂ ਦੋਸ਼-ਮੁਕਤ ਕਰ ਦਿਤਾ ਗਿਆ ਜਦੋਂ ਕਿ ਕਾਨੂੰਨ ਨੇ ਉਸ ਨੂੰ ਜੇਲ ਵਿਚ ਡੱਕ ਦਿਤਾ ਹੈ।

ਇਵੇਂ ਹੀ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਨੂੰ ਪਾਸ ਅਤੇ ਪ੍ਰਸ਼ੰਸਾ ਕਰ ਕੇ ਪੱਤਰ ਜਾਰੀ ਕਰਨ ਵਾਲੇ ਸਾਡੇ ਆਗੂ ਮੁੜ ਕੇ ਅਪਣੇ ਦਫ਼ਤਰ ਬੰਦ ਕਰ ਕੇ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੁੰਦੇ ਰਹੇ। ਕੁਰਸੀਆਂ ਦੀ ਸਲਾਮਤੀ ਲਈ ਜਿੰਨਾ ਨੁਕਸਾਨ ਸਿੱਖੀ ਅਤੇ ਸਿੱਖ ਕੌਮ ਦਾ ਸਾਡੇ ਉÎੱਚ ਧਾਰਮਕ ਅਦਾਰਿਆਂ ਦੇ ਆਗੂਆਂ ਨੇ ਕੀਤਾ ਹੈ, ਉਸ ਦੀ ਭਰਪਾਈ ਹੋਣੀ ਸੰਭਵ ਨਹੀਂ ਹੈ। ਜੀਵਨ ਹੈ ਤਾਂ ਸੱਭ ਕੁੱਝ ਹੈ। ਜਾਨ ਹੈ ਤਾਂ ਜਹਾਨ ਹੈ। ਧਰਮ ਕਰਮ, ਰਹਿਤ ਮਰਯਾਦਾ, ਆਦਰਸ਼, ਅਸੂਲ, ਨਿੱਤਨੇਮ, ਫਲਸਫ਼ਾ ਤੇ ਵਿਚਾਰ ਧਾਰਾਵਾਂ ਜ਼ਿੰਦਗੀ ਦੇ ਹਮਸਾਏ ਹਨ, ਮੌਤ ਦੇ ਨਹੀਂ।

ਹੋਛੀ ਰਾਜਨੀਤੀ ਕਰ ਕੇ ਵੋਟਾਂ ਦਾ ਜੁਗਾੜ ਕਰਨ ਵਾਲਿਉ ਸਾਰਥਕ ਤੇ ਉਸਾਰੂ ਕੰਮਾਂ ਨਾਲ ਅਵਾਮ ਦਾ ਦਿਲ ਜਿੱਤੋ। ਦੂਸ਼ਿਤ ਪਾਣੀ, ਮਿੱਟੀ, ਹਵਾ ਤੇ ਮਿਲਾਵਟੀ ਖਾਧ ਪਦਾਰਥਾਂ ਕਰ ਕੇ ਜੀਵਨ ਦੀ ਡੋਰ ਤਾਂ ਪਹਿਲਾਂ ਹੀ ਅਧਵਾਟਿਉਂ ਟੁਟਦੀ ਜਾ ਰਹੀ ਹੈ, ਉਪਰੋਂ ਹਾਦਸਿਆਂ ਦਾ ਕਹਿਰ ਇਸ ਵਿਚ ਹੋਰ ਵਾਧਾ ਕਰਦਾ  ਜਾ ਰਿਹਾ ਹੈ। ਆਉ! ਪ੍ਰਤੱਖ ਸੱਚਾਈ ਦਾ ਸਾਹਮਣਾ ਕਰਦਿਆਂ ਕਾਨੂੰਨ ਦਾ ਸਤਿਕਾਰ ਕਰੀਏ

ਅਤੇ ਲੋਹ ਟੋਪ ਨੂੰ 'ਸੁਰੱਖਿਆ ਕਵਚ' ਸਵੀਕਾਰਦਿਆਂ ਇਸ ਨੂੰ ਅਪਣਾਉਣ ਲਈ ਢੁਚਰਾਂ ਨਾ ਡਾਹੀਏ। ਅਪਣੇ ਸਮਿਆਂ ਵਿਚ, ਸਾਡੇ ਪਾਤਿਸ਼ਾਹਾਂ ਨੇ ਵੀ ਅਪਣੇ ਬਚਾਅ ਲਈ ਸੰਜੋਆਂ ਪਹਿਨੀਆਂ ਸਨ ਤੇ ਅਪਣੀ ਸੁਰੱਖਿਆ ਖ਼ਾਤਰ ਹਰ ਤਰ੍ਹਾਂ ਦੀ ਚਾਰਾਜੋਈ ਕੀਤੀ ਸੀ। ਪਰਮਾਤਮਾ ਵਲੋਂ ਬਖ਼ਸ਼ੀ ਇਸ ਜ਼ਿੰਦਗੀ ਦਾ ਬਚਾਅ ਤੇ ਸਤਿਕਾਰ ਲਾਜ਼ਮੀ ਹੈ। ਸੰਪਰਕ : 98156-20515