ਕਲਾ ਜਗਤ ਦਾ ਸਰਤਾਜ ਸੀ ਮੇਹਰ ਸਿੰਘ ਚਿੱਤਰਕਾਰ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਕਲਾ ਦੇ ਪਿੜ ਵਿਚ ਮੇਹਰ ਸਿੰਘ ਚਿੱਤਰਕਾਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਇਸ ਸਮੇਂ ਉਸ ਨੂੰ ਕਲਾ ਜਗਤ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ

Meher Singh painter

ਕਲਾ ਦੇ ਪਿੜ ਵਿਚ ਮੇਹਰ ਸਿੰਘ ਚਿੱਤਰਕਾਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਇਸ ਸਮੇਂ ਉਸ ਨੂੰ ਕਲਾ ਜਗਤ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ ਜਿਸ ਨੇ ਪਿਛਲੇ 7 ਦਹਾਕੇ ਨਿਰੰਤਰ ਅਪਣੇ ਰੰਗਾਂ ਅਤੇ ਬੁਰਸ਼ਾਂ ਦੀ ਛੋਹ ਨਾਲ ਸੈਂਕੜੇ ਸ਼ਾਹਕਾਰਾਂ ਨੂੰ ਸਿਰਜਿਆ ਅਤੇ ਕਲਾ ਜਗਤ ਵਿਚ ਅਮਿੱਟ ਛਾਪ ਛੱਡ ਦਿਤੀ। ਉਹ ਯਖਾਰਥ ਸ਼ੈਲੀ ਦਾ ਚਿਤੇਰਾ ਸੀ ਜਿਸ ਦੀ ਕਲਾ ਦਾ ਵਿਸ਼ਾ ਵਸਤੂ ਵਧੇਰੇ ਪੋਰਟਰੇਚਰ, ਭੂ ਦ੍ਰਿਸ਼, ਸਿੱਖ ਇਤਿਹਾਸ ਅਤੇ ਨਿਹੰਗ ਸਿੰਘ ਸੀ। ਉਹ ਅਮੂਰਤ ਕਲਾ ਵਿਚ ਵਿਸ਼ਵਾਸ ਨਹੀਂ ਸੀ ਰਖਦਾ। ਉਸ ਨੇ ਕਲਾ ਦ੍ਰਿਸ਼ਟੀ ਤੋਂ ਜੋ ਵੀ ਸਿਰਜਿਆ ਉਹ ਅਮਰ ਹੋ ਗਿਆ।

ਮੇਹਰ ਸਿੰਘ ਦਾ ਜਨਮ 1 ਅਕਤੂਬਰ 1929 ਨੂੰ ਸ. ਸੁਦਾਗਰ ਸਿੰਘ ਦੇ ਘਰ ਲਾਹੌਰ ਵਿਖੇ ਹੋਇਆ। ਮੁਢਲੀ ਵਿਦਿਆ ਲਾਹੌਰ ਤੋਂ ਪ੍ਰਾਪਤ ਕੀਤੀ। ਸੰਨ 1946 ਵਿਚ ਸ. ਸੋਭਾ ਸਿੰਘ ਚਿੱਤਰਕਾਰ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਦੀ ਕਲਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੂੰ ਅਪਣਾ ਕਲਾ ਗੁਰੂ ਧਾਰ ਲਿਆ। ਦੇਸ਼ ਦੀ ਵੰਡ ਮਗਰੋਂ ਉਹ ਭਾਰਤ ਦੀ ਰਾਜਧਾਨੀ ਦਿੱਲੀ ਆ ਗਏ।

ਉਨ੍ਹਾਂ ਨੇ ਸੰਨ 1948 ਤੋਂ 1950 ਤਕ ਫਰੀਲਾਂਸਰ ਵਜੋਂ ਦਿੱਲੀ ਵਿਖੇ ਕੰਮ ਕੀਤਾ ਅਤੇ 1949 ਤੋਂ 1954 ਤਕ ਦਿੱਲੀ ਪਾਲੀਟੈਕਨਿਕ ਵਿਚ ਦਾਖ਼ਲ ਹੋ ਗਏ ਅਤੇ ਪੰਜ ਸਾਲ ਦਾ ਫ਼ਾਈਨ ਆਰਟਸ ਦਾ ਡਿਪਲੋਮਾ ਕਰ ਲਿਆ। 1958 ਤੋਂ 1972 ਤਕ ਅਮਰੀਕਨ ਅੰਬੈਂਸੀ ਵਿਚ ਆਰਟਿਸਟ ਦੇ ਤੌਰ 'ਤੇ ਕੰਮ ਕੀਤਾ। ਇਸ ਸਮੇਂ ਦੌਰਾਨ ਅਨੇਕਾਂ ਅਮਰੀਕਨ ਰਾਸ਼ਟਰਪਤੀਆਂ ਅਤੇ ਹੋਰ ਵੱਡੀਆਂ ਹਸਤੀਆਂ ਦੇ ਚਿੱਤਰ ਬਣਾ ਕੇ ਨਾਮਣਾ ਖਟਿਆ।

ਸੰਨ 1972 ਤੋਂ 1986 ਤਕ ਕਨਾਟ ਸਰਕਸ ਦਿੱਲੀ ਰੀਗਲ ਥੀਏਟਰ ਉਤੇ ਐਮ.ਜੀ.ਐਮ. ਸਾਂਝੀ ਕਲਾ ਫ਼ਰਮ ਦੀ ਸਥਾਪਨਾ ਕੀਤੀ ਅਤੇ ਦਿੱਲੀ ਵਿਖੇ ਵੱਡੇ ਕਲਾ ਦੇ ਪ੍ਰੋਜੈਕਟ ਸੰਪੰਨ ਕੀਤੇ। 1982 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਜਨਮ ਸ਼ਤਾਬਦੀ 'ਤੇ ਆਲ ਇੰਡੀਆ ਪੋਰਟਰੇਟਸ ਮੁਕਾਬਲੇ ਵਿਚ ਮੇਹਰ ਸਿੰਘ ਦੀ ਬਣਾਈ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਨੂੰ ਪੰਜ ਹਜ਼ਾਰ ਰੁਪਏ ਦੇ ਪਹਿਲੇ ਇਨਾਮ ਨਾਲ ਨਿਵਾਜਿਆ ਗਿਆ।

ਇਨ੍ਹਾਂ ਦੀ ਬਣਾਈ ਪੇਂਟਿੰਗ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿਤੀ ਗਈ, ਜਿਸ ਵਿਚ ਇਨ੍ਹਾਂ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਸਰੀਰਕ ਬਣਤਰ, ਕੱਦ ਕਾਠ, ਚਿਹਰਾ ਮੋਹਰਾ, ਰੰਗ, ਪਹਿਰਾਵੇ ਦੀ ਸਾਦਗੀ ਨੂੰ ਸਾਕਾਰ ਕੀਤਾ ਸੀ। ਉਸ ਸਮੇਂ ਦੇ ਸ਼ਸਤਰਾਂ ਦੇ ਨਮੂਨੇ ਤੇ ਸਮੇਂ ਮੁਤਾਬਕ ਹੀ ਵਾਤਾਵਰਣ ਪੈਦਾ ਕਰਨ ਲਈ ਰੰਗਾਂ ਦੀ ਯੋਗ ਵਰਤੋਂ ਨੂੰ ਧਿਆਨ ਵਿਚ ਰਖਿਆ ਗਿਆ ਸੀ। ਮੇਹਰ ਸਿੰਘ ਦਾ ਬਣਾਇਆ ਇਹ ਸ਼ਾਹਕਾਰ ਕਲਾ ਜਗਤ ਵਿਚ ਅਮਰ ਹੋ ਗਿਆ।

1985 ਵਿਚ ਸਭਿਆਚਾਰ ਵਿਭਾਗ ਵਲੋਂ ਚੰਡੀਗੜ੍ਹ ਵਿਖੇ ਪਹਿਲੀ ਇਕ ਪੁਰਖੀ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ. ਮੇਹਰ ਸਿੰਘ ਦੀਆਂ 28 ਕਲਾ ਕਿਰਤਾਂ ਦਰਸਾਈਆਂ ਗਈਆਂ। ਬਾਬਾ ਜੱਸਾ ਸਿੰਘ ਆਹਲੂਵਾਲੀਆ, ਭੂ ਦ੍ਰਿਸ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਾਰ ਸੇਵਾ ਤੇ ਕੁੱਝ ਨਿਹੰਗ ਸਿੰਘਾਂ ਦੇ ਪੋਰਟਰੇਟਸ ਖਿੱਚ ਦਾ ਕੇਂਦਰ ਸਨ। ਇਹ ਪ੍ਰਦਰਸ਼ਨੀ ਬਹੁਤ ਹੀ ਸਫ਼ਲ ਰਹੀ। ਅਗੱਸਤ 1985 ਵਿਚ ਹੀ ਚੰਡੀਗੜ੍ਹ ਵਿਖੇ ਇਕ ਵੱਡੇ ਸਮਾਗਮ 'ਚ ਕੰਸੈਪਟ ਵਲੋਂ 'ਆਰਟਿਸਟ ਆਫ਼ ਦਾ ਈਅਰ ਐਵਾਰਡ' ਪੰਜਾਬ ਦੇ ਮੁੱਖ ਸਕੱਤਰ ਐਸ.ਐਸ. ਧਨੋਆ ਨੇ ਦਿਤਾ।

ਸੰਨ 1986 ਵਿਚ ਮੇਹਰ ਸਿੰਘ ਪੱਕੇ ਤੌਰ 'ਤੇ ਚੰਡੀਗੜ੍ਹ ਦੇ ਵਾਸੀ ਬਣ ਗਏ ਅਤੇ ਸੈਕਟਰ 44-ਸੀ ਵਿਚ ਅਪਣਾ ਸਟੂਡੀਊ ਬਣਾ ਲਿਆ। ਸੰਨ 1998-99 ਵਿਚ ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਬਣੇ ਅਤੇ ਫਿਰ ਪੰਜਾਬ ਆਰਟ ਕੌਂਸਲ ਦੇ ਵਾਈਸ ਪ੍ਰਧਾਨ ਦੇ ਅਹੁਦੇ 'ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਲਾ ਦੇ ਖੇਤਰ ਵਿਚ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਾਨ ਸਨਮਾਨ ਮਿਲਦੇ ਰਹੇ। ਇਨ੍ਹਾਂ ਵਿਚ ਫ਼ਾਈਨ ਆਰਟਸ ਅਕੈਡਮੀ ਸ੍ਰੀ ਅੰਮ੍ਰਿਤਸਰ, ਪੰਜਾਬ ਲਲਿਤ ਕਲਾ ਅਕੈਡਮੀ, ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

2012 ਵਿਚ ਉਨ੍ਹਾਂ ਨੂੰ ਪੰਜਾਬ ਰਤਨ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲਾ ਦੇ ਪਿੜ ਵਿਚ ਜਿੰਨੇ ਵੀ ਕੰਮ ਕੀਤੇ, ਜਿਹੜੇ ਵੀ ਸ਼ਾਹਕਾਰ ਸਿਰਜੇ, ਉਹ ਮੂੰਹੋਂ ਬੋਲਦੇ ਵਿਖਾਈ ਦਿੰਦੇ ਹਨ। ਰੰਗਾਂ ਦੀਆਂ ਛੋਹਾਂ ਨੇ ਕਲਾਤਮਕ ਹੁਲਾਰਿਆਂ ਨੂੰ ਜਨਮ ਦਿਤਾ ਹੈ। ਇਨ੍ਹਾਂ ਨੇ ਜਿਥੇ ਵੱਡੀ ਗਿਣਤੀ ਵਿਚ ਸਿੱਖ ਇਤਿਹਾਸ ਤੇ ਸਭਿਆਚਾਰ ਨੂੰ ਪੇਂਟ ਕੀਤਾ ਹੈ ਉਥੇ ਹੀ ਵੱਡੀ ਗਿਣਤੀ ਵਿਚ ਨਾਮਵਰ ਸ਼ਖ਼ਸੀਅਤਾਂ ਨੂੰ ਅਪਣੇ ਬੁਰਸ਼ਾਂ ਦੀਆਂ ਛੋਹਾਂ ਨਾਲ ਸਾਕਾਰ ਕੀਤਾ ਹੈ ਜਿਨ੍ਹਾਂ ਵਿਚ ਭਾਈ ਵੀਰ ਸਿੰਘ, ਸਰ ਗੰਗਾ ਰਾਮ, ਸਰ ਛੋਟੂ ਰਾਮ, ਸਰ ਜੋਗਿੰਦਰ ਸਿੰਘ, ਫ਼ੈਜ਼ ਅਹਿਮਦ ਫ਼ੈਜ਼, ਮਹਾਤਮਾ ਗਾਂਧੀ, ਪ੍ਰਿਥਵੀ ਰਾਜ ਕਪੂਰ, ਸ੍ਰੀ ਪ੍ਰੇਮ ਭਾਟੀਆ, ਡਾ. ਮਹਿੰਦਰ ਸਿੰਘ ਰੰਧਾਵਾ ਤੇ ਸ਼ੀਲਾ ਭਾਟੀਆ ਦੀ ਪੇਂਟਿੰਗ ਕਲਾ ਦੇ ਸਰਵਉਤਮ ਸ਼ਾਹਕਾਰ ਹਨ।

ਸ. ਮੇਹਰ ਸਿੰਘ ਦੀਆਂ ਪੇਂਟਿੰਗਜ਼ ਜਿਥੇ ਅਨੇਕਾਂ ਸਿੱਖ ਅਜਾਇਬ ਘਰਾਂ ਵਿਚ ਸੁਸ਼ੋਭਤ ਹਨ ਉਥੇ ਪੰਜਾਬ, ਪੰਜਾਬੀ ਅਤੇ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਆਰਟ ਕੌਂਸਲ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ਼ ਪੰਜਾਬ ਅਤੇ ਅਨੇਕਾਂ ਹੋਰ ਅਦਾਰਿਆਂ ਲਈ ਅਪਣੇ ਸ਼ਾਹਕਾਰ ਬਣਾ ਕੇ ਦਿਤੇ ਹਨ। ਇਹ ਨਾਮਵਰ ਕਲਾਕਾਰ ਪੌਣੀ ਸਦੀ ਕਲਾ ਨੂੰ ਸਮਰਪਿਤ ਰਿਹਾ ਹੈ। ਇਹ ਕਲਾਕਾਰ 26 ਅਗੱਸਤ 2020 ਨੂੰ ਸਦਾ ਦੀ ਨੀਂਦ ਸੌ ਗਿਆ ਅਤੇ ਫ਼ਾਨੀ ਦੁਨੀਆਂ ਤੋਂ ਕੂਚ ਕਰ ਗਿਆ। ਸ. ਮੇਹਰ ਸਿੰਘ ਦਾ ਨਾਂ ਕਲਾ ਜਗਤ ਵਿਚ ਸਦਾ ਅਮਰ ਰਹੇਗਾ। ਉਨ੍ਹਾਂ ਦੀ ਕਲਾ ਸਾਨੂੰ ਸਦਾ ਮਾਰਗ ਦਰਸ਼ਨ ਦੇਂਦੀ ਰਹੇਗੀ ਅਤੇ ਉਨ੍ਹਾਂ ਦੀ ਯਾਦ ਸਾਡੇ ਦਿਲਾਂ ਵਿਚ ਹਮੇਸ਼ਾ ਰਹੇਗੀ।
- ਮੋਬਾਈਲ : 778-385-8141