ਪੜ੍ਹੋ ਪੰਜਾਬੀ ਸੂਰਮੇ ਦੀ ਦਾਸਤਾਨ, ਜਿਸ ਨੇ ਫਤਿਹ ਕੀਤਾ ਸੀ ਸਿਆਚਿਨ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਾਕਿਸਤਾਨੀ ਫ਼ੌਜ ਦੇ ਕਬਜ਼ੇ 'ਚੋਂ ਆਜ਼ਾਦ ਕਰਾਈ ਸੀ ਸਿਆਚਿਨ ਪੋਸਟ

File photo

ਨਵੀਂ ਦਿੱਲੀ- ਭਾਰਤ ਦੀ ਰੱਖਿਆ ਲਈ ਪੰਜਾਬ ਦੇ ਅਨੇਕਾਂ ਫ਼ੌਜੀ ਜਵਾਨਾਂ ਨੇ ਅਪਣੀਆਂ ਜਾਨਾਂ ਕੁਰਬਾਨ ਕਰਦਿਆਂ ਸ਼ਹਾਦਤ ਦਿੱਤੀ ਅਤੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਪਰ ਦੇਸ਼ 'ਤੇ ਆਂਚ ਨਹੀਂ ਆਉਣ ਦਿੱਤੀ। ਭਾਰਤ ਦੇ ਇਨ੍ਹਾਂ ਫ਼ੌਜੀ ਯੋਧਿਆਂ ਵਿਚ ਸਰਦਾਰ ਬਾਨਾ ਸਿੰਘ ਦਾ ਨਾਂਅ ਵੀ ਸ਼ਾਮਲ ਹੈ। ਜਿਨ੍ਹਾਂ ਨੇ ਪਾਕਿਸਤਾਨੀ ਫ਼ੌਜ ਨੂੰ ਖਦੇੜ ਕੇ ਸਿਆਚਿਨ ਨੂੰ ਖਾਲੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। 

ਉਨ੍ਹਾਂ ਦੀ ਇਸ ਵੀਰਤਾ ਲਈ ਉਨ੍ਹਾਂ ਨੂੰ ਸਰਵਉੱਚ ਵੀਰਤਾ ਪੁਰਸਕਾਰ 'ਪਰਮਵੀਰ ਚੱਕਰ' ਨਾਲ ਨਿਵਾਜ਼ਿਆ ਗਿਆ ਸੀ। ਆਓ ਜਾਣੀਏ ਕੀ ਹੈ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਦੀ ਕਹਾਣੀ।  ਸਰਦਾਰ ਬਾਨਾ ਸਿੰਘ ਜੰਮੂ-ਕਸ਼ਮੀਰ ਦੇ ਕਾਦਿਆਲ ਵਿਚ ਰਹਿੰਦੇ ਇਕ ਪੰਜਾਬੀ ਸਿੱਖ ਪਰਿਵਾਰ ਵਿਚੋਂ ਸਨ। ਉਨ੍ਹਾਂ ਦਾ ਜਨਮ 6 ਜਨਵਰੀ 1949 ਨੂੰ ਹੋਇਆ ਸੀ।

ਗੱਲ ਜੂਨ 1987 ਦੀ ਹੈ ਜਦੋਂ 8ਵੀਂ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਨੂੰ ਸਿਆਚਿਨ ਖੇਤਰ ਵਿਚ ਤਾਇਨਾਤ ਕੀਤਾ ਗਿਆ ਸੀ। ਉਸੇ ਦੌਰਾਨ ਵੱਡੀ ਗਿਣਤੀ ਵਿਚ ਪਾਕਿਸਤਾਨੀ ਫ਼ੌਜੀ ਘੁਸਪੈਠ ਕਰਕੇ ਸਿਆਚਿਨ ਗਲੇਸ਼ੀਅਰ 'ਤੇ ਪਹੁੰਚ ਗਏ। ਉਨ੍ਹਾਂ ਘੁਸਪੈਠੀਆਂ ਕੋਲੋਂ ਸਿਆਚਿਨ ਨੂੰ ਖ਼ਾਲੀ ਕਰਵਾਉਣਾ ਮੁਸ਼ਕਲ ਲੱਗ ਰਿਹਾ ਸੀ ਪਰ ਬਹੁਤ ਹੀ ਜ਼ਰੂਰੀ ਵੀ ਸੀ। ਇਸ ਲਈ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ।

ਨਾਇਬ ਸੂਬੇਦਾਰ ਬਾਨਾ ਸਿੰਘ ਨੇ ਖ਼ੁਦ ਇਸ ਟਾਸਕ ਫੋਰਸ ਵਿਚ ਸ਼ਾਮਲ ਹੋਣ ਦੀ ਇੱਛਾ ਜਤਾਈ।  ਪਾਕਿਸਤਾਨੀ ਫ਼ੌਜੀਆਂ ਨੇ 6450 ਮੀਟਰ ਦੀ ਉਚਾਈ 'ਤੇ ਸਿਆਚਿਨ ਗਲੇਸ਼ੀਅਰ ਦੀ ਸਭ ਤੋਂ ਉਚੀਆਂ ਚੋਟੀਆਂ ਵਿਚੋਂ ਇਕ 'ਤੇ ਕਬਜ਼ਾ ਕਰ ਲਿਆ ਸੀ। ਉਹ ਕਾਫ਼ੀ ਮਜ਼ਬੂਤ ਪੁਜੀਸ਼ਨ ਵਿਚ ਹੋਣ ਕਰਕੇ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਤਾਂ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਸੀ ਪਰ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਮੁਸ਼ਕਲ ਸੀ।

ਪਾਕਿਸਤਾਨੀ ਫ਼ੌਜ ਨੇ ਅਪਣੀ ਇਸ ਚੌਂਕੀ ਨੂੰ 'ਕਾਇਦ-ਏ-ਆਜ਼ਮ' ਦਾ ਨਾਂਅ ਦਿੱਤਾ। ਇਸ ਦੇ ਦੋਵੇਂ ਪਾਸੇ 457 ਮੀਟਰ ਉਚੀ ਬਰਫ਼ ਦੀ ਦੀਵਾਰ ਸੀ। ਜਿਸ ਨੂੰ ਪਾਰ ਕਰਕੇ ਉਨ੍ਹਾਂ ਤਕ ਪਹੁੰਚਣਾ ਬਹੁਤ ਹੀ ਮੁਸ਼ਕਲ ਕੰਮ ਸੀ।  ਭਾਰਤੀ ਫ਼ੌਜ ਨੇ ਪਾਕਿਸਤਾਨੀਆਂ ਨੂੰ ਉਥੋਂ ਖਦੇੜਨ ਦੀ ਜ਼ਿੰਮੇਵਾਰੀ ਸੈਕੰਡ ਲੈਫਟੀਨੈਂਟ ਰਾਜੀਵ ਪਾਂਡੇ ਵੀਰ ਚੱਕਰ ਨੂੰ ਸੌਂਪੀ। ਉਨ੍ਹਾਂ ਦੇ ਨਾਂਅ 'ਤੇ ਹੀ ਇਸ ਅਪਰੇਸ਼ਨ ਦਾ ਨਾਂਅ ਰਾਜੀਵ ਰੱਖਿਆ ਗਿਆ।

ਕਾਇਦ ਏ ਆਜ਼ਮ ਚੌਂਕੀ ਤਕ ਜਾਣ ਵਾਲਾ ਰਸਤਾ ਬਹੁਤ ਮੁਸ਼ਕਲ ਅਤੇ ਖ਼ਤਰਨਾਕ ਸੀ ਪਰ ਬਾਨਾ ਸਿੰਘ ਨੇ ਇਸ ਮਿਸ਼ਨ ਵਿਚ ਪਾਕਿਸਤਾਨੀਆਂ ਨੂੰ ਖਦੇੜਨ ਲਈ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਉਥੇ ਪਹੁੰਚਣ ਲਈ ਪੂਰੀ ਟੀਮ ਦੀ ਇਸ ਤਰੀਕੇ ਨਾਲ ਅਗਵਾਈ ਕੀਤੀ ਕਿ ਉਨ੍ਹਾਂ ਦੇ ਬੇਮਿਸਾਲ ਸਾਹਸ ਅਤੇ ਅਗਵਾਈ ਨੂੰ ਦੇਖ ਕੇ ਟੀਮ ਦੇ ਮੈਂਬਰ ਕਾਫ਼ੀ ਪ੍ਰਭਾਵਤ ਹੋਏ। ਭਾਰੀ ਬਰਫ਼ਬਾਰੀ ਦੌਰਾਨ ਬਾਨਾ ਸਿੰਘ ਦੀ ਅਗਵਾਈ ਵਿਚ ਚਾਰ ਫ਼ੌਜੀ ਬਰਫ਼ੀਲੀ ਦੀਵਾਰ 'ਤੇ ਮਾਈਨਸ 41 ਤਾਪਮਾਨ ਵਿਚ ਰੇਂਗਦੇ ਹੋਏ ਅੱਗੇ ਵਧ ਰਹੇ ਸਨ। ਕਈ ਘੰਟਿਆਂ ਦੀ ਮਸ਼ੱਕਤ ਮਗਰੋਂ ਆਖ਼ਰ ਉਹ ਪਾਕਿਸਤਾਨੀ ਚੌਂਕੀ ਦੇ ਕਾਫ਼ੀ ਨੇੜੇ ਪਹੁੰਚ ਗਏ।

ਕਰੀਬ 21 ਹਜ਼ਾਰ ਫੁੱਟ ਦੀ ਉਚਾਈ 'ਤੇ ਬੈਠੇ ਪਾਕਿਸਤਾਨੀ ਫ਼ੌਜੀਆਂ ਨੇ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਇੱਥੇ ਵੀ ਨਿਸ਼ਾਨਾ ਬਣਾਇਆ ਜਾ ਸਕਦੈ। ਉਹ ਅਪਣੇ ਬੰਕਰ ਦੇ ਅੰਦਰ ਆਰਾਮ ਨਾਲ ਬੈਠੇ ਸਨ। ਪੰਜਾਬੀ ਸਿੱਖ ਸੂਰਮੇ ਬਾਨਾ ਸਿੰਘ ਨੇ ਬੰਕਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗ੍ਰਨੇਡ ਸੁੱਟ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦੇ ਬੰਕਰ ਦੇ ਅੰਦਰ ਹੀ ਸਾਰੇ ਪਾਕਿਸਤਾਨੀ ਫ਼ੌਜੀ ਢੇਰ ਹੋ ਗਏ।

ਫਿਰ ਬਾਨਾ ਸਿੰਘ ਨੇ ਬੰਕਰ ਦੇ ਬਾਹਰ ਮੌਜੂਦ ਪਾਕਿਸਤਾਨੀ ਸੈਨਿਕਾਂ ਨੂੰ ਬਾਇਓਨੇਟ ਨਾਲ ਮਾਰ ਕੇ ਢੇਰ ਕਰ ਦਿੱਤਾ। ਕੁੱਝ ਪਾਕਿਸਤਾਨੀ ਸੈਨਿਕ ਜਾਨ ਬਚਾਉਣ ਲਈ ਉਥੋਂ ਭੱਜ ਗਏ ਅਤੇ ਹੇਠਾਂ ਖੱਡ ਵਿਚ ਡਿੱਗ ਕੇ ਮਰ ਗਏ। ਆਖ਼ਰਕਾਰ 26 ਜੂਨ 1987 ਨੂੰ ਕਾਇਦ ਪੋਸਟ 'ਤੇ ਭਾਰਤ ਦਾ ਕਬਜ਼ਾ ਹੋ ਗਿਆ। ਰਾਈਫ਼ਲਮੈਨ ਚੁੰਨੀ ਲਾਲ, ਲਛਮਣ ਦਾਸ, ਓਮਰਾਜ ਅਤੇ ਕਸ਼ਮੀਰ ਚੰਦ ਨੇ ਨਾਇਬ ਸੂਬੇਦਾਰ ਬਾਨਾ ਸਿੰਘ ਦੀ ਅਗਵਾਈ ਵਿਚ ਚੌਂਕੀ 'ਤੇ ਕਬਜ਼ਾ ਕਰਕੇ ਉਥੇ ਤਿਰੰਗਾ ਫਹਿਰਾ ਦਿੱਤਾ।

ਬਾਅਦ ਵਿਚ ਭਾਰਤੀ ਫ਼ੌਜ ਵੱਲੋਂ ਬਾਨਾ ਸਿੰਘ ਦੇ ਸਨਮਾਨ ਵਿਚ ਉਸ ਚੌਂਕੀ ਦਾ ਨਾਮ ਬਦਲ ਕੇ 'ਬਾਨਾ ਟਾਪ' ਰੱਖ ਦਿੱਤਾ ਗਿਆ। ਸਰਦਾਰ ਬਾਨਾ ਸਿੰਘ ਨੂੰ ਉਨ੍ਹਾਂ ਦੀ ਇਸ ਸੂਰਬੀਰਤਾ ਦੇ ਲਈ ਸਰਵਉਚ ਵੀਰਤਾ ਪੁਰਸਕਾਰ 'ਪਰਮਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ। 1 ਦਸੰਬਰ 1992 ਨੂੰ ਸਰਦਾਰ ਬਾਨਾ ਸਿੰਘ ਨੂੰ ਸੂਬੇਦਾਰ ਦੇ ਅਹੁਦੇ 'ਤੇ ਪ੍ਰਮੋਟ ਕੀਤਾ ਗਿਆ ਅਤੇ 20 ਅਕਤੂਬਰ 1996 ਨੂੰ ਉਹ ਸੂਬੇਦਾਰ ਮੇਜਰ ਬਣ ਗਏ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕੈਪਟਨ ਦੇ ਰੈਂਕ ਨਾਲ ਸਨਮਾਨਿਤ ਕੀਤਾ ਗਿਆ ਅਤੇ 31 ਅਕਤੂਬਰ 2000 ਨੂੰ  ਉਹ ਫ਼ੌਜ ਦੀ ਸਰਵਿਸ ਤੋਂ ਸੇਵਾਮੁਕਤ ਹੋ ਗਏ।