ਕਿਸਾਨ ਅੰਦੋਲਨ ਸਿਰਜ ਰਿਹੈ ਨਵੇਂ ਕੀਰਤੀਮਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਬਰ ਦਾ ਸਬਰ ਨਾਲ ਟਾਕਰਾ ਹੋ ਰਿਹੈ

FARMER PROTEST

ਨਵੀਂ ਦਿੱਲੀ: ਕਾਲੇ ਕਾਨੂੰਨ ਨੂੰ ਮੁੱਢੋਂ ਖ਼ਾਰਜ ਕਰਵਾਉਣ ਲਈ ਕਿਸਾਨੀ ਅੰਦੋਲਨ ਕਦਮ-ਦਰ-ਕਦਮ ਅਸਲ ਮੁੱਦੇ ਦੀ ਸਫ਼ਲਤਾ ਵਲ ਵੱਧ ਰਿਹੈ। ਖ਼ਬਰਾਂ, ਸੋਸ਼ਲ  ਮੀਡੀਆ ਦੇ ਵੱਖ-ਵੱਖ ਸ੍ਰੋਤਾਂ ਤੇ ਕਿਸਾਨ ਅੰਦੋਲਨ   ਦੀਆਂ ਚਾਰ ਦਿਸ਼ਾਵਾਂ (ਕੁੰਡਲੀ/ਸਿੰਘੂ, ਟਿਕਰੀ, ਗਾਜ਼ੀਪੁਰ ਤੇ ਖੇੜਾ (ਸ਼ਾਹਜਹਾਂਪੁਰ) ਬਾਰਡਰ ਦੀ ਯਾਤਰਾ (ਜੋ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਸੀ) ਰਾਹੀਂ ਬਹੁਤ ਸਾਰੇ ਅਦਭੁਤ ਅਨੁਭਵ ਹੋਏ ਤੇ ਹੋ ਵੀ ਰਹੇ ਹਨ। ਇਸ ਘੋਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਸ ਘੋਲ ਉਤੇ ਸਰਸਰੀ ਵੀ ਨਜ਼ਰ ਮਾਰੀ ਜਾਏ ਤਾਂ ਵੀ ਇਹ ਮਹਿਸੂਸ ਹੁੰਦਾ ਹੈ ਕਿ ਨੈਤਿਕ ਤੇ ਰਣਨੀਤਕ ਤੌਰ ’ਤੇ ਕਿਸਾਨੀ ਅੰਦੋਲਨ ਅਨੋਖੇ ਤੇ ਮਾਣਮੱਤੇ ਬਹੁਤ ਸਾਰੇ ਨਵੇਂ ਕੀਰਤੀਮਾਨ ਸਥਾਪਤ ਕਰ ਚੁੱਕਾ ਹੈ ਤੇ ਕਰ ਵੀ ਰਿਹਾ ਹੈ।

ਕਈ ਸਿਆਸਤਦਾਨ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵੀ ਕਿਸਾਨ ਸੰਘਰਸ਼ ਵਿਚ ਅੱਗੇ ਆਏ ਪਰ ਕਿਸਾਨਾਂ ਵਲੋਂ ਉਨ੍ਹਾਂ ਨੂੰ ਇਕ ਸ਼ੀਸ਼ਾ  ਵਿਖਾ ਦਿਤਾ ਗਿਆ ਕਿ ਇਸ ਹਮਾਮ ਵਿਚ ਸੱਭ ਹੀ ਨੰਗੇ ਹਨ। ਇਕ ਹੀ ਤਕੜੀ ਦੇ ਸੱਭ ਚੱਟੇ ਵੱਟੇ ਹਨ। ਹੁਣ ਆਸ ਵੀ ਬਣਦੀ ਜਾ ਰਹੀ ਹੈ ਕਿ ਇਹ ਜਾਗਰੂਕ ਲਹਿਰ ਹੁਣ ਸਿਆਸੀ ਲੂੰਬੜਚਾਲਾਂ ਦੀ ਪਿਛਲੱਗ ਬਣ ਕੇ ਨਹੀਂ ਚਲੇਗੀ, ਸਗੋਂ ਅਪਣੇ ਬੁਰੇ-ਭਲੇ ਦੀ ਪਛਾਣ ਕਰ ਕੇ ਉਸ ਨੂੰ ਅਪਣੇ ਨਾਲ ਤੁਰਨ ਲਈ ਮਜਬੂਰ ਕਰੇਗੀ। ਨਿੱਕੇ-ਨਿੱਕੇ ਬੱਚਿਆਂ ਦੀ  ਇਸ ਘੋਲ ਵਿਚ ਸ਼ਿਰਕਤ ਇਕ ਸ਼ੱੁਭ ਸੰਦੇਸ਼ ਇਹ ਵੀ ਦੇ ਰਹੀ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਅਪਣੇ ਹੱਕਾਂ ਲਈ ਜੂਝਣ ਲਈ ਇਕ ਵਖਰੀ ਤਰ੍ਹਾਂ ਦੀ ਸਕੂਲਿੰਗ ਮਿਲ ਰਹੀ ਹੈ। ਮਾਨੋ ਹੱਕਾਂ ਦੀ ਰਾਖੀ ਦਾ ਇਕ ਤਕੜਾ ਸਬਕ ਮਿਲ ਰਿਹਾ ਹੈ, ਉਨ੍ਹਾਂ ਵਿਚ ਇਕ ਜਾਗਰੂਕਤਾ ਪੈਦਾ ਹੋ ਰਹੀ ਹੈ ਜਿਸ ਦਾ ਅਪਣਾ ਇਕ  ਵਿਸ਼ੇਸ਼  ਹਾਂ-ਪੱਖੀ ਅਸਰ ਕਈ ਪੀੜ੍ਹੀਆਂ ਤਕ ਕਾਇਮ ਰਹਿ ਸਕਦਾ ਹੈ, ਜੋ ਲੁਟੇਰਾ ਬਿਰਤੀ ਨੂੰ ਲਗਾਮ ਲਗਾਈ ਰੱਖਣ ਲਈ ਚੇਤਨਾ ਰੂਪੀ ਇਕ ਵੱਡਾ ਹਥਿਆਰ ਸਾਬਤ ਹੋਏਗਾ।

ਜਵਾਨੀ ਜਿਸ ਨੂੰ ਬਹੁਤ ਕਰ ਕੇ ਨਸ਼ਿਆਂ ਵਿਚ ਡੁੱਬੀ, ਚਰਿਤਰਹੀਣ ਤੇ ਗੈਂਗਸਟਰਾਂ ਦਾ ਰੂਪ ਗਰਦਾਨਿਆ ਜਾ ਰਿਹਾ ਸੀ, ਉਸੇ ਜਵਾਨੀ ਵਿਚੋਂ ਕੁਝ ਕੁ ਨੂੰ ਛੱਡ ਕੇ ਬਹੁਤੀ ਜਵਾਨੀ ਦਾ ਜੋਸ਼ ਭਰਿਆ   ਦਮ ਕਿਸਾਨਾਂ ਦੀ ਇਕ ਵੱਡੀ ਧਿਰ ਵਜੋਂ ਆਣ ਖੜਾ ਹੋਇਆ। ਜਦ ਹੱਕਾਂ ’ਤੇ ਛਾਪੇ ਪੈਣੇ ਸ਼ੁਰੂ ਹੋਏ ਤਾਂ ਇਸ ਨੂੰ ਇਕ ਵੰਗਾਰ ਸਮਝ ਕੇ ਗੱਭਰੂ ਅਪਣੇ ਬਜ਼ੁਰਗਾਂ ਦੀ ਡਿੰਗੋਰੀ ਵਿਚ ਖੂੰਡੇ ਵਾਲਾ ਦਮਖਮ ਭਰਨ ਲਈ ਮੂਹਰੇ ਆਣ ਖਲੋ ਗਏ। ਹੱਕਾਂ ਲਈ     ਕਿਸਾਨਾਂ ਦੇ ਉਠੇ ਤੂਫ਼ਾਨ ਨੂੰ ਰੋਕਣ ਲਈ ਸਰਕਾਰ ਤੇ ਉਸ ਦੇ ਚਮਚੇ ਤੰਤਰ ਦੀਆਂ ਡਾਹੀਆਂ ਲੱਤਾਂ (ਤਰ੍ਹਾਂ-ਤਰ੍ਹਾਂ ਦੇ ਔਖੇ ਤੋਂ ਔਖੇ/ਵੱਡੇ ਤੋਂ ਵੱਡੇ ਅੜਿੱਕਿਆਂ) ਨੂੰ ਘੜੀ ਪਲਾਂ ਵਿਚ ਹੀ ਚੂਰ-ਚੂਰ ਕਰਦਿਆਂ ਰਾਹ ਪੱਧਰੇ ਕਰ ਮਾਰੇ। ਕਿਸਾਨਾਂ ਨੇ  ਦਿੱਲੀ ਦੀ ਹਿੱਕ ’ਤੇ ਜਾ ਪੈਰ ਧਰਿਆ। ਜਦੋਜਹਿਦ ਵਾਲੇ ਇਸ ਸਫ਼ਰ ਦੌਰਾਨ ਬਹੁਤ ਸਾਰੇ ਅਨੋਖੇ ਕਿੱਸੇ ਵੀ ਵੇਖਣ-ਸੁਣਨ ਨੂੰ ਮਿਲੇ। ਹੈਵਾਨਾਂ ਨੂੰ ਛੱਡ ਕਰੀਬ ਹਰ ਇਨਸਾਨ ਨੇ ਕਿਸਾਨਾਂ ਦੇ ਇਸ ਦਰਦ ਨੂੰ ਅਪਣਾ ਦਰਦ ਸਮਝ ਕੇ  ਸੀਨੇ ਨਾਲ ਲਗਾ ਲਿਆ। ਤਨ-ਮਨ ਤੇ ਧਨ ਨਾਲ ਜੁੜਦਿਆਂ ਪ੍ਰੇਮ ਖੇਲਣ ਦਾ ਚਾਉ ਉਮੜ ਪਿਆ।

ਇਸ ਨਾਲ ਘੋਲ ਵਿਚ ਜੋ ਤਨ-ਮਨ ਤੇ ਧਨ ਨਾਲ ਸ਼ਾਮਲ ਹੋ ਸਕਦਾ ਹੈ, ਉਹ ਹੋਈ ਜਾ ਰਿਹਾ ਤੇ ਜੋ ਕਿਸੇ ਮਜਬੂਰੀ ਕਾਰਨ ਕੋਈ ਸ੍ਰੀਰਕ ਤੌਰ ’ਤੇ  ਸ਼ਿਰਕਤ ਨਹੀਂ ਕਰ ਸਕਦਾ, ਉਹ ਖਿਆਲਾਂ ਵਿਚ ਸੁਚੇਤ ਰੂਪ ਵਿਚ ਪੂਰਨ ਤੌਰ ’ਤੇ ਜੁੜਿਆ ਹੋਇਆ ਹੈ। ਯਾਨੀ ਹੱਕਾਂ ਲਈ ਜੂਝ ਰਹੇ, ਇਸ ਕਿਸਾਨ ਅੰਦੋਲਨ ਵਿਚ ਅਪਣਾ ਬਣਦਾ ਯੋਗਦਾਨ ਕਿਸੇ ਨਾ ਕਿਸੇ ਢੰਗ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਪਾਉਣਾ ਅਪਣਾ-ਕਰਮ ਧਰਮ ਸਮਝ ਰਿਹਾ ਹੈ। ਸਥਾਨਕ ਲੋਕਾਂ ਦੇ ਹਰ ਤਰ੍ਹਾਂ ਦੇ ਸਹਿਯੋਗ ਦਾ ਵੀ ਹੜ੍ਹ ਹੀ ਆਇਆ ਹੋਇਆ ਹੈ। ਕੁਦਰਤ ਦਾ ਕ੍ਰਿਸ਼ਮਾ ਹੀ ਕਹਿ ਲਉ ਕਿ ਦੁਨੀਆਂ ਭਰ ਦੇ ਦਾਨੀਆਂ ਨੇ ਅਪਣੇ ਖ਼ਜ਼ਾਨਿਆਂ ਦੇ ਮੂੰਹ ਖੋਲ੍ਹ ਕੇ ਰੱਖ ਦਿਤੇ ਹਨ। ਹਰ ਕਿਸਮ ਦੇ ਲੱਗੇ ਲੰਗਰਾਂ ਤੇ ਸੇਵਾ-ਪਾਣੀ ਦੀ ਸੂਚੀ ਦੇਣੀ ਸ਼ੁਰੂ ਕਰ ਦੇਈਏ ਤਾਂ ਕਈ ਸਫ਼ੇ ਭਰ ਸਕਦੇ ਹਨ ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੀਵਨ ਜਿਊਣ ਲਈ ਹਰ ਸ਼ੈਅ ਹੀ ਇਥੇ ਉਪਲਬਧ ਹੈ। ਸੜਕਾਂ ਉਤੇ  ਹੀ ਮੰਗਲ ਲਗਾ ਰਹੇ ਧਰਨਿਆਂ ਵਿਚੋਂ ‘ਜੋ ਆਵੇ, ਸੋ ਰਾਜ਼ੀ ਜਾਵੇ’ ਦਾ ਹਕੀਕਤ ਭਰਿਆ ਵਰਤਾਰਾ ਵਰਤ ਰਿਹਾ ਹੈ। ਕੋਈ ਜਾਤ-ਪਾਤ ਤੇ ਧਰਮ ਦਾ ਰੌਲਾ ਨਹੀਂ। ਇਨਸਾਨ, ਉਹ ਵੀ ਕਿਸਾਨ/ਕਿਰਤੀ ਦੇ ਰੂਪ ਵਿਚ ਭਗਵਾਨ ਦੀ ਹੀ  ਕੋਈ ਵਿਸ਼ੇਸ਼  ਲੀਲਾ  ਵਰਤ ਰਹੀ ਮਹਿਸੂਸ ਹੁੰਦੀ ਹੈ। 

ਕਲਾਕਾਰਾਂ ਦਾ ਜਾਦੂ ਵੀ ਸਿਰ ਚੜ੍ਹ ਕੇ ਬੋਲਣਾ  ਹੀ ਹੁੰਦੈ। ਨਿਘਾਰ ਕਿਸਮ ਦੀ ਕਲਾਕਾਰੀ ਤੇ ਗਾਇਕੀ (ਜੋ ਸਰਮਾਏਦਾਰਾਂ ਦੀ ਪੈਦਾਇਸ਼ ਹੈ) ਨੇ ਪੰਜਾਬ ਤੇ ਪੰਜਾਬੀਅਤ ਨੂੰ ਲੀਰੋ-ਲੀਰ ਕਰ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਅਸਲ ਵਿਰਸਾ ਉਸ ਤੋਂ ਪੂਰੀ ਤਰ੍ਹਾਂ ਮੁੱਖ ਹੀ ਮੋੜ ਜਾਏ। ਜਵਾਨੀ ਵਿਹਲੜ ਤੇ ਨਿਕੰਮਿਆਂ ਦੀ ਫ਼ੌਜ ਬਣ ਕੇ  ਨਸ਼ਿਆਂ ਤੇ ਹੋਰ ਮਾਰਧਾੜ ਵਿਚ ਪੈ ਕੇ ਗ਼ਰਕ ਜਾਏ। ਪਰ ਕਿਸਾਨ ਅੰਦੋਲਨ ਨੇ ਕਲਾਕਾਰਾਂ ਤੇ ਗਾਇਕਾਂ ਵਿਚਲੀ ਸਾਫ਼-ਸੁਥਰੀ ਕਲਾਕਾਰੀ ਨੂੰ ਵੀ ਹਲੂਣਿਆਂ ਤੇ ਉਹ ਖ਼ੁਦ ਜੋਸ਼ ਦੇ ਰੂਪ ਵਿਚ ਬਾਹਰ ਆ ਕੇ ਸਟੇਜਾਂ ਦਾ ਸ਼ਿੰਗਾਰ ਬਣਨ ਲੱਗੀ ਤੇ ਉਸ ਨੂੰ ਵੱਡੀ ਪੱਧਰ ’ਤੇ ਸੁਣਿਆ ਤੇ ਮਾਣਿਆ ਵੀ ਜਾਣ ਲੱਗਾ ਜਿਸ ਦਾ ਕਿਸਾਨ ਮੋਰਚੇ ਨੂੰ ਬਹੁਤ ਫ਼ਾਇਦਾ ਮਿਲਿਆ।

ਜਬਰ ਦਾ ਸਬਰ ਨਾਲ ਟਾਕਰਾ ਹੋ ਰਿਹੈ। ਯੱਖ-ਠੰਢਾ ਮੌਸਮ ਪਿੰਡੇ ਉਤੇ ਹੰਢਾਇਆ ਜਾ ਰਿਹੈ। ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੌਤ ਨਾਲ ਮਖ਼ੌਲ ਵੀ ਕੀਤਾ ਜਾ ਰਿਹਾ ਹੈ। ਸ਼ਹੀਦੀਆਂ ਦੀ ਸੂਚੀ ਵੀ ਲੰਮੀ ਹੁੰਦੀ ਜਾ ਰਹੀ ਹੈ, ਕੋਈ ਡਰ ਭੈਅ ਨਹੀਂ। ਸਗੋਂ ਕੁਰਬਾਨੀਆਂ ਦੇ ਇਤਿਹਾਸ, ‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥’  ਨੂੰ ਦੁਹਰਾਇਆ ਜਾ ਰਿਹਾ ਹੈ। ਜੋਸ਼ੀਲੇ ਭਾਸ਼ਣਾਂ ਤੇ ਗੀਤਾਂ ਰਾਹੀਂ ਮਾਣਮੱਤੇ ਇਤਿਹਾਸ ਤੇ ਵਿਰਸੇ ਨੂੰ ਤਰੋਤਾਜ਼ਾ ਕਰਦਾ, ਇਕ ਨਿਵੇਕਲਾ ਨਿੱਘ ਭਰੀ ਜਾਂਦਾ ਹੈ। ਅੱਕਣ-ਥੱਕਣ ਉਤੇ ਨਿਰਾਸ਼ਤਾ ਦਾ ਕੋਈ ਨਾਂ-ਨਿਸ਼ਾਨ ਨਹੀਂ ਸਗੋਂ ਕਾਫ਼ਲਿਆਂ ਵਿਚ ਬੇ-ਅੱਥਾਹ ਵਾਧਾ ਹੋ ਰਿਹਾ ਹੈ। ਸੜਕਾਂ ਨੂੰ ਹੀ ਮਖ਼ਮਲੀ ਆਸਣ ਸਮਝ ਕੇ ਹੱਕਾਂ ਲਈ ਢੋਲੇ ਗਾਏ ਤੇ ਸਿਹਰੇ ਪੜ੍ਹੇ ਜਾ ਰਹੇ ਹਨ ਤੇ ਖ਼ੂਨ ਦੇ ਸੋਹਲਿਆਂ ਦੀ ਹੂਕ ਸਣਾਈ ਦੇ ਰਹੀ ਹੈ। ਕਿਤੇ ਮਿਲਦੀ ਹੈ ਦੁਨੀਆਂ ਵਿਚ ਅਜਿਹੇ ਵਿਲੱਖਣ ਰੋਸ ਧਰਨਿਆਂ ਦੀ ਮਿਸਾਲ ਜੋ ਇਕ ਵਿਲੱਖਣ ਤਪੱਸਿਆ ਹੈ?

ਕਿਸਾਨੀ ਮੁੱਦਾ ਪੰਜਾਬ ਦੀਆਂ ਹੱਦਾਂ ਟਪਦਾ ਹੋਇਆ ਪਹਿਲਾਂ ਕੌਮੀ ਮੁੱਦਾ ਬਣਿਆ। ਕਿਸਾਨੀ ਭਾਈਚਾਰਕ  ਸਾਂਝ ਵਿਚ  ਵਾਧਾ ਹੋਇਆ। ਭਾਊ ਤੇ ਤਾਊ ਇਕ ਦੂਜੇ ਨੂੰ ਉਸੇ ਦੀ ਭਾਸ਼ਾ ਵਿਚ ਹਾਸਾ-ਠੱਠਾ ਕਰ ਕੇ ਖ਼ੁਸ਼ ਹੋ ਰਹੇ ਹਨ। ਵੱਡੇ ਭਰਾ ਤੇ ਛੋਟੇ ਭਰਾ ਦੀਆਂ ਗਲਵਕੜੀਆਂ ਪੈ ਰਹੀਆਂ ਹਨ। ਲੂੁੰਬੜ ਸਿਆਸਤ ਦੀ ਪੈਦਾਇਸ਼ ਐਸ.ਵਾਈ.ਐਲ. ਵਰਗੇ  ਮੁੱਦੇ ਵੀ  ਫਿੱਕੇ ਪੈਣ ਲੱਗ ਪਏ ਹਨ ਜਿਸ ਦੀ ਮਿਸਾਲ ਮੈਂ ਇਕ ਵੀਡੀਉ ਵਿਚ ਵੇਖੀ ਜਦੋਂ ਇਕ ਟੀ.ਵੀ. ਐਂਕਰ ਨੇ ਹਰਿਆਣਾ ਦੇ ਕਿਸਾਨ ਨੂੰ ਪੁਛਿਆ ਕਿ ਕੀ ਤੁਹਾਨੂੰ ਐਸ.ਵਾਈ.ਐਲ ਚਾਹੀਦੀ ਹੈ? ਤਾਂ ਉਸ ਹਰਿਆਣਵੀਂ ਕਿਸਾਨ ਦਾ ਕਹਿਣਾ ਸੀ ਕਿ ਸਾਨੂੰ ਐਸ.ਵਾਈ.ਐਲ ਨਹੀਂ ਸਾਨੂੰ ਤਾਂ ਪੰਜਾਬ ਨਾਲ ਭਾਈਚਾਰਕ ਸਾਂਝ ਚਾਹੀਦੀ ਹੈ। 

ਕਿਸਾਨਾਂ ਪ੍ਰਤੀ ਸਰਕਾਰ ਦੀ ਨਾਕਾਰਾਤਮਕ ਧਾਰਨਾ ਇਹ ਰਹੀ ਕਿ ਇਹ ਲੋਕ ਅਨਪੜ੍ਹ ਤੇ ਘੱਟ ਸਮਝ ਦੇ ਮਾਲਕ ਹਨ। ਇਹ ਮਿੱਟੀ ਨਾਲ ਮਿੱਟੀ ਹੋਣ ਵਾਲੇ ਅਪਣੀ ਫ਼ਸਲ ਮੰਡੀ ਵਿਚ ਵੇਚਣ ਨਹੀਂ, ਸੁੱਟਣ  ਹੀ ਆਉਂਦੇ ਨੇ। ਕੋਈ ਵੀ ਮਰਜ਼ੀ ਦਾ ਭਾਅ ਲਗਾ ਕੇ ਖੋਹ ਖਿੰਝ ਲਵੇ ਤਾਂ ਕੋਈ ਉਜ਼ਰ ਨਹੀਂ। ਕਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਇਹ ਲੋਕ ਤਾਂ ‘ਜਿਨ੍ਹੇ ਲਾਈ ਗੱਲੀਂ, ਉਸੇ ਨਾਲ ਤੁਰ ਚਲੀ’ ਵਾਲੀ ਲਾਈਲੱਗ ਬਿਰਤੀ  ਦੇ ਮਾਲਕ ਹਨ। ਸੋ ਜੋ ਮਰਜ਼ੀ ਕਾਨੂੰਨ ਬਣਾ ਦਿਉ, ਇਨ੍ਹਾਂ ਨੂੰ ਕੀ ਪਤਾ ਲਗਣੈ? ਪਰ ਸਰਕਾਰ ਦਾ ਇਹ ਭਰਮ-ਭੁਲੇਖਾ ਵੀ ਕਿਸਾਨੀ ਵਿਚਲੀ ਜਾਗੋ ਨੇ ਚਕਨਾ ਚੂਰ ਕਰ ਕੇ ਰੱਖ ਦਿਤਾ ਹੈ। ਇਥੇ ਹੀ ਬਸ ਨਹੀਂ ਸਗੋਂ ਕਿਸਾਨ ਧੀਆਂ-ਪੁਤਰਾਂ  ਨੇ ਅਪਣੀ ਵਿਦਵਾਨੀ ਨਾਲ ਕਾਲੇ ਕਾਨੂੰਨਾਂ ਦੀ ਅਜਿਹੀ ਗਿੱਚੀ ਫੜੀ ਕਿ ਕਾਨੂੰਨੀ ਨੁਕਤੇ ਨਾਲ ਹੀ ਕਾਲੇ ਕਾਨੂੰਨਾਂ ਨੂੰ ਪੂਰਾ ਹੀ ਗ਼ਲਤ ਸਿੱਧ ਕਰ ਦਿਤਾ।

ਦਿੱਗਜ ਮੰਤਰੀਆਂ ਨੂੰ ਕਾਨੂੰਨ ਬਣਾਉਣ ਪ੍ਰਤੀ ਕੀਤੀਆਂ ਭਾਰੀ ਗ਼ਲਤੀਆਂ ਦਾ ਪੂਰਾ ਅਹਿਸਾਸ ਕਰਵਾਇਆ। ਪੂਰੇ ਡੰਕੇ ਨਾਲ ਠੋਕ ਵਜਾ ਕੇ ਆਖਿਆ ਕਿ ਇਹ ਕਾਨੂੰਨ ਕਿਸੇ ਵੀ ਹਾਲਤ ਵਿਚ ਕਿਸਾਨ ਪੱਖੀ ਨਹੀਂ ਸਗੋਂ ਕਾਰਪੋਰੇਟਾਂ ਦੇ ਹੱਥ ਠੋਕਾ ਬਣ ਕੇ ਉਨ੍ਹਾਂ ਦੇ ਹੱਕ ਵਿਚ ਹੀ ਭੁਗਤਣੇ ਹਨ। ਇਨ੍ਹਾਂ ਕਾਨੂੰਨਾਂ ਨਾਲ ਪੈਦਾਵਾਰ ਕਰਨ ਵਾਲੇ ਦੇ ਵੀ ਕੁੱਝ ਹੱਥ ਪੱਲੇ ਨਹੀਂ ਪਵੇਗਾ ਤੇ ਖਪਤਕਾਰ ਵੀ ਲੁਟਿਆ ਜਾਏਗਾ। ਹਰ ਵਰਗ ਦੇ ਲੋਕਾਂ ਦਾ ਇਕ ਵੱਡਾ ਉਜਾੜਾ ਨੇ ਇਹ ਕਾਨੂੰਨ। ਗ਼ਰੀਬ ਰਗੜੇ ਜਾਣਗੇ ਤੇ ਮੁੱਠੀ ਭਰ ਅਮੀਰ ਘਰਾਣੇ ਹੋਰ ਮਾਲਾ-ਮਾਲ ਹੋਣਗੇ। ਸਰਕਾਰ ਦੀ ਖੋਟੀ ਨੀਅਤ ਲੋਕ ਪੱਖੀ ਨਹੀਂ ਸਗੋਂ ਪੂਰੀ ਕਾਰਪੋਰੇਟ ਘਰਾਣਿਆਂ ਨੂੰ ਹਰ ਲਾਭ ਦੇਣ ਲਈ ਉਨ੍ਹਾਂ ਦੀਆਂ ਉਂਗਲਾਂ ਨੋਚਣ ਵਾਲੀ ‘ਇਕ ਕਠਪੁਤਲੀ ਸਰਕਾਰ’ ਹੈ ਦਾ ਕੱਚਾ ਚਿੱਠਾ ਵੀ ਜੱਗ ਜ਼ਾਹਰ ਕਰ ਕੇ ਉਸ ਨੂੰ ਅੱਖਾਂ ਨੀਵੀਆਂ ਕਰਨ ਲਈ ਮਜਬੂਰ ਕਰ ਦਿਤਾ ਹੈ।

ਮਾਨੋ ਕਿਸਾਨ ਅੰਦੋਲਨ ਨੇ ਸਰਕਾਰ ਨੂੰ ਇਕ ਵਾਰ ਵਖਤ ਤਾਂ ਜ਼ਰੂਰ ਪਾਇਆ ਹੋਇਆ ਹੈ ਤੇ ਹੁਣ ਉਹ ਜੀ-ਭਿਆਣੀ ਇਧਰ-ਉਧਰ ਹੱਥ-ਪੈਰ ਮਾਰ ਰਹੀ ਹੈ। ਝੂਠ ਦੇ ਪਲੰਦਿਆਂ ਦਾ ਸਹਾਰਾ ਲੈਣਾ, ਮੁਕਰਨਾ, ਦੁਚਿਤੀ ਵਿਚ ਫ਼ੈਸਲਾ ਨਾ ਲੈ ਸਕਣਾ, ਯੂ-ਟਰਨ ਲੈਂਦਿਆਂ ਹਵਾ ਵਿਚ ਤੀਰ ਛੱਡਣੇ, ਇਧਰੋਂ-ਉਧਰੋਂ ਨਕਲੀ ਕਿਸਾਨਾਂ ਦੀਆਂ ਅਖੌਤੀ ਜਥੇਬੰਦੀਆਂ ਖੜੀਆਂ ਕਰਨਾ ਯਾਨੀ ਧੋਖਾਧੜੀ/ਬੇਈਮਾਨੀ ਦੀ ਰਾਜਨੀਤੀ ਕਰਨੀ ਆਦਿ ਇਹ ਸੱਭ ਇਖ਼ਲਾਕੀ ਹਾਰ ਦੇ ਪ੍ਰਤੀਕ ਹੀ ਹੁੰਦੇ ਹਨ। ਇਸ ਸੱਭ ਕੱੁਝ ਨੂੰ ਹੀ ਸੱਤਾਧਾਰੀ ਉੱਚੇ ਆਹੁਦੇਦਾਰਾਂ ਨੇ ਅਪਣਾਇਆ ਹੋਇਆ ਹੈ। ਇਹ ਇਖ਼ਲਾਕੀ ਹਾਰ ਤਾਂ ਇਕ ਤਰ੍ਹਾਂ ਉਨ੍ਹਾਂ ਦੀ ਸਿਆਸੀ ਮੌਤ ਹੀ ਹੈ। ਸੋ ਅਖੌਤੀ ਸੇਵਾਦਾਰੀ ਦੀ ਜੁਮਲੇਬਾਜ਼ੀ ਦਾ ਠੀਕਰਾ ਉਨ੍ਹਾਂ ਦੇ ਮੂੰਹ ਉਤੇ ਹੀ ਭੰਨਣਾ ਕਿਸਾਨਾਂ ਦੀ ਵਿਦਵਾਨੀ ਦਾ ਹੀ ਇਕ ਪ੍ਰਤੱਖ ਪ੍ਰਮਾਣ ਹੈ। ਰਸਤੇ ਰੋਕਣ ਦਾ ਮੁੱਦਾ ਸੁਪਰੀਮ ਕੋਰਟ ਜਾ ਪੁੱਜਾ ਤਾਂ ਸੁਪਰੀਮ ਕੋਰਟ ਨੇ ਅੱਗੋਂ ਪੁਛਿਆ ਰਸਤੇ ਰੋਕੇ ਕਿਸ ਨੇ ਹਨ? ਦਿੱਲੀ ਪੁਲਿਸ ਨੂੰ ਮੰਨਣਾ ਪਿਆ, ‘ਅਸੀ ਰੋਕੇ ਜਨਾਬ! ਤਾਕਿ ਕਿਸਾਨ ਦਿੱਲੀ ਨਾ ਦਾਖ਼ਲ ਹੋ ਜਾਣ।’ ਅੱਗੋਂ ਕਾਨੂੰਨੀ ਤਾੜਨਾ ਇਹੀ ਸੀ ਕਿ ਫਿਰ ਕਿਸਾਨ ਰਾਹ  ਰੋਕਣ ਦੇ ਦੋਸ਼ੀ ਕਿਵੇਂ ਹੋਏ? ਤੇ ਉਨ੍ਹਾਂ ਨੂੰ ਰਸਤੇ ਵਿਚੋਂ ਹਟਣ ਲਈ ਕਿਵੇਂ ਆਖਿਆ ਜਾ ਸਕਦਾ ਹੈ?’ ਲਉ ਜੀ ਕਾਨੂੰਨ ਵੀ ਖੁੰਭ ਠੱਪ ਗਿਆ ਚਮਚਾਗੀਰ ਪਟੀਸ਼ਨਰਾਂ ਦੀ। ਕਿਸੇ ਦੂਜਿਆਂ ਨੂੰ ਨਾਗ ਵਲੇਵੇਂ ਮਾਰਦੇ ਆਪ ਹੀ ਵਲ੍ਹੇਟੇ ਗਏ।                      

ਸਰਕਾਰ ਦਾ ਹੱਥ ਠੋਕਾ ਮੀਡੀਆ ਹਰ ਹਰਬੇ  ਕਿਸਾਨ ਧਰਨੇ ਨੂੰ ਬਦਨਾਮ ਕਰਨ ਲਈ ਝੂਠ ਦੇ ਪੜੁੱਲਾਂ ਨਾਲ ਬਹੁਤ ਸਾਰੀਆਂ ਅਫ਼ਵਾਹਾਂ ਫੈਲਾ ਕੇ ਇਸ ਵਿਚ ਸ਼ਾਮਲ ਲੋਕਾਂ ਨੂੰ ਦੇਸ਼ਧ੍ਰੋਹੀ, ਖ਼ਾਲਿਸਤਾਨੀ, ਮਾਉਵਾਦੀ, ਨਕਸਲੀਆਂ ਤੇ  ਜੇਹਾਦੀਆਂ ਦਾ ਜ਼ਮਘਟਾ ਦਰਸਾਉਣ, ਇਸ ਧਰਨੇ ਨੂੰ ਵਿਰੋਧੀਆਂ ਦੇ ਨਾਲ-ਨਾਲ ਪਾਕਿਸਤਾਨ ਤੇ ਚੀਨ ਦੀ ਸ਼ਰਾਰਤ ਤੇ ਕਾਲੇ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਣ ਲਈ ਝੂਠ ਦੀ ਡਫ਼ਲੀ ਵਜਾਉਂਦਾ ਹੋਇਆ, ਸੰਘ ਪਾੜ-ਪਾੜ ਚੀਕ ਰਿਹਾ ਸੀ, ਦਾ ਮੂੰਹ ਤੋੜ ਜਵਾਬ ਦੇਣ ਲਈ ਕਿਸਾਨੀ ਆਈ.ਟੀ.ਸੈੱਲ ਯਾਨੀ ਯੂ-ਟਿਊਬ ਚੈਨਲ ਕਾਇਮ ਹੋਣੇ, ਇੰਸਟਾਗ੍ਰਾਮ, ਫ਼ੇਸਬੁਕ ਦੇ ਪੇਜ ਬਣਨੇ ਤੇ ‘ਟਰਾਲੀ ਟਾਈਮਜ਼’ ਪਰਚਾ ਨਿਕਲਣਾ ਆਦਿ ਕਿਸਾਨੀ ਲਹਿਰ ਵਿਚਲੀ ਬੁਧੀਮਾਨੀ ਦਾ ਹੀ ਇਕ ਵੱਡਾ ਪ੍ਰਦਰਸ਼ਨ ਹੈ। ਸੋ ਅਪਣੀ ਹੱਕ-ਸੱਚ ਦੀ ਗੱਲ ਨੂੰ ਹੋਰ ਵੀ ਮਜ਼ਬੂਤੀ ਨਾਲ ਦੁਨੀਆਂ ਦੀ ਕਚਹਿਰੀ ਵਿਚ ਰਖਣੀ ਵੀ ਕਿਸਾਨੀ ਘੋਲ ਦਾ ਹੀ ਇਕ ਨਿਵੇਕਲਾ ਕੀਰਤੀਮਾਨ ਹੈ ਜਿਸ ਨਾਲ ਕਿਸਾਨੀ ਮੁੱਦਾ ਦੇਸ਼ ਦੀਆਂ ਸਰਦਲਾਂ ਤੋਂ ਪਾਰ ਨਿਕਲ ਕੇ ਦੁਨੀਆਂ ਦੇ ਕੋਨੇ-ਕੋਨੇ ’ਤੇ  ਪਹੁੰਚ ਚੁੱਕਾ ਹੈ। ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਗੰਭੀਰ ਨੋਟਿਸ ਵੀ ਲਏ ਤੇ ਇਸ ਮੁੱਦੇ ਨੂੰ ਪਹਿਲ ਦੇ  ਆਧਾਰ ਤੇ ਹੱਲ ਕਰਨ ਦੀਆਂ ਚੇਤਾਵਨੀਆਂ ਵੀ   ਦਿਤੀਆਂ ਹਨ। ਭਾਵੇਂ ਕਿ ਸਰਕਾਰ ਦੇ ਕੰਨਾਂ ਵਿਚ ਫਸਿਆ ਹੰਕਾਰ/ਰਾਜਹੱੱਠ ਦਾ ਬੂਝਾ ਅਜੇ ਵੀ ਹੱਕ-ਸੱਚ ਦੀ ਆਵਾਜ਼ ਪਹੁੰਚਣ ਨਹੀਂ ਦੇ ਰਿਹਾ ਤੇ ਉਹ ਹੋਰ ਪੁੱਠੇ ਸਿੱਧੇ ਹੱਥ ਮਾਰਨ ਵਿਚ ਲਗਿਆ ਹੋਇਆ ਹੈ ਪਰ ਉਹ ਦਿਨ ਛੇਤੀ ਹੀ ਆਉਣ ਵਾਲੇ ਹਨ ਜਦ ਸਰਕਾਰ ਨੂੰ ਅਪਣਾ ਹੱਠ ਛੱਡ ਕੇ ਕਾਲੇ  ਕਾਨੂੰਨਾਂ  ਨੂੰ ਰੱਦ ਕਰਨੇ  ਹੀ ਪੈਣੇ ਹਨ।       
                                                                           ਲਖਵਿੰਦਰ ਸਿੰਘ ਰਈਆ ,ਸੰਪਰਕ : 98764-74858