ਬਾਂਸ ਦੇ ਸਿਰ ਬੁਰਾਈ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਆਮ ਪੇਂਡੂ ਘਰਾਂ ਵਾਂਗ ਸਾਡੇ ਘਰੇ ਵੀ ਲੰਮੇ ਅਰਸੇ ਤੱਕ ਦੁਧਾਰੂ ਪਸ਼ੂ ਪਾਲੇ ਜਾਂਦੇ ਸਨ। ਮੱਝਾਂ ਦੇ ਅੱਗੜ-ਪਿੱਛੜ ਦੁੱਧੋਂ ਭੱਜ ਜਾਣ ਦੇ ਸਮੇਂ...

Why is bamboo evil?

 


ਆਮ ਪੇਂਡੂ ਘਰਾਂ ਵਾਂਗ ਸਾਡੇ ਘਰੇ ਵੀ ਲੰਮੇ ਅਰਸੇ ਤੱਕ ਦੁਧਾਰੂ ਪਸ਼ੂ ਪਾਲੇ ਜਾਂਦੇ ਸਨ। ਮੱਝਾਂ ਦੇ ਅੱਗੜ-ਪਿੱਛੜ ਦੁੱਧੋਂ ਭੱਜ ਜਾਣ ਦੇ ਸਮੇਂ ਚਾਹ-ਪਾਣੀ ਦੇ ਜੁਗਾੜ ਵਾਸਤੇ ਅਸੀਂ ਇਕ ਬਕਰੀ ਵੀ ਰੱਖੀ ਹੋਈ ਸੀ। ਕਈ ਵਾਰ ਬਕਰੀ ਨੇ ਦੋ ਤਿੰਨ ਛਲਾਰੂ ਦੇ ਦੇਣੇ ਤਾਂ ਘਰ ਵਿਚ ਵਾਹਵਾ ਰੌਣਕ ਹੋ ਜਾਣੀ ਕਿਉਂਕਿ ਬਕਰੀਆਂ ਦੇ ਛੇਲੇ-ਛੇਲੀਆਂ ਛੋਟੇ ਨਿਆਣਿਆਂ ਲਈ ਇਕ ਕਿਸਮ ਦੇ ‘ਜੀਵਤ ਖਿਡੌਣੇ’ ਹੀ ਹੁੰਦੇ ਹਨ। ਬਕਰੀਆਂ ਦੀ ਮਨਭਾਉਂਦੀ ਖੁਰਾਕ ਕਿੱਕਰਾਂ, ਡੇਕਾਂ ਅਤੇ ਤੂਤ ਦੇ ਪੱਤੇ ਹੁੰਦੇ ਹਨ। ਇਨ੍ਹਾਂ ਦਰੱਖ਼ਤਾਂ ਤੋਂ ਟਾਹਣ ਵੱਢਣ ਲਈ ਸਾਡੇ ਭਾਈਆ ਜੀ ਨੇ ਕਿਸੇ ਕਾਰੀਗਰ ਪਾਸੋਂ ਢਾਂਗੀ ਵੀ ਬਣਵਾਈ ਹੋਈ ਸੀ।

ਢਾਂਗੀ ਦਾ ਬਾਂਸ ਵਿੰਗਾ ਟੇਢਾ ਨਾ ਹੋ ਜਾਵੇ, ਇਸ ਲਈ ਸਾਨੂੰ ਭਾਈਆ ਜੀ ਦੀ ਚਿਤਾਵਨੀ ਵਰਗੀ ਖ਼ਾਸ ਹਦਾਇਤ ਹੁੰਦੀ ਸੀ ਕਿ ਵਰਤਣ ਤੋਂ ਬਾਅਦ ਢਾਂਗੀ ਨੂੰ ਕੱਚੀ ਕੰਧ ਵਿਚ ਗੱਡੀਆਂ ਹੋਈਆਂ ਕਿੱਲੀਆਂ ਉੱਤੇ ਇਸ ਤਰ੍ਹਾਂ ਟਿਕਾਇਆ ਜਾਵੇ ਕਿ ਬਾਂਸ ਬਿਲਕੁਲ ਸਿੱਧਾ ਰਹੇ।

ਇਕ ਵਾਰ ਸਾਡੇ ਗੁਆਂਢ ਵਿਚ ਕਿਸੇ ਘਰੇ ਦਰੱਖ਼ਤ ਉੱਤੇ ਸੱਪ ਚੜ੍ਹ ਆਇਆ। ‘ਸੱਪ ਉਏ... ਸੱਪ ਉਏ’ ਦੇ ਰੌਲੇ ਰੱਪੇ ’ਚ ਉਹ ਸਾਡੇ ਘਰੋਂ ਢਾਂਗੀ ਚੁੱਕ ਕੇ ਲੈ ਗਏ ਅਤੇ ਦਰੱਖ਼ਤ ਉੱਤੇ ਅੰਨ੍ਹੇਂਵਾਹ ਢਾਂਗੀ ਮਾਰ ਮਾਰ ਕੇ ਉਸ ਦਾ ਪਿਛਲੇ ਪਾਸੇ ਤੋਂ ਛੇ ਸੱਤ ਫੁੱਟ ਬਾਂਸ ਪਾੜ ਸੁਟਿਆ! ਸੱਪ ਤਾਂ ਮਾਰਿਆ ਗਿਆ ਪਰ ਸਾਡੀ ਢਾਂਗੀ ਨਕਾਰਾ ਹੋ ਗਈ। ਜਮਾਂ ਈ ਛੋਟੀ ਜਿਹੀ ਢਾਂਗੀ ਨਾਲ ਬਕਰੀ ਦੀ ਅਸਲ ਖ਼ੁਰਾਕ ਦਾ ਇੰਤਜ਼ਾਮ ਕਰਨਾ ਔਖਾ ਹੋ ਗਿਆ।

ਸਾਡੇ ਭਾਈਆ ਜੀ ਨਵੇਂ ਬਾਂਸ ਦੀ ਭਾਲ ’ਚ ਜਾਡਲੇ, ਰਾਹੋਂ ਤੇ ਨਵਾਂ ਸ਼ਹਿਰ ਕਈ ਵਾਰ ਗੇੜੇ ਮਾਰਦੇ ਰਹੇ ਪਰ ਢਾਂਗੀ ਵਾਸਤੇ ਲੋੜੀਂਦਾ ਲੰਮਾ ਬਾਂਸ ਕਿਤਿਉਂ ਨਾ ਮਿਲਿਆ। ਘਰ ਦੇ ਬਦਲੇ ਮਾਹੌਲ ਕਾਰਨ ਕੁੱਝ ਚਿਰ ਬਾਅਦ ਭਾਵੇਂ ਅਸੀਂ ਹੋਰ ਪਸ਼ੂਆਂ ਦੇ ਨਾਲ ਨਾਲ ਬਕਰੀ ਨੂੰ ਵੀ ਘਰੋਂ ਵਿਦਾਈ ਦੇ ਦਿਤੀ ਸੀ ਪਰ ਘਰ ਦੇ ਕਈ ਸੰਦ-ਸੰਦੌੜੇ ਪੂਰੀ ਤਰ੍ਹਾਂ ਕਾਰਆਮਦ, ਭਾਵ ਬਿਲਕੁਲ ਸਹੀ ਸਲਾਮਤ ਬਣਾ ਕੇ ਰੱਖਣ ਦੀ ਆਦਤ ਕਾਰਨ ਭਾਈਆ ਜੀ ਸਾਨੂੰ ਕਹਿੰਦੇ ਰਹਿੰਦੇ ਕਿ ਕਿਤਿਉਂ ਲੰਮੇ ਬਾਂਸ ਦਾ ਪਤਾ ਕਰਿਉ ਤਾਕਿ ਢਾਂਗੀ ‘ਮੁਕੰਮਲ’ ਕੀਤੀ ਜਾ ਸਕੇ! ਪਰ ਬਕਰੀ ਦੀ ਅਣਹੋਂਦ ਕਾਰਨ ਅਤੇ ਘਰੇਲੂ ਕੰਮਾਂ-ਕਾਰਾਂ ਵਿਚ ਉਲਝਿਆਂ ਨੇ ਅਸੀਂ ਬਾਂਸ ਦੀ ਖੋਜ ਕਰਨੀ ਜਾਣੋ ਤਿਆਗ ਹੀ ਦਿਤੀ।

ਇਕ ਵਾਰ ਬਰਸਾਤ ਦੇ ਦਿਨਾਂ ਵਿਚ ਮੈਂ ਅਪਣੇ ਇਲਾਕੇ ਵਿਚ ਦਰਿਆ ਸਤਲੁਜ ਕੰਢੇ ਵਸਦੇ ਪਿੰਡ ਫੂਲ ਮਕੌੜੀ ਕਿਸੇ ਕੰਮ ਗਿਆ। ਸਾਂਧੇ ਦੇਖੇ। ਪੁੱਛਣ ’ਤੇ ਪਤਾ ਲੱਗਾ ਕਿ ਇਹ ਬੂਟੇ ਦਰਿਆ ਦੇ ਬੰਨ੍ਹ ਉਤੇ ਲਗਾਉਣ ਲਈ ਜੰਗਲਾਤ ਮਹਿਕਮੇ ਵਾਲੇ ਇੱਥੇ ਰੱਖ ਗਏ ਹਨ। ਬਾਂਸ ਦੇ ਹਰੇ ਕਚੂਚ ਬੂਟਿਆਂ ਵਲ ਦੇਖ ਕੇ ਮੈਨੂੰ ਅਪਣੀ ਨਕਾਰਾ ਪਈ ਢਾਂਗੀ ਚੇਤੇ ਆ ਗਈ। ਘਰ ਵਾਲਿਆਂ ਨੂੰ ਪੁੱਛ ਕੇ ਮੈਂ ਉੱਥੋਂ ਦੋ ਤਿੰਨ ਬੂਟੇ ਚੁੱਕ ਕੇ ਅਪਣੇ ਘਰੇ ਲੈ ਆਇਆ ਤੇ ਅਪਣੇ ਵਾੜੇ ’ਚ ਨੜਿਆਂ ਦੀ ਵਾੜ ਵਿਚ ਬਾਂਸ ਦੇ ਬੂਟੇ ਲਾ ਦਿਤੇ। ਭਾਈਆ ਜੀ ਕਿਤੇ ਵਾਂਢੇ ਗਏ ਹੋਏ ਸਨ ਤੇ ਮੈਂ ਇਸ ਗੱਲੋਂ ਖ਼ੁਸ਼ ਹੋ ਗਿਆ ਕਿ ਉਨ੍ਹਾਂ ਨੂੰ ਇਹ ‘ਸਰਪ੍ਰਾਈਜ਼’ ਦਿਆਂਗਾ ਕਿ ਹੁਣ ਸਾਡੇ ਘਰੇ ਬਾਂਸ ਵੀ ਪੈਦਾ ਹੋਇਆ ਕਰਨਗੇ ਤੇ ਹੋਰ ਦੋ ਚਾਰ ਮਹੀਨਿਆਂ ਤਕ ਟੁੱਟੀ ਪਈ ਢਾਂਗੀ ਲਈ ਘਰ ਦਾ ਵਧੀਆ ਬਾਂਸ ਉਪਲਭਦ ਹੋ ਜਾਊਗਾ!

ਹਫ਼ਤਾ ਦੋ ਹਫ਼ਤੇ ਬਾਅਦ ਉਹ ਵਾਪਸ ਘਰੇ ਆਏ ਤਾਂ ਮੈਂ ਬੜਾ ਹੁੱਬ ਕੇ ਉਨ੍ਹਾਂ ਨੂੰ ਵਾੜੇ ’ਚ ਲਿਜਾ ਕੇ ਲਾਏ ਹੋਏ ਬਾਂਸ ਦੇ ਬੂਟੇ ਦਿਖਾਏ। ਮੈਂ ਸੋਚਦਾ ਸਾਂ ਕਿ ਘਰ ਵਿਚ ਭਾਂਤ-ਸੁਭਾਂਤੇ ਫੱਲ ਫੁੱਲ ਅਤੇ ਹੋਰ ਕਈ ਤਰ੍ਹਾਂ ਦੇ ਦਰੱਖ਼ਤ ਲਾਉਣ ਦੀ ਬੜੀ ਰੁਚੀ ਰਖਦੇ ਭਾਈਆ ਜੀ ਖ਼ੁਸ਼ ਹੋ ਕੇ ਮੇਰੀ ਪਿੱਠ ਥਾਪੜਨਗੇ ਪਰ ਉਹ ਬਾਂਸਾਂ ਵਲ ਨੂੰ ਕੈਰੀ ਨਜ਼ਰ ਮਾਰ ਕੇ ਮਾਯੂਸ ਹੁੰਦਿਆਂ ਬੋਲੇ, ‘‘ਓਏ ਕਾਕਾ! ਇਹ ਤੈਂ ਕਾਹਤੋਂ ਲਾ ’ਤੇ ਅਪਣੇ ਵਾੜੇ ਵਿਚ? ਤੈਨੂੰ ਪਤਾ ਨਹੀਂ, ਬਾਂਸ ਤਾਂ ਕਹਿੰਦੇ ਉਜਾੜ ਮੰਗਦਾ ਹੁੰਦਾ ਐ!’’

ਵਹਿਮਾਂ-ਭਰਮਾਂ, ਸ਼ਗਨਾਂ-ਕੁਸ਼ਗਨਾਂ ਤੋਂ ਕੋਹਾਂ ਦੂਰ ਰਹਿਣ ਵਾਲੇ ਪੱਕੇ ਸਿੰਘ ਸਭੀਏ ਭਾਈਆ ਜੀ ਦੇ ਮੂੰਹੋਂ ਇਹ ਅਨੋਖੀ ਜਾਣਕਾਰੀ ਸੁਣ ਕੇ ਮੈਂ ਹੱਕਾ-ਬੱਕਾ ਜਿਹਾ ਹੋ ਗਿਆ! ਪਰ ਮੈਨੂੰ ਇਸ ਗੱਲੋਂ ਤਸੱਲੀ ਜਿਹੀ ਹੋ ਗਈ ਕਿਉਂਕਿ ਉਨ੍ਹਾਂ ਨੇ ਉਸ ਵੇਲੇ ਨਿਕੰਮੀ ਹੋਈ ਪਈ ਢਾਂਗੀ ਦਾ ਜ਼ਿਕਰ ਕਰ ਕੇ ਵਾੜ ਵਿਚ ਬਾਂਸ ਦੇ ਬੂਟੇ ਲੱਗੇ ਰਹਿਣ ਦੀ ‘ਨੀਮ ਰਜ਼ਾਮੰਦੀ’ ਵੀ ਦੇ ਦਿਤੀ।

ਬਾਂਸ ਤਾਂ ਵਧਦੇ ਰਹੇ ਪਰ ਕੁੱਝ ਅਰਸੇ ਬਾਅਦ ਭਾਈਆ ਜੀ ਵਲੋਂ ਜਤਾਈ ਗਈ ਸ਼ੰਕਾ ਸਮਝੋ ਉਨ੍ਹਾਂ ਉੱਤੇ ਹੀ ਬਾਰਦ ਹੋ ਗਈ! ਕੁੱਝ ਦਿਨ ਮਾਮੂਲੀ ਬੀਮਾਰ ਰਹਿਣ ਉਪਰੰਤ ਉਹ ਭਰੇ ਭਕੁੰਨੇ ਪ੍ਰਵਾਰ ਨੂੰ ਅਲਵਿਦਾ ਆਖ ਗਏ। ਪਿਤਾ ਜੀ ਦੇ ਸਦੀਵੀਂ ਵਿਛੋੜੇ ਤੋਂ ਕੁੱਝ ਮਹੀਨੇ ਬਾਅਦ ਹੀ ਮੇਰਾ ਵਿਚਕਾਰਲਾ ਭਰਾ ਪਿੰਡ ਛੱਡ ਕੇ ਲੁਧਿਆਣੇ ਜਾ ਵਸਿਆ ਅਤੇ ਛੋਟਾ ਭਰਾ ਫਗਵਾੜੇ ਦਾ ਵਸਨੀਕ ਹੋ ਗਿਆ। ਇਸ ਤੋਂ ਬਾਅਦ ਵਾਰੀ ਆਈ ਮੇਰੇ ਪ੍ਰਵਾਰ ਦੀ। ਅਮਰੀਕਾ ਰਹਿੰਦੀ ਵੱਡੀ ਭੈਣ ਵਲੋਂ ਕੀਤੀ ਹੋਈ ‘ਬਲੱਡ ਰਿਲੇਸ਼ਨ’ ਵਾਲੀ ਪਟੀਸ਼ਨ ਮਨਜ਼ੂਰ ਹੋ ਗਈ ਜਿਸ ਕਰ ਕੇ ਸਾਡੀ ਬੀਬੀ (ਮਾਂ) ਨੂੰ ਅੰਤਾਂ ਦੀ ਮਜਬੂਰ ਹੋ ਕੇ ਪਿੰਡ ਵਾਲਾ ਘਰ ਛੱਡ ਕੇ ਫਗਵਾੜੇ ਜਾਣਾ ਪਿਆ, ਜਿਸ ਘਰ ਵਿਚ ਉਹ ਸੰਨ ਸੰਤਾਲੀ ਤੋਂ ਦਸ ਵਰ੍ਹੇ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧੇ ਤੋਂ ਵਿਆਹੀ ਆਈ ਸੀ। ਵੱਡਾ ਪੁੱਤ ਹੋਣ ਕਰ ਕੇ ਮੇਰੇ ਨਾਲ ਅਤੇ ਸਾਡੇ ਬੱਚਿਆਂ ਨਾਲ ਬੀਬੀ ਦੇ ਮੋਹ ਪਿਆਰ ਵਾਲੇ ਵੇਰਵੇ ਲਿਖਣੇ ਇੱਥੇ ਕੁਥਾਵੇਂ ਹੋਣਗੇ। ਅਸੀਂ ਵੀ ਅਪਣੇ ਵੱਡੇ ਬੇਟੇ ਨੂੰ ਪਿੰਡ ਛੱਡ ਕੇ ਅਮਰੀਕਾ ਉਡਾਰੀ ਮਾਰ ਗਏ। ਬਸ, ਘਰ ਖ਼ਾਲੀ ਹੁੰਦਾ ਗਿਆ ਤੇ ਉਧਰ ਸਾਡੇ ਵਾੜੇ ਦੀ ਵਾੜ ਵਿਚ ਲਾਏ ਹੋਏ ਬਾਂਸ ਵਧਦੇ ਗਏ!

ਪਿੱਛੇ ਜਿਹੇ ਇਕ ਪੰਜਾਬੀ ਅਖ਼ਬਾਰ ਵਿਚ ਪ੍ਰਵਾਸ ਬਾਰੇ ‘ਚੱਲ ਉਡ ਚਲੀਏ ਪੰਜਾਬ ਤੋਂ’ ਦੇ ਸਿਰਲੇਖ ਹੇਠ ਛਪੀ ਖ਼ਬਰ ਵਿਚ ਦਸਿਆ ਗਿਆ ਸੀ ਕਿ ਪੰਜਾਬ ਵਿਚ ਘਰਾਂ ਦੀ ਗਿਣਤੀ ਹੈ ਸਤਵੰਜਾ ਲੱਖ ਪਰ ਪਾਸਪੋਰਟ ਬਣੇ ਹੋਏ ਹਨ ਪਚਵੰਜਾ ਲੱਖ। ਇਨ੍ਹਾਂ ਪਚਵੰਜਾ ਲੱਖ ਪਾਸਪੋਰਟ ਧਾਰਕਾਂ ਦੇ ਸਾਰਿਆਂ ਦੇ ਹੀ ਘਰਾਂ ਵਿਚ ਤਾਂ ਬਾਂਸ ਨਹੀਂ ਲੱਗੇ ਹੋਏ ਹੋਣੇ। ਪਰ ਜਿਵੇਂ ਕਹਿੰਦੇ ਆਂ ਕਿ ਵਿਗਿਆਨੀ ਗੈਲੀਲੀਉ ਨੇ ਕਿਹਾ ਸੀ ਕਿ ਭਾਵੇਂ ਮੈਂ ਅਪਣੀ ਬਣਾਈ ਦੂਰਬੀਨ ਨਾਲ ਤਸੱਲੀ ਕਰ ਚੁੱਕਾ ਹਾਂ ਕਿ ਚਮਕਦਾ ਚੰਨ ਵੀ ਇਕ ਧਰਤੀ ਵਰਗਾ ਗ੍ਰਹਿ ਹੀ ਹੈ ਪਰ ਕਦੇ ਕਦੇ ਮੈਨੂੰ ਅਪਣੀ ਇਹ ਖੋਜ ਝੂਠੀ ਜਾਪਣ ਲਗਦੀ ਹੈ ਤੇ ਅਪਣੀ ਮਾਂ ਸੱਚੀ ਜਾਪਦੀ ਹੈ ਜੋ ਸਾਨੂੰ ਬਚਪਨ ਵਿਚ ਦਸਿਆ ਕਰਦੀ ਸੀ ਕਿ ਚੰਨ ਇਕ ਪਨੀਰ ਦਾ ਟੁਕੜਾ ਹੈ। ਇਵੇਂ ਹੀ ਮੈਨੂੰ ਅਪਣੇ ਉਜੜਦੇ ਜਾ ਰਹੇ ਘਰ ਪਿੱਛੇ ਕੰਬਖ਼ਤ ਬਾਂਸ ਦੀ ਸ਼ਰਾਰਤ ਹੀ ਲਗਦੀ ਰਹਿੰਦੀ ਹੈ ਅਤੇ ਬਾਂਸ ਬਾਰੇ ਕਲਹਿਣਾ ਖ਼ਦਸ਼ਾ ਦੱਸਣ ਮੌਕੇ ਭਾਈਆ ਜੀ ਦਾ ਚਿਹਰਾ-ਮੋਹਰਾ ਵੀ ਮੈਨੂੰ ਹੂ-ਬ-ਹੂ ਚੇਤੇ ਆ ਜਾਂਦਾ ਹੈ!

ਹਰ ਸਾਲ ਵਾਂਗ ਮੈਂ ਇਸ ਵਰ੍ਹੇ ਵੀਹ ਸੌ ਬਾਈ ਦੇ ਸਿਆਲ ਵਿਚ ਵੀ ਅਪਣੇ ਪਿੰਡ ਆਇਆ ਹੋਇਆ ਹਾਂ ਕਿਉਂਕਿ ਇੱਥੇ ਰਹਿਣ ਵਾਲਾ ਬੇਟਾ ਵੀ ਕੁੱਝ ਮਹੀਨੇ ਲਈ ਕੈਨੇਡਾ ਚਲਾ ਗਿਆ ਹੈ। ਸੋ ਜਿਸ ਘਰ ਦੇ ਵਿਹੜੇ ਵਿਚ ਕਦੇ ਸੱਤ-ਅੱਠ ਮੰਜੇ ਡਹਿੰਦੇ ਹੁੰਦੇ ਸਨ ਅਤੇ ਆਉਂਦੇ ਜਾਂਦੇ ਮਹਿਮਾਨਾਂ ਦੀ ਗਹਿਮਾ-ਗਹਿਮੀ ਲੱਗੀ ਰਹਿੰਦੀ ਸੀ, ਉਥੇ ਹੁਣ ਰਹਿ ਗਏ ਹਨ ਢਾਈ ਟੋਟਰੂ!

ਇਕ ਦਿਨ ਘਰ ਦੀ ਸਾਫ਼ ਸਫ਼ਾਈ ਕਰਦਿਆਂ ਇਹ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਢਾਂਗੀ ਤਾਂ ਉਸੇ ਨਕਾਰਾ ਰੂਪ ਵਿਚ ਹੀ ਪਈ ਹੈ ਪਰ ਸਾਡੇ ਵਾੜੇ ਦੀ ਵਾੜ ਵਿਚ ਵੱਡੇ-ਵੱਡੇ ਕਈ ਬਾਂਸ ਝੂਲ ਰਹੇ ਹਨ!
ਮੋਬਾਈਲ : 78146-92724