ਬਾਬਾ ਬੰਦਾ ਸਿੰਘ ਤੋਂ ਪਹਿਲਾਂ ਉਸ ਦੀ ਫ਼ੌਜ ਦੇ ਫੜੇ ਗਏ 40 ਸਿੰਘਾਂ ਦੀ ਬੇਮਿਸਾਲ ਸ਼ਹੀਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੰਦਾ ਬਹਾਦਰ ਇਕ ਜਾਂ 2 ਦਸੰਬਰ 1710 ਦੀ ਰਾਤ ਨੂੰ ਕਿਲ੍ਹੇ ’ਚੋਂ ਨਿਕਲ ਜਾਣ ਵਿਚ ਸਫ਼ਲ ਹੋ ਗਿਆ ਸੀ।

banda singh bahadur

ਲੰਮੇ ਸਮੇਂ ਤਕ ਸਿੱਖ ਰਾਜਧਾਨੀ ਲੋਹਗੜ੍ਹ  ਦਾ ਘੇਰਾ ਪਾਈ ਰੱਖਣ ਦੇ ਬਾਵਜੂਦ ਬਹਾਦਰ ਸ਼ਾਹ ਬੰਦਾ ਬਹਾਦਰ ਨੂੰ ਪਕੜ ਸਕਣ ਜਾਂ ਹਰਾ ਸਕਣ ਵਿਚ ਸਫ਼ਲ ਨਹੀਂ ਸੀ ਹੋਇਆ। ਇਸ ਕਾਰਵਾਈ ਵਿਚ ਉਸ ਦੀ ਇਕ ਲੱਖ ਸੈਨਾ ਨਾਲ ਉਸ ਦੇ ਚਾਰੇ ਸ਼ਹਿਜ਼ਾਦੇ ਵੀ ਹਿੱਸਾ ਲੈ ਰਹੇ ਸਨ ਪਰ ਬੰਦਾ ਬਹਾਦਰ ਇਕ ਜਾਂ 2 ਦਸੰਬਰ 1710 ਦੀ ਰਾਤ ਨੂੰ ਕਿਲ੍ਹੇ ’ਚੋਂ ਨਿਕਲ ਜਾਣ ਵਿਚ ਸਫ਼ਲ ਹੋ ਗਿਆ ਸੀ।

ਬਹਾਦਰ ਸ਼ਾਹ ਨੇ ਸਿੱਖ ਲਹਿਰ ਨੂੰ ਦਬਾ ਦੇਣ ਲਈ ਕਈ ਆਦੇਸ਼ ਜਾਰੀ ਕੀਤੇ ਸਨ। ਸੱਭ ਤੋਂ ਸਖ਼ਤ ਤੇ ਘਿਰਣਾ ਭਰਿਆ ਆਦੇਸ਼ 10 ਦਸੰਬਰ 1710 ਵਿਚ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਨਾਨਕ ਪ੍ਰਸਤ (ਸਿੱਖ) ਜਿਥੇ ਵੀ ਵਿਖਾਈ ਦੇਣ ਉਨ੍ਹਾਂ ਨੂੰ ਕਤਲ ਕਰ ਦਿਤਾ ਜਾਵੇ। ਕੁਝ ਚਿਰ ਬਾਅਦ 26 ਮਾਰਚ 1711 ਨੂੰ ਇਕ ਹੋਰ ਆਦੇਸ਼ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਸੀ ਕਿ ਕਿਸੇ ਸਿੱਖ ਨੂੰ ਸਿੱਖ ਨਾ ਲਿਖ ਕੇ ‘ਚੋਰ’ ਲਿਖਿਆ ਜਾਵੇ।

ਇਸ ਗੱਲ ਤੋਂ ਡਰਦਿਆਂ ਕਿ ਕਿਤੇ ਕੋਈ ਸਿੱਖ ਸਰਕਾਰੀ ਅਹੁਦਿਆਂ ਤੇ ਕੰਮ ਕਰ ਰਹੇ ਹਿੰਦੂਆਂ ਦੀ ਦਾੜ੍ਹੀ ਜਾਂ ਲੰਮੇ ਵਾਲਾਂ ਦਾ ਲਾਭ ਉਠਾ ਕੇ ਤੇ ਜਾਸੂਸੀ ਕਰ ਕੇ ਮੁਗ਼ਲ ਹਕੂਮਤ ਨੂੰ ਨੂਕਸਾਨ ਨਾ ਪਹੁੰਚਾ ਦੇਣ ਇਕ ਆਦੇਸ਼ (29 ਅਗੱਸਤ 1710) ਰਾਹੀਂ ਇਹ ਹੁਕਮ ਜਾਰੀ ਕਰ ਦਿਤਾ ਗਿਆ ਕਿ ਸਰਕਾਰੀ ਕੰਮਾਂ ਤੇ ਲੱਗੇ ਸਾਰੇ ਹਿੰਦੂ ਅਪਣੀਆਂ ਦਾਹੜੀਆਂ ਮੁਨਵਾ ਦੇਣ। ਤੁਰਤ ਆਗਿਆ ਦਾ ਪਾਲਣ ਕਰਨ ਵਾਲਿਆਂ ਨੂੰ ਜਾਮਾ (ਕਪੜੇ) ਤੇ ਕੰਨਾਂ ਲਈ ਖੋਤਸਰੀਆਂ ਇਨਾਮ ਵਜੋਂ ਦਿਤੀਆਂ ਗਈਆਂ।

ਬੰਦਾ ਸਿੰਘ ਬਹਾਦਰ ਦੇ ਲੋਹਗੜ੍ਹ ’ਚੋਂ ਬਚ ਕੇ ਨਿਕਲ ਜਾਣ ਕਰ ਕੇ ਬਹਾਦਰ ਸ਼ਾਹ ਬੜਾ ਮਾਯੂਸ ਸੀ। ਉਹ ਕਿਹਾ ਕਰਦਾ ਸੀ ਕਿ ਇਤਨੇ ਕੁੱਤਿਆਂ (ਮੁਗ਼ਲਾਂ) ਦੇ ਹੁੰਦਿਆਂ ਇਕ ਗਿਦੜ (ਬੰਦਾ ਸਿੰਘ) ਬਚ ਕੇ ਕਿਵੇਂ ਨਿਕਲ ਗਿਆ ਹੈ। ਉਹ ਕੁੱਝ ਚਿਰ ਲੋਹਗੜ੍ਹ ਦੇ ਇਲਾਕੇ ਵਿਚ ਹੀ ਰੁਕਿਆ ਰਿਹਾ ਤੇ ਫਿਰ ਲਾਹੌਰ ਚਲਾ ਗਿਆ।
ਉਸ ਵਲੋਂ ਜਾਰੀ ਕੀਤੇ ਗਏ ਆਦੇਸ਼ ਕਾਰਨ ਹਰ ਥਾਂ ਤੇ ਸਿੱਖਾਂ ਦੀ ਪਕੜਾ ਪਕੜਾਈ ਸ਼ੁਰੂ ਹੋ ਗਈ। ਕਿਸੇ ਜੀਉਂਦੇ ਸਿੱਖ ਨੂੰ ਪਕੜ ਕੇ ਲਿਆਉਣ ਵਾਲੇ ਨੂੰ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਂਦਾ ਸੀ। ਪਿੰਡ ਪਿੰਡ ਤੇ ਨਗਰ ਨਗਰ ਵਿਚੋਂ ਸਿੱਖਾਂ ਨੂੰ ਲੱਭ-ਲੱਭ ਕੇ, ਪਕੜ ਕੇ ਬਾਦਸ਼ਾਹ ਕੋਲ ਜਾ ਕੇ ਪੇਸ਼ ਕਰਨਾ ਮੁਸਲਮਾਨਾਂ ਲਈ ਲਾਹੇਵੰਦ ਸ਼ੁਗਲ ਬਣ ਗਿਆ ਸੀ।

ਅਕਤੂਬਰ 1711 ਵਿਚ ਬਾਦਸ਼ਾਹ ਨੂੰ ਦਸਿਆ ਗਿਆ ਕਿ ਮੁਲਤਾਨ ਦੇ ਆਸ ਪਾਸ ਦੇ ਪਿੰਡਾਂ ’ਚੋਂ 40 ਸਿੱਖਾਂ ਨੂੰ ਪਕੜ ਕੇ ਲਿਆਂਦਾ ਗਿਆ ਹੈ, ਉਨ੍ਹਾਂ ਬਾਰੇ ਆਪ ਦਾ ਕੀ ਆਦੇਸ਼ ਹੈ। ਇਹ 40 ਵਣਜਾਰੇ ਸਿੱਖ ਸਨ, ਜੋ ਬੰਦੇ ਦੀ ਸੈਨਾ ਵਿਚ ਹੁੰਦਿਆਂ ਮੁਗ਼ਲਾਂ ਨਾਲ ਲੜੇ ਸਨ। ਇਨ੍ਹਾਂ ਸਿੱਖਾਂ ਦੇ ਫੜੇ ਜਾਣ ਕਰ ਕੇ ਬਹਾਦਰ ਸ਼ਾਹ ਬਹੁਤ ਖ਼ੁਸ਼ ਸੀ। ਇਨ੍ਹਾਂ ਨੂੰ 11 ਅਕਤੂਬਰ 1711 ਨੂੰ ਬਾਦਸ਼ਾਹ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੇ ਹੁਕਮ ਦਿਤਾ ਕਿ ਜੇ ਇਹ ਸਿੱਖ ਇਸਲਾਮ ਧਰਮ ਧਾਰਨ ਕਰਨ ਨੂੰ ਤਿਆਰ ਹਨ ਤਾਂ ਇਨ੍ਹਾਂ ਨੂੰ ਛੱਡ ਦਿਤਾ ਜਾਵੇ, ਨਹੀਂ ਤਾਂ ਸੱਭ ਨੂੰ ਕਤਲ ਕਰ ਦਿਤਾ ਜਾਵੇ। ਬਾਦਸ਼ਾਹ ਦਾ ਆਦੇਸ਼ ਮਿਲਣ ਤੇ ਮੁਗ਼ਲ ਅਧਿਕਾਰੀਆਂ ਨੇ ਕੈਦ ਕਰ ਕੇ ਲਿਆਂਦੇ ਸਿੱਖਾਂ ਕੋਲੋਂ ਪੁਛਿਆ ਕਿ ਕੀ ਉਹ ਇਸਲਾਮ ਧਰਮ ਗ੍ਰਹਿਣ ਕਰਨ ਲਈ ਤਿਆਰ ਹਨ? ਬੰਦੀ ਬਣਾ ਕੇ ਲਿਆਂਦੇ ਸਾਰੇ ਸਿੱਖਾਂ, ਜਿਨ੍ਹਾਂ ਦੇ ਹੱਥਾਂ, ਪੈਰਾਂ ਤੇ ਗਲੇ ਵਿਚ ਲੋਹੇ ਦੇ ਸੰਗਲ ਤੇ ਬੇੜੀਆਂ ਪਾਈਆਂ ਹੋਈਆਂ ਸਨ, ਉਨ੍ਹਾਂ ਦੇ ਚਿਹਰੇ ਤੇ ਕੋਈ ਡਰ ਜਾਂ ਮਾਯੂਸੀ ਨਹੀਂ ਸੀ। ਉਹ ਸਾਰੇ ਚੜ੍ਹਦੀ ਕਲਾ ਵਿਚ ਜਾਪਦੇ ਸਨ। ਮੁਗ਼ਲ ਅਧਿਕਾਰੀਆਂ ਨੇ ਫਿਰ ਕਿਹਾ ਕਿ ਜੇ ਤੁਸੀ ਮੁਸਲਮਾਨ ਬਣ ਜਾਉ ਤਾਂ ਤੁਹਾਨੂੰ ਛੱਡ ਦਿਤਾ ਜਾਵੇਗਾ ਨਹੀਂ ਤਾਂ ਕਤਲ ਕਰ ਦਿਤੇ ਜਾਉਗੇ।

ਉਨ੍ਹਾਂ ਸਾਰੇ ਬੰਦੀ ਬਣਾ ਕੇ ਲਿਆਂਦੇ ਗਏ ਸਿੰਘਾਂ ਦਾ ਉੱਤਰ ਸੀ ਕਿ ਅਸੀ ਕੁੱਝ ਦਿਨਾਂ ਦੀ ਜ਼ਿੰਦਗੀ ਲਈ ਅਪਣਾ ਦੀਨ (ਧਰਮ) ਛੱਡਣ ਲਈ ਤਿਆਰ ਨਹੀਂ, ਸਾਨੂੰ ਕਤਲ ਹੋ ਜਾਣਾ ਮਨਜ਼ੂਰ ਹੈ। ਜਦੋਂ ਉਨ੍ਹਾਂ ਕੈਦੀਆਂ ਵਲੋਂ ਮਿਲੇ ਇਸ ਉੱਤਰ ਦੀ ਸੂਚਨਾ ਬਾਦਸ਼ਾਹ ਨੂੰ ਦਿਤੀ ਗਈ ਤਾਂ ਬਹਾਦਰ ਸ਼ਾਹ ਗੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ ਕਿ ਇਨ੍ਹਾਂ ਨੂੰ ਅਜਿਹੀ ਸਜ਼ਾ ਦਿਤੀ ਜਾਵੇ ਜਿਹੋ ਜਿਹੀ ਅਸੀ ਇਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿਤੀ। ਮੁਗ਼ਲ ਅਧਿਕਾਰੀ ਬਾਦਸ਼ਾਹ ਦੇ ਹੁਕਮ ਦੀ ਉਡੀਕ ਕਰ ਰਹੇ ਸਨ। ਬਹਾਦਰਸ਼ਾਹ ਕਹਿਣ ਲੱਗਾ ਕਿ ਇਨ੍ਹਾਂ ਨੂੰ ਜਿਉਂਦੇ ਜੀਅ ਜ਼ਮੀਨ ਵਿਚ ਗੱਡ ਕੇ ਕਤਲ ਕਰ ਦਿਤਾ ਜਾਵੇ। ਅਜਿਹਾ ਹੁਕਮ ਸੁਣਨ ਤੋਂ ਬਾਅਦ ਉਨ੍ਹਾਂ 40 ਵਣਜਾਰੇ ਸਿੰਘਾਂ ’ਚੋਂ ਕਿਸੇ ਇਕ ਨੇ ਵੀ ਅਪਣੇ ਧਰਮ ਨੂੰ ਤਿਆਗ ਕੇ ਇਸਲਾਮ ਗ੍ਰਹਿਣ ਕਰਨ ਦੀ ਪੇਸ਼ਕਸ਼ ਸਵੀਕਾਰ ਨਾ ਕੀਤੀ।

ਬਾਦਸ਼ਾਹ ਦੇ ਵੇਖਦੇ ਹੀ ਵੇਖਦੇ ਜ਼ਮੀਨ ਪੁੱਟ ਕੇ ਇਨ੍ਹਾਂ ਸਿੰਘਾਂ ਨੂੰ ਜਿਉਂਦੇ ਜੀਅ ਉਸ ਵਿਚ ਗੱਡ ਕੇ ਕਤਲ ਕਰ ਦਿਤਾ ਗਿਆ। ਇਨ੍ਹਾਂ ਵਲੋਂ ਪਾਈ ਗਈ ਇਸ ਲੀਹ ’ਤੇ ਤੁਰਦਿਆਂ ਹੀ 1716 ਵਿਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਫੜ ਕੇ ਲਿਆਂਦੇ ਗਏ 740 ਸਿੰਘਾਂ ਨੇ ਹੱਸ ਹੱਸ ਕੇ ਸ਼ਹਾਦਤ ਦਾ ਜਾਮ ਤਾਂ ਪੀ ਲਿਆ ਸੀ ਪਰ ਅਪਣੇ ਧਰਮ ਅਤੇ ਸਿਦਕ ਤੇ ਦ੍ਰਿੜ ਰਹੇ ਸਨ।
(ਡਾ. ਹਰਬੰਸ ਸਿੰਘ ਚਾਵਲਾ)