ਜਾਣੋ, ਕਿਉਂ ਅਤੇ ਕਦੋਂ ਹੋਈ ਮਹਿਲਾ ਦਿਵਸ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਔਰਤਾਂ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ ਕੌਮਾਂਤਰੀ ਮਹਿਲਾ ਦਿਵਸ

women's Day

ਨਵੀਂ ਦਿੱਲੀ: ਹਰ ਸਾਲ 8 ਮਾਰਚ ਨੂੰ ਵਿਸ਼ਵ ਦੀ ਹਰੇਕ ਮਹਿਲਾ ਦੇ ਸਨਮਾਨ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮਹਿਲਾ ਦਿਵਸ ਕਿਉਂ ਮਨਾਇਆ ਜਾਂਦਾ ਹੈ ਅਤੇ ਕੀ ਹੈ ਇਸ ਦਾ ਇਤਿਹਾਸ? ਜੇਕਰ ਨਹੀਂ ਤਾਂ ਆਓ ਤੁਹਾਨੂੰ ਮਹਿਲਾ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ।

8 ਮਾਰਚ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ 'ਤੇ ਸਾਰੇ ਵਿਸ਼ਵ ਦੀਆਂ ਔਰਤਾਂ ਦੇਸ਼, ਜਾਤ-ਪਾਤ, ਭਾਸ਼ਾ, ਰਾਜਨੀਤਕ, ਸਭਿਆਚਾਰਕ ਭੇਦਭਾਵ ਤੋਂ ਪਰੇ ਇਕਜੁੱਟ ਹੋ ਕੇ ਇਸ ਦਿਨ ਨੂੰ ਮਨਾਉਂਦੀਆਂ ਹਨ। ਨਾਲ ਹੀ ਪੁਰਸ਼ ਵਰਗ ਵੀ ਇਸ ਦਿਨ ਨੂੰ ਔਰਤਾਂ ਦੇ ਸਨਮਾਨ ਵਿਚ ਸਮਰਪਿਤ ਕਰਦਾ ਹੈ। ਇਤਿਹਾਸ ਦੇ ਅਨੁਸਾਰ ਆਮ ਔਰਤਾਂ ਵਲੋਂ ਬਰਾਬਰਤਾ ਦੇ ਅਧਿਕਾਰ ਲੈਣ ਦੀ ਇਕ ਲੜਾਈ ਸ਼ੁਰੂ ਕੀਤੀ ਗਈ ਸੀ।

ਪ੍ਰਾਚੀਨ ਗ੍ਰੀਸ ਵਿਚ ਲੀਸਿਸਟ੍ਰਾਟਾ ਨਾਂਅ ਦੀ ਇਕ ਔਰਤ ਨੇ ਫ੍ਰੈਂਚ ਕ੍ਰਾਂਤੀ ਦੌਰਾਨ ਯੁੱਧ ਦੀ ਸਮਾਪਤੀ ਦੀ ਮੰਗ ਰੱਖਦੇ ਹੋਏ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਸੇ ਅੰਦੋਲਨ ਦੇ ਚਲਦਿਆਂ ਫਾਰਸੀ ਔਰਤਾਂ ਦੇ ਇਕ ਸਮੂਹ ਨੇ ਵਰਸੇਲਸ ਵਿਚ ਇਸ ਦਿਨ ਇਕ ਮੋਰਚਾ ਕੱਢਿਆ, ਜਿਸ ਦਾ ਮਕਸਦ ਯੁੱਧ ਦੀ ਵਜ੍ਹਾ ਨਾਲ ਔਰਤਾਂ 'ਤੇ ਵਧਦੇ ਹੋਏ ਅੱਤਿਆਚਾਰਾਂ ਨੂੰ ਰੋਕਣਾ ਸੀ।

ਸੰਨ 1909 ਵਿਚ ਸੋਸ਼ਲਿਸਟ ਪਾਰਟੀ ਆਫ਼ ਅਮੇਰੀਕਾ ਵਲੋਂ ਪਹਿਲੀ ਵਾਰ ਪੂਰੇ ਅਮਰੀਕਾ ਵਿਚ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ। ਸੰਨ 1910 ਵਿਚ ਸੋਸ਼ਲਿਸਟ ਇੰਟਰਨੈਸ਼ਨਲ ਵਲੋਂ ਕੋਪਨਹੇਗਨ ਵਿਚ ਮਹਿਲਾ ਦਿਵਸ ਦੀ ਸਥਾਪਨਾ ਹੋਈ ਅਤੇ 1911 ਵਿਚ ਆਸਟ੍ਰੀਆ, ਡੈਨਮਾਰਕ, ਜਰਮਨੀ ਅਤੇ ਸਵਿੱਟਜ਼ਰਲੈਂਡ ਵਿਚ ਲੱਖਾਂ ਔਰਤਾਂ ਵਲੋਂ ਰੈਲੀ ਕੱਢੀ ਗਈ ਸੀ, ਜਿਸ ਵਿਚ ਔਰਤਾਂ ਨਾਲ ਸਬੰਧਤ ਕਈ ਮੁੱਦੇ ਉਠਾਏ ਗਏ ਸਨ।

ਇਸੇ ਤਰ੍ਹਾਂ ਸੰਨ 1913-14 ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਰੂਸੀ ਔਰਤਾਂ ਵਲੋਂ ਪਹਿਲੀ ਵਾਰ ਸ਼ਾਂਤੀ ਦੀ ਸਥਾਪਨਾ ਲਈ ਫਰਵਰੀ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਮਹਿਲਾ ਦਿਵਸ ਮਨਾਇਆ ਗਿਆ ਸੀ। ਯੂਰਪ ਭਰ ਵਿਚ ਵੀ ਯੁੱਧ ਦੇ ਵਿਰੁੱਧ ਕਈ ਵੱਡੇ ਪ੍ਰਦਰਸ਼ਨ ਹੋਏ। ਸੰਨ 1917 ਤਕ ਵਿਸ਼ਵ ਯੁੱਧ ਵਿਚ ਰੂਸ ਦੇ 2 ਲੱਖ ਤੋਂ ਜ਼ਿਆਦਾ ਫ਼ੌਜੀ ਮਾਰੇ ਗਏ।

ਰੂਸੀ ਔਰਤਾਂ ਨੇ ਫਿਰ ਰੋਟੀ ਅਤੇ ਸ਼ਾਂਤੀ ਲਈ ਇਸ ਦਿਨ ਹੜਤਾਲ ਕੀਤੀ, ਹਾਲਾਂਕਿ ਰਾਜਨੇਤਾ ਇਸ ਅੰਦੋਲਨ ਦੇ ਵਿਰੁੱਧ ਸਨ ਪਰ ਫਿਰ ਵੀ ਔਰਤਾਂ ਨੇ ਅਪਣੇ ਇਸ ਅੰਦੋਲਨ ਨੂੰ ਬੇਖ਼ੌਫ਼ ਜਾਰੀ ਰੱਖਿਆ। ਇਸ ਅੰਦੋਲਨ ਦਾ ਨਤੀਜਾ ਇਹ ਨਿਕਲਿਆ ਕਿ ਇਸ ਦੇ ਕਾਰਨ ਰੂਸ ਦੇ ਜਾਰ ਨੂੰ ਅਪਣੀ ਗੱਦੀ ਤੱਕ ਛੱਡਣੀ ਪੈ ਗਈ ਸੀ ਅਤੇ ਨਾਲ ਹੀ ਸਰਕਾਰ ਨੂੰ ਔਰਤਾਂ ਨੂੰ ਵੋਟ ਦੇਣ ਦੇ ਅਧਿਕਾਰ ਦੀ ਵੀ ਐਲਾਨ ਕਰਨਾ ਪਿਆ।

ਸੰਯੁਕਤ ਰਾਸ਼ਟਰ ਸੰਘ ਵੱਲੋਂ ਔਰਤਾਂ ਦੇ ਬਰਾਬਰਤਾ ਅਧਿਕਾਰ ਨੂੰ ਬੜ੍ਹਾਵਾ ਅਤੇ ਸੁਰੱਖਿਆ ਦੇਣ ਲਈ ਵਿਸ਼ਵ ਭਰ ਵਿਚ ਕੁੱਝ ਨੀਤੀਆਂ, ਪ੍ਰੋਗਰਾਮ ਅਤੇ ਮਾਪਦੰਡ ਤੈਅ ਕੀਤੇ ਗਏ ਨੇ। ਹੁਣ ਭਾਰਤ ਵਿਚ ਵੀ ਮਹਿਲਾ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾਣ ਲੱਗ ਪਿਐ। ਹੌਲੀ-ਹੌਲੀ ਸਥਿਤੀਆਂ ਬਦਲ ਰਹੀਆਂ ਹਨ।

ਭਾਰਤ ਵਿਚ ਅੱਜ ਔਰਤਾਂ ਆਰਮੀ, ਏਅਰ ਫੋਰਸ, ਪੁਲਿਸ, ਆਈਟੀ, ਇੰਜੀਨਿਅਰਿੰਗ, ਮੈਡੀਕਲ ਵਰਗੇ ਖੇਤਰਾਂ ਵਿਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਨੇ ਪਰ ਸਹੀ ਮਾਅਨਿਆਂ ਵਿਚ ਮਹਿਲਾ ਦਿਵਸ ਉਦੋਂ ਹੀ ਸਾਰਥਕ ਹੋਵੇਗਾ।

 ਜਦੋਂ ਵਿਸ਼ਵ ਭਰ ਵਿਚ ਔਰਤਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਨਾਲ ਸੰਪੂਰਨ ਆਜ਼ਾਦੀ ਮਿਲ ਜਾਵੇਗੀ, ਜਿੱਥੇ ਉਨ੍ਹਾਂ ਦਾ ਕੋਈ ਸੋਸ਼ਣ ਨਹੀਂ ਕਰੇਗਾ, ਜਿੱਥੇ ਉਨ੍ਹਾਂ ਨੂੰ ਦਾਜ ਦੇ ਲਾਲਚ ਵਿਚ ਜਿੰਦਾ ਨਹੀਂ ਸਾੜਿਆ ਜਾਵੇਗਾ, ਜਿੱਥੇ ਕੰਨਿਆ ਭਰੂਣ ਹੱਤਿਆ ਨਹੀਂ ਕੀਤੀ ਜਾਵੇਗੀ, ਜਿੱਥੇ ਬਲਾਤਕਾਰ ਨਹੀਂ ਕੀਤੇ ਜਾਣਗੇ, ਜਿੱਥੇ ਉਨ੍ਹਾਂ ਨੂੰ ਵੇਚਿਆ ਨਹੀਂ ਜਾਵੇਗਾ, ਬਲਕਿ ਸਮਾਜ ਦੇ ਹਰ ਮਹੱਤਵਪੂਰਨ ਫ਼ੈਸਲਿਆਂ ਵਿਚ ਔਰਤਾਂ ਦੇ ਨਜ਼ਰੀਏ ਨੂੰ ਮਹੱਤਵਪੂਰਨ ਸਮਝਿਆ ਜਾਵੇਗਾ।