ਕੋਰੋਨਾ ਵਿਰੁੱਧ ਪੰਜਾਬ ਸਰਕਾਰ ਦੀ ਜੰਗ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਨਾਲ ਲੜਨ ਲਈ ਪੰਜਾਬ ਪੂਰੇ ਦੇਸ਼ ਵਿਚ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਿਹਾ ਹੈ,

Photo

ਚੰਡੀਗੜ੍ਹ: ਕੋਰੋਨਾ ਨਾਲ ਲੜਨ ਲਈ ਪੰਜਾਬ ਪੂਰੇ ਦੇਸ਼ ਵਿਚ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਿਹਾ ਹੈ, ਚਾਹੇ ਉਹ ਪਰਵਾਸੀ ਪੰਜਾਬੀਆਂ ਦੀ ਜਾਂਚ ਹੋਵੇ ਜਾਂ ਪੰਜਾਬ ਵਿਚ ਕਰਫਿਊ ਲਗਾਉਣਾ ਜਾਂ ਪਰਵਾਸੀ ਮਜ਼ਦੂਰਾਂ ਦਾ ਖਿਆਲ ਰੱਖਣਾ, ਇਹਨਾਂ ਸਾਰੀਆਂ ਚੀਜ਼ਾਂ ਵਿਚ ਪੰਜਾਬ ਨੇ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਪੰਜਾਬ ਦੀ ਅਗਵਾਈ ਪੰਜਾਬ ਦੇ ਕੈਪਟਨ ਯਾਨੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਸਵਾਲ: ਜਦੋਂ ਵੀ ਪੰਜਾਬ ‘ਤੇ ਕੋਈ ਖਤਰਾ ਆਉਂਦਾ ਹੈ ਜਾਂ ਪੰਜਾਬ ਸਾਹਮਣੇ ਕੋਈ ਚੁਣੌਤੀ ਆਉਂਦੀ ਹੈ ਤਾਂ ਪੰਜਾਬ ਦੀ ਡੋਰ ਤੁਹਾਡੇ ਹੱਥ ਹੀ ਹੁੰਦੀ ਹੈ। ਇਸ ਵਾਰ ਤੁਸੀਂ ਆਏ ਤਾਂ ਪੰਜਾਬ ਵਿਚ ਨਸ਼ੇ ਅਤੇ ਕਰਜ਼ੇ ਦੀ ਲੜਾਈ ਲੜਨ ਸੀ ਪਰ ਹੁਣ ਤੁਹਾਡੇ ਸਾਹਮਣੇ ਕੋਰੋਨਾ ਦੀ ਜੰਗ ਆ ਗਈ ਹੈ?

ਜਵਾਬ:   ਇਹ ਵਾਇਰਸ ਸਾਰੀ ਦੁਨੀਆ ਵਿਚ ਆ ਗਿਆ ਹੈ, ਇਸ ਬਾਰੇ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ। ਸਪੈਨਿਸ਼ ਫਲੂ ਜਿਸ ਵਿਚ ਸਾਢੇ ਪੰਜ ਲੱਖ ਲੋਕ ਮਰੇ ਸੀ, ਉਸ ਤੋਂ ਬਾਅਦ ਇਹ ਪਹਿਲੀ ਬਿਮਾਰੀ ਹੈ ਜੋ ਪੂਰੀ ਦੁਨੀਆ ਵਿਚ ਆਈ ਹੈ। ਇਹ ਬਿਮਾਰੀ ਚੀਨ ਤੋਂ ਸ਼ੁਰੂ ਹੋਈ ਉਸ ਤੋਂ ਬਾਅਦ ਅਮਰੀਕਾ, ਕੈਨੇਡਾ, ਯੂਰੋਪ, ਯੂਕੇ ਆਦਿ ਦੇਸ਼ਾਂ ਵਿਚ ਫੈਲ ਗਈ। ਇਸ ਬਿਮਾਰੀ ਦਾ ਕੀ ਇਲਾਜ ਹੈ ਤਾਂ ਕਿਵੇਂ ਇਸ ਨੂੰ ਖਤਮ ਕਰਨਾ ਹੈ, ਇਸ ਬਾਰੇ ਸਮਾਂ ਹੀ ਦੱਸੇਗਾ। ਉਦੋਂ ਤੱਕ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਲੋਕਾ ਨੂੰ ਇਸ ਦੀ ਮਾਰ ਤੋਂ ਬਚਾਈਏ, ਇਸ ਲਈ ਅਸੀਂ ਕਦਮ ਚੁੱਕੇ ਹਨ। ਕਰਫਿਊ ਲਗਾਉਣਾ ਤੇ ਲੌਕਡਾਊਨ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਪਰ ਜੇਕਰ ਅਜਿਹਾ ਨਹੀਂ ਕੀਤਾ ਜਾਵੇ ਤਾਂ ਹਾਲਾਤ ਮੁਸ਼ਕਿਲ ਹੋ ਸਕਦੇ ਹਨ।

ਸਵਾਲ: ਅੱਜ ਦੀ ਨੌਜਵਾਨ ਪੀੜੀ ਨੇ ਅਜਿਹੇ ਹਾਲਾਤ ਪਹਿਲਾਂ ਨਹੀਂ ਦੇਖੇ, ਇਸ ਲਈ ਸ਼ਾਇਦ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਤੁਸੀਂ ਸਖਤੀ ਜ਼ਰੂਰ ਦਿਖਾਈ ਪਰ ਇਸ ਨੂੰ ਕੰਟਰੋਲ ਵੀ ਕੀਤਾ। ਹੁਣ ਲੋਕ ਸਮਝ ਰਹੇ ਹਨ?

ਜਵਾਬ- ਲੋਕਾ ਨੇ ਸਾਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕ ਸਹਿਯੋਗ ਦੇ ਰਹੇ ਹਨ ਤੇ ਹੋਰ ਸਖਤੀ ਵਰਤਣ ਲਈ ਕਹਿ ਰਹੇ ਹਨ। ਜੇਕਰ ਲੋਕਾਂ ਦਾ ਸਹਿਯੋਗ ਮਿਲ ਜਾਵੇ ਤਾਂ ਕੰਮ ਬਹੁਤ ਅਸਾਨ ਹੋ ਜਾਂਦੇ ਹਨ।

ਸਵਾਲ-ਤੁਸੀਂ ਕਿਹਾ ਸੀ ਕਿ ਕੁਝ ਲੋਕ ਰਹਿ ਗਏ ਹਨ ਜੋ ਦਿੱਲੀ ਦੇ ਨਿਜ਼ਾਮੂਦੀਨ ਵਿਚੋਂ ਆਏ ਸੀ ਤੇ ਤੁਸੀਂ ਉਹਨਾਂ ਨੂੰ ਆਖਰੀ ਮੌਕਾ ਵੀ ਦਿੱਤਾ ਹੈ ਕਿ ਉਹ ਆ ਕੇ ਅਪਣੀ ਜਾਂਚ ਕਰਵਾਉਣ?

ਜਵਾਬ-ਉਸ ਵਿਚ ਦੋ ਕਿਸਮ ਦੇ ਲੋਕ ਸੀ, ਇਕ ਤਾਂ ਉਹ 2000 ਲੋਕ ਜੋ ਨਿਜ਼ਾਮੂਦੀਨ ਗਏ ਸੀ, ਉਹਨਾ ਵਿਚ 9 ਪੰਜਾਬੀ ਸਨ, ਜਿਨ੍ਹਾਂ ਨੂੰ ਦਿੱਲੀ ਦੀ ਪੁਲਿਸ ਨੇ ਕੁਆਰੰਟਾਈਨ ਕੀਤਾ ਹੈ। ਦੂਜੇ ਜੋ ਜਨਵਰੀ-ਫਰਵਰੀ ਮਹੀਨੇ ਵਿਚ ਤਕਰੀਬਨ 200 ਲੋਕ ਵਾਪਿਸ ਆਏ ਸੀ ਉਹਨਾਂ ਵਿਚੋਂ 140 ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਹ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਸ਼ੁਰੂਆਤ ਵਿਚ ਹੀ ਕਾਬੂ ਕਰਨਾ ਚਾਹੁੰਦੇ ਹਾਂ।

ਜੈਪੁਰ ਵਿਚ ਇਕ ਵਿਅਕਤੀ ਓਮਾਨ ਤੋਂ ਆਇਆ ਸੀ, ਉਹ ਦੇ ਸੰਪਰਕ ਵਿਚ ਆਏ 97 ਲੋਕ ਵੀ ਪਾਜ਼ੀਟਿਵ ਨਿਕਲੇ ਹਨ। ਇਸ ਲਈ ਇਸ ਬਹੁਤ ਜਰੂਰੀ ਹੈ ਕਿ ਕੋਈ ਵੀ ਕਿਸੇ ਥਾਂ ਤੋ ਆਇਆ ਹੈ ਤਾਂ ਉਹ ਜਾਂਚ ਜ਼ਰੂਰ ਕਰਾਵੇ। ਇਕ ਜੋ ਐਨਆਰਆਈ ਆਏ ਹਨ, ਹਾਲਾਂਕਿ ਉਹ ਤਾਂ ਕੁਆਰੰਟਾਈਨ ਵਿਚ ਜਾ ਕੇ ਬਾਹਰ ਆ ਗਏ ਹਨ। ਪਰ ਕਈ ਮਾਮਲਿਆਂ ਵਿਚ ਸਾਨੂੰ ਸਖਤੀ ਕਰਨੀ ਪੈ ਰਹੀ ਹੈ।

ਸਵਾਲ-ਇਸ ਨਾਲ ਡਰ ਤੇ ਨਫ਼ਰਤ ਦਾ ਮਾਹੌਲ ਬਣ ਰਿਹਾ ਹੈ ਕਿਉਂਕਿ ਅਸੀਂ ਦੇਖਿਆ ਕਿ ਹਿਮਾਚਲ ਵਿਚ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹ ਨਿਜ਼ਾਮੂਦੀਨ ਤੋਂ ਆਇਆ ਸੀ ਹਾਲਾਂਕਿ ਉਸ ਦੀ ਰਿਪੋਰਟ ਨੈਗੇਟਿਵ ਸੀ ਪਰ ਲੋਕਾਂ ਨੇ ਉਸ ਨੂੰ ਬਹੁਤ ਸੁਣਾਇਆ।

ਜਵਾਬ-ਇਹ ਤਾਂ ਹੈ। ਪਰ ਦਿੱਲੀ ਸਰਕਾਰ ਨੂੰ ਇਸ ਨੂੰ ਦੇਖਣਾ ਚਾਹੀਦਾ ਸੀ ਕਿਉਂਕਿ ਸਾਰਾ ਦੇਸ਼ ਤਾਂ ਲੌਕਡਾਊਨ ‘ਚ ਹੈ ਪਰ ਉਹਨਾ ਨੇ ਨਿਜ਼ਾਮੂਦੀਨ ਦੀ ਇਜਾਜ਼ਤ ਦੇ ਦਿੱਤੀ, ਇਹ ਮਾੜੀ ਗੱਲ ਹੈ।

ਸਵਾਲ- ਇੱਥੇ ਗਲਤੀ ਪ੍ਰਸ਼ਾਸਨ ਦੀ ਹੈ ਪਰ ਕਸੂਰਵਾਰ ਇਕ ਵਰਗ ਨੂੰ ਮੰਨਿਆ ਜਾ ਰਿਹਾ ਹੈ। ਤੁਸੀਂ ਦਿੱਲੀ ਵਿਚ ਦੇਖਿਆ ਹੋਵੇਗਾ ਕਿ ਮਜਨੂ ਕਾ ਟਿੱਲਾ ਗੁਰਦੁਆਰੇ ਵਿਚ ਪੰਜਾਬ ਦੇ ਪਰਵਾਸੀ ਰਹਿ ਰਹੇ ਹਨ। ਉੱਥੇ ਗੁਰਦੁਆਰੇ ਦੀ ਮੈਨੇਜਮੈਂਟ ‘ਤੇ ਵੀ ਐਫਆਈਆਰ ਦਰਜ ਕੀਤੀ ਗਈ।

ਜਵਾਬ- ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ। ਦੇਖੋ ਗੱਲ ਇਹ ਹੈ ਕਿ ਜੇਕਰ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਜਾਂ ਰਹਿਣ ਲਈ ਥਾਂ ਨਹੀਂ ਹੈ ਤਾਂ ਉਹ ਗੁਰਦੁਆਰੇ ਹੀ ਜਾਣਗੇ। 1984 ਤੋਂ ਬਾਅਦ ਵੀ ਲੋਕ ਸ਼ਰਨ ਲੈਣ ਗੁਰਦੁਆਰਾ ਸਾਹਿਬ ਹੀ ਗਏ ਸੀ। ਸੋ ਇਹ ਸਾਡੀ ਪਰੰਪਰਾ ਹੈ ਤੇ ਜੇਕਰ ਉਹ ਉੱਥੇ ਗਏ ਤਾਂ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ। ਉਹਨਾਂ ‘ਤੇ ਕੀਤੀ ਗਈ ਐਫਆਈਆਰ ਬਿਲਕੁਲ ਗਲਤ ਹੈ।

ਸਵਾਲ-ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਚੁਣੌਤੀ ਲੈ ਕੇ ਆ ਰਿਹਾ ਹੈ। ਕਣਕ ਦੀ ਵਾਢੀ ਹੋਣੀ ਹੈ। ਇਸ ਲਈ ਪੰਜਾਬ ਸਰਕਾਰ ਖ਼ਾਸ ਤਿਆਰੀਆਂ ਕੀਤੀਆਂ ਹਨ

ਜਵਾਬ-ਅਸੀਂ ਇਸ ਦੇ ਲਈ ਮੰਡੀਆਂ ਦਾ ਪ੍ਰਬੰਧ ਕੀਤਾ ਹੈ। ਅਸੀਂ ਕਿਸੇ ਕਿਸਾਨ ਦਾ ਇਕ ਵੀ ਦਾਣਾ ਨਹੀਂ ਛੱਡਾਂਗੇ ਤੇ ਉਹਨਾਂ ਦਾ ਇਕ-ਇਕ ਰੁਪਇਆ ਉਹਨਾ ਕੋਲ ਪਹੁੰਚੇਗਾ।

ਸਵਾਲ-ਇਸ ਤੋਂ ਬਾਅਦ ਤਕਰੀਬਨ 120 ਲੱਖ ਟਨ ਕਣਕ ਹੋਵੇਗੀ। ਮੈਂ ਅਭੀਜੀਤ ਬੈਨਰਜੀ ਦੀ ਗੱਲ ਸੁਣੀ ਸੀ, ਉਹ ਕਹਿ ਰਹੇ ਸੀ ਕਿ ਪੰਜਾਬ ਕੋਲ ਜਾਂ ਪੂਰੇ ਦੇਸ਼ ਕੋਲ ਐਨਾ ਅਨਾਜ ਹੈ ਕਿ ਉਸ ਨੂੰ 6 ਮਹੀਨੇ ਪਹਿਲਾਂ ਹੀ ਵੰਡ ਦੇਣਾ ਚਾਹੀਦਾ ਹੈ। ਤੁਸੀਂ ਇਸ ਸੋਚ ਨਾਲ ਸਹਿਮਤ ਹੋ।

ਜਵਾਬ- ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸਾਡੇ ਕੋਲ ਪਿਛਲੇ ਸਾਲ ਦਾ ਝੋਨਾ ਪਿਆ ਹੈ ਅਤੇ ਕਣਕ ਪਈ ਹੈ। ਮੈਂ ਸਰਕਾਰ ‘ਤੇ ਬਹੁਤ ਦਬਾਅ ਪਾਇਆ ਸੀ ਕਿ ਤੁਸੀਂ ਚੁੱਕੋ ਤੇ ਹੁਣ ਉਹਨਾਂ ਨੇ ਥੋੜਾ ਜਿਹਾ ਅਨਾਜ ਚੁੱਕਿਆ ਹੈ। ਹਾਲੇ ਵੀ ਸਾਡੇ ਕੋਲ ਅਨਾਜ ਰੱਖਣ ਲਈ ਥਾਂ ਨਹੀਂ ਹੈ। ਮੈਂ ਕਈ ਵਾਰ ਪ੍ਰਧਾਨ ਮੰਤਰੀ ਅਤੇ ਫੂਡ ਮੰਤਰੀ ਨਾਲ ਇਸ ਬਾਰੇ ਗੱਲ ਕੀਤੀ ਹੈ। ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਉਹ ਪੰਜਾਬ ਸਿਰ ਪੈ ਜਾਂਦਾ ਹੈ।

ਸਵਾਲ- ਇਹ ਕੇਂਦਰ ਸਰਕਾਰ ਦੀ ਬੜੀ ਕਠੋਰਤਾ ਹੈ ਕਿ ਅਨਾਜ ਦਾ ਬਰਬਾਰ ਹੋਣਾ ਮਨਜ਼ੂਰ ਹੈ ਪਰ ਗਰੀਬਾਂ ਨੂੰ ਵੰਡਣਾ ਨਹੀਂ ਮਨਜ਼ੂਰ। ਜਿਵੇਂ ਅਸੀਂ ਦੇਖਿਆ ਕਿ ਪਰਵਾਸੀ ਮਜ਼ਦੂਰਾਂ ਦਾ ਕੀ ਹਾਲ ਹੈ। ਉਹਨਾ ਨੂੰ ਸੰਭਾਲਣ ਲਈ ਤੁਸੀਂ ਸਭ ਤੋਂ ਅੱਗੇ ਰਹੇ ਹੋ। ਕੀ ਸਾਡੇ ਕੋਲ ਅੱਜ ਮਜ਼ਦੂਰ ਹਨ ਕਣਕ ਚੁੱਕਣ ਵਾਸਤੇ।

ਜਵਾਬ-ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਅਪਣੇ ਮਜ਼ਦੂਰਾਂ ਨੂੰ ਸੰਭਾਲੋ ਕਿਉਂਕਿ ਜਦੋਂ ਇਹ ਬਿਮਾਰੀ ਜਾਵੇਗੀ ਤਾਂ ਉਹਨਾਂ ਦੀ ਲੋੜ ਪਵੇਗੀ। ਅੱਜ ਦੀ ਦਿਹਾੜੀ ਵਿਚ ਸਾਡੇ ਕੋਲ 10 ਲੱਖ ਲੇਬਰ ਬੈਠੀ ਹੈ। ਲੋਕ ਉਹਨਾਂ ਨੂੰ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਦੇ ਰਹੇ ਹਨ।

ਸਵਾਲ-ਅੱਜ ਉਦਯੋਗਪਤੀ ਬਹੁਤ ਘਬਰਾਇਆ ਹੋਇਆ ਹੈ ਕਿਉਂਕਿ ਪਹਿਲਾਂ ਵੀ ਆਰਥਕ ਸਥਿਤੀ ਐਨੀ ਠੀਕ ਨਹੀਂ ਸੀ ਤੇ ਹੁਣ ਦੇ ਹਾਲਾਤ ਨਾਲ ਉਹ ਹੋਰ ਘਰਬਾ ਰਹੇ ਹਨ। ਤੁਸੀਂ ਪਹਿਲਾਂ ਕੇਦਰ ਤੋਂ ਮਦਦ ਮੰਗੀ ਸੀ ਪਰ ਜੇਕਰ ਕੇਂਦਰ ਨੇ ਤੁਹਾਡੀ ਗੱਲ ਨਾ ਮੰਨੀ ਤਾਂ ਛੋਟੇ ਉਦਯੋਗ ਨੂੰ ਬਚਾਉਣ ਲਈ ਕੀ ਕੀਤਾ ਜਾਵੇਗਾ।

ਜਵਾਬ-ਮੈਨੂੰ ਇਹ ਆਪ ਨਹੀਂ ਪਤਾ ਕਿ ਕਿੱਧਰ ਨੂੰ ਇਹ ਬਿਮਾਰੀ ਜਾ ਰਹੀ ਹੈ। ਯੂਕੇ ਨੇ 6 ਮਹੀਨਿਆਂ ਦਾ ਲੌਕਡਾਊਨ ਕਰ ਦਿੱਤਾ ਹੈ। ਮੈਂ ਅੱਜ ਵੀ ਸਿਹਤ ਸਲਾਹਕਾਰਾਂ ਨਾਲ ਗੱਲ ਕੀਤੀ ਸੀ ਕਿ ਕਿੰਨੀ ਦੇਰ ਲੌਕਡਾਊਨ ਹੋ ਸਕਦਾ ਹੈ। ਜਦੋਂ ਵੀ ਇਸ ਬਿਮਾਰੀ ਦੇ ਖਤਮ ਹੋਣ ਬਾਰੇ ਕੋਈ ਜਾਣਕਾਰੀ ਮਿਲੇਗੀ ਤਾਂ ਉਸ ਅਨੁਸਾਰ ਇੰਡਸਟਰੀ ਚਾਲੂ ਕੀਤੀ ਜਾਵੇਗੀ। ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ। ਅਸੀਂ ਕਈ ਲੋਕਾਂ ਨੂੰ ਤੋਂ ਸੁਝਾਅ ਲੈ ਰਹੇ ਹਾਂ।

ਸਵਾਲ-ਤੁਸੀਂ ਅੱਜ ਬਿਜਲੀ ਦੇ ਬਿਲਾਂ ਵਿਚ ਕਟੌਤੀ ਕੀਤੀ ਹੈ। ਇਸ ਨਾਲ ਬਹੁਤ ਰਾਹਤ ਮਿਲੇਗੀ ਪਰ ਫਿਰ ਸਾਢੇ 300 ਕਰੋੜ ਦਾ ਭਾਰ ਹੈ ਉਹ ਬਿਜਲੀ ਵਿਭਾਗ ਨੂੰ ਚੁੱਕਣਾ ਪਵੇਗਾ।

ਜਵਾਬ-ਤੁਹਾਨੂੰ ਪਤਾ ਹੈ ਕਿ ਪੀਐਸਪੀਸੀਐਲ ਸੈਲਰੀ ਵੀ ਨਹੀਂ ਦੇ ਸਕਦੀ। ਇਹ ਅਉਖੀ ਘੜੀ ਹੈ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਸਰਕਾਰ ਦੇ ਮੰਤਰੀਆਂ ਨੇ ਤਨਖ਼ਾਹ ਘੱਟ ਕੀਤੀ ਹੈ ਤੇ ਸਾਰੇ ਪੰਜਾਬ ਵਿਚ ਲੋਕ ਅਪਣੇ ਪੱਧਰ ‘ਤੇ ਸਾਥ ਦੇ ਰਹੇ ਹਨ।

ਸਵਾਲ- ਪੰਜਾਬ ਵਿਚ ਨਸ਼ੇ ਦੀ ਸਪਲਾਈ ਇਸ ਸਮੇਂ ਰੁਕੀ ਹੋਈ ਹੈ। ਕੱਲ ਅੰਮ੍ਰਿਤਸਰ ਵਿਚ ਸਰਪੰਚ ‘ਤੇ ਗੋਲੀ ਚੱਲੀ। ਇਹ ਸਪਲਾਈ ਜਿਹੜੀ ਰੁਕੀ ਹੈ। ਤੁਸੀਂ ਨਸ਼ਾ ਛੁਡਾਓ ਕੇਂਦਰਾਂ ਵਿਚ ਮੁਫਤ ਦਵਾਈਆਂ ਪਹੁੰਚਾ ਦਿੱਤੀਆਂ ਹਨ ਕੀ ਇਸ ਨੂੰ ਨਸ਼ੇ ਦੇ ਖਾਤਮੇ ਲਈ ਵਰਤਣ ਦੀ ਹੋਰ ਤਿਆਰੀ ਵੀ ਹੈ। ਕਿਉਂਕਿ ਨਸ਼ਾ ਤਸਕਰ ਘਬਰਾਹਟ ਵਿਚ ਕੋਈ ਹੋਰ ਕਮਦ ਜ਼ਰੂਰ ਚੁੱਕੇਗਾ।

ਜਵਾਬ- ਕੋਰੋਨਾ ਦਾ ਇਕੋ ਫਾਇਦਾ ਹੈ ਕਿ ਇਸ ਨਾਲ ਨਸ਼ੇ ਦੀ ਸਪਲਾਈ ਚੇਨ ਟੁੱਟ ਗਈ।

ਸਵਾਲ- ਇਕ ਫਾਇਦਾ ਹੋਰ ਹੋਇਆ ਹੈ, ਕੁਦਰਤ ਨੂੰ ਸਾਹ ਮਿਲਿਆ ਹੈ। ਹਰ ਵਾਰ ਦਿੱਲੀ ਸ਼ਿਕਾਇਤ ਕਰਦਾ ਹੈ ਕਿ ਉੱਥੇ ਪੰਜਾਬ ਤੋਂ ਪ੍ਰਦੂਸ਼ਣ ਆ ਰਿਹਾ ਹੈ ਹੁਣ ਦਿੱਲੀ ਅਪਣੀਆਂ ਗੱਡੀਆਂ ਰੁਕਣ ਕਰਕੇ ਸਾਫ ਹੈ।

ਜਵਾਬ- ਗੱਲ ਸਹੀ ਹੈ। ਪ੍ਰਦੂਸ਼ਣ ਵਿਚ ਕਮੀ ਆਈ ਹੈ। ਇਕ ਫੋਟੋ ਵੀ ਵਾਇਰਲ ਹੋ ਰਹੀ ਸੀ ਕਿ ਜਲੰਧਰ ਤੋਂ ਪਹਾੜ ਦਿਖ ਰਹੇ ਹਨ। ਪ੍ਰਦੂਸ਼ਣ ਸਿਰਫ ਪਰਾਲੀ ਸਾੜਨ ਨਾਲ ਨਹੀਂ ਹੁੰਦਾ, ਇਸ ਦਾ ਕਾਰਨ ਫੈਕਟਰੀਆਂ, ਇੰਡਸਟਰੀ, ਗੱਡੀਆਂ ਜਾ ਟਰੱਕ ਵੀ ਹਨ।

ਸਵਾਲ- ਸਾਡੇ ਦਰਸ਼ਕਾਂ ਵੱਲੋਂ ਵੀ ਸਵਾਲ ਪੁੱਛੇ ਜਾ ਰਹੇ ਹਨ। ਲੱਖਾ ਸਿਧਾਣਾ ਜੀ ਨੇ ਸਵਾਲ ਕੀਤਾ ਹੈ ਕਿ ਜੇਲ੍ਹ ਵਿਚ ਬੈਠੇ ਕੈਦੀ ਘਬਰਾਏ ਹੋਏ ਹਨ। ਪਹਿਲਾਂ ਵੀ ਕਦਮ ਚੁੱਕੇ ਗਏ ਹਨ। ਹੋਰ ਕੀ ਸੋਚਿਆ ਜਾ ਰਿਹਾ ਹੈ।

ਜਵਾਬ-ਭਾਰਤ ਸਰਕਾਰ ਨੇ ਇਕ ਆਦੇਸ਼ ਦਿੱਤਾ ਸੀ ਜਿਸ ਅਨੁਸਾਰ ਅਸੀਂ 7000 ਕੈਦੀ ਰਿਹਾਅ ਕਰ ਰਹੇ ਹਾਂ। ਅਸੀਂ ਜੇਲ੍ਹਾਂ ਵਿਚ ਵੀ ਸਮਾਜਿਕ ਦੂਰੀ ਰੱਖ ਰਹੇ ਹਾਂ ਅਤੇ ਡਾਕਟਰ ਵੀ ਪੂਰੀ ਨਿਗਰਾਨੀ ਰੱਖ ਰਹੇ ਹਨ।

ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਨੇ ਪੰਜਾਬ ਵਿਚ ਸਿਰਫ਼ ਦੋ ਸਰਕਾਰੀ ਮੈਡੀਕਲ ਕਾਲਜਾਂ ਵਿਚ ਹੀ ਕੋਰੋਨਾ ਵਾਇਰਸ ਟੈਸਟ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਪੀਜੀਆਈ ਨੂੰ ਵੀ ਮਨਜ਼ੂਰੀ ਸੀ। ਹੁਣ ਫਰੀਦਕੋਟ ਦੇ ਹਸਪਤਾਲ ਵਿਚ ਵੀ ਇਹ ਸਹੂਲਤ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਲੁਧਿਆਣਾ ਵਿਖੇ ਦੋ ਪ੍ਰਾਈਵੇਟ ਹਸਪਤਾਲ ਵਿਚ ਵੀ ਇਸ ਦੀ ਮਨਜ਼ੂਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਛੋਟੇ ਟੈਸਟਾਂ ਲਈ ਵੀ ਆਰਡਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਹਰੇਕ ਜ਼ਿਲ੍ਹੇ ਵਿਚ ਟੈਸਟਿੰਗ ਲਈ ਕੀਤੀ ਜਾਵੇਗੀ।

ਹਜ਼ੂਰ ਸਾਹਿਬ ਵਿਖੇ ਫਸੀ ਹੋਈ ਸੰਗਤ ਨੂੰ ਲਿਆਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਲਿਖਿਆ ਹੈ। ਉਹਨਾਂ ਕਿਹਾ ਕਿ ਮੇਰੀ ਗੱਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਵੀ ਹੋ ਚੁੱਕੀ ਹੈ, ਉਹ ਸਾਡੇ ਨਾਲ ਸਹਿਯੋਗ ਦੇਣ ਲਈ ਤਿਆਰ ਹਨ। ਇਸ ਦੇ ਲਈ ਸਰਕਾਰੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਤੇ ਸਾਨੂੰ ਫਿਲਹਾਲ ਸਰਕਾਰੀ ਮਨਜ਼ੂਰੀ ਨਹੀਂ ਮਿਲੀ ਹੈ। ਉਹਨਾਂ ਕਿਹਾ ਕਿ ਉਹ ਇਸ ਦੇ ਲਈ ਹੈਲੀਕਾਪਟਰ ਅਤੇ ਸਪੇਸ਼ਲ ਟਰੇਨ ਦੀ ਸਹੂਲਤ ਦੇਣ ਲਈ ਤਿਆਰ ਹਨ।

ਅਫ਼ਗਾਨਿਸਤਾਨ ਵਿਚ ਹੋਏ ਸਿੱਖਾਂ ਦੇ ਹਮਲੇ ਬਾਰੇ ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਉਹ ਇੱਥੇ ਆਉਣ ਤਾਂ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਜਦੋਂ ਵੀ ਉਹ ਇੱਥੇ ਆਉਣਗੇ ਤਾਂ ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ। ਅਸੀਂ ਉਹਨਾਂ ਨੂੰ ਹਰ ਪੱਖੋਂ ਅਪਣਾਵਾਂਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਸਨੇਹਾ ਦਿੱਤਾ ਕਿ ਦੁਨੀਆ ਵਿਚ ਕਿਸੇ ਵੀ ਤਰ੍ਹਾਂ ਦੀ ਜੰਗ ਹੋਵੇ, ਪੰਜਾਬੀ ਹਮੇਸ਼ਾਂ ਨੰਬਰ ਇਕ ‘ਤੇ ਆਉਂਦੇ ਹਨ। ਜੇਕਰ ਅਸੀਂ ਇਸ ਬਿਮਾਰੀ ਦਾ ਵੀ ਸਹੀ ਤਰੀਕੇ ਨਾਲ ਸਾਹਮਣਾ ਕਰਾਂਗੇ ਤਾਂ ਚੜਦੀਕਲਾ ਬਣੀ ਰਹੇਗੀ। ਇਸ ਜੰਗ ਨੂੰ ਅਸੀਂ ਇਕੱਠੇ ਹੋ ਕੇ ਲੜਨਾ ਹੈ ਅਤੇ ਇਸ ਦਾ ਖਾਤਮਾ ਕਰਨਾ ਹੈ।