ਗੁਰਮਿਤ ਸਮਝਣ ਲਈ ਗੁਰਬਾਣੀ ਵਿਆਕਰਣ ਦਾ ਗਿਆਨ ਅਜੋਕੇ ਸਮੇਂ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰਬਾਣੀ ਵਿਆਕਰਣ ਦੀ ਜਾਣਕਾਰੀ ਰੱਖਣ ਨਾਲ ਗੁਰਬਾਣੀ ਦੇ ਗੁੱਝੇ ਭੇਦਾਂ ਦੀ ਸਮਝ ਆਉਂਦੀ ਹੈ।

Gurbani grammar

ਵਿਆਕਰਣ ਉਹ ਵਿਦਿਆ ਹੈ ਜਿਸ ਰਾਹੀਂ ਅਸੀ ਭਾਸ਼ਾ ਦੇ ਨਿਯਮਾਂ ਨੂੰ  ਜਾਣ ਸਕਦੇ ਹਾਂ। ਚੰਗੀ ਗੱਲ ਹੈ ਕਿ ਸਕੂਲਾਂ-ਕਾਲਜਾਂ  ਦੇ ਸਿਲੇਬਸ ਵਿਚ ਥੋੜਾ ਬਹੁਤ ਗੁਰਮਤਿ ਕਾਵਿ ਸ਼ਾਮਲ ਹੈ। ਗੁਰਮਤਿ  ਕਾਵਿ ਨੂੰ  ਜੇਕਰ ਅਸੀ ਗੁਰਬਾਣੀ ਵਿਆਕਰਣ ਦੀ ਜਾਣਕਾਰੀ ਤੋਂ ਬਿਨਾ ਪੜ੍ਹਾਂਗੇ ਤਾਂ ਇਸ ਦੇ ਭਾਵ ਅਰਥ ਨਹੀਂ  ਸਮਝ ਸਕਾਂਗੇ ਤੇ ਸਾਨੂੰ ਇਸ ਵਿਚੋਂ ਸੇਧ, ਗਿਆਨ ਤੇ ਅਨੰਦ ਨਹੀਂ ਮਿਲੇਗਾ। ਇਸ ਕਰ ਕੇ ਪਾਠਕ੍ਰਮ ਵਿਚ ਗੁਰਮਤਿ ਕਾਵਿ ਸ਼ਾਮਲ ਕਰਨ ਦਾ ਮਕਸਦ ਵੀ ਪੂਰਾ ਨਹੀਂ ਹੋ ਸਕੇਗਾ। ਵਿਦਵਾਨਾਂ ਦਾ ਮੰਨਣਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਸਾਰੀ ਗੁਰਬਾਣੀ ਨੂੰ ਖ਼ਾਸ ਵਿਆਕਰਣ ਅਨੁਸਾਰ  ਹੀ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ। ਗੁਰਬਾਣੀ ਵਿਆਕਰਣ ਦੀ ਜਾਣਕਾਰੀ ਰੱਖਣ ਨਾਲ ਗੁਰਬਾਣੀ ਦੇ ਗੁੱਝੇ ਭੇਦਾਂ ਦੀ ਸਮਝ ਆਉਂਦੀ ਹੈ।

ਗੁਰਬਾਣੀ ਦੀ ਚੰਗੀ ਸਮਝ ਆਉਣ ਨਾਲ ਹੀ ਗੁਰਬਾਣੀ ਗਿਆਨ ਦੇ ਵਡਮੁੱਲੇ ਖ਼ਜ਼ਾਨੇ ਦੇ ਭੇਦ ਖੁਲ੍ਹਦੇ ਹਨ ਜਿਸ ਨਾਲ ਬਾਬਾ ਨਾਨਕ ਜੀ ਤੇ ਬਾਬਾ ਨਾਨਕ ਜੋਤ ਦੇ ਪ੍ਰਕਾਸ਼ਾਂ ਤੇ ਹੋਰ ਮਹਾਨ ਬਾਣੀ ਰਚਨਾਕਾਰਾਂ ਦੇ ਵਡਮੁੱਲੇ ਬੋਲਾਂ ਦੀ ਸਮਝ ਆਉਂਦੀ ਹੈ। ਗੁਰਬਾਣੀ ਦੇ ਵਾਕ ‘ਪੜਿਐ ਨਾਹੀ ਭੇਦੁ  ਬੁਝਿਐ ਪਾਵਣਾ॥ (ਪੰਨਾ 148)’ ਅਨੁਸਾਰ ਗੁਰਬਾਣੀ ਸ਼ਬਦ ਨੂੰ ਪੜ੍ਹਨ, ਵਿਚਾਰਨ ਤੇ ਸਮਝਣ-ਬੁੱਝਣ ਨਾਲ ਹੀ ਗੁਰਬਾਣੀ ਸਿਧਾਂਤਾਂ ਦਾ ਪਤਾ ਲਗਦਾ ਹੈ ਤੇ ਗੁਰਮਤਿ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।  ਜੇ ਵਿਆਕਰਣ ਦੀ ਸਮਝ ਹੋਵੇ ਤਾਂ ਗੁਰਬਾਣੀ ਪੜ੍ਹਨ ਵਾਲੇ ਨੂੰ ਹੀ ਨਹੀਂ ਸਗੋਂ ਸੁਣਨ ਵਾਲੇ ਨੂੰ ਵੀ ਪਤਾ ਲਗਦਾ ਹੈ ਕਿ ਸੁਣੀ ਹੋਈ ਪੰਕਤੀ ਦੇ ਸ਼ਬਦ ਜੋੜ ਕੀ ਹਨ। ਅੱਖਰ ਨੂੰ ਸਿਹਾਰੀ ਲੱਗੀ ਹੈ ਜਾਂ ਨਹੀਂ, ਆਖ਼ਰੀ ਅੱਖਰ ਨੂੰ ਔਂਕੜ ਲੱਗੀ ਹੈ ਜਾਂ ਨਹੀਂ।

ਮੰਨ ਲਉ, ‘ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ॥’ ਮਹਾਂਵਾਕ  ਨੂੰ ਜਦੋਂ ਸੁਣਨ ਵਾਲਾ ਸੁਣਦਾ ਹੈ ਤਾਂ ਵਿਆਕਰਣ ਦਾ ਗਿਆਨ ਰੱਖਣ ਕਰ ਕੇ ਉਹ ਝੱਟ ਸਮਝ ਸਕਦਾ ਹੈ ਕਿ ਇਸ  ਵਾਕ ਵਿਚ ਨਾਂ ਤਾਂ ਰਾਮ  ਸ਼ਬਦ  ਵਿਚ ਮੰਮੇ ਨੂੰ  ਔਕੜ ਹੈ ਅਤੇ ਨਾ ਹੀ ਸੰਤ ਸ਼ਬਦ ਵਿਚ ਤੱਤੇ ਨੂੰ ਔਕੜ ਹੈ ਕਿਉਂਕਿ ਰਾਮ-- ਸੰਬੋਧਨ ਕਾਰਕ ਹੈ ਤੇ ਸੰਤ ਬਹੁ ਵਚਨ ਹੈ। ਏਸੇ ਤਰ੍ਹਾਂ, ‘ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ॥3॥ ਸਿਰੀਰਾਗੁ (ਮ. 1, ਗੁਰੂ ਗ੍ਰੰਥ ਸਾਹਿਬ - ਪੰਨਾ 16)
ਇਸ ਮਹਾਂਵਾਕ ਨੂੰ ਸੁਣਨ ਵਾਲਾਂ ਨੂੰ ਜਦੋਂ ‘ਮੇਰੀ ਜਾਤਿ’ ਸ਼ਬਦ  ਸੁਣੇਗਾ ਤਾਂ ਝੱਟ ਪਤਾ ਲਗ ਜਾਵੇਗਾ ਕਿ  ਸ਼ਬਦ ‘ਜਾਤਿ’ ਵਿਚ ਤੱਤੇ ਨੂੰ ਸਿਹਾਰੀ ਹੈ ਕਿਉਂ ਕਿ ਮੇਰੀ ਸ਼ਬਦ ਪੜਨਾਵੀਂ ਵਿਸ਼ੇਸ਼ਣ ਇਸਤਰੀ ਲਿੰਗ ਹੈ। ਇਸ ਕਰ ਕੇ ਜਾਤਿ ਸ਼ਬਦ ਨੂੰ ਇਸਤਰੀ ਲਿੰਗ ਬਣਾਉਣ ਲਈ ਤੱਤੇ ਨੂੰ ਸਿਹਾਰੀ ਲਾਈ ਗਈ ਹੈ ਤੇ ਕਰਮੁ ਵਿਚ ਸਮਝ ਆ ਜਾਵੇਗਾ ਕੇ ਮੰਮੇ ਹੇਠ ਔਂਕੜ ਹੈ ਕਿਉਂਕਿ ਇਸ ਦਾ ਪੜਨਾਵੀ ਵਿਸ਼ੇਸ਼ਣ ਇਕ ਵਚਨ ਤੇਰਾ ਹੈ ਤੇਰੇ ਨਹੀਂ। ਜੇ ਤੇਰੇ ਹੁੰਦਾ ਤਾਂ ਕਰਮ ਹੋਣਾ ਸੀ। ਇਸੇ ਤਰ੍ਹਾਂ ਪਤਿ ਨੂੰ ਸਮਝ ਜਾਵੇਗਾ ਕਿ ਪਤਿ ਇਸਤਰੀ ਲਿੰਗ ਹੈ। ਇਸ ਕਰ ਕੇ ਇਸ ਨੂੰ ਸਿਹਾਰੀ ਲੱਗੀ ਹੈ।  ਪਰਗਟੁ ਨੂੰ ਵੀ ਸਮਝੇਗਾ ਕਿ ਇਹ ਵਿਧੇਅ ਵਿਸ਼ੇਸ਼ਣ ਹੈ। ਇਸ ਕਰ ਕੇ ਔਂਕੜ ਲੱਗਾ ਹੈ

ਸੁਣਨ ਵਾਲਾ  ਇਸ ਪੰਗਤੀ ਵਿਚ ਵਿਆਕਰਣ ਦੇ ਦੂਜੇ ਹਿੱਸਿਆਂ ਜਿਵੇਂ ਨਾਂਵ, ਪੜ੍ਹਨਾਂਵ, ਕਿਰਿਆ, ਵਿਸ਼ੇਸ਼ਣ, ਸਬੰਧਕ ਤੋਂ ਭਲੀ ਭਾਂਤ ਸਮਝ ਜਾਂਦਾ ਹੈ ਕਿ ਅੰਤਲੇ ਅੱਖਰ ਨੂੰ ਲੱਗੀ ਲਘੂ ਮਾਤਰਾ ਹੈ ਕਿ ਨਹੀਂ। ਸੋ ਗੁਰਬਾਣੀ ਨੂੰ ਪੜ੍ਹਨ ਸੁਣਨ ਤੇ ਸਮਝਣ ਲਈ ਗੁਰਬਾਣੀ ਵਿਆਕਰਣ ਦਾ ਗਿਆਨ ਜ਼ਰੂਰੀ ਹੈ। ਸੋ ਕਿਉ ਮੰਦਾ ਆਖੀਐ ਸ਼ਬਦ ਵਿਚ ਭੰਡੁ ਸ਼ਬਦ 12 ਵਾਰ ਆਇਆ ਹੈ ਜਿਸ ਦੇ 4 ਰੂਪ ਹਨ ਜਿਵੇਂ ਭੰਡਿ, ਭੰਡਹੁ, ਭੰਡੁ, ਭੰਡੈ। ਥਾਂ-ਥਾਂ ਆਏ ਸ਼ਬਦ ਵਖਰੇਵਿਆਂ ਨੂੰ ਅਸੀ ਵਿਆਕਰਣ ਦੇ ਗਿਆਨ ਨਾਲ ਹੀ ਸਮਝ ਸਕਦੇ ਹਾਂ। ਇਸ ਦੀ ਸਮਝ ਨਾਲ ਖੋਜੀ ਰੁਚੀ ਵੀ ਪੈਦਾ ਹੋਵੇਗੀ ਤੇ  ਗੁਰਬਾਣੀ ਦੇ ਸਮੁੰਦਰ ਦੀ ਡੂੰਘਾਈ ਵਿਚ ਵੀ ਉਤਰਿਆ ਜਾ ਸਕੇਗਾ। ਇਹ ਗੱਲ ਸੀ ਲਗਾਂ ਮਾਤਰਾ ਦੇ ਫ਼ਰਕ ਦੀ। ਦੂਸਰੀ ਗੱਲ ਹੈ- ਗੁਰਬਾਣੀ ਵਿਚ ਆਏ ਉਹ ਸ਼ਬਦ ਜਿਨ੍ਹਾਂ ਨੂੰ ਅਸੀ ਹੋਰ ਅਰਥਾਂ ਵਿਚ ਬੋਲਦੇ ਹਾਂ ਪਰ ਗੁਰਬਾਣੀ ਵਿਚ ਉਨ੍ਹਾਂ ਦੇ ਅਰਥ ਹੋਰ ਹੁੰਦੇ ਹਨ ਜਿਵੇਂ ਸ਼ਬਦ, ਮਿਠ ਬੋਲੜਾ ਜੀ ਹਰਿ ਸਜਣੁ ਵਿਚ ਆਏ ‘ਅਉਗਣੁ ਕੋ ਨ ਚਿਤਾਰੈ’ ਵਿਚ ‘ਕੋ’  ਦਾ ਅਰਥ ਹਿੰਦੀ ਭਾਸ਼ਾ ਵਾਲਾ ‘ਕੋ’ ਨਹੀਂ ਜਿਸ ਦਾ ਪੰਜਾਬੀ ਵਿਚ ਅਰਥ ‘ਨੂੰ’ ਹੁੰਦਾ ਹੈ ਸਗੋਂ ਇਸ ਦਾ ਅਰਥ ‘ਕੋਈ ਵੀ’ ਹੈ। ਹੋਰ ਵੀ ਵੇਖੋ ਜਿਵੇਂ, ਰੈਣਿ ਤੇ ਰੇਣੁ ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ (ਰੈਣਿ=ਰਾਤ) ਸੰਤਾ ਕੀ ਰੇਣੁ ਸਾਧ ਜਨ ਸੰਗਤ ਹਰ ਕੀਰਤਿ ਤਰ ਤਾਰੀ॥ (ਰੈਣੁ=ਚਰਨ ਧੂੜ) ਇਸ ਤਰ੍ਹਾਂ ਸੋਇ ਸ਼ਬਦ ਦੇ ਵੀ ਅਰਥ ਵਖਰੇ ਹਨ। ਆਪੇ ਆਪ ਨਿਰੰਜਣ ਸੋਇ। (ਸੋਇ=ਉਹ) ਜਾ ਕੀ ਸੋਇ ਸੁਣੀ ਮਨ ਜੀਵੈ। (ਸੋਇ=ਸੋਭਾ) ਹੁਣ ਹੋਰ ਸ਼ਬਦ ਆਉਂਦਾ ਹੈ- ‘ਜਾਏ’। ਜਿਥੇ ਰੱਖੇ ਸਾ ਭਲੀ ਜਾਏ। (ਜਾਏ= ਥਾਂ) ਜਿਥੇ ਜਾਇ ਬਹੈ ਮੇਰਾ ਸਤਿਗੁਰੂ।

(ਜਾਇ= ਜਾ ਕੇ) ‘ਮੋਹੀ’ ਸ਼ਬਦ ਦੇ ਅਰਥ ਵੀ ਇਸ ਤਰ੍ਹਾਂ ਹੀ ਵੱਖ-ਵੱਖ ਹਨ। ਤੂੰ ਗੁਣ ਸਾਗਰ ਅਵਗੁਣ ਮੋਹੀ। (ਮੋਹੀ=ਮੇਰੇ ਵਿਚ) ਕਲਾ ਧਾਰਿ ਜਿਨਿ ਸਗਲੀ ਮੋਹੀ। (ਮੋਹੀ=ਮੋਹ ਲਈ ਹੈ।)। ਗਾਵੈ ਕੋ ਗੁਣ ਵਡਿਆਈਆ ਚਾਰ। (ਚਾਰ=ਸੋਹਣੀ, ਸੁੰਦਰ) ਫ਼ਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ। (ਚਾਰਿ=, ਗਿਣਤੀ ਵਿਚ 4) ਇਸ ਵਿਸ਼ੇ ਵਿਚ ਮੇਰਾ ਕਹਿਣਾ ਹੈ ਕਿ ਇਕੋ ਸ਼ਬਦ ਨੂੰ ਵੱਖ-ਵੱਖ ਲਗਾਂ ਮਾਤਰਾ ਤੇ ਸ਼ਬਦਾਂ ਦੇ ਵੱਖ-ਵੱਖ ਰੂਪਾਂ ਵਿਚ ਆਉਣ ਦਾ ਇਕ ਵਿਸ਼ੇਸ਼ ਕਾਰਨ ਹੁੰਦਾ ਹੈ। ਹਰ ਇਕ ਲਗ ਮਾਤਰਾ ਤੇ ਸ਼ਬਦ ਦੇ ਵਖਰੇ ਰੂਪ ਦੀ ਵਖਰੀ ਹੀ ਅਹਿਮੀਅਤ ਹੈ। ਗੁਰਬਾਣੀ ਵਿਚ ਲਿੰਗ ਪੁਲਿੰਗ ਦਾ ਵੀ ਵਖਰਾ ਵਿਧੀ ਵਿਧਾਨ ਹੈ। ਇਕ ਵਚਨ ਤੇ ਬਹੁ ਵਚਨ ਦਰਸਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਇਸ ਅਹਿਮੀਅਤ ਨੂੰ ਗੁਰਬਾਣੀ ਵਿਆਕਰਣ ਦੇ ਨਿਯਮਾਂ ਦੀ ਸੂਝ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ।

ਪੜ੍ਹਾਉਣ ਵਾਲੇ ਲਈ ਇਹ ਗੱਲ ਜ਼ਰੂਰੀ ਹੈ ਕਿ ਉਸ ਨੂੰ ਅਪਣੇ ਵਿਸ਼ੇ ਦੀ ਪੂਰੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ। ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਨੂੰ ਗੁਰਬਾਣੀ ਵਿਆਕਰਣ ਦੀ ਵਿਸ਼ੇਸ਼ ਟ੍ਰੇਨਿੰਗ ਦਿਤੀ ਜਾਣੀ ਚਾਹੀਦੀ ਹੈ ਤਾਕਿ ਉਹ ਗੁਰਮਤਿ ਕਾਵਿ ਨੂੰ ਵਧੀਆ ਢੰਗ ਨਾਲ ਪੜ੍ਹਾ ਸਕਣ। ਇਸ ਪਾਸੇ ਵਲ ਸਿਖਿਆ ਵਿਭਾਗ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰਕਾਂ ਤੇ ਗੁਰੂਘਰ ਦੇ ਪ੍ਰੇਮੀਆਂ  ਵਲੋਂ ਵੀ ਯਤਨ ਹੋਣੇ ਚਾਹੀਦੇ ਹਨ।
ਸੰਪਰਕ : 98780-23768