ਕੀ ਇਹ ਹੈ ਸਾਡਾ ਕਿਰਦਾਰ?
ਗੱਲ ਤਕਰੀਬਨ ਦੋ ਸਾਲ ਪਹਿਲਾਂ ਦੀ ਹੈ। ਮੈਂ ਸਕੂਲੋਂ ਘਰ ਆ ਕੇ ਅਜੇ ਵਰਦੀ ਲਾਹ ਕੇ ਘਰ ਦੇ ਕਪੜੇ ਪਾਏ ਹੀ ਸੀ ਕਿ, ਬੇਬੇ ਦੀ ਆਵਾਜ਼ ਆਈ, ''ਵੇ ਨਿੱਕਿਆ, ਜਾ ਵੇ ਜਾ ...
ਗੱਲ ਤਕਰੀਬਨ ਦੋ ਸਾਲ ਪਹਿਲਾਂ ਦੀ ਹੈ। ਮੈਂ ਸਕੂਲੋਂ ਘਰ ਆ ਕੇ ਅਜੇ ਵਰਦੀ ਲਾਹ ਕੇ ਘਰ ਦੇ ਕਪੜੇ ਪਾਏ ਹੀ ਸੀ ਕਿ, ਬੇਬੇ ਦੀ ਆਵਾਜ਼ ਆਈ, ''ਵੇ ਨਿੱਕਿਆ, ਜਾ ਵੇ ਜਾ ਕੇ ਬਾਜ਼ਾਰੋਂ ਸਬਜ਼ੀ ਲਿਆ। ਆਥਣੇ ਰੋਟੀ ਖਾਣੀ ਏ ਕਿ ਨਹੀਂ? ਤੂੰ ਸਬਜ਼ੀ ਲਿਆ ਮੈਂ ਰੋਟੀ ਬਣਾਉਂਦੀ ਆਂ।'' ਮੈਂ ਝੋਲਾ ਚੁਕਿਆ ਤੇ ਸਾਈਕਲ ਅੱਗੇ ਟੰਗ ਕੇ ਬਾਜ਼ਾਰ ਨੂੰ ਚੱਲ ਪਿਆ। ਘਰ ਤੋਂ ਬਾਜ਼ਾਰ ਡੇਢ ਕੁ ਮੀਲ ਦਾ ਪੈਂਡਾ ਸੀ। ਦਸ-ਬਾਰਾਂ ਮਿੰਟਾਂ ਵਿਚ ਬਾਜ਼ਾਰ ਪਹੁੰਚਿਆ, ਸ਼ਬਜ਼ੀ ਖ਼ਰੀਦ ਕੇ ਘਰ ਨੂੰ ਮੁੜ ਰਿਹਾ ਸੀ ਕਿ ਰਾਹ ਵਿਚ ਜਾਣਕਾਰ ਵੀਰ ਮਿਲਿਆ।
ਫ਼ਤਹਿ ਬੁਲਾਈ ਤੇ ਕਹਿੰਦਾ, ''ਆ ਜਾ ਬਹਿ ਜਾ, ਦੋ ਘੜੀ ਕੁੱਝ ਵਿਚਾਰਾਂ ਦੀ ਪਾਈਏ।'' ਮੈਂ ਕਿਹਾ, ''ਜ਼ਰੂਰ ਜੀ।''
ਅਸੀ ਦੋਵੇਂ ਇਕ ਡੇਂਕ ਹੇਠ ਬਹਿ ਗਏ। ਵੀਰ ਨੇ ਅਪਣੇ ਵਿਚਾਰ ਸ਼ੁਰੂ ਕੀਤੇ, ਦਸ-ਬਾਰਾਂ ਮਿੰਟ ਬੀਤੇ ਮੈਨੂੰ ਯਾਦ ਆਇਆ ਕਿ ਬੇਬੇ ਘਰੇ ਉਡੀਕਦੀ ਹੋਵੇਗੀ। ਮੈਂ ਵੀਰ ਤੋਂ ਆਗਿਆ ਲੈਣ ਲਈ ਉਠਣ ਹੀ ਲੱਗਾ ਸੀ ਕਿ ਉਸ ਨੇ ਮੇਰੇ ਕਈ ਹੱਥ ਕਾਰਡ ਫੜਾਏ ਤੇ ਕਹਿੰਦਾ ਕਿ ''ਆਪਾਂ ਦਸਤਾਰ ਸਿਖਲਾਈ ਅਕੈਡਮੀ ਖੋਲ੍ਹੀ ਏ (ਉਂਜ ਉਹ ਵੀਰ ਗੁਰਸਿੱਖ ਸੀ)। ਆਹ ਕਾਰਡ ਵੱਧ ਤੋਂ ਵੱਧ ਲੋਕਾਂ ਵਿਚ ਵੰਡ ਦੇਈਂ।'' ਮੈਂ ਕਿਹਾ, ''ਜ਼ਰੂਰ ਜੀ।''
ਤੁਰਨ ਲੱਗਾ ਹੀ ਸੀ ਕਿ ਇਕ ਸਵਾਲ ਮੇਰੇ ਦਿਮਾਗ਼ ਵਿਚ ਆਇਆ ਤੇ ਪੁੱਛ ਲਿਆ, ''ਵੀਰ ਇਹ ਸਿਖਲਾਈ ਮੁਫ਼ਤ ਸੇਵਾ ਹੈ?'' ਅਪਣਾ ਜਵਾਬ ਦੇਂਦਿਆਂ ਉਸ ਨੇ ਕਿਹਾ, ''ਹੈ ਤਾਂ ਸੇਵਾ ਹੀ, ਉਂਜ ਪਰ 1100 ਰੁਪਏ ਸ਼ਗਨ ਤਾਂ ਜ਼ਰੂਰ ਲੈਂਦੇ ਹਾਂ। ਬਾਕੀ ਕੋਈ ਅਪਣੀ ਮਰਜ਼ੀ ਨਾਲ ਵੱਧ ਦੇਵੇ ਤਾਂ ਕਹਿਣਾ ਹੀ ਕੀ। ਨਾਲੇ ਹਾਂ ਸੱਚ, ਤੈਨੂੰ ਪਤੈ ਅਪਣੇ ਨਾਲ ਦੇ ਪਿੰਡ ਦਸਤਾਰ ਸਿਖਾਉਂਦੇ ਹਨ ਅਤੇ ਉਹ ਪੂਰੇ 1500 ਰੁਪਏ ਮਹੀਨਾ ਲੈਂਦੇ ਹਨ, ਆਪਾਂ ਪਰ 1200 ਰੁਪਏ ਹੀ ਫ਼ੀਸ ਰੱਖੀ ਹੈ। ਬਾਕੀ ਤੈਨੂੰ ਤਾਂ ਪਤਾ ਹੈ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਐ, ਢੰਗ ਕੋਈ ਹੋਵੇ ਪੈਸੇ ਤਾਂ ਕਮਾਉਣੇ ਹੀ ਪੈਂਦੇ ਹਨ।
ਨੌਕਰੀ ਤਾਂ ਤੈਨੂੰ ਪਤਾ ਹੀ ਹੈ ਕਿਥੇ ਮਿਲਦੀ ਹੈ ਅਜਕਲ।''
ਮੈਥੋਂ ਹੋਰ ਨਾ ਸੁਣਿਆ ਗਿਆ ਤੇ ਸਾਈਕਲ ਦੇ ਪੈਡਲ ਮਾਰ ਘਰ ਨੂੰ ਚੱਲ ਪਿਆ। ਘਰ ਬਹੁਤੀ ਦੂਰ ਨਹੀਂ ਸੀ ਪਰ ਉਸ ਦੇ ਕਹੇ ਲਫ਼ਜ਼ਾਂ ਨੂੰ ਯਾਦ ਕਰਦਿਆਂ ਮੈਨੂੰ ਪੈਂਡਾ ਥੋੜ੍ਹਾ ਲੰਮਾ ਜਾਪਿਆ ਤੇ ਸੋਚਣ ਲੱਗਾ ਕਿ ਜਦੋਂ (ਕਲਗੀਧਰ) ਦਸਵੇਂ ਪਾਤਸ਼ਾਹ ਜੀ ਨੇ ਖ਼ਾਲਸਾ ਸਾਜਿਆ ਸੀ, ਕੀ ਅਪਣੇ ਨਿਜੀ ਹਿਤਾਂ ਲਈ ਸਾਜਿਆ ਸੀ? ਕੀ ਪੰਜਾਂ ਪਿਆਰਿਆਂ ਦੇ ਦਸਤਾਰਾਂ ਇਸ ਲਈ ਸਜਾਈਆਂ ਕਿ ਤੁਸੀ ਵਪਾਰ ਕਰਿਉ?
ਕੀ ਉਨ੍ਹਾਂ ਸ਼ਗਨ ਲੈਣ ਲਈ ਜਾਂ ਫ਼ੀਸਾਂ ਵਸੂਲਣ ਲਈ ਦਸਤਾਰਾਂ ਸਜਾਈਆਂ ਸਨ? ਇਸ ਤਰ੍ਹਾਂ ਦੇ ਸਵਾਲ ਮੇਰੇ ਦਿਮਾਗ਼ ਵਿਚ ਆਏ। ਮੈਨੂੰ ਅਪਣੇ ਆਪ ਉਤੇ ਸ਼ਰਮਿੰਦਗੀ ਮਹਿਸੂਸ ਹੋਈ ਕਿ ਸਾਡੇ ਅੰਦਰ ਕਿੰਨੀਆਂ ਕਮੀਆਂ ਹਨ, ਸਾਡਾ ਕਿਰਦਾਰ ਕਿੰਨਾ ਡਿੱਗ ਚੁਕਿਆ ਹੈ ਕਿ ਅਸੀ ਗੁਰਸਿੱਖ ਹੋ ਕੇ ਵੀ ਦਸਤਾਰ ਦੀ ਅਹਿਮੀਅਤ ਅਤੇ ਗੁਰੂ ਦੇ ਸਿਧਾਂਤ ਨੂੰ ਨਹੀਂ ਸਮਝ ਸਕੇ। ਗੁਰੂ ਜੀ ਨੇ ਸਰਬੰਸ ਵਾਰਿਆ ਧਰਮ ਲਈ, ਦਸਤਾਰ ਲਈ, ਸਾਨੂੰ ਵਖਰੀ ਪਛਾਣ ਦੇਣ ਲਈ।
ਸਾਡੇ ਵਲ ਹੀ ਉਹ ਇਸ਼ਾਰਾ ਕਰ ਕੇ ਕਹਿ ਗਏ ਸਨ:
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ£
ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ£
ਪਰ ਪੈਸੇ ਦੀ ਔੜ ਵਿਚ ਸਾਡਾ ਕਿਰਦਾਰ ਤੇ ਇਨਸਾਨੀਅਤ ਖ਼ਤਮ ਹੋ ਰਹੀ ਹੈ, ਅਸੀ ਦਸਤਾਰ ਨੂੰ ਦਸਤਾਰ ਨਾ ਸਮਝ ਕੇ ਵਪਾਰ ਸਮਝ ਲਿਆ ਹੈ।
ਇੰਜ ਸੋਚਾਂ ਦੀ ਪੁਲਾਂਘ ਪੁਟਦਿਆਂ ਪਤਾ ਹੀ ਨਹੀਂ ਲੱਗਾ ਕਿ ਘਰ ਆ ਗਿਆ। ਮੈਂ ਬੇਬੇ ਨੂੰ ਸਬਜ਼ੀ ਫੜਾਈ ਤੇ ਪੀੜ੍ਹੀ ਉਤੇ ਬਹਿ ਗਿਆ। ਫਿਰ ਸੋਚਣ ਲੱਗਾ ਤਾਂ ਬੇਬੇ ਨੇ ਪੁਛਿਆ, ''ਪੁੱਤਰ ਕੀ ਹੋਇਆ?''
ਮੈਂ ਕਿਹਾ, ''ਬੇਬੇ ਕੁੱਝ ਨਹੀਂ ਤੁਸੀ ਰੋਟੀ-ਪਾਣੀ ਤਿਆਰ ਕਰੋ।'' ਮੈਂ ਸਾਰਾ ਦਿਨ ਅਪਣੇ ਜ਼ਮੀਰ ਨੂੰ ਜਗਾਉਣ ਦੀ ਹਿੰਮਤ ਕਰਦਾ ਰਿਹਾ ਤੇ ਹੱਥ ਫੜੇ ਉਹ ਕਾਰਡ ਵੇਖ ਕੇ ਸੋਚਦਾ ਰਿਹਾ ਕਿ ਹੁਣ ''ਇਨ੍ਹਾਂ ਦਾ ਕੀ ਕਰਾਂ?'' ਸੰਪਰਕ : 99147-01060