ਨਹੀਂ ਰਹੇ ਟੋਕਰੇ, ਛਾਬੀਆਂ ਤੇ ਛਿੱਕੂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਹਿੰਦੇ ਹਨ ਕਿ ਸਮੇਂ ਦੇ ਨਾਲ ਨਾਲ ਰਹਿਣ-ਸਹਿਣ, ਪੀਣ, ਪਹਿਰਾਵੇ ਅਤੇ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਵਿਚ ਵੀ ਬਦਲਾਅ ਆਉਂਦਾ ਰਹਿੰਦਾ ਹੈ। ਇਸ ਬਦਲਾਅ...

No baskets, no shoes

ਕਹਿੰਦੇ ਹਨ ਕਿ ਸਮੇਂ ਦੇ ਨਾਲ ਨਾਲ ਰਹਿਣ-ਸਹਿਣ, ਪੀਣ, ਪਹਿਰਾਵੇ ਅਤੇ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਵਿਚ ਵੀ ਬਦਲਾਅ ਆਉਂਦਾ ਰਹਿੰਦਾ ਹੈ। ਇਸ ਬਦਲਾਅ ਨਾਲ ਕਈ ਵਿਰਾਸਤੀ ਕੰਮ-ਧੰਦੇ ਤੇ ਵਸਤਾਂ ਵੀ ਅਪਣੀ ਹੋਂਦ ਗੁਆ ਕੇ ਯਾਦਾਂ ਦੇ ਪਿਟਾਰੇ ਵਿਚ ਸਮਾ ਜਾਂਦੀਆਂ ਹਨ। ਫਿਰ ਜੇਕਰ ਕਦੇ ਕਦੇ ਇਨ੍ਹਾਂ ਦੇ ਦਰਸ਼ਨ-ਦੀਦਾਰ ਹੋ ਜਾਣ ਤਾਂ ਸੱਚਮੁਚ ਹਰ ਪੰਜਾਬੀ ਨੂੰ ਅਪਣੇ ਪੰਜਾਬ ਦੀ ਇਸ ਅਮੀਰ ਵਿਰਾਸਤ ਉਤੇ ਨਿੱਘਾ ਮਾਣ ਮਹਿਸੂਸ ਹੁੰਦਾ ਹੈ। 


ਪੰਜਾਬ ਦੀ ਵਿਰਾਸਤ ਦਾ ਹਿੱਸਾ ਰਹੇ ਤੂਤ ਦੇ ਟੋਕਰੇ, ਟੋਕਰੀਆਂ, ਛਾਬੀਆਂ, ਛਿੱਕੂ ਅੱਜ ਅਲੋਪ ਹੁੰਦੇ ਜਾ ਰਹੇ ਹਨ। ਤੂਤ ਦੀ ਟਾਹਣੀ ਟੋਕਰੇ, ਟੋਕਰੀਆਂ ਤੇ ਛਿੱਕੂ ਆਦਿ ਬਣਾਉਣ ਲਈ ਅਤਿ-ਉੱਤਮ ਮੰਨੀ ਜਾਂਦੀ ਹੈ। ਤੂਤ ਦੀਆਂ ਟਾਹਣੀਆਂ ਨੂੰ ਕੱਟ ਕੇ ਤਰਾਸ਼ਿਆ ਜਾਂਦਾ ਸੀ ਅਤੇ ਫਿਰ ਇਸ ਕੰਮ ਦੇ ਮਾਹਰ ਕਾਫ਼ੀ ਘਾਲਣਾ-ਘਾਲ ਕੇ ਇਨ੍ਹਾਂ ਛਟੀਆਂ ਤੋਂ ਵਖੋ-ਵਖਰੇ ਆਕਾਰ ਦੇ ਟੋਕਰੇ, ਟੋਕਰੀਆਂ ਤੇ ਛਿਬੀਆਂ, ਛਿੱਕੂ ਆਦਿ ਤਿਆਰ ਕਰਦੇ ਹੁੰਦੇ ਸਨ। 

ਇਹ ਬਹੁਤ ਮਿਹਨਤ ਦਾ ਕੰਮ ਹੋਣ ਦੇ ਨਾਲ ਇਕ ਵੱਡਾ ਹੁਨਰ ਵੀ ਸੀ। ਕਈ ਲੋਕ ਅਪਣੇ ਘਰਾਂ ਜਾਂ ਖੇਤਾਂ ਵਿਚੋਂ ਤੂਤ ਦੀਆਂ ਟਾਹਣੀਆਂ ਕੱਟ ਕੇ ਕਾਰੀਗਰ ਕੋਲ ਲੈ ਜਾਂਦੇ ਤੇ ਟੋਕਰੇ, ਟੋਕਰੀਆਂ ਜਾਂ ਛਿੱਕੂ ਬਣਵਾ ਲੈਂਦੇ ਸਨ। ਇਨ੍ਹਾਂ ਟੋਕਰਿਆਂ ਨੂੰ ਖ਼ਾਸ ਕਰ ਕੇ ਪਿੰਡਾਂ ਵਿਚ ਕਿਸਾਨ ਭਰਾ ਪਸ਼ੂਆਂ ਦੀ ਰੂੜੀ ਖਿਲਾਰਨ, ਗੰਨੇ ਤੋਂ ਪੈਦਾ ਕੀਤੇ ਗੁੜ ਦੀ ਸੰਭਾਲ ਲਈ ਟਰਾਲੀਆਂ ਵਿਚ ਫ਼ਸਲਾਂ ਲੱਦਣ (ਭਰਨ) ਲਈ, ਗੋਹਾ-ਕੂੜਾ ਸੰਭਾਲਣ ਲਈ ਜਾਂ ਸਾਫ਼ ਬਰਤਨ ਰੱਖਣ ਲਈ ਵਰਤਦੇ ਹੁੰਦੇ ਸਨ। 
ਵਿਆਹਾਂ ਵਿਚ ਟੋਕਰੀਆਂ ਤੇ ਛਾਬੀਆਂ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ ਸੰਭਾਲਣ ਲਈ ਕੀਤੀ ਜਾਂਦੀ ਸੀ।

ਘਰਾਂ ਵਿਚ ਸੁਆਣੀਆਂ ਛਾਬੀਆਂ, ਛਿੱਕੂ ਆਦਿ ਵਿਚ ਰੋਟੀਆਂ ਰੱਖ ਲੈਂਦੀਆਂ ਸਨ ਅਤੇ ਰੋਟੀਆਂ ਲੰਮੇ ਸਮੇਂ ਤਕ ਤਰੋ ਤਾਜ਼ਾ ਰਹਿੰਦੀਆਂ ਸਨ। ਟੋਕਰੇ-ਟੋਕਰੀਆਂ ਵਿਚ ਫੱਲ-ਸਬਜ਼ੀਆਂ ਸੰਭਾਲ ਕੇ ਰੱਖ ਲਏ ਜਾਂਦੇ ਸਨ। ਕਈ ਪਿੰਡਾਂ ਦੇ ਲੋਕ ਮੁਰਗੀਆਂ ਜਾਂ ਚੂਚੇ ਆਦਿ ਨੂੰ ਟੋਕਰੇ-ਟੋਕਰੀਆਂ ਉਲਟਾ ਰੱਖ ਕੇ (ਮੂਧੀਆਂ ਮਾਰ ਕੇ) ਰਖਦੇ ਸਨ। ਸੁਆਣੀਆਂ ਪਸ਼ੂਆਂ ਦਾ ਗੋਹਾ-ਕੂੜਾ ਵੀ ਟੋਕਰੇ-ਟੋਕਰੀਆਂ ਵਿਚ ਪਾ ਕੇ ਖੇਤਾਂ ਵਿਚ ਲਗਾਏ ਢੇਰਾਂ ਤਕ ਪਹੁੰਚਾਉਂਦੀਆਂ ਸਨ। 

ਕੁੱਪ ਵਿਚੋਂ ਤੂੜੀ ਆਦਿ ਕੱਢਣ ਜਾਂ ਹਰਾ ਚਾਰਾ ਮਸ਼ੀਨ ਤੇ ਕੱਟ ਕੇ ਪਸ਼ੂਆਂ ਨੂੰ ਪਾਉਣ ਲਈ ਵੀ ਇਨ੍ਹਾਂ ਟੋਕਰੇ-ਟੋਕਰੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਅਜਕਲ ਤੂਤਾਂ ਦੇ ਰੁੱਖ ਵੀ ਬਹੁਤ ਘੱਟ ਗਏ ਹਨ ਅਤੇ ਸਮਾਂ ਵੀ ਕਾਫ਼ੀ ਬਦਲ ਗਿਆ ਹੈ। ਇਸ ਕਰ ਕੇ ਤੂਤ ਦੀਆਂ ਟਾਹਣੀਆਂ ਤੋਂ ਟੋਕਰੇ, ਟੋਕਰੀਆਂ, ਛਾਬੀਆਂ, ਛਿੱਕੂ ਆਦਿ ਬਣਾਉਣ ਅਤੇ ਵਰਤੋਂ ਕਰਨ ਦੀ ਵਿਰਾਸਤ ਖ਼ਤਮ ਹੋ ਰਹੀ ਹੈ।

ਨੌਜਵਾਨਾਂ ਨੇ ਪਿਤਾ-ਪੁਰਖੀ ਕਿੱਤੇ ਤਿਆਗ ਕੇ ਬਣਾਉਣ, ਨੌਕਰੀ ਕਰਨ, ਸ਼ਹਿਰਾਂ ਵਿਚ ਰਹਿਣ ਦੀ ਸੋਚ ਬਣਾ ਲਈ ਹੈ। ਖੇਤੀਬਾੜੀ ਵੀ ਮਸ਼ੀਨਾਂ ਉਤੇ ਨਿਰਭਰ ਹੋ ਗਈ ਹੈ। ਘਰ-ਘਰ ਪਸ਼ੂ ਪਾਲਣ ਦੀ ਰਵਾਇਤ ਵੀ ਪਿੰਡਾਂ ਵਿਚੋਂ ਖ਼ਤਮ ਹੁੰਦੀ ਜਾ ਰਹੀ ਹੈ, ਧਾਤੂ ਤੋਂ ਬਣੀਆਂ ਬਾਲਟੀਆਂ, ਬੱਠਲ ਤੇ ਚਪਾਤੀ ਬਾਕਸਾਂ ਨੇ ਟੋਕਰੀਆਂ, ਛਾਬੀਆਂ, ਛਿੱਕੂ ਦੀ ਹੋਂਦ ਖ਼ਤਮ ਕਰ ਦਿਤੀ ਹੈ ਪਰ ਜਿਸ ਕਿਸੇ ਨੇ ਵੀ ਟੋਕਰੇ, ਟੋਕਰੀਆਂ, ਛਾਬੀਆਂ ਤੇ ਛਿੱਕੂ, ਦੀ ਵਰਤੋਂ ਕੀਤੀ ਹੋਵੇ ਤੇ ਉਸ ਸਮੇਂ ਨੂੰ ਵੇਖਿਆ-ਪਰਖਿਆ ਹੋਵੇ, ਉਸ ਨੂੰ ਇਨ੍ਹਾਂ ਦੀ ਯਾਦ ਜ਼ਰੂਰ ਆਉਂਦੀ ਹੋਵੇਗੀ।                            ਸੰਪਰਕ : 94785-61356