7 ਜੂਨ 1984: ਲੜਨ ਵਾਲੇ ਸਿੰਘ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫ਼ੌਜ ਵਲੋਂ ਫੜ੍ਹੇ ਜਾ ਚੁੱਕੇ ਸਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਫ਼ੌਜੀ ਹੁਣ ਦਰਬਾਰ ਸਾਹਿਬ ਪਰਿਕਰਮਾ ਵਿਚ ਲਈਆਂ ਲਾਸ਼ਾਂ ਨੂੰ ਹਟਾ ਰਹੇ ਸਨ।

Darbar Sahib

ਤਰਨਤਾਰਨ: 6 ਜੂਨ ਸ਼ਾਮ ਤਕ ਗੋਲੀਬਾਰੀ ਘੱਟ ਗਈ ਸੀ। ਲੜਨ ਵਾਲੇ ਸਿੰਘ ਜਾਂ ਤੇ ਸ਼ਹੀਦ ਹੋ ਚੁੱਕੇ ਸਨ ਤੇ ਜਾਂ ਫ਼ੌਜ ਵਲੋਂ ਫੜੇ ਜਾ ਚੁੱਕੇ ਸਨ। ਫ਼ੌਜੀ ਹੁਣ ਦਰਬਾਰ ਸਾਹਿਬ ਪਰਿਕਰਮਾ ਵਿਚ ਲਈਆਂ ਲਾਸ਼ਾਂ ਨੂੰ ਹਟਾ ਰਹੇ ਸਨ। ਗਰਮੀ ਕਾਰਨ ਲਾਸ਼ਾਂ ਫੁਲ ਚੁਕੀਆਂ ਸਨ, ਗਲ਼ ਚੁਕੀਆਂ ਸਨ ਤੇ ਇਨ੍ਹਾਂ ਵਿਚੋਂ ਬਦਬੂ ਆ ਰਹੀ ਸੀ। ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਖੜੇ ਹੋਣਾ ਮੁਸ਼ਕਲ ਹੋਇਆ ਸੀ।

ਫ਼ੌਜ ਨੇ ਇਸ ਕੰਮ ਲਈ ਸਥਾਨਕ ਕਾਰਪੋਰੇਸ਼ਨ ਦੇ ਸਫ਼ਾਈ ਕਰਮਚਾਰੀਆਂ ਦੀ ਮਦਦ ਲਈ। ਕੁੱਝ ਸੂਤਰ ਇਹ ਦਾਅਵਾ ਵੀ ਕਰਦੇ ਹਨ ਕਿ ਸਫ਼ਾਈ ਕਰਮਚਾਰੀਆਂ ਨੂੰ ਪਹਿਲਾਂ ਰੱਜ ਕੇ ਸ਼ਰਾਬ ਪਿਲਾਈ ਗਈ। ਲਾਸ਼ਾਂ ਇਸ ਹੱਦ ਤਕ ਗਲ਼ ਚੁਕੀਆਂ ਸਨ ਕਿ ਅੰਗ ਵੀ ਹੱਥ ਲਾਇਆ ਲੱਥ ਜਾਂਦੇ ਸਨ। ਲਾਸ਼ਾਂ ਤੇ ਡੀਡੀਟੀ ਦਾ ਛਿੜਕਾਅ ਕੀਤਾ ਗਿਆ। ਸੰਤਾਂ ਦੀ ਲਾਸ਼ ਨੂੰ ਘੰਟਾ ਘਰ ਦੀ ਬਾਹੀ 'ਤੇ ਰਖਿਆ ਗਿਆ ਸੀ। ਉਨ੍ਹਾਂ ਦੇ ਕੇਸ ਖੁਲ੍ਹੇ ਹੋਏ ਸਨ। ਚਿਹਰੇ 'ਤੇ ਗੋਲੀਆਂ ਲਗੀਆਂ ਸਨ। ਇਕ ਲਤ ਵੀ ਗੋਲੀ ਲੱਗਣ ਕਰ ਕੇ ਟੁੱਟ ਕੇ ਲਮਕੀ ਹੋਈ ਸੀ।

ਇਸ ਸਮੇਂ ਇਕ ਫਿਰਕੇ ਦੇ ਲੋਕਾਂ ਨੂੰ ਦਰਬਾਰ ਸਾਹਿਬ ਲਿਆ ਕੇ ਸੰਤ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਵਿਖਾਈ ਜਾ ਰਹੀ ਸੀ। ਬ੍ਰਿਗੇਡੀਅਰ ਉਂਕਾਰ ਸਿੰਘ ਗੋਰਾਇਆ ਜੋ ਇਸ ਅਸਾਵੀਂ ਜੰਗ ਵਿਚ ਸ਼ਾਮਲ ਸੀ, ਨੇ ਦਸਿਆ ਕਿ ਉਨ੍ਹਾਂ 1965 ਤੇ 1971 ਦੀ ਜੰਗ ਵਿਚ ਵੀ ਹਿੱਸਾ ਲਿਆ ਸੀ ਪਰ ਇੰਨੀਆਂ ਲਾਸ਼ਾਂ ਉਨ੍ਹਾਂ ਉਸ ਲੜਾਈ ਵਿਚ ਵੀ ਨਹੀਂ ਸੀ ਵੇਖੀਆਂ। ਸਫ਼ਾਈ ਤੋਂ ਬਾਅਦ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਲਾਸ਼ਾਂ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨ ਘਾਟ ਵਿਖੇ ਲੈ ਜਾਇਆ ਗਿਆ ਜਿਥੇ ਸਮੂਹਿਕ ਤੌਰ 'ਤੇ ਲਾਸ਼ਾਂ ਦਾ ਸਸਕਾਰ ਕੀਤਾ ਜਾਣਾ ਸ਼ੁਰੂ ਕੀਤਾ ਗਿਆ।

ਹਰ ਚਿਤਾ 'ਤੇ 15 ਦੇ ਕਰੀਬ ਲਾਸ਼ਾਂ ਰੱਖ ਕੇ ਬਿਨਾਂ ਕਿਸੇ ਧਾਰਮਕ ਰਸਮ ਦੇ ਲਾਸ਼ਾਂ ਨੂੰ ਅੱਗ ਲਗਾਈ ਜਾ ਰਹੀ ਸੀ। ਫ਼ੌਜ ਦੀ ਮਦਦ ਲਈ ਸਥਾਨਕ ਪੁਲਿਸ ਵਲੋਂ ਐਸਐਸਪੀ ਸ਼ੀਤਲ ਦਾਸ ਤੇ ਡੀਐਸਪੀ ਅਪਾਰ ਸਿੰਘ ਬਾਜਵਾ ਦੀ ਡਿਊਟੀ ਸੀ। ਸ਼ਾਮ ਨੂੰ 46 ਆਰਮਡ ਦੇ ਬ੍ਰਿਗੇਡੀਅਰ ਜੀਐਸ ਘੁੰਮਣ ਦੀ ਅਗਵਾਈ ਵਿਚ ਫ਼ੌਜ ਦੀ ਇਕ ਟੁਕੜੀ ਨੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਦੀਆਂ ਲਾਸ਼ਾਂ ਦਾ ਵੱਖ-ਵੱਖ ਸਸਕਾਰ ਕੀਤਾ। ਇਸ ਕੰਮ ਵਿਚ ਬ੍ਰਿਗੇਡੀਅਰ ਘੁੰਮਣ ਦੀ ਮਦਦ ਲਈ ਬ੍ਰਿਗੇਡੀਅਰ ਪੀਐਸ ਸੰਧੂ ਵੀ ਸ਼ਾਮਲ ਸਨ।

ਉਧਰ ਦਰਬਾਰ ਸਾਹਿਬ ਤੋਂ ਗ੍ਰਿਫ਼ਤਾਰ ਕੀਤੇ ਸਾਰੇ ਲੋਕਾਂ ਨੂੰ ਸ੍ਰੀ ਗੁਰੂ ਰਾਮਦਾਸ ਸਰਾ ਅਤੇ ਘੰਟਾ ਘਰ ਤੋਂ ਮਿਲਟਰੀ ਛਾਉਣੀ ਵਿਚ ਲੈ ਜਾਇਆ ਜਾ ਰਿਹਾ ਸੀ। ਫ਼ੌਜੀ ਟਰੱਕ ਦੋਹਾਂ ਗੇਟ ਤੇ ਖੜੇ ਸਨ। ਫੜੇ ਗਏ ਲੋਕਾਂ ਦੀਆਂ ਬਾਹਾਂ ਪਿੱਛੇ ਕਰ ਕੇ ਬੰਨਿਆ ਹੋਇਆ ਸਨ। ਜੇ ਕੋਈ ਟਰੱਕ ਤੇ ਚੜ੍ਹਨ ਵਿਚ ਅਸਫ਼ਲ ਰਹਿੰਦਾ ਸੀ ਤਾਂ ਉਸ ਦੀ ਮਾਰ ਕੁਟਾਈ ਕੀਤੀ ਜਾਂਦੀ।

ਦਰਬਾਰ ਸਾਹਿਬ ਤੋਂ ਬੰਦੀ ਬਣਾ ਕੇ ਸਾਰਿਆਂ ਨੂੰ ਅੰਮ੍ਰਿਤਸਰ ਦੀ ਕੋਤਵਾਲੀ ਲੈ ਜਾਇਆ ਗਿਆ। ਜਿਥੋਂ ਅੰਮ੍ਰਿਤਸਰ ਦੇ ਮਿਲਟਰੀ ਛਾਉਣੀ ਵਿਚ ਲੈ ਜਾਇਆ ਗਿਆ। ਫ਼ੌਜੀ ਛਾਉਣੀ ਵਿਚ ਕਮਰਿਆਂ ਵਿਚ ਤੁੰਨ-ਤੁੰਨ ਕੇ ਸਿੰਘਾਂ ਨੂੰ ਭਰ ਦਿਤਾ ਗਿਆ, ਜਿਥੇ ਉਨ੍ਹਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਕਿੰਨੇ ਹੀ ਸਿੰਘ ਬੇਹੋਸ਼ ਹੋ ਗਏ ਸਨ। ਫ਼ੌਜੀ ਛਾਉਣੀ ਵਿਚ ਹੀ ਫ਼ੌਜ ਵਲੋਂ ਗ੍ਰਿਫ੍ਰਤਾਰ ਕੀਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਸੁਜਾਨ ਸਿੰਘ ਮਾਨਾਵਾਂ ਦੀ ਹਾਲਤ ਵਿਗਾੜ ਗਈ।