ਚੋਣਾਂ ਮਗਰੋਂ ਲੀਡਰ ਬਦਲ ਕਿਉਂ ਜਾਂਦੇ ਨੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵੋਟਾਂ ਵਿਚ ਅੱਡੀਆਂ ਚੁੱਕ-ਚੁੱਕ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੀਡਰ ਵੋਟਾਂ ਪੈਣ ਤੋਂ ਬਾਅਦ ਚੁੱਪ ਕਿਉਂ ਹੋ ਜਾਂਦੇ ਹਨ? ਕੀ ਪੰਜਾਬ ਦੇ ਮੁੱਦੇ ਖ਼ਤਮ ਹੋ ਗਏ...

Why leaders change after the elections?

ਵੋਟਾਂ ਵਿਚ ਅੱਡੀਆਂ ਚੁੱਕ-ਚੁੱਕ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੀਡਰ ਵੋਟਾਂ ਪੈਣ ਤੋਂ ਬਾਅਦ ਚੁੱਪ ਕਿਉਂ ਹੋ ਜਾਂਦੇ ਹਨ? ਕੀ ਪੰਜਾਬ ਦੇ ਮੁੱਦੇ ਖ਼ਤਮ ਹੋ ਗਏ, ਵੋਟਾਂ ਵੇਲੇ ਲੀਡਰਾਂ ਨੇ ਦਿਨ-ਰਾਤ ਬਹੁਤ ਵੱਡੀਆਂ ਸਪੀਚਾਂ ਦਿਤੀਆਂ ਕਿ 'ਪੰਜਾਬ ਤਬਾਹ ਹੋ ਗਿਐ, ਨਸ਼ਾ ਫੈਲ ਗਿਆ ਹੈ, ਵਗੈਰਾ-ਵਗੈਰਾ।' ਹਰ ਰੋਜ਼ ਲੀਡਰ ਦਲ ਬਦਲਦੇ ਸਨ, ਕੋਈ ਕਾਂਗਰਸ ਤੋਂ ਅਕਾਲੀ ਬਣਦਾ ਸੀ ਕੋਈ ਅਕਾਲੀ ਤੋਂ ਟਕਸਾਲੀ ਬਣਦਾ ਸੀ। ਕੀ ਹੁਣ ਪੰਜਾਬ ਦੇ ਉਹ ਮੁੱਦੇ ਖ਼ਤਮ ਹੋ ਗਏ, ਜੋ ਲੀਡਰਾਂ ਨੇ ਵੋਟਾਂ ਵੇਲੇ ਉਠਾਏ? ਸੋ ਸਿਰਫ਼ ਚੋਣਾਂ ਜਿੱਤਣ ਲਈ ਇਨ੍ਹਾਂ ਲੋਕਾਂ ਨੇ ਤੁਹਾਨੂੰ ਗੁਮਰਾਹ ਕੀਤਾ। ਜੇਕਰ ਇਹ ਤੁਹਾਡੇ ਜਾਂ ਪੰਜਾਬ ਦੇ ਹਮਦਰਦ ਹੁੰਦੇ ਤਾਂ ਇਹ ਅਪਣੀਆਂ ਸਪੀਚਾਂ ਲਗਾਤਾਰ ਜਾਰੀ ਰਖਦੇ ਸਗੋਂ ਪਹਿਲਾਂ ਨਾਲੋਂ ਵੀ ਤੇਜ਼ ਕਰਦੇ।

''ਸਾਨੂੰ ਵੋਟਾਂ ਪਾ ਦਿਉ, ਤੁਹਾਡੀ ਸੇਵਾ ਕਰਾਂਗੇ, ਵਿਕਾਸ ਦੀ ਹਨੇਰੀ ਲਿਆ ਦੇਵਾਂਗੇ।'' ਪਰ ਹਾਰਨ ਤੋਂ ਬਾਅਦ ਇਹ ਅਪਣੇ-ਅਪਣੇ ਘੁਰਨਿਆਂ ਵਿਚ ਜਾ ਵੜੇ, ਮੁੜ ਕੇ ਨਜ਼ਰ ਨਹੀਂ ਆਏ। ਸਾਡੀ ਭੋਲੀ ਭਾਲੀ ਤੇ ਵਿਚਾਰੀ ਜਨਤਾ ਇਨ੍ਹਾਂ ਲਈ ਗੁਮਰਾਹ ਹੋਈ, ਅਪਣਿਆਂ ਦੇ ਵਿਰੁਧ ਹੋਈ, ਇਨ੍ਹਾਂ ਦੀ ਵੋਟਾਂ ਵਿਚ ਜੈ-ਜੈ ਕਾਰ ਕਰਾਉਣ ਲਈ ਨਾਹਰੇ ਅੱਡੀਆਂ ਚੁੱਕ-ਚੁੱਕ ਕੇ ਮਾਰਦੀ ਰਹੀ। ਅਪਣੀਆਂ ਜੇਬਾਂ ਵਿਚੋਂ ਇਨ੍ਹਾਂ ਲਈ ਖ਼ਰਚ ਕਰ ਕੇ ਲੋੜੋਂ ਵੱਧ ਭਕਾਈ ਕਰਦੀ ਰਹੀ, ਮਿਲਿਆ ਕੀ? ਨਮੋਸ਼ੀ। ਪੰਜਾਬ ਲਈ ਇਹ ਲੀਡਰ ਕੀ ਕਰਨਗੇ?

ਇਉਂ ਲਗਦਾ ਹੈ ਕਿ ਇਹ ਲੀਡਰ ਸਿਰਫ਼ ਚੋਣਾਂ ਲੜਨ ਵਾਲੇ ਹੀ ਹੁੰਦੇ ਹਨ, ਹੁਣ ਹਾਰ ਗਏ ਨੇ, ਹੁਣ ਜਿੱਤ ਗਏ। ਹੁਣੇ ਤੋਂ 2022 ਦੀਆਂ ਚੋਣਾਂ ਲੜਣ ਦੀ ਫਿਰ ਤਿਆਰੀ ਸ਼ੁਰੂ ਕਰ ਦਿਤੀ। ਕੀ ਪੰਜਾਬ ਬਾਰੇ ਜਾਂ ਦੇਸ਼ ਬਾਰੇ ਸੋਚਣ ਦੀ ਲੋੜ ਨਹੀਂ? ਇਹ ਸਿਰਫ਼ ਏਨਾ ਹੀ ਸੋਚਦੇ ਹਨ ਕਿਹੜੀ ਪਾਰਟੀ ਵਿਚ ਜਾਈਏ, 2022 ਵਿਚ ਚੋਣ ਲੜ ਕੇ ਕਿਵੇਂ ਫਿੱਟ ਹੋਈਏ? ਮੰਨੋ ਭਾਵੇਂ ਨਾ ਮੰਨੋ ਇਹ ਲੀਡਰ ਜਨਤਾ ਨੂੰ ਗੁਮਰਾਹ ਕਰ ਹੀ ਲੈਂਦੇ ਹਨ। ਵਿਚਾਰੇ ਵੋਟਰ ਹਰ ਵਾਰ ਲੁੱਟੇ ਹੋਏ ਮਹਿਸੂਸ ਕਰਦੇ ਹਨ। 
-ਭੁਪਿੰਦਰ ਸਿੰਘ ਬਾਠ, ਸੰਪਰਕ : 94176-82002