ਉਮਰ 79 ਸਾਲ, ਗੋਲਡ ਮੈਡਲ 99 : ਰਿਟਾਇਰਮੈਂਟ ਤੋਂ ਬਾਅਦ ਕੀਤੀ ਨਵੀਂ ਪਾਰੀ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੋਲਡਨ ਸਿੱਖ ਬਣੇ ਅਮਰ ਸਿੰਘ ਚੌਹਾਨ

Amar Singh Chauhan

ਚੰਡੀਗੜ੍ਹ ਦੇ ਅਮਰ ਸਿੰਘ ਚੌਹਾਨ ਹੁਣ ਤਕ 111 ਦੌੜ ਮੁਕਾਬਲਿਆਂ ’ਚ ਭਾਗ ਲੈ ਚੁੱਕੇ ਹਨ ਜਿਨ੍ਹਾਂ ’ਚੋਂ 99 ਵਾਰ ਉਨ੍ਹਾਂ ਨੇ ਗੋਲਡ ਮੈਡਲ ਅਪਣੇ ਨਾਂ ਕੀਤੇ ਹਨ। ਇਸ ਕਾਰਨ ਹੀ ਉਨ੍ਹਾਂ ਨੂੰ ਗੋਲਡਨ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਖੇਡ ਸਫ਼ਰ ਦੀ ਗੱਲ ਕਰੀਏ ਤਾਂ ਸਾਲ 2012 ’ਚ ਕੈਨੇਡਾ ’ਚ ਹਾਫ਼ ਮੈਰਾਥਨ ਤੋਂ ਇਨ੍ਹਾਂ ਨੇ ਅਪਣੇ ਖੇਡ ਸਫ਼ਰ ਦੀ ਸ਼ੁਰੂਆਤ ਕੀਤੀ ਤੇ 1 ਘੰਟਾ 57 ਮਿੰਟਾਂ ’ਚ ਦੌੜ ਮੁਕੰਮਲ ਕੀਤੀ। ਬਸ ਇਸ ਦੌੜ ਤੋਂ ਬਾਅਦ ਅਮਰ ਚੌਹਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਦੇਸ਼ ਵਿਦੇਸ਼ ’ਚ 111 ਦੌੜਾਂ ’ਚ ਹੁਣ ਤਕ ਭਾਗ ਲੈ ਚੁੱਕੇ ਹਨ। ਜੇਕਰ ਲੰਮੀ ਦੌੜ ਦੀ ਗੱਲ ਕਰੀਏ ਤਾਂ ਅਮਰ ਚੌਹਾਨ ਨੇ ਲਗਾਤਾਰ 12 ਘੰਟੇ ਦੌੜ ਕੇ 90.3 ਕਿਲੋਮੀਟਰ ਦਾ ਰਾਹ ਤੈਅ ਕੀਤਾ ਤੇ 45 ਸਾਲਾਂ ਦੇ ਨੌਜਵਾਨਾਂ ਨੂੰ ਵੀ ਇਸ ਦੌੜ ’ਚ ਪਛਾੜ ਕੇ ਇਹ ਸਾਬਤ ਕਰ ਦਿਤਾ ਕਿ ਜੇਕਰ ਜਨੂੰਨ ਤੇ ਜਜ਼ਬਾ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰਖਦੀ। 

ਜ਼ਿਆਦਾਤਰ ਲੋਕ ਰਿਟਾਇਰ ਹੋਣ ਤੋਂ ਬਾਅਦ ਸੋਚਦੇ ਹਨ ਕਿ ਹੁਣ ਤਾਂ ਜ਼ਿੰਦਗੀ ’ਚ ਖੜੋਤ ਆ ਚੁੱਕੀ ਹੈ ਜਾਂ ਹੁਣ ਜ਼ਿੰਦਗੀ ’ਚ ਕੁੱਝ ਵੀ ਨਵਾਂ ਕਰਨ ਨੂੰ ਨਹੀਂ ਰਿਹਾ ਪਰ ਅਮਰ ਸਿੰਘ ਚੌਹਾਨ ਇਕ ਅਜਿਹਾ ਨਾਮ ਹੈ ਜਿਸ ਨੇ ਰਿਟਾਇਰਮੈਂਟ ਤੋਂ ਬਾਅਦ ਇਕ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਤੇ ਖੇਡਾਂ ਦੇ ਖੇਤਰ ’ਚ ਅਪਣੀ ਧਾਕ ਜਮਾਈ। ਚੰਡੀਗੜ੍ਹ ਦੇ ਅਮਰ ਸਿੰਘ ਚੌਹਾਨ ਹੁਣ ਤਕ 111 ਦੌੜ ਮੁਕਾਬਲਿਆਂ ’ਚ ਭਾਗ ਲੈ ਚੁੱਕੇ ਹਨ ਜਿਨ੍ਹਾਂ ’ਚੋਂ 99 ਵਾਰ ਉਨ੍ਹਾਂ ਨੇ ਗੋਲਡ ਮੈਡਲ ਅਪਣੇ ਨਾਂ ਕੀਤੇ ਹਨ। ਇਸ ਕਾਰਨ ਹੀ ਉਨ੍ਹਾਂ ਨੂੰ ਗੋਲਡਨ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਨ੍ਹਾਂ ਦੇ ਖੇਡ ਸਫ਼ਰ ਦੀ ਗੱਲ ਕਰੀਏ ਤਾਂ ਸਾਲ 2012 ’ਚ ਕੈਨੇਡਾ ’ਚ ਹਾਫ਼ ਮੈਰਾਥਨ ਤੋਂ ਇਨ੍ਹਾਂ ਨੇ ਅਪਣੇ ਖੇਡ ਸਫ਼ਰ ਦੀ ਸ਼ੁਰੂਆਤ ਕੀਤੀ ਤੇ 1 ਘੰਟਾ 57 ਮਿੰਟਾਂ ’ਚ ਦੌੜ ਮੁਕੰਮਲ ਕੀਤੀ। ਬਸ ਇਸ ਦੌੜ ਤੋਂ ਬਾਅਦ ਅਮਰ ਚੌਹਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਦੇਸ਼ ਵਿਦੇਸ਼ ’ਚ 111 ਦੌੜਾਂ ’ਚ ਹੁਣ ਤਕ ਭਾਗ ਲੈ ਚੁੱਕੇ ਹਨ। ਜੇਕਰ ਲੰਮੀ ਦੌੜ ਦੀ ਗੱਲ ਕਰੀਏ ਤਾਂ ਅਮਰ ਚੌਹਾਨ ਨੇ ਲਗਾਤਾਰ 12 ਘੰਟੇ ਦੌੜ ਕੇ 90.3 ਕਿਲੋਮੀਟਰ ਦਾ ਰਾਹ ਤੈਅ ਕੀਤਾ ਤੇ 45 ਸਾਲਾਂ ਦੇ ਨੌਜਵਾਨਾਂ ਨੂੰ ਵੀ ਇਸ ਦੌੜ ’ਚ ਪਛਾੜ ਕੇ ਇਹ ਸਾਬਤ ਕਰ ਦਿਤਾ ਕਿ ਜੇਕਰ ਜਨੂੰਨ ਤੇ ਜਜ਼ਬਾ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰਖਦੀ।

ਅਮਰ ਚੌਹਾਨ ਤੇ ਉਨ੍ਹਾਂ ਦੇ ਨਾਨਾ ਜੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਸੂਬੇਦਾਰ ਰਿਟਾਇਰ ਹੋਏ ਸਨ, ਉਤੇੇ ਫ਼ੌਜੀ ਮਾਮਾ ਜੀ ਦਾ ਗਹਿਰਾ ਪ੍ਰਭਾਵ ਰਿਹਾ ਹੈ। ਇਸੇ ਲਈ ਅਨੁਸ਼ਾਸਨ ਤੇ ਜਜ਼ਬਾ ਉਨ੍ਹਾਂ ਨੂੰ ਵਿਰਾਸਤ ’ਚ ਮਿਲਿਆ ਹੈ। ਅਮਰ ਚੌਹਾਨ ਦਸਦੇ ਹਨ ਕਿ ਉਹ ਸਵੇਰੇ ਜਲਦੀ ਉਠਦੇ ਹਨ ਤੇ ਰਾਤ ਨੂੰ ਜਲਦੀ ਸੌਂਦੇ ਹਨ। ਸਵੇਰੇ 4.30 ਤੋਂ ਕਰੀਬ ਸਾਢੇ ਪੰਜ-ਛੇ ਵਜੇ ਤਕ ਇਕ ਦਿਨ ਦੌੜ ਲਗਾਉਂਦੇ ਹਨ ਤੇ ਇਕ ਦਿਨ ਸੈਰ ਕਰਦੇ ਹਨ। ਇਸੇ ਤਰ੍ਹਾਂ ਸ਼ਾਮ ਨੂੰ ਵੀ ਉਹ ਪ੍ਰੈਕਟਿਸ ਕਰਦੇ ਹਨ ਤੇ ਸਾਦਾ ਭੋਜਨ ਖਾਂਦੇ ਹਨ। 

79 ਸਾਲਾਂ ਦਾ ਇਹ ਦੌੜਾਕ ਅੱਜ ਵੀ ਉਸ ਘਟਨਾ ਨੂੰ ਯਾਦ ਕਰ ਕੇ ਭਾਵੁਕ ਹੋ ਜਾਂਦਾ ਹੈ ਜਦੋਂ ਉਹ ਮਸਾਂ ਅੱਠ ਕੁ ਵਰਿ੍ਹਆਂ ਦੇ ਸੀ ਤੇ ਟਾਇਫ਼ਾਈਡ ਹੋਣ ਕਾਰਨ ਸਰੀਰ ਕਾਫ਼ੀ ਕਮਜ਼ੋਰ ਹੋ ਚੁੱਕਾ ਸੀ ਤੇ ਕਰੀਬ ਦੋ ਤਿੰਨ ਮਹੀਨਿਆਂ ਬਾਅਦ ਜਦ ਉਹ ਸਕੂਲ ਗਏ ਤਾਂ ਕੋਟਲਾ ਛਪਾਕੀ ਖੇਡਦੇ ਸਮੇਂ ਉਨ੍ਹਾਂ ਕੋਲੋਂ ਦੌੜਿਆ ਨਹੀਂ ਸੀ ਗਿਆ ਤੇ ਇਕ ਮੁੰਡੇ ਨੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਟਿਆ ਸੀ। ਉਹੀ ਅੱਠ ਸਾਲਾਂ ਵਾਲਾ ਬੱਚਾ ਜੋ ਦੌੜ ਨਹੀਂ ਸੀ ਸਕਿਆ ਅੱਜ 79 ਵਰਿਆਂ ਦੀ ਉਮਰ ’ਚ ਵਡਿਆਂ-ਵਡਿਆਂ ਨੂੰ ਦੌੜ ਵਿਚ ਪਿੱਛੇ ਛੱਡ ਰਿਹਾ ਹੈ।

ਜਦ ਉਨ੍ਹਾਂ ਤੋਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰੇ ਚਾਹ ਦਾ ਘੁੱਟ ਤਕ ਪੀਣ ਤੋਂ ਪਹਿਲਾਂ ਉਹ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ ਤੇ ਵਾਹਿਗੁਰੂ ਦਾ ਨਾਂ ਸਿਰਫ਼ ਲੈਂਦੇ ਹੀ ਨਹੀਂ ਬਲਕਿ ਮਹਿਸੂਸ ਵੀ ਕਰਦੇ ਹਨ। ਅਮਰ ਸਿੰਘ ਚੌਹਾਨ ਨੇ ਇਹ ਸਾਬਤ ਕਰ ਦਿਤਾ ਕਿ ਨਵੀਂ ਸ਼ੁਰੂਆਤ ਕਿਸੇ ਵੀ ਸਮੇਂ ਹੋ ਸਕਦੀ ਹੈ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਬਸ ਲੋੜ ਹੁੰਦੀ ਹੈ ਤਾਂ ਜਜ਼ਬੇ ਤੇ ਜਨੂੰਨ ਦੀ। 


ਮੋਬਾਈਲ :  97800-22733

ਪ੍ਰੋ. ਰੀਨਾ ‘ਏਕਨੂਰ’ ਮੋਹਾਲੀ