ਦਲਿਤ ਲੀਡਰਸ਼ਿਪ ਤੋਂ ਵੀ ਪੁਛਣਾ ਬਣਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦਲਿਤਾਂ ਉਤੇ ਲਗਾਤਾਰ ਹੋ ਰਹੇ ਤਸ਼ੱਦਦ ਲਈ ਦਲਿਤ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ ਜਿਸ ਨੇ ਕਦੇ ਇਸ ਨੂੰ ਰੋਕਣ ਲਈ ਜ਼ੋਰਦਾਰ ਵਿਰੋਧ ਨਹੀਂ ਕੀਤਾ.............

Dalit Leadership

ਦਲਿਤਾਂ ਉਤੇ ਲਗਾਤਾਰ ਹੋ ਰਹੇ ਤਸ਼ੱਦਦ ਲਈ ਦਲਿਤ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ ਜਿਸ ਨੇ ਕਦੇ ਇਸ ਨੂੰ ਰੋਕਣ ਲਈ ਜ਼ੋਰਦਾਰ ਵਿਰੋਧ ਨਹੀਂ ਕੀਤਾ। ਦਲਿਤ ਲੀਡਰਸ਼ਿਪ ਦੀ ਲੀਡਰੀ ਕਾਇਮ ਹੈ। ਸਰਕਾਰੀ ਸੁੱਖ ਸਹੂਲਤਾਂ ਮਿਲੀਆਂ ਹੋਈਆਂ ਹਨ, ਕੋਠੀਆਂ, ਗੱਡੀਆਂ, ਪੁਲਿਸ ਸੁਰੱਖਿਆ, ਧਨ ਦੌਲਤ। ਦਲਿਤਾਂ ਦੀ ਲੀਡਰਸ਼ਿਪ ਉਵੇਂ ਹੀ ਵਿਚਰਦੀ ਹੈ ਜਿਵੇਂ ਜਨਰਲ ਵਰਗ ਦੀ ਲੀਡਰਸ਼ਿਪ ਵਰਤਾਅ ਕਰਦੀ ਹੈ। ਹਾਂ ਕਦੇ ਕਦਾਈਂ ਅਖ਼ਬਾਰਾਂ ਵਿਚ ਬਿਆਨ ਜ਼ਰੂਰ ਦੇ ਦੇਂਦੀ ਹੈ ਜਿਹੜਾ ਸਰਕਾਰੀ ਧਿਰ ਦੇ ਵਿਰੋਧ ਵਿਚ ਹੁੰਦਾ ਹੈ ਤੇ ਸਰਕਾਰੀ ਧਿਰ ਹੀ ਦਲਿਤ ਲੀਡਰਸ਼ਿਪ ਦੇ ਵਿਰੋਧ ਵਿਚ ਬਿਆਨ ਦੇ ਦੇਂਦੀ ਹੈ।

ਬਿਆਨਾਂ ਦੇ ਵਿਰੋਧ ਵਿਚ ਤਾਂ ਬਿਆਨ ਆ ਜਾਂਦੇ ਹਨ ਪਰ ਵਿਰੋਧੀ ਧਿਰ ਦੀ ਦਲਿਤ ਲੀਡਰਸ਼ਿਪ ਵਲੋਂ ਉਠਾਏ ਗਏ ਮਸਲਿਆਂ ਦਾ ਸਮਰਥਨ ਕਦੇ ਵੀ ਸਰਕਾਰੀ ਧਿਰ ਦੀ ਦਲਿਤ ਲੀਡਰਸ਼ਿਪ ਨੇ ਨਹੀਂ ਕੀਤਾ। ਇਸ ਤਰ੍ਹਾਂ ਅਲੱਗ-ਅਲੱਗ ਸਿਆਸੀ ਵਿਚਾਰਾਂ ਵਾਲੀਆਂ ਸਿਆਸੀ ਪਾਰਟੀਆਂ ਵਿਚ ਵਖਰੀ-ਵਖਰੀ ਦਲਿਤ ਲੀਡਰਸ਼ਿਪ ਹੈ ਜਿਨ੍ਹਾਂ ਦੇ ਵਿਚਾਰ ਆਪਸ ਵਿਚ ਨਹੀਂ ਮਿਲਦੇ ਤੇ ਜਿਹੜੇ ਅਪਣੇ ਅਪਣੇ ਸਿਆਸੀ ਮਾਲਕਾਂ ਦੇ ਅਧੀਨ ਕੰਮ ਕਰਦੇ ਹਨ। 

ਦਲਿਤ ਲੀਡਰਸ਼ਿਪ ਤੋਂ ਇਹ ਪੁਛਣਾ ਬਣਦਾ ਹੈ ਕਿ ਜੇਕਰ ਬਹੁਗਿਣਤੀ ਜਾਂ ਘੱਟ-ਗਿਣਤੀ ਜਾਂ ਜਿਹੜੇ ਵੀ ਦਲਿਤਾਂ ਦੀ ਸਮਾਜਕ ਆਰਥਕ ਤੇ ਬੌਧਿਕ ਦਸ਼ਾ ਮਾੜੀ ਹੈ ਤਾਂ ਦਲਿਤ ਲੀਡਰਸ਼ਿਪ ਵੀ ਇਸ ਲਈ ਜ਼ਿੰਮੇਵਾਰ ਹੈ। ਇਹ ਗੱਲ ਜੱਗ ਜ਼ਾਹਰ ਹੈ ਕਿ ਭ੍ਰਿਸ਼ਟਾਚਾਰ ਦੇ ਇਸ ਯੁੱਗ ਵਿਚ ਜੇਕਰ ਆਮ ਸਿਆਸੀ ਲੀਡਰਾਂ ਨੇ ਪੇਟ ਭਰੇ ਹਨ, ਜੇਬਾਂ ਭਰੀਆਂ ਹਨ, ਘਰ ਭਰੇ ਹਨ, ਬੈਂਕ ਭਰੇ ਹਨ ਤਾਂ ਦਲਿਤਾਂ ਵਿਚੋਂ ਉਠੇ ਦਲਿਤਾਂ ਵਿਚ ਵਿਚਰਨ ਵਾਲੀ ਦਲਿਤ ਲੀਡਰਸ਼ਿਪ ਨੇ ਵੀ ਘੱਟ ਨਹੀਂ ਕੀਤੀ। ਜਦ ਸਰਕਾਰ ਅਹੁਦੇ ਤੇ ਲੱਗ ਜਾਵੇ ਤਾਂ ਉਹ ਦਲਿਤ ਸਮਾਜ ਜਾਂ ਉਹ ਦਲਿਤਾਂ ਬਾਰੇ ਨਹੀਂ ਸੋਚੇਗਾ।

ਦਲਿਤ ਸਮਾਜ ਦਾ ਸੱਭ ਤੋਂ ਵੱਡਾ ਦੁਖਾਂਤ ਹੈ ਕਿ ਦਲਿਤਾਂ ਵਿਚੋਂ ਬਹੁਤ ਸਾਰੇ ਲੋਕ ਸਿਆਸੀ ਨੇਤਾ ਬਣ ਗਏ ਹਨ। ਜਿਹੜੇ ਮੰਤਰੀ ਰਹੇ, ਐਮ.ਪੀ. ਰਹੇ ਐਮ.ਐਲ.ਏ ਰਹੇ ਜਾਂ ਮੌਜੂਦਾ ਸਮੇਂ ਵਿਚ ਮੰਤਰੀ ਐਮ.ਪੀ. ਜਾਂ ਐਮ.ਐਲ.ਏ ਹਨ, ਭ੍ਰਿਸ਼ਟਾਚਾਰ ਦੇ ਇਸ ਯੁੱਗ ਵਿਚ ਉਨ੍ਹਾਂ ਬਦਨਾਮੀਆਂ ਖੱਟੀਆਂ ਹਨ। ਨਾਮ ਵੀ ਕਮਾਏ ਹਨ। ਦਲਿਤਾਂ ਦੇ ਪਛੜੇਵੇਂ ਵਲ ਕਦੇ ਧਿਆਨ ਨਹੀਂ ਦਿਤਾ। ਦਲਿਤਾਂ ਉਤੇ ਹੋ ਰਹੀਆਂ ਵਧੀਕੀਆਂ ਵਲ ਕਦੇ ਧਿਆਨ ਨਾ ਦਿਤਾ। ਹੁਣ ਜਦੋਂ ਸਰਕਾਰੀ ਮਸ਼ੀਨਰੀ ਵਲੋਂ ਕਾਰਵਾਈ ਕੀਤੀ ਜਾਣ ਲੱਗੀ ਤਾਂ ਉਹ ਦਲਿਤ ਲੀਡਰ ਇਹ ਦੁਹਾਈ ਪਾਉਣ ਲੱਗੇ ਹਨ ਕਿ ਉਹ ਦਲਿਤ ਹਨ।

ਇਸ ਕਰ ਕੇ ਉਨ੍ਹਾਂ ਉਤੇ ਦਬਾਅ ਪਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ। 15 ਅਗੱਸਤ 1947 ਨੂੰ ਆਜ਼ਾਦੀ ਮਿਲੀ। ਨਵਾਂ ਸੰਵਿਧਾਨ ਬਣਿਆ, ਦਲਿਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ, ਐਮ.ਪੀ. ਤੇ ਐਮ.ਐਲ.ਏ ਰਾਖਵੀਆਂ ਸੀਟਾਂ ਉਤੇ ਚੋਣ ਜਿੱਤ ਕੇ ਐਮ.ਪੀ., ਐਮ.ਐਲ.ਏ ਤੇ ਮੰਤਰੀ ਬਣੇ। ਇਨ੍ਹਾਂ ਚੁਣੇ ਹੋਏ ਦਲਿਤ ਨੁਮਾਇੰਦਿਆਂ ਦਾ ਫ਼ਰਜ਼ ਤਾਂ ਬਣਦਾ ਸੀ ਕਿ ਦਲਿਤਾਂ ਦੀ ਬੇਹਤਰੀ ਲਈ ਕੰਮ ਕਰਦੇ। ਸਮੁੱਚਾ ਦਲਿਤ ਡੇਰਿਆਂ ਦੀ ਧਰਮ ਦੀ ਜਿਲ੍ਹਣ ਵਿਚ ਫਸਿਆ ਪਿਆ ਹੈ। ਦਲਿਤਾਂ ਵਿਚ ਵਿਚਾਰਾਂ ਦੀ ਗ਼ਰੀਬੀ ਅੱਜ ਵੀ ਮੌਜੂਦ ਹੈ। ਦਲਿਤਾਂ ਨੂੰ ਸਿਖਿਆ ਵਲ ਨਹੀਂ ਤੋਰਿਆ ਜਾਂਦਾ।

ਮੁਫ਼ਤ ਆਟਾ ਦਾਲ ਅਤੇ ਮੁਫ਼ਤ ਦੇ ਬਿਜਲੀ ਦੇ ਯੂਨਿਟ ਦਾ ਲਾਲਚ ਦਿਤਾ ਜਾ ਰਿਹਾ ਹੈ। ਇਕ ਲੰਮੇ ਅਰਸੇ ਤਕ ਕਾਂਗਰਸ ਦਾ ਰਾਜ ਰਿਹਾ। ਕਾਂਗਰਸ ਨੇ ਜਿਹੜੇ ਦਲਿਤ ਲੀਡਰ ਪੈਦਾ ਕੀਤੇ, ਉਹ ਅਪਣੀ ਪਾਰਟੀ ਦੇ 'ਯੈੱਸਮੈਨ' ਰਹੇ। ਜੋ ਪਾਰਟੀ ਕਹਿੰਦੀ ਰਹੀ, ਉਹ ਕਰਦੇ ਰਹੇ ਤੇ ਦਲਿਤਾਂ ਦੀਆਂ ਵੋਟਾਂ ਲੈ ਕੇ ਦੇਂਦੇ ਰਹੇ। ਦਲਿਤਾਂ ਵਿਚੋਂ ਪੜ੍ਹੇ ਲਿਖੇ ਘੱਟ ਸਨ। ਜੇਕਰ ਕੋਈ ਪੜ੍ਹ ਜਾਂਦਾ ਨੌਕਰੀ ਮਿਲ ਜਾਂਦੀ ਤਾਂ ਨੌਕਰੀ ਦੇਣ ਦਾ ਕਰੈਡਿਟ ਪਾਰਟੀ ਲੈ ਜਾਂਦੀ। ਫਿਰ ਅਜਿਹਾ ਸਮਾਂ ਵੀ ਆਇਆ ਕਿ ਨੌਕਰੀਆਂ ਘਟਣ ਲਗੀਆਂ, ਨੌਕਰੀਆਂ ਵਿਕਣ ਲੱਗੀਆਂ, ਨੌਕਰੀਆਂ ਅਪਣਿਆਂ ਨੂੰ ਦਿਤੀਆਂ ਜਾਣ ਲਗੀਆਂ।

ਇਸ ਵਿਚ ਦਲਿਤ ਲੀਡਰਸ਼ਿਪ ਵੀ ਵਹਿ ਗਈ ਤੇ ਸਾਧਾਰਣ ਦਲਿਤ ਇਹ ਸੱਭ ਵੇਖਦਾ ਰਹਿ ਗਿਆ। ਰੀਜ਼ਰਵੇਸ਼ਨ ਵਾਲਾ ਹਥਿਆਰ ਖੁੰਢਾ ਹੋ ਗਿਆ। ਇਕ ਸਾਧਾਰਣ ਦਲਿਤ ਪ੍ਰਵਾਰ ਵਿਚੋਂ ਜੰਮਿਆ ਯੁਵਕ ਹੱਥ ਵਿਚ ਡਿਗਰੀ ਫੜ ਕੇ ਸੋਚਣ ਲੱਗਾ ਕਿ ਕੀ ਕੀਤਾ ਜਾਵੇ। ਉਹ ਇਨਕਲਾਬ ਦੇ ਨਾਹਰੇ ਸੁਣਨ ਲੱਗਾ। ਲੁੱਟ ਖਸੁੱਟ ਵੀ ਸਮਝ ਪੈਣ ਲੱਗੀ। ਮੁਢਲੀਆਂ ਲੋੜਾਂ ਰੋਟੀ, ਕਪੜਾ ਮਕਾਨ, ਸਿਖਿਆ ਆਦਿ ਦਾ ਮਸਲਾ ਹੱਲ ਨਾ ਹੋਇਆ, ਮਾਣ ਤਾਣ ਦੀ ਗੱਲ ਤਾਂ ਦੂਰ ਰਹੀ। ਗ਼ੈਰ ਦਲਿਤਾਂ ਦੇ ਜ਼ੁਲਮ ਦਲਿਤਾਂ ਉਤੇ ਹੋ ਰਹੇ ਹਨ, ਇਧਰ ਇਕ ਨਵਾਂ ਦੌਰ ਸ਼ੁਰੂ ਹੋ ਗਿਆ।

ਜ਼ੁਲਮਾਂ ਦੇ ਨਵੇਂ ਦੌਰ ਦਾ ਨਵਾਂ ਰੂਪ ਵੇਖੋ, ਤਕੜੇ ਦਲਿਤਾਂ ਨੇ ਮਾੜੇ ਦਲਿਤਾਂ ਤੇ ਤਸ਼ੱਦਦ ਸ਼ੁਰੂ ਕਰ ਦਿਤੇ ਹਨ। ਜਿਵੇਂ ਕਹਿ ਰਹੇ ਹੋਣ, ਦਲਿਤਾਂ ਦੀ ਭਲਾਈ ਦਾ ਠੇਕਾ ਉਨ੍ਹਾਂ ਨੇ ਹੀ ਲਿਆ ਹੋਇਆ ਹੈ। ਵਿਰੋਧ ਦੀਆਂ ਆਵਾਜ਼ਾਂ ਵੀ ਉਠੀਆਂ। ਹਰ ਸਿਆਸੀ ਪਾਰਟੀ ਨੇ ਅਪਣੀਆਂ-ਅਪਣੀਆਂ ਪਾਰਟੀਆਂ ਵਿਚ ਐਸ.ਸੀ.ਬੀ.ਸੀ ਸੈੱਲ ਖੋਲ੍ਹੇ। ਏਦਾਂ ਦਲਿਤਾਂ ਵਿਚ ਵੀ ਪ੍ਰਵਾਰਵਾਦ ਪਨਪਿਆ। ਸਿਆਸੀ ਪ੍ਰਵਾਰਾਂ ਵਿਚ ਤੀਜੀ ਪੀੜ੍ਹੀ ਆ ਗਈ ਹੈ। ਦਲਿਤ ਨੇਤਾਵਾਂ ਦੇ ਪੁੱਤਰ ਤੇ ਪੁਤਰਾਂ ਦੇ ਪੁੱਤਰ ਐਮ.ਐਲ.ਏ ਬਣੇ ਹਨ। ਇਨ੍ਹਾਂ ਦੂਜੀ ਤੀਜੀ ਪੀੜ੍ਹੀ ਦੇ ਪੁੱਤਰ, ਪੁਤਰਾਂ ਨੂੰ ਸਿਆਸਤ ਵਿਚ ਓਨਾਂ ਖ਼ਤਰਾ ਗ਼ੈਰਦਲਿਤਾਂ ਤੋਂ ਨਹੀਂ ਜਿੰਨਾ ਖ਼ਤਰਾ ਦਲਿਤਾਂ ਦੇ ਲੀਡਰਾਂ ਤੋਂ ਹੈ।

ਪੰਜਾਬ ਵਿਚ ਕਾਂਗਰਸ ਦਾ ਦਾਅਵਾ ਹੈ ਕਿ ਪੰਜਾਬ ਵਿਚ ਦਲਿਤਾਂ ਦੇ ਹਿਤਾਂ ਦੀ ਪੈਰਵੀ ਹਮੇਸ਼ਾ ਕਾਂਗਰਸ ਨੇ ਕੀਤੀ ਹੈ। ਇਸ ਗੱਲ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਹੋਂਦ ਵਿਚ ਆਈ। ਉਨ੍ਹਾਂ ਕਾਂਗਰਸੀ ਦਲਿਤ ਨੇਤਾਵਾਂ ਦਾ ਪ੍ਰਵਾਰਵਾਦ ਦੀ ਉਲਝਣ ਵਿਚੋਂ ਨਾ ਨਿਕਲਣ ਦਾ ਵਿਰੋਧ ਕੀਤਾ। ਕਾਂਗਰਸੀ ਦਲਿਤ ਪ੍ਰਵਾਰਾਂ ਵਿਚੋਂ ਜਿਨ੍ਹਾਂ ਦੇ ਹੱਥ ਵਿਚ ਸੱਤਾ ਆਈ ਉਨ੍ਹਾਂ ਨੇ ਸਮੁੱਚੇ ਦਲਿਤ ਭਾਈਚਾਰੇ ਵਲ ਧਿਆਨ ਨਾ ਦਿਤਾ, ਅਪਣੇ ਨਿਜੀ ਹਿਤਾਂ ਵਲ ਪਹਿਲ ਦਿਤੀ। ਅਪਣੇ ਰਸੂਖ਼ ਨਾਲ ਚੰਗੀਆਂ ਚੌਖੀਆਂ ਨੌਕਰੀਆਂ ਵੀ ਅਪਣੇ ਰਸੂਖ ਵਾਲਿਆਂ ਨੂੰ ਦੇ ਦਿਤੀਆਂ। ਇਕ ਸਾਧਾਰਣ ਦਲਿਤ ਠੂਠਾ ਫੜ ਕੇ ਚੋਰਾਹੇ ਵਿਚ ਖੜਾ ਰਿਹਾ।

ਬਹੁਜਨ ਸਮਾਜ ਪਾਰਟੀ ਵਿਚ ਬਹੁਤ ਸਾਰੇ ਨੌਜੁਆਨ ਨੇਤਾ ਪੈਦਾ ਹੋਏ। ਉਨ੍ਹਾਂ ਅੰਬੇਦਕਰ ਨੂੰ ਪੜ੍ਹਿਆ ਫਿਰ ਲੜਿਆ ਤੇ ਦਲਿਤਾਂ ਦੇ ਕਾਂਗਰਸ ਵਿਚ ਪ੍ਰਵੇਸ਼ ਨੂੰ ਰੋਕਿਆ। ਨਤੀਜਾ ਇਹ ਹੋਇਆ ਕਿ ਦਲਿਤ ਕਾਂਗਰਸੀ ਨੇਤਾ ਵੀ ਚੋਣ ਹਾਰਦੇ ਰਹੇ। ਦਲਿਤ ਸਮਾਜ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਬਹੁਜਨ ਸਮਾਜ ਵਿਚ ਜਿਹੜੇ ਨੇਤਾ ਉਭਰੇ ਉਹ ਜਿਤ ਦੇ ਨੇੜੇ ਤਾਂ ਪਹੁੰਚ ਜਾਂਦੇ ਪਰ ਜਿੱਤ ਨਾ ਸਕੇ। ਵੋਟ ਪ੍ਰਾਪਤੀ ਨਾਲੋਂ ਵੋਟਾਂ ਕੱਟਣ ਦਾ ਕੰਮ ਜ਼ਿਆਦਾ ਕਰਦੇ ਰਹੇ ਤੇ ਫ਼ਾਇਦਾ ਅਕਾਲੀ ਦਲ ਵਾਲੇ ਲੈ ਜਾਂਦੇ ਰਹੇ। ਫਿਰ ਬਾਅਦ ਵਿਚ ਬਹੁਤ ਸਾਰੇ ਬੀ.ਐਸ.ਪੀ. ਨੇਤਾ 'ਅਕਾਲੀ' ਬਣ ਗਏ ਤੇ ਅਸਲੀ ਦਲਿਤ ਵੋਟਰ ਕਾਸੇ ਜੋਗੇ ਨਾ ਰਹੇ।

ਜਿਹੜੀਆਂ ਧਿਰਾਂ ਸੱਤਾ ਵਿਚ ਆਉਂਦੀਆਂ ਰਹੀਆਂ ਉਹ ਦਲਿਤਾਂ ਨੂੰ ਰਹਿੰਦ ਖੂਹੰਦ ਸਮਝ ਕੇ ਬੇਧਿਆਨ ਕਰਦੀਆਂ ਰਹੀਆਂ। ਦਲਿਤਾਂ ਵਿਚੋਂ ਬਣੇ ਦਲਿਤ ਨੇਤਾ ਕਹਿੰਦੇ ਸੁਣੇ ਗਏ ਕਿ ਉਹ ਦਲਿਤਾਂ ਦੀਆਂ ਵੋਟਾਂ ਨਾਲ ਜਿੱਤ ਕੇ ਨਹੀਂ ਆਏ, ਉਨ੍ਹਾਂ ਨੂੰ ਤਾਂ ਜਨਰਲ ਸਮਾਜ ਨੇ ਵੋਟਾਂ ਪਾਈਆਂ ਹਨ। ਫਿਰ ਜੇਕਰ ਦਲਿਤਾਂ ਦੇ ਨੁਮਾਇੰਦੇ ਜਨਰਲ ਸਮਾਜ ਦੀਆਂ ਵੋਟਾਂ ਨਾਲ ਜਿੱਤ ਕੇ ਆਏ ਹਨ ਤਾਂ ਦਲਿਤ ਸਮਾਜ ਦੀਆਂ ਵੋਟਾਂ ਕਿੱਥੇ ਗਈਆਂ? ਇਹ ਸਵਾਲ ਅਹਿਮ ਹੈ ਤੇ ਅਗਲਾ ਸਵਾਲ ਇਸ ਤੋਂ ਵੱਧ ਅਹਿਮ ਹੈ। ਉਹ ਨੇਤਾ ਜਿਹੜੇ ਰਾਖਵੀਆਂ ਸੀਟਾਂ ਤੋਂ ਜਿੱਤ ਕੇ ਆਏ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਹੈ।

ਸੱਭ ਤੋਂ ਦੁਖਦਾਈ ਗੱਲ ਇਹ ਕਿ ਮਾੜੇ ਦਲਿਤਾਂ ਨਾਲ ਕੋਈ ਨਹੀਂ ਖਲੋਂਦਾ। ਤਕੜੇ ਦਲਿਤ ਮਾੜੇ ਦਲਿਤਾਂ ਤੇ ਤਸ਼ੱਦਦ ਕਰਦੇ ਵੇਖੇ ਗਏ ਹਨ। ਵੱਡੀਆਂ ਪਾਰਟੀਆਂ ਦੇ ਦਲਿਤ ਤਕੜੇ ਦਲਿਤ ਹਨ ਤੇ ਛੋਟੀਆਂ ਪਾਰਟੀਆਂ ਦੇ ਦਲਿਤਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅਪਣੇ ਅਸਰ ਰਸੂਖ ਨਾਲ ਪੁਲਿਸ ਕੋਲ ਖੱਜਲ ਖੁਆਰ ਕਰਦੇ ਹਨ।
ਸਿਆਸੀ ਲੀਡਰਾਂ ਤੋਂ ਇਲਾਵਾ ਦਲਿਤਾਂ ਦੇ ਧਾਰਮਕ ਲੀਡਰ ਹਨ, ਜੋ ਡੇਰਿਆਂ ਵਿਚ ਧਰਮ ਦੀਆਂ ਦੁਕਾਨਾਂ ਖੋਲ੍ਹ ਲੈਂਦੇ ਹਨ। ਦਲਿਤਾਂ ਦੇ ਧਾਰਮਕ ਨੇਤਾ ਇਹ ਸ਼ੋਅ ਕਰਦੇ ਹਨ ਕਿ ਉਹ ਤਾਂਤਰਿਕ ਵਿਦਿਆ ਜਾਣਦੇ ਹਨ ਤੇ ਉਹ ਰਿਧੀਆਂ ਸਿਧੀਆਂ ਦੇ ਮਾਲਕ ਹਨ।

ਉਨ੍ਹਾਂ ਨੇ ਅਪਣੇ ਡੇਰਿਆਂ ਵਿਚੋਂ ਕਦੇ ਨਾਨਕ ਬਾਣੀ, ਫ਼ਰੀਦ ਬਾਣੀ, ਕਬੀਰ ਬਾਣੀ ਅਤੇ ਰਵੀਦਾਸ ਬਾਣੀ ਦਾ ਵਿਖਿਆਨ ਨਹੀਂ ਕੀਤਾ। ਡੇਰਿਆਂ ਦੇ ਬਾਬੇ ਧਨ ਇਕੱਠਾ ਕਰਦੇ ਹਨ, ਵਿਦੇਸ਼ਾਂ ਵਿਚ ਜਾਂਦੇ ਹਨ। ਸੋਨੇ ਦੀਆਂ ਚੇਨਾਂ ਪਾਉਂਦੇ ਹਨ। ਮਹਿੰਗੀਆਂ ਕਾਰਾਂ ਵਿਚ ਘੁੰਮਦੇ ਹਨ। ਪਰ ਇਨ੍ਹਾਂ ਬਾਬਿਆਂ ਤੇ ਕਾਬੂ ਪਾਉਣ ਵਾਲਾ ਕੋਈ ਨਹੀਂ। ਦੁੱਖ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਡੇਰੇਦਾਰ ਬਾਬਿਆਂ ਦੀ ਆਪਸ ਵਿਚ ਵੀ ਨਹੀਂ ਬਣਦੀ। ਧਰਮ ਦੀ ਸਿਖਿਆ ਨਾਲ ਵੀ ਸਦਾਚਾਰਕ ਸਿਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ, ਸਮਾਜ ਦਾ ਸੁਧਾਰ ਕੀਤਾ ਜਾ ਸਕਦਾ ਹੈ। ਦਲਿਤਾਂ ਨੂੰ ਸਿਖਿਅਤ ਕੀਤਾ ਜਾ ਸਕਦਾ ਹੈ।

ਕਿਸੇ ਵਿਦਵਾਨ ਨੇ ਕਿਹਾ ਸੀ ਕਿ ਆਜ਼ਾਦੀ ਚਾਹੀਏ ਤਾਂ ਆਜ਼ਾਦ ਰਹਿਣਾ ਸਿਖੋ। ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਦਲਿਤਾਂ ਨੇ ਆਜ਼ਾਦ ਰਹਿਣਾ ਕਦੋਂ ਸਿਖਣਾ ਹੈ? ਸਾਰੇ ਸਾਧਾਰਣ ਦਲਿਤਾਂ ਨੂੰ ਉਨ੍ਹਾਂ ਦਲਿਤਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਜਿਹੜੇ ਸੱਤਾ ਤੇ ਕਾਬਜ਼ ਹਨ। ਸੱਤਾ ਤੇ ਕਾਬਜ਼ ਲੋਕਾਂ ਵਿਚ ਆਈ.ਏ.ਐਸ, ਆਈ.ਪੀ.ਐਸ ਅਧਿਕਾਰੀਆਂ ਤੋਂ ਇਲਾਵਾ ਖੇਤੀਬਾੜੀ, ਜੰਗਲਾਤ ਤੇ ਕਈ ਖੇਤਰ ਹਨ, ਜਿਥੇ ਦਲਿਤਾਂ ਦੇ ਲੀਡਰ ਤਾਂ ਹਨ ਪਰ ਦਲਿਤ ਨਹੀਂ ਹਨ। ਸਰਕਾਰ ਦਲਿਤਾਂ ਦੀ ਭਲਾਈ ਨਾਲ ਸਬੰਧਤ ਅੰਕੜੇ ਇਕੱਠੇ ਕਰਦੀ ਹੈ। ਯੋਜਨਾਵਾਂ ਬਣਾਉਂਦੀ ਹੈ। ਪਿਛਲੇ ਕੀਤੇ ਕਰਾਏ ਦਾ ਹਿਸਾਬ ਜੋੜਦੀ ਹੈ। ਆਉਣ ਵਾਲੇ ਸਮੇਂ ਲਈ ਵਾਅਦਾ ਕਰਦੀ ਹੈ।

ਕੁਲ ਮਿਲਾ ਕੇ ਪਰਨਾਲਾ ਉਥੇ ਦਾ ਉਥੇ ਹੀ ਹੈ। ਪੰਜਾਬ ਵਰਗੇ ਖ਼ੁਸ਼ਹਾਲ ਸੂਬੇ ਵਿਚ ਡੇਰਾਬੱਸੀ ਕੋਲ ਇਕ ਪਿੰਡ ਵਿਚ ਦਲਿਤਾਂ ਲਈ ਇਕ ਮੰਦਰ ਵਿਚ ਪ੍ਰਵੇਸ਼ ਦੀ ਮਨਾਹੀ ਹੈ। ਇਕ ਮੰਗ ਉਠੀ ਸੀ ਕਿ ਇਕ ਪਿੰਡ ਵਿਚ ਇਕ ਹੀ ਗੁਰਦਵਾਰਾ ਹੋਵੇ। ਮੰਗ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ। ਹੋਰ ਤਾਂ ਹੋਰ ਇਕ ਪਿੰਡ ਇਕ ਸ਼ਮਸ਼ਾਨਘਾਟ ਵੀ ਨਹੀਂ ਬਣ ਸਕੇ। ਦਲਿਤਾਂ ਵਿਚ ਅਨਪੜ੍ਹਤਾ, ਗ਼ਰੀਬੀ ਤੇ ਅਵੇਸਲਾਪਨ ਜਿਉਂ ਦੇ ਤਿਉਂ ਕਾਇਮ ਹਨ।

ਦਲਿਤ ਉਮੀਦ ਕਰਦੇ ਹਨ ਕਿ ਦਲਿਤਾਂ ਦਾ ਉਥਾਨ ਕਰ ਕੇ ਸਰਕਾਰ ਅਪਣਾ ਫ਼ਰਜ਼ ਨਿਭਾਵੇ। ਸਰਕਾਰੀ ਸਬ-ਸਿਡੀਆਂ ਆਟਾ ਦਾਲ ਤੇ ਹੋਰ ਸਹੂਲਤਾਂ ਵਿਚ ਹੀ ਦਲਿਤਾਂ ਦੀ ਭਲਾਈ ਖੜੀ ਹੈ। ਆਜ਼ਾਦੀ ਚਾਹੀਦੀ ਹੈ ਤਾਂ ਆਜ਼ਾਦ ਸੋਚ ਜ਼ਰੂਰੀ ਹੈ। ਦਲਿਤ ਲੀਡਰਸ਼ਿਪ ਨੂੰ ਪੁਛਣਾ ਬਣਦਾ ਹੈ ਕਿ ਦਲਿਤਾਂ ਦੇ ਉਥਾਨ ਵਿਚ ਵੀ ਯੋਗਦਾਨ ਪਾਇਆ ਹੈ? ਪੁਛਣਾ ਇਹ ਵੀ ਬਣਦਾ ਹੈ ਕਿ ਕੇਂਦਰ ਤਕੜੇ ਦਲਿਤ, ਮਾੜੇ ਦਲਿਤਾਂ ਦੀ ਖ਼ਬਰਸਾਰ ਨਾ ਲਵੇ ਸਗੋਂ ਉਲਟਾ ਜੇਕਰ ਦਲਿਤ ਹੀ ਦਲਿਤਾਂ ਤੇ ਤਸ਼ੱਦਦ ਕਰਨ ਲੱਗ ਪੈਣ ਤਾਂ ਫਿਰ ਕੀ ਵਾਪਰੇਗਾ?    ਸੰਪਰਕ : 98884-05888