SGPC: ‘ਕਮਲਾ ਨਾ ਮਰੇ, ਕਮਲੇ ਦੀ ਮਾਂ ਮਰੇ ਜਿਹੜੀ ਦੂਜਾ ਨਾ ਜੰਮ ਧਰੇ’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

SGPC: ਅੱਜ ਵੀ ਐਸਜੀਪੀਸੀ ਅਪਣੇ ਪੁੱਤਰ ਦੀਆਂ ਕਰਤੂਤਾਂ ਨੂੰ ਢਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ

"Kamala may not die, Kamla's mother may die who does not give birth to another"

 

SGPC: ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਅੱਜ ਤਕ ਜਰਵਾਣਿਆਂ ਨੇ ਭੇਸ ਹੀ ਬਦਲਿਆ ਹੈ। ਜਰਵਾਣੇ ਲੋਕਾਂ ਦੀ ਸੋਚ ਅੱਜ ਵੀ ਜਰਵਾਣਿਆਂ ਨੂੰ ਮਾਤ ਪਾ ਰਹੀ ਹੈ। ਦਸਵੀਂ-ਗਿਆਰਵੀਂ ਸਦੀ ਤੋਂ ਸਤਾਰਵੀਂ ਸਦੀ ਦੇ ਮਹਾਪੁਰਖਾਂ ਦੀ ਰਸਨਾ ਤੋਂ ਉਚਾਰੀਆਂ ਰੱਬੀ ਰਮਜ਼ਾਂ ਨੂੰ ਧੁਰ ਕੀ ਬਾਣੀ ਜੁੱਗੋ ਜੁੱਗ ਅਟੱਲ ਬਾਣੀ ਦਾ ਰੁਤਬਾ ਦੇ ਕੇ ਲੋਕਾਈ ਲਈ ਚਾਨਣ ਮੁਨਾਰਾ ਕੀਤਾ ਜਿਸ ਦੀ ਰੌਸ਼ਨੀ ’ਚ ਕੋਈ ਵੀ ਮਨੁੱਖ ਜੀਵਨ ਮੁਕਤ ਹੋ ਕੇ ਪ੍ਰਮਾਤਮਾ ਦਾ ਰੂਪ ਬਣ ਸਕਦੈ। ਗੁਰਬਾਣੀ ਦਾ ਗਿਆਨ ਲੈ ਕੇ ਅਪਣੇ ਹੱਕਾਂ ਲਈ ਜਦੋ-ਜਹਿਦ ਸ਼ੁਰੂ ਕੀਤੀ।

ਸਿਰਫ਼ ਹੱਕਾਂ ਦੀ ਪ੍ਰਾਪਤੀ ਤਕ ਹੀ ਸੀਮਤ ਨਾ ਰਹੇ ਸਗੋਂ ਫ਼ਰਜ਼ਾਂ ਦੀ ਪਾਲਣਾ ਵੀ ਕਰਦੇ ਰਹੇ। ਸਤਾਰਵੀਂ ਸਦੀ ਦੇ ਸ਼ੁਰੂ ’ਚ ਹੀ ਇਸ ਸਿੱਖ ਧਰਮ ਤੇ ਸਿੱਖ ਸੋਚ ਨੂੰ ਖ਼ਤਮ ਕਰਨ ਲਈ, ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿਤਾ ਗਿਆ ਸੀ। ਪੰਜ ਭੂਤਕ ਸਰੀਰ ਸੜ ਗਿਆ ਪਰ ਸਿੱਖੀ ਸੋਚ ਨਾ ਮਿਟੀ, ਸਗੋਂ ਪ੍ਰਚੰਡ ਰੂਪ ਧਾਰ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਹੋ ਗਈ। ਉਨ੍ਹਾਂ ਨੇ ਲੋਕਾਂ ਨੂੰ ਅਣਖ ਨਾਲ ਜਿਊਣ ਦਾ ਸਲੀਕਾ ਸਿਖਾਇਆ। ਇਸੇ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਸਮੇਂ ਜਿਹੜੇ ਸਿੰਘ ਜੰਗ ਵਿਚ  ਸ਼ਹੀਦ ਹੋ ਗਏ, ਉਨ੍ਹਾਂ ਨੂੰ ਸਿੰਘਾਂ ਦੇ ਨਾਂ ਨਾਲ ਨਿਵਾਜਿਆ।

1708 ਤੋਂ ਬਾਅਦ ਸਿੰਘ ਨੇ ਅਪਣੀ ਹੋਂਦ ਕਾਇਮ ਰੱਖਣ ਲਈ ਕਈ ਉਪਰਾਲੇ ਕੀਤੇ ਜਿਸ ਵਿਚ 12 ਮਿਸਲਾਂ ਨੇ ਜਨਮ ਲਿਆ। ਮਿਸਲਾਂ ਨੇ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ’ਚ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਪ੍ਰਵਾਰਕ ਮੋਹ ਕਰ ਕੇ ਸਿੱਖ ਰਾਜ ਸਦਾ ਲਈ ਜਾਂਦਾ ਰਿਹਾ ਤੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਲਿਆ। ਅਠਾਰਵੀਂ ਸਦੀ ਦੇ ਅੰਤ ਤੇ ਉਨੀਂਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਵਿਚ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣ ਲਈ ਜੋ ਅੱਗੇ ਆਏ, ਉਹ ਮਰਜੀਵੜੇ ਅਖਵਾਏ।

ਇਨ੍ਹਾਂ ਦੀਆਂ ਪ੍ਰਾਪਤੀਆਂ ਤੇ ਘਾਲਣਾ ਸਦਕਾ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ ਜਿਸ ਨੇ ਸ਼ੁਰੂਆਤੀ ਦਿਨਾਂ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਡਮੁਲਾ ਯੋਗਦਾਨ ਪਾਇਆ। ਮਹੰਤਾਂ ਅਤੇ ਨਿਰਮਲਿਆਂ ਤੋਂ ਪ੍ਰਬੰਧ ਲੈ ਕੇ ਸਿੱਖ ਕੌਮ ’ਚ ਵਾਹ-ਵਾਹ ਖੱਟੀ। ਗੁਰਦੁਆਰਿਆਂ ਦੀ ਖੁੱਸੀ ਹੋਈ ਜ਼ਮੀਨ-ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਨਿਰਮਾਣ ਕੀਤਾ। ਸਿੱਖ ਧਰਮ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋ.ਗੁ.ਪ੍ਰ. ਕਮੇਟੀ ਦੀ ਇਕ ਆਵਾਜ਼ ’ਤੇ ਆਪਾ ਵਾਰਨ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣਾ ਤੇ ਲੋੜ ਪੈਣ ’ਤੇ ਹਰ ਮੋਰਚੇ ’ਚ ਕੁੱਦ ਪੈਣਾ। ਸਿੱਖਾਂ ’ਚ ਇਹ ਧਾਰਨਾ ਘਰ ਕਰ ਗਈ, ‘ਬੂਹੇ ਖੋਲ੍ਹ ਦਿਉ ਨਿਸੰਗ, ਆ ਗਏ ਗੁਰੂ ਦੇ ਨਿਹੰਗ।’

ਅੰਗਰੇਜ਼ਾਂ ਕੋਲੋਂ ਤਾਂ ਭਾਵੇਂ ਸਿੱਖਾਂ ਨੇ ਹਿੰਦੋਸਤਾਨ ਆਜ਼ਾਦ ਕਰਵਾ ਲਿਆ ਸੀ ਪਰ ਆਜ਼ਾਦੀ ਦਾ ਨਿੱਘ ਤਾਂ ਨਾ ਮਾਣ ਸਕੇ ਪ੍ਰੰਤੂ ਜੋ ਸੇਕ ਸਿੱਖ ਕੌਮ ਨੂੰ ਲੱਗਾ ਉਸ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਆਜ਼ਾਦ ਹਿੰਦੁਸਤਾਨ ਦੇ ਅਹਿਲਕਾਰਾਂ ਤੇ ਲੀਡਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਓਨਾ  ਜ਼ੁਲਮ ਗ਼ੁਲਾਮੀ ਵੇਲੇ ਨਹੀਂ ਹੋਇਆ, ਜਿੰਨਾ ਜ਼ੁਲਮ ਆਜ਼ਾਦ ਭਾਰਤ ਵਿਚ ਸਹਿਣਾ ਪੈ ਰਿਹਾ ਹੈ। 

ਵੀਹਵੀਂ ਸਦੀ ਦੇ ਅੱਧ ’ਚ ਹੀ ਗੁਰਦੁਆਰਿਆਂ ਉਤੇ ਕਬਜ਼ੇ ਕਰਨ ਦੀ ਸ਼ੁਰੂਆਤ ਸ਼੍ਰੋ.ਗੁ.ਪ੍ਰ. ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਅੱਜ ਤਕ ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ’ਤੇ ਧੌਂਸ ਨਾਲ ਕਬਜ਼ਾ ਜਮਾਇਆ ਹੋਇਆ ਹੈ। ਐਸਜੀਪੀਸੀ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਤਰ ਦੇ ਰੂਪ ’ਚ ਸਵੀਕਾਰ ਕੀਤਾ ਸੀ। ਪ੍ਰੰਤੂ ਇਸ ਨਾਲਾਇਕ ਪੁੱਤਰ ਨੇ ਅੱਜ ਸਾਰੇ ਸੰਸਾਰ ’ਚ ਸ਼੍ਰੋ.ਗੁ.ਪ੍ਰ. ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ੀਰੋ ਕਰ ਦਿਤਾ ਹੈ। ਅੱਜ ਵੀ ਐਸਜੀਪੀਸੀ ਇਸ ਵਿਗੜੇ ਹੋਏ ਪੁੱਤਰ ਦੀਆਂ ਕਰਤੂਤਾਂ ਨੂੰ ਢਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਸੌਦਾ ਸਾਧ ਨੂੰ ਮੁਆਫ਼ ਕਰ ਕੇ ਅਤੇ ਬਾਨਵੇਂ ਲੱਖ ਦੇ ਇਸ਼ਤਿਹਾਰ ਦੇ ਕੇ ਉਸ ਨੂੰ ਦੁੱਧ ਧੋਤਾ ਸਾਬਤ ਕਰਨ ਦੀ ਜੀਅ ਤੋੜ ਕੋਸ਼ਿਸ਼ ਕੀਤੀ। ਬਿੱਲੀ ਥੈਲਿਉਂ ਬਾਹਰ ਆਉਣ ’ਤੇ ਹਫੜਾ-ਦਫੜੀ ਮੱਚ ਗਈ ਅਤੇ ਕੁੱਝ ਟਕਸਾਲੀ ਆਗੂ ਬਾਗ਼ੀ ਹੋ ਕੇ ਇਕ ਦੂਜੇ ’ਤੇ ਤੋਹਮਤਾਂ ਲਾ ਕੇ ਦੁੱਧ ਧੋਤੇ ਹੋਣ ਦਾ ਨਾਟਕ ਰਚ ਰਹੇ ਹਨ। ਪ੍ਰੰਤੂ ਅੱਜ-ਕਲ ਲੋਕ ਸਿਆਣੇ ਹੋ ਚੁੱਕੇ ਹਨ, ਉਨ੍ਹਾਂ ਦੀਆਂ ਅੱਖਾਂ ’ਚ ਘੱਟਾ ਨਹੀਂ ਪਾਇਆ ਜਾ ਸਕਦਾ ਕਿਉਂਕਿ ਗ਼ਲਤੀਆਂ ਤੇ ਬੱਜਰ ਕੁਰਹਿਤਾਂ ’ਚ ਜ਼ਮੀਨ-ਅਸਮਾਨ ਦਾ ਅੰਤਰ ਹੁੰਦਾ ਹੈ। ਠੀਕ ਹੈ ਕਿ ਅਕਾਲ ਤਖ਼ਤ ਵਾਲਿਆਂ ਨੇ ਖੁੰਢਾ ਹੋਇਆ ਹਥਿਆਰ ਵਰਤ ਕੇ, ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ ਹੈ ਪਰ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਟਸ ਤੋਂ ਮਸ ਨਹੀਂ ਹੋ ਰਿਹਾ ਸਗੋਂ ਪ੍ਰਧਾਨਗੀ ਨੂੰ ਮਹਿਫ਼ੂਜ਼ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਚ ਕਾਰਜਕਾਰੀ ਪ੍ਰਧਾਨ ਅਧਿਕਾਰ ਥਾਪ ਕੇ ਨਿਮਾਣੇ ਹੋਣ ਦਾ ਨਾਟਕ ਰਚ ਦਿਤਾ ਹੈ।

ਐਸਜੀਪੀਸੀ ਵੀ ਇਸ ਸਾਰੇ ਘਟਨਾਕ੍ਰਮ ਵਿਚ ਬਰਾਬਰ ਦੀ ਭਾਈਵਾਲ ਹੈ ਜੋ ਸਿੱਖੀ ਦੀ ਡੁੱਬ ਰਹੀ ਬੇੜੀ ਨੂੰ ਕਿਨਾਰੇ ਲਾਉਣ ਦੀ ਥਾਂ ਉਸ ਨੂੰ ਘੁੰਮਣ-ਘੇਰੀ ’ਚ ਧੱਸ ਰਹੀ ਹੈ। ਹਰ ਮਸਲੇ ਨੂੰ ਠੰਢੇ ਬਸਤੇ ਵਿਚ ਪਾ ਦੇਣਾ, ਮਸਲੇ ਦਾ ਹੱਲ ਨਹੀਂ ਹੁੰਦਾ। ਸਭ ਤੋਂ ਵੱਡਾ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਖੁਰਦ-ਬੁਰਦ ਕਰਨ ਦਾ ਅਤੇ ਇਨਸਾਫ਼ ਮੰਗਣ ਵਾਲਿਆਂ ਨੂੰ ਜ਼ਲੀਲ ਕਰਨ ਦਾ ਹੈ।

ਸ਼੍ਰੋ.ਗੁ.ਪ੍ਰ. ਕਮੇਟੀ ਵਲੋਂ ਥਾਪੜਾ ਦੇ ਕੇ ਥਾਪੇ ਵਕਤੀ ਜਥੇਦਾਰ ਵਲੋਂ ਤੋਤਾ ਰਟਣ ਕਰ ਕੇ ਸਿੱਖ ਕੌਮ ਤੇ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਆਦੇਸ਼ ਦੇਣਾ ਨਾ-ਕਾਬਲੇ ਤਾਰੀਫ਼ ਹੈ ਕਿਉਂਕਿ ਸਾਰਾ ਸੰਸਾਰ ਜਾਣਦਾ ਹੈ ਕਿ ਅਖੌਤੀ ਜਥੇਦਾਰ ਨੂੰ ਨਾਲਾ ਬੰਨ੍ਹਣ ਤੋਂ ਪਹਿਲਾਂ ਦਿਤੇ ਰਸਮੀ ਅਧਿਕਾਰਾਂ ਤੋਂ ਲਾਂਭੇ ਕਰ ਦਿਤਾ ਜਾਂਦਾ ਹੈ। ਅਕਾਲ ਤਖ਼ਤ ਦੇ ਪੁਜਾਰੀਆਂ ਨੇ ਬਾਦਲ ਪ੍ਰਵਾਰ ਦੀ ਪੁਸ਼ਤ ਪਨਾਹੀ ਕਰਦਿਆਂ ਸਿੱਖ ਕੌਮ ਦੇ ਕੌਮੀ ਨਿਸ਼ਾਨ ਦਾ ਮਾਮਲਾ ਸਾਹਮਣੇ ਲਿਆ ਕੇ ਲੋਕਾਂ ਦਾ ਧਿਆਨ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦਾਲ ਨਾ ਗਲੀ ਸਗੋਂ ਬੁਧੀਜੀਵੀਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦਾ ਝੰਡਾ ਲਹਿਰਾਉਣ ਲਈ ਜ਼ੋਰ ਪਾਇਆ ਕਿਉਂਕਿ ਖੰਡੇ ਵਾਲਾ ਝੰਡਾ ਜੈਤੋ ਦੇ ਮੋਰਚੇ ਸਮੇਂ ਹੋਂਦ ਵਿਚ ਆਇਆ ਸੀ। 

ਅੱਜ ਅਕਾਲ ਤਖ਼ਤ ਨੂੰ ਸਿੱਖਾਂ ਲਈ ਸੁਪ੍ਰੀਮ ਕੋਰਟ ਵਜੋਂ ਵਰਤਣ ਲਗਿਆਂ ਗੁਰੇਜ਼ ਨਹੀਂ ਕੀਤਾ ਜਾਂਦਾ। ਕੋਰਟ ’ਚ ਤਾਂ ਵਕੀਲ ਦਲੀਲ ਤੇ ਅਪੀਲ ਦਾ ਪ੍ਰਬੰਧ ਹੈ ਪ੍ਰੰਤੂ ਅਕਾਲ ਤਖ਼ਤ ’ਤੇ ਸ਼ਾਹੀ ਫ਼ੁਰਮਾਨ ਹੀ ਜਾਰੀ ਹੁੰਦੇ ਹਨ। ਭਾਵੇਂ ਵੇਦਾਂਤੀ ਦਾ ਫ਼ੈਸਲਾ ਦੂਜਾ ਜਥੇਦਾਰ ਇਹ ਕਹਿ ਕੇ ਰੱਦ ਕਰ ਦਿੰਦਾ ਹੈ ਕਿ ਸ. ਜੋਗਿੰਦਰ ਸਿੰਘ ਬਾਨੀ ਸਪੋਕਸਮੈਨ ਨੇ ਕੋਈ ਗ਼ਲਤੀ ਨਹੀਂ ਕੀਤੀ ਪਰ ਰੱਬੀ ਫ਼ੁਰਮਾਨ ਅੱਜ ਤਕ ਜਾਰੀ ਹੈ। ਇਹ ਤਾਂ ਭੁਗਤਣਾ ਹੀ ਪੈਣਾ ਹੈ। ਅੱਜ ਤਕ ਇਸ ਪੰਥਕ ਅਖ਼ਬਾਰ ਨੂੰ ਸ਼੍ਰੋਮਣੀ ਕਮੇਟੀ ਨੇ ਸਵੀਕਾਰਿਆ ਹੀ ਨਹੀਂ ਪਰ ਅੰਦਰਖ਼ਾਤੇ ਸਾਰੇ ਪੜ੍ਹਦੇ ਹਨ।

ਜੋ ਕੁੱਝ ਸਪੋਕਸਮੈਨ ਅਖ਼ਬਾਰ ਨੇ ਅੱਜ ਤੋਂ 20- 25 ਸਾਲ ਪਹਿਲਾਂ ਲਿਖ ਦਿਤਾ ਸੀ, ਅੱਜ ਇਨ-ਬਿਨ ਵੇਖਣ ਨੂੰ ਮਿਲ ਰਿਹਾ ਹੈ। ਸਿੱਖੀ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਦੀ ਜ਼ਿੰਮੇਵਾਰੀ ਐਸਜੀਪੀਸੀ ਦੀ ਬਣਦੀ ਸੀ ਪਰ ਇਨ੍ਹਾਂ ਦੀ ਬੇਰੁਖ਼ੀ ਕਾਰਨ ਪੰਜਾਬ ’ਚ ਬਾਬਾਵਾਦ ਪ੍ਰਫੁੱਲਤ ਹੋਇਆ ਅਤੇ ਥਾਂ ਥਾਂ ਧਰਮ ਪਰਿਵਰਤਨ ਹੋ ਰਿਹਾ ਹੈ। ਇਨ੍ਹਾਂ ਨੇ ਸਹਿਜਧਾਰੀ ਤੇ ਅੰਮ੍ਰਿਤਧਾਰੀ ਦਾ ਰੌਲਾ ਪਾ ਕੇ 14 ਸਾਲਾਂ ਤੋਂ ਸੱਤਾ ਦੀ ਮਲਾਈ ਦਾ ਪ੍ਰਬੰਧ ਕਰ ਰਖਿਆ ਹੈ। ਸਭ ਨੂੰ ਪਤਾ ਹੈ ਕਿ ਜੋ ਹਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਹੈ, ਅਜਿਹਾ ਹੀ ਹਾਲ ਸ਼੍ਰੋਮਣੀ ਕਮੇਟੀ ਦਾ ਵੀ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਤੋਂ ਸਿੱਖਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸਿੱਖੀ ਦੀ ਵਿਚਾਰਧਾਰਾ ਨੂੰ ਢਾਹ ਲਾਈ ਹੈ ਤੇ ਆਉਣ ਵਾਲੇ ਸਮੇਂ ਵਿਚ ਇਹ ਪ੍ਰਚੰਡ ਰੂਪ ਧਾਰ ਕੇ, ਸਿੱਖੀ ਦਾ ਘਾਣ ਕਰਨਗੇ। ਫਿਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ‘ਕਮਲਾ ਨਾ ਮਰੇ, ਕਮਲੇ ਦੀ ਮਾਂ ਮਰੇ ਜਿਹੜੀ ਦੂਜਾ ਨਾ ਜੰਮ ਧਰੇ’। 

ਸੁਰਜੀਤ ਸਿੰਘ ਬਲੱਗਣ
ਮੋ : 94637-28315