ਚਰਨ ਅੰਮ੍ਰਿਤ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦਿਮਾਗ਼ੀ ਪਛੜੇਵੇਂ ਕਾਰਨ ਅਪਣੀ ਕਮਜ਼ੋਰੀ ਨੂੰ ਜਾਂ ਅਗਿਆਨਤਾ ਨੂੰ ਪੁਰਾਤਨ ਪ੍ਰੰਪਰਾ ਦਸਦਾ ਹੈ

Poor People

ਮੁਹਾਲੀ: ਸੰਸਾਰ ਵਿਚ ਬਹੁਤ ਲੰਮੇ ਸਮੇਂ ਤੋਂ ਵੱਡੇ ਛੋਟੇ ਊਚ-ਨੀਚ ਜਾਤ-ਪਾਤ, ਅਮੀਰ-ਗ਼ਰੀਬ ਵਾਲਾ ਪਾੜਾ ਵਿਕਰਾਲ ਰੂਪ ਵਿਚ ਚਲਦਾ ਆ ਰਿਹਾ ਹੈ। ਇਹ ਵੰਡ ਅਸਲ ਵਿਚ ਜਾਤ-ਪਾਤ ਦੀ ਵੰਡ ਨਹੀਂ। ਇਹ ਭਿਆਨਕ ਰੋਗ ਅਸਲ ਵਿਚ ਤਾਕਤਵਰ ਤੇ ਕਮਜ਼ੋਰ ਵਿਚ ਚਲਦਾ ਆ ਰਿਹਾ ਹੈ। ਜਿਸ ਧਿਰ ਨੇ ਰਾਜਸੀ ਤਾਕਤ ਪ੍ਰਾਪਤ ਕਰ ਲਈ, ਜਿਸ ਧਿਰ ਨੇ ਅਪਣਾ ਹਥਿਆਰਬੰਦ ਫ਼ੌਜੀ ਗਰੁਪ ਤਿਆਰ ਕਰ ਲਿਆ, ਇਲਾਕੇ ਦੇਸ਼ ਤੇ ਲੋਕਾਂ ਤੇ ਮਾਲਕੀ ਉਸੇ ਦੀ ਹੁੰਦੀ ਹੈ। ਜੇਤੂ ਵਰਗ ਦੇ ਸਾਰੇ ਲੋਕ ਤਾਕਤਵਰ ਹੋਣ ਕਾਰਨ ਦੂਜਿਆਂ ਨਾਲੋਂ ਉੱਚੇ ਦਰਜੇ ਤੇ ਪਹੁੰਚ ਜਾਂਦੇ ਹਨ। ਉਨ੍ਹਾਂ ਦੀ ਜਾਤ ਵਾਲੇ, ਉਨ੍ਹਾਂ ਨਾਲ ਵਫ਼ਾਦਾਰੀਆਂ ਨਿਭਾਉਣ ਵਾਲੇ ਵੀ ਉੱਚੇ ਮੰਨ ਲਏ ਜਾਂਦੇ ਹਨ। ਜਿਹੜੀਆਂ ਧਿਰਾਂ ਜੰਗ ਵਿਚ ਹਾਰ ਜਾਂਦੀਆਂ ਹਨ, ਉਨ੍ਹਾਂ ਦੇ ਬਹੁਤੇ ਨੌਜੁਆਨ ਤਾਂ ਜੰਗ ਵਿਚ ਹੀ ਮਾਰੇ ਜਾਂਦੇ ਹਨ। ਜੰਗ ਖ਼ਤਮ ਹੋਣ ਤੋਂ ਮਗਰੋਂ ਵੀ ਸ਼ੱਕ ਦੇ ਆਧਾਰ ਉਤੇ ਬਹੁਤ ਸਾਰੇ ਗੱਭਰੂਆਂ ਨੂੰ ਕਤਲ ਕਰ ਦਿਤਾ ਜਾਂਦਾ ਹੈ। ਹਾਰੇ ਹੋਏ ਲੋਕਾਂ ਦੀਆਂ ਧੀਆਂ ਭੈਣਾਂ ਜੇਤੂਆਂ ਵਾਸਤੇ ਕਾਮ ਭੁੱਖ ਪੂਰੀ ਕਰਨ ਦਾ ਸਮਾਨ ਹੁੰਦੀਆਂ ਹਨ।

 

ਹਾਰੇ ਹੋਏ ਲੋਕਾਂ ਦਾ ਧਨ ਪਦਾਰਥ ਘਰ ਜ਼ਮੀਨ ਇੱਜ਼ਤ ਆਬਰੂ, ਸਵੈਮਾਣ ਤੇ ਹੌਸਲਾ ਸੱਭ ਤਹਿਸ-ਨਹਿਸ ਕਰ ਦਿਤਾ ਜਾਂਦਾ ਹੈ। ਕਮਜ਼ੋਰ ਧਿਰਾਂ ਵਗਾਰ (ਬਿਨਾਂ ਤਨਖ਼ਾਹ ਤੋਂ) ਕਰਨ ਲਈ ਮਜਬੂਰ ਹੁੰਦੀਆਂ ਹਨ। ਉਨ੍ਹਾਂ ਨੂੰ ਜੇਤੂਆਂ ਦੇ ਗ਼ੁਲਾਮ ਬਣਨਾ ਪੈਂਦਾ ਹੈ। ਹਾਕਮਾਂ ਲਈ ਨੀਚ ਤੇ ਨਖਿੱਧ ਕੰਮ ਕਰਨੇ ਪੈਂਦੇ ਹਨ। ਮਾਲਕਾਂ ਵਲੋਂ ਦਿਤਾ ਗਿਆ ਪਾਟਿਆ ਪੁਰਾਣਾ ਕਪੜਾ ਤਨ ਢੱਕਣ ਲਈ ਪਹਿਨਣਾ ਪੈਂਦਾ ਹੈ। ਹਾਕਮਾਂ ਦਾ ਚੁਗਲਿਆ ਜੂਠਾ ਭੋਜਨ ਖਾਣਾ ਪੈਂਦਾ ਹੈ। ਕਈ ਵਾਰੀ ਹੰਕਾਰੀ ਹਾਕਮ ਅਪਣੇ ਪੈਰ ਧੁਆ ਕੇ ਗ਼ੁਲਾਮਾਂ ਨੂੰ ਪਿਆਂਦੇ ਰਹੇ ਹਨ। ਕੁੱਝ ਕੁ ਜ਼ਾਲਮ ਹਾਕਮਾਂ ਨੇ ਤਾਂ ਗ਼ੁਲਾਮਾਂ ਨੂੰ ਅਪਣਾ ਮਲ ਮੂਤਰ ਖਾਣ ਪੀਣ ਲਈ ਮਜਬੂਰ ਕੀਤਾ ਸੀ। ਭਾਰਤ ਦੇਸ਼ ਵਿਚ ਅਜਿਹੇ ਸਾਰੇ ਜ਼ੁਲਮ­ ਪਹਿਲਾਂ ਬ੍ਰਾਹਮਣ ਤੇ ਖ਼ਤਰੀਆਂ ਨੇ ਕੀਤੇ ਫਿਰ ਮੁਸਲਮਾਨ ਹਾਕਮਾਂ ਨੇ ਵੀ ਕੀਤੇ। ਤਾਕਤ ਦੀ ਦੁਰਵਰਤੋਂ ਹਰ ਇਕ ਜੀਵ ਕਰਦਾ ਆ ਰਿਹਾ ਹੈ। ਮਿਸਾਲ ਦੇ ਤੌਰ ਤੇ ਇਕ ਸਰਕਾਰੀ ਮੁਲਾਜ਼ਮ ਨੂੰ ਉਸ ਦੇ ਅਫ਼ਸਰ ਨੇ ਡਾਂਟ ਮਾਰ ਦਿਤੀ। ਮੁਲਾਜ਼ਮ ਘਰ ਆ ਕੇ ਬਿਨਾਂ ਵਜ੍ਹਾ ਪਤਨੀ ਤੇ ਗੁੱਸਾ ਝਾੜਦਾ ਹੈ। ਵਿਆਕੁਲ ਹੋਈ ਔਰਤ ਬੱਚਿਆਂ ਨੂੰ ਕੁੱਟ ਦਿੰਦੀ ਹੈ। ਬੱਚੇ ਰੋਂਦੇ ਹੋਏ ਖਿਡੌਣੇ ਤੋੜਦੇ ਹਨ, ਭਾਂਡੇ ਭੰਨਦੇ ਹਨ। ਬੇਬਸ ਹੋਏ ਖੱਲ ਖੂੰਜਿਆਂ ਵਿਚ ਲੁਕ ਕੇ ਰੋਂਦੇ ਹਨ। ਪਸ਼ੂ ਪੰਛੀ ਬਿਨਾਂ ਖ਼ਾਸ ਕਾਰਨ ਕਮਜ਼ੋਰਾਂ ਨੂੰ ਡਰਾਉਂਦੇ ਹਨ। ਅਪਣੇ ਇਲਾਕੇ ਵਿਚੋਂ ਦੌੜ ਜਾਣ ਲਈ ਮਜਬੂਰ ਕਰਦੇ ਹਨ।

 

ਸ਼ਿਕਾਰੀ ਜਾਨਵਰ ਕਮਜ਼ੋਰਾਂ ਨੂੰ ਮਾਰ ਕੇ ਆਮ ਹੀ ਖਾ ਜਾਂਦੇ ਹਨ। ਆਪੋ ਅਪਣੀ ਨਸਲ ਕੌਮ ਜਾਤ ਤੇ ਪ੍ਰਵਾਰਾਂ ਵਿਚ ਵੀ ਉੱਚੀ ਕੁਰਸੀ(ਰੁਤਬਾ) ਪ੍ਰਾਪਤ ਕਰਨ ਵਾਸਤੇ ਲੁਕਵੀਂ ਜਾਂ ਸ਼ਰੇਆਮ ਜੰਗ ਚਲਦੀ ਰਹਿੰਦੀ ਹੈ ਜਿਸ ਵਿਅਕਤੀ ਜਾਂ ਧਿਰ ਨੂੰ ਪੱਕਾ ਵਿਸ਼ਵਾਸ ਹੋ ਜਾਵੇ ਕਿ ਗ਼ੁਲਾਮਾਂ ਤੋਂ ਹੁਣ ਕੋਈ ਖ਼ਤਰਾ ਨਹੀਂ। ਇਹ ਮੰਨ ਕੇ ਸਾਡੀਆਂ ਸਾਰੀਆਂ ਵਧੀਕੀਆਂ ਨੂੰ ਕਿਸਮਤ ਦਾ ਲਿਖਿਆ ਪ੍ਰਵਾਨ ਕਰ ਚੁੱਕੇ ਹਨ, ਤਦੋਂ ਜੇਤੂ ਧਿਰ ਉਨ੍ਹਾਂ ਗ਼ੁਲਾਮਾਂ ਤੇ ਤਰਸ ਕਰਨ ਲਗਦੀਆਂ। ਗ਼ੁਲਾਮ ਹੋਰ ਵਫ਼ਾਦਾਰੀ ਨਾਲ ਵਗਾਰਾਂ ਕਰਦੇ ਹਨ। ਉਨ੍ਹਾਂ ਦਾ ਮਾਲਕ (ਛੋਟਾ ਜਾਂ ਵੱਡਾ) ਉਭਲਾ ਪੁਰਸ਼ ਨੇਕ ਇਨਸਾਨ ਬਣ ਕੇ ਵਿਖਾਉਣ ਦਾ ਨਾਟਕ ਕਰਦੇ ਹਨ। ਜਿੰਨੀ ਦੇਰ ਤਕ ਕੋਈ ਨਵੀਂ ਚੇਤਨਾ, ਨਵੀਂ ਬਗ਼ਾਵਤ ਇਸ ਜ਼ੁਲਮ ਦੀਆਂ ਜੜ੍ਹਾਂ ਨਾ ਪੁੱਟ ਦੇਵੇ, ਉਨਾ ਸਮਾਂ ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ। ਭਾਰਤ ਵਰਗੇ ਧਰਮੀ ਦੇਸ਼ ਵਿਚ ਅੱਜ ਵੀ ਇਹ ਊਚ-ਨੀਚ ਦਾ ਰੋਗ ਉਸੇ ਤਰ੍ਹਾਂ ਬਰਕਰਾਰ ਹੈ। ਗੁਰੂ ਗਿਆਨ (ਗੁਰੂ ਗ੍ਰੰਥ ਜੀ) ਦੇ ਸਿੱਖ ਅਖਵਾਉਣ ਵਾਲੇ ਵੀ ਇਸ ਜਾਤ ਪਾਤੀ ਅਤੇ ਹੋਰ ਵਿਕਾਰ, ਕੋਹੜ ਨੂੰ ਗਲੋਂ ਨਹੀਂ ਲਾਹ ਸਕੇ।

ਕਿਸੇ ਲਿਖਤ ਵਿਚ ਇਹ ਲਿਖਿਆ ਨਹੀਂ ਮਿਲਦਾ ਕਿ ਬਾਬਾ ਨਾਨਕ ਜੀ ਨੇ ਕਬੀਰ ਰਵਿਦਾਸ ਜੀ ਜਾਂ ਹੋਰ ਕਿਸੇ ਭਗਤ ਨੂੰ ਅਪਣੇ ਪੈਰਾਂ ਦੀ ਧੋਣ (ਚਰਨਾ ਅੰਮ੍ਰਿਤ) ਪਿਲਾਇਆ ਹੋਵੇ, ਨਾ ਹੀ ਇਨ੍ਹਾਂ ਭਗਤਾਂ ਨੇ ਬਾਬਾ ਨਾਨਕ ਜੀ ਅੱਗੇ ਇਹ ਸ਼ਰਤ ਰੱਖੀ ਕਿ ਅਸੀ ਬਹੁਤ ਵੱਡੇ ਭਗਤ ਹਾਂ, ਤੁਹਾਨੂੰ ਸਾਡਾ ਚਰਨ ਅੰਮ੍ਰਿਤ ਪੀਣਾ ਪਵੇਗਾ। ਸਾਰੇ ਭਰਾਵਾਂ ਵਾਂਗ ਮਿਲੇ, ਇਕ ਦੂਜੇ ਨੂੰ ਪੂਰਾ ਸਤਿਕਾਰ ਦਿਤਾ। ਬ੍ਰਾਹਮਣ ਦੀਆਂ ਨਜ਼ਰਾਂ ਵਿਚ ਨੀਵੇਂ ਤੇ ਅਛੂਤ ਲੋਕਾਂ ਦੀ ਬਾਣੀ ਗੁਰੂਆਂ ਬਰਾਬਰ ਸ਼ੁਸ਼ੋਭਿਤ ਹੈ। ਜੋ ਮਨੁੱਖ ਗੁਰਦਵਾਰੇ ਜਾਂਦਾ ਹੈ­ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ। ਇਸ ਦਾ ਪ੍ਰਤੱਖ ਪ੍ਰਮਾਣ ਤਾਂ ਇਹੀ ਹੈ ਕਿ ਸਿੱਖ ਸਮਾਜ ਸਾਰੇ ਬਾਣੀ ਰਚਨਾਕਾਰਾਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ। ਦੁਖਦਾਈ ਪਹਿਲੂ ਇਹ ਹੈ ਕਿ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਤਾਕਤਵਰ ਸਿੱਖ ਬਰਾਬਰ ਦੇ ਇਨਸਾਨ ਮੰਨਣ ਲਈ ਤਿਆਰ ਨਹੀਂ।

ਸਟੇਜਾਂ ਤੇ ਧੂੰਆਂ ਧਾਰ ਲੈਕਚਰ ਦੇਈ ਜਾਣੇ ਕਿ ਬਾਬਾ ਜੀ ਨੇ ਸਾਰਿਆਂ ਲਈ ਸਾਂਝੇ ਸ੍ਰੋਵਰ ਬਣਾਏ­ ਰਲ ਮਿਲ ਕੇ ਛਕਣ ਲਈ ਸਾਂਝੇ ਲੰਗਰ ਚਲਾਏ­ ਸਾਰਿਆਂ ਲਈ ਸੰਗਤ ਵਿਚ ਬੈਠਣ ਦੀ ਆਗਿਆ ਕੀਤੀ। ਪੰਜ ਪਿਆਰੇ (1699 ਵਾਲੀ ਵਿਸਾਖੀ ਸਮੇਂ) ਅੱਡੋ-ਅੱਡ ਜਾਤਾਂ ਵਿਚੋਂ ਚੁਣ ਕੇ, ਇਕੋ ਬਾਟੇ ਵਿਚ ਅੰਮ੍ਰਿਤ ਛਕਾਇਆ। ਹਰ  ਸਿੱਖ ਦੇ ਨਾਮ ਨਾਲ ਸਿੰਘ ਤੇ ਕੌਰ ਵਿਸ਼ੇਸ਼ਣ ਲਗਾਉਣ ਦਾ ਹੁਕਮ ਦਿਤਾ। ਵੱਡਾ ਛੋਟਾ ਉੱਚਾ-ਨੀਵਾਂ ਨਾਂ ਮੰਨ ਕੇ ਸਾਰਿਆਂ ਨੂੰ ਇਕ ਦੂਜੇ ਦੇ ਉਭਾਈ ਬਣਾਇਆ।
ਆਲੇ ਦੁਆਲੇ ਨਿਰਖ ਪਰਖ ਕਰ ਕੇ ਵੇਖੋ। ਬਹੁਤ ਸਾਰੇ ਸਿੱਖ ਪਿਛੋਕੜ ਵਾਲੇ ਮਾਈ ਭਾਈ ਸਿੰਘ ਅਤੇ ਕੌਰ ਸ਼ਬਦ ਨੂੰ ਤਿਆਗ ਚੁੱਕੇ ਹਨ। ਭਾਈ ਅਖਵਾਉਣਾ ਕੋਈ ਪਸੰਦ ਨਹੀਂ ਕਰਦਾ। ਮਜਬੂਰੀ ਵਸ ਭਾਈ ਸ਼ਬਦ ਗੁਰਦਵਾਰੇ ਦੇ ਗ੍ਰੰਥੀਆਂ ਲਈ ਰਹਿ ਗਿਆ ਹੈ। ਗੁਰਦਵਾਰੇ ਦੇ ਪ੍ਰਬੰਧਕ, ਪ੍ਰਧਾਨ ਸਾਹਬ, ਸਕੱਤਰ ਸਾਹਬ ਤੇ ਖ਼ਜ਼ਾਨਚੀ ਸਾਹਬਅਖਵਾਉਂਦੇ ਹਨ। ਭਾਈ ਜੀ ਆਖਿਆਂ ਬੇਇਜ਼ਤੀ ਮਹਿਸੂਸ ਕਰਦੇ ਹਨ। ਗੁਰੂ ਸਾਹਿਬ ਵਲੋਂ ਦਿਤੇ ਹੁਕਮ ਖੂਹ ਖਾਤੇ ਪਾ ਦਿਤੇ। ਗੁਰੂ ਦੇ ਨਾਂ ਤੇ ਪੈਸਾ ਤੇ ਅਹੁਦਾ ਤਾਂ ਲੈਣਾ ਹੈ ਪਰ ਗੁਰੂ ਦਾ ਹੁਕਮ ਨਹੀਂ ਮੰਨਣਾ।

ਇਸ ਮਾਨਸਕ ਗਿਰਾਵਟ ਕਾਰਨ ਆਮ ਜਗਿਆਸੂ ਜਿੰਨੀ ਸਮਝ ਹੁੰਦੀ ਹੈ, ਉਸ ਤਰ੍ਹਾਂ ਦੇ ਕੰਮ (ਗੁਰਮਤਿ ਤੋਂ ਉਲਟ) ਕਰਦਾ ਰਹਿੰਦਾ ਹੈ। ਹਰ ਕੋਈ ਪੁਰਾਤਨ ਪ੍ਰੰਪਰਾ ਨੂੰ ਜੱਫ਼ਾ ਪਾਈ ਬੈਠਾ ਹੈ। ਸਹੂਲਤਾਂ ਸਾਰੀਆਂ ਵਿਗਿਆਨ ਦੀਆਂ ਮਾਣ ਰਿਹਾ ਹੈ। ਦਿਮਾਗ਼ੀ ਪਛੜੇਵੇਂ ਕਾਰਨ ਅਪਣੀ ਕਮਜ਼ੋਰੀ ਨੂੰ ਜਾਂ ਅਗਿਆਨਤਾ ਨੂੰ ਪੁਰਾਤਨ ਪ੍ਰੰਪਰਾ ਦਸਦਾ ਹੈ। ਸਿੱਖਾਂ ਦੇ ਬੁਲਾਰੇ ਤੇ ਲੇਖਾਰੀ ਬਰਾਬਰੀ ਵਾਲਾ ਹੋਕਾ ਵੀ ਦਿੰਦੇ ਰਹਿੰਦੇ ਹਨ­ ਖੰਡੇ ਦਾ ਅੰਮ੍ਰਿਤ ਛਕਾਉਣ ਦੇ ਸਮੇਂ ਤੋਂ ਪਹਿਲਾਂ ਵਾਲੇ ਗੁਰੂ ਕਾਲ ਵਿਚ ਚਰਨ ਅੰਮ੍ਰਿਤ ਤਿਆਰ ਕਰ ਕੇ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੇ ਗੁਰੂ ਨੂੰ ਪਿਆਉਂਦੇ ਹਨ। ਨਵੇਂ ਆਏ ਸਿੱਖ ਸੇਵਕਾਂ ਨੂੰ ਸਿੱਖੀ ਵਿਚ ਦਾਖ਼ਲ ਕਰਨ ਲਈ ਵੀ ਚਰਨ ਅੰਮ੍ਰਿਤ ਪਿਲਾਉਂਦੇ ਹਨ। ਇਸ ਨਖਿੱਧ ਕਿਰਿਆ ਵਾਸਤੇ ਭਾਈ ਗੁਰਦਾਸ ਦੀ ਲਿਖੀ ਇਕ ਪਉੜੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਉਹ ਪਉੜੀ ਪੜ੍ਹ, ਲਉ, ਫਿਰ ਉਸਦੀ ਅਰਥ ਵਿਚਾਰ ਕਰਾਂਗੇ।

ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੁ ਨਾਨਕ ਜਗ ਮਾਹਿ ਪਠਾਇਆ£ ਚਰਨ ਧੋਇ ਰਹਿਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ£ ਪਾਰਬ੍ਰਹਮ ਪੂਰਨ ਬ੍ਰਹਮ, ਕਲਿਜੁਗਿ ਅੰਦਰਿ ਇਕੁ ਦਿਖਾਇਆ£ ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ£ ਰਾਣਾ ਰੰਕੁ ਬ੍ਰਾਬਰੀ, ਪੈਰੀ ਪਵਣਾ ਜਗਿ ਵਰਤਾਇਆ£ ਉਲਟਾ ਖੇਲੁ ਪਿਰੰਮ ਦਾ, ਪੈਰਾਂ ਉਪਰਿ ਸੀਸੁ ਨਿਵਾਇਆ£ ਕਲਜੁਗੁ ਬਾਬੇ ਤਾਰਿਆ, ਸਤਿਨਾਮੁ ਪੜਿ, ਮੰਤ੍ਰ ਸੁਣਾਇਆ£ ਕਲਿ ਤਾਰਣਿ ਗੁਰੁ ਨਾਨਕੁ ਆਇਆ£ (ਭਾਈ ਗੁਰਦਾਸ, ਵਾਰ-1-23) ਹੇ ਭਾਈ! ਪ੍ਰਭੂ ਪ੍ਰਮਾਤਮਾ ਨੇ ਦੁਖਿਆਰੇ ਲੋਕਾਂ ਦੀ ਬੇਨਤੀ ਸੁਣ ਕੇ ਬਾਬਾ ਨਾਨਕ ਨੂੰ ਸਮਾਜ ਦੇ ਕਲਿਆਣ ਵਾਸਤੇ ਭੇਜਿਆ। ਸਾਰੇ ਲੋਕਾਂ ਨੇ ਖ਼ੁਸ਼ੀ ਵਿਚ ਬਾਬਾ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਉਨ੍ਹਾਂ ਨੇ ਬਾਬਾ ਜੀ ਦੀ ਪਰਦੱਖਣਾ ਕੀਤੀ। ਨਿਰਮਤਾ ਨਾਲ ਉਨ੍ਹਾਂ ਦਾ ਗਿਆਨ ਰੂਪੀ ਅੰਮ੍ਰਿਤ ਪੀਤਾ। ਰੱਬ ਕਿਸੇ ਨੇ ਨਹੀਂ ਵੇਖਿਆ, ਲੋਕਾਂ ਨੇ ਬਾਬਾ ਜੀ ਨੂੰ ਹੀ ਰੱਬ ਦਾ ਰੂਪ ਜਾਣ ਕੇ ਸਤਿਕਾਰ ਦਿਤਾ।

ਰੱਬ ਰੂਪ ਬਾਬਾ ਨਾਨਕ ਨੇ ਕਲਯੁਗ ਦੇ ਭਿਆਨਕ ਸਮੇਂ ਵਿਚ ਇਕ ਨਿਰੰਕਾਰ ਨਾਲ ਜੋੜਿਆ। ਪੁਰਾਤਨ ਪ੍ਰੰਪਰਾ ਦੇ ਪ੍ਰਭਾਵ ਵਿਚ ਲੋਕੀਂ ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਚਾਰ ਵਰਗਾਂ ਵਿਚ ਵੰਡੇ ਹੋਏ ਸਨ। ਇਨ੍ਹਾਂ ਚਾਰੇ ਵਰਣਾਂ ਨੂੰ ਬਾਬਾ ਨਾਨਕ ਜੀ ਨੇ ਏਕਤਾ ਦੇ ਸੂਤਰ ਵਿਚ ਇਕੱਠੇ ਕਰਨ ਦਾ ਉਪਰਾਲਾ ਕੀਤਾ। ਰਾਜਿਆਂ ਤੇ ਅਮੀਰਾਂ ਨੂੰ ਨਿਮਰਤਾ ਵਿਚ ਰਹਿਣ ਦਾ ਉਪਦੇਸ਼ ਦਿਤਾ। ਗ਼ਰੀਬਾਂ ਤੇ ਛੋਟੀ ਜਾਤ ਵਾਲਿਆਂ ਨੂੰ ਅਪਣੇ ਭਾਈ ਬੰਦ ਪ੍ਰਵਾਨ ਕਰਨ ਲਈ ਆਖਿਆ। ਪਹਿਲਾਂ ਤੋਂ ਸਥਾਪਤ ਊਚ-ਨੀਚ ਦੀ ਵਰਣਵੰਡ ਨੂੰ ਤੋੜ ਕੇ ਵੱਡਿਆ ਉੱਚਿਆਂ ਨੂੰ ਗ਼ਰੀਬਾਂ ਨਾਲ ਸਤਿਕਾਰ ਸਹਿਤ ਵਰਤੋਂ ਵਿਹਾਰ ਕਰਨਾ ਸਿਖਾਇਆ। (ਮਾਨੋ ਉੱਚੇ ਸਿਰ ਨੂੰ ਪੈਰਾਂ ਵਿਚ ਝੁਕਾ ਦਿਤਾ) ਕਲਯੁਗ ਦੇ ਮੰਦੇ ਸਮੇਂ ਵਿਚ ਬਾਬਾ ਨਾਨਕ ਨੇ ਅਨੇਕ ਦੇਵੀਆਂ ਦੇਵਤਿਆਂ ਵਲੋਂ ਹਟਾ ਕੇ ਸਤਿਨਾਮ (ਸਦਾ ਥਿਰ) ਪ੍ਰਮੇਸਰ ਦਾ ਉਪਦੇਸ਼ (ਗਿਆਨ) ਦਿਤਾ। ਬਾਬਾ ਨਾਨਕ ਬਾਬਾ ਜੀ ਸਾਰੇ ਲੋਕਾਂ ਦਾ ਕਲਿਆਣ ਕਰਨ ਹੀ ਸੰਸਾਰ ਵਿਚ ਆਏ ਸਨ।

ਪਾਠਕ ਜਨੋ! ਇਸ ਪਉੜੀ ਵਿਚੋਂ ਇਕ ਪੰਕਤੀ ਲੈ ਕੇ ੁਚਰਣਾਮ੍ਰਿਤੁ ਸਿਖਾਂ ਪੀਲਾਇਆਵਾਰ-ਵਾਰ ਲਿਖਿਆ ਤੇ ਬੋਲਿਆ ਗਿਆ ਹੈ ਕਿ ਵੇਖੋ ਜੀ ਭਾਈ ਗੁਰਦਾਸ ਨੇ ਲਿਖਿਆ ਹੈ ਕਿ ਬਾਬਾ ਨਾਨਕ ਜੀ ਸਿੱਖ ਧਰਮ ਵਿਚ ਦਾਖ਼ਲ ਹੋਣ ਵਾਲਿਆਂ ਨੂੰ ਚਰਨਾਂ ਦਾ ਅੰਮ੍ਰਿਤ (ਪੈਰਾਂ ਦਾ ਧੋਣ) ਛਕਾਉਂਦੇ ਸਨ। ਅਜਿਹੀਆਂ ਪੰਕਤੀਆਂ ਦੇ ਭਾਵ ਅਰਥ ਕਰਨੇ ਚਾਹੀਦੇ ਹਨ। ਸ਼ਬਦ ਅਰਥਾਂ ਨਾਲ ਤਾਂ ਅਨਰਥ ਹੋ ਜਾਣਗੇ। ਅਗਲੀਆਂ ਪੰਕਤੀਆਂ ਵਿਚ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਚਾਰੇ ਵਰਣਾਂ ਨੂੰ ਬਾਬਾ ਨਾਨਕ ਨੇ ਬ੍ਰਾਬਰ ਦੇ ਇਨਸਾਨ ਮੰਨਿਆ ਹੈ, ਕੋਈ ਛੋਟਾ ਵੱਡਾ ਨਹੀਂ। ਅਮੀਰਾਂ ਗ਼ਰੀਬਾਂ ਨੂੰ ਰਾਜੇ ਤੇ ਪਰਜਾ ਨੂੰ ਇਕੋ ਜਿਹਾ ਸਨਮਾਨ ਦਿਤਾ ਹੈ। ਇਹ ਨਵੀਂ ਰੀਤ (ਬ੍ਰਾਹਮਣ ਦੀ ਨਜ਼ਰ ਵਿਚ ਉਲਟੀ ਰੀਤ) ਪਹਿਲੀਆਂ ਮਾਨਤਾਵਾਂ ਦੇ ਉਲਟ ਸੀ। ਉੱਚਿਆਂ ਨੂੰ ਨੀਵਿਆਂ ਦੇ ਬਰਾਬਰ ਮੰਨਿਆ, ਇਕੋ ਜਹੇ ਇਨਸਾਨ।
ਪ੍ਰਉਪਕਾਰੀ ਬਾਬਾ ਨਾਨਕ ਜੀ ਰਾਜਿਆਂ ਨੂੰ ਗ਼ਰੀਬਾਂ ਦਾ ਸਤਿਕਾਰ ਕਰਨ ਲਈ ਕਹਿੰਦੇ ਹੋਣ, ਪਰ ਖ਼ੁਦ ਉੱਚੇ ਬਣ ਕੇ ਸਿੱਖ ਸੇਵਕਾਂ ਨੂੰ ਅਪਣੇ ਪੈਰਾਂ ਦਾ ਧੋਣ (ਗੰਦਾ ਪਾਣੀ) ਪੀਣ ਲਈ ਦੇਣ। ਕੀ ਇਹ ਬਾਬੇ ਨਾਨਕ ਸਾਹਿਬ ਦੀ ਤੌਹੀਨ ਨਹੀਂ? ਗੁਰਬਾਣੀ ਵਿਚ ਤਾਂ ਬਾਬਾ ਜੀ ਇੰਜ ਲਿਖਦੇ ਹਨ ਕਿ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ£
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆਂ ਸਿਉ ਕਿਆ ਰੀਸ£
ਜਿਥੇ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ£ (15)
ਹੇ ਭਾਈ! ਮੈਂ (ਨਾਨਕ) ਨੀਚ ਜਾਤ ਵਾਲਾ ਹਾਂ, ਨੀਵਿਆਂ ਤੋਂ ਵੀ ਨੀਵਾਂ ਹਾਂ। ਪਰ ਮੇਰੀ ਸਾਂਝ ਗ਼ਰੀਬਾਂ ਨਾਲ ਹੈ। ਮੈਂ ਵੱਡੇ ਲੋਕਾਂ ਵਾਂਗ ਜਾਤ ਦਾ ਹੰਕਾਰ ਨਹੀਂ ਕਰਦਾ। ਜਿਥੇ ਨੀਵਿਆਂ ਕਮਜ਼ੋਰਾਂ ਦੀ ਸੰਭਾਲ ਹੁੰਦੀ ਹੈ, ਉਹ ਪ੍ਰਮੇਸ਼ਰ ਦੀ ਕ੍ਰਿਪਾ ਦੇ ਪਾਤਰ ਹੁੰਦੇ ਹਨ।
                                                                ਪ੍ਰੋ. ਇੰਦਰ ਸਿੰਘ ਘੱਗਾ,ਸੰਪਰਕ : 98551-51699