ਪੰਜਾਬ, ਪੰਜਾਬੀ ਅਤੇ ਪੰਜਾਬੀਅਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬੀਅਤ ਕੀ ਹੈ? ਇਕ ਅਹਿਸਾਸ, ਗੁਰੂਆਂ ਪੀਰਾਂ ਦੇ ਵਾਰਸ ਹੋਣ ਦਾ ਅਹਿਸਾਸ।

Image: For representation purpose only.

 

ਪੰਜਾਬ, ਪੰਜਾਬੀ ਤੇ ਪੰਜਾਬੀਅਤ, ਇਨ੍ਹਾਂ ਤਿੰਨਾਂ ਸ਼ਬਦਾਂ ਦੇ ਜ਼ਿਕਰ ਤੋਂ ਬਿਨਾ, ਕਿਸੇ ਵੀ ਸਿਆਸੀ, ਧਾਰਮਕ ਜਾਂ ਸਾਹਿਤ ਨਾਲ ਸਬੰਧਤ ਵਿਅਕਤੀ ਦਾ ਭਾਸ਼ਣ ਅਧੂਰਾ ਸਮਝਿਆ ਜਾਂਦਾ ਹੈ। ਇਹ ਵਖਰੀ  ਗੱਲ ਹੈ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਦਾ ਪ੍ਰਯੋਗ ਉਹ ਕਿਸ ਨਜ਼ਰੀਏ ਤੋਂ ਕਰ ਰਿਹਾ ਹੈ। ਨਾਨਕ ਸ਼ਾਹ ਫ਼ਕੀਰ ਵਰਗੇ ਗੁਰੂਆਂ-ਪੀਰਾਂ ਦੀ ਧਰਤੀ, ਗੁਰੂ ਗੋਬਿੰਦ ਜੀ ਵਰਗੇ ਸਰਬੰਸ ਦਾਨੀਆਂ ਦੀ ਧਰਤੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਿਆਂ ਦੀ ਧਰਤੀ, ਗੁਰੂ ਅਰਜਨ ਦੇਵ ਜੀ ਵਰਗੇ ਸਿਰਮੌਰ ਸ਼ਹੀਦਾਂ ਦੀ ਧਰਤੀ, ਮਾਈ ਭਾਗੋ ਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਤੇ ਸਰਾਭਿਆਂ ਦੀ ਧਰਤੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਏ ਅਤੇ ਬੰਦਾ ਸਿੰਘ ਬਹਾਦਰ ਵਰਗਿਆਂ ਦੀ ਧਰਤੀ, ਹਿੰਦੁਸਤਾਨ ਵਿਚ ਅੰਗਰੇਜ਼ਾਂ ਵਿਰੁਧ ਪਹਿਲੀ ਬਗ਼ਾਵਤ ਕਰ ਕੇ ਵਿਦੇਸ਼ੀ ਕੈਦਖ਼ਾਨੇ ਵਿਚ ਜਾਨ ਦੇਣ ਵਾਲੇ ਭਾਈ ਮਹਾਰਾਜ ਸਿੰਘ ਦੀ ਧਰਤੀ, ਗ਼ਦਰੀ ਦੇਸ਼ ਭਗਤਾਂ, ਕੂਕਿਆਂ, ਅਕਾਲੀ ਮੋਰਚਿਆਂ ਰਾਹੀਂ ਅੰਗਰੇਜ਼ਾਂ ਨੂੰ ਵਾਰ ਵਾਰ ਲੋਹੇ ਦੇ ਚਣੇ ਚਬਾਉਣ ਲਈ ਮਜਬੂਰ ਕਰਨ ਵਾਲੇ ਅਕਾਲੀਆਂ ਦੀ ਧਰਤੀ ਅਤੇ ਅੰਗਰੇਜ਼-ਮੁਸਲਿਮ ਲੀਗ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਕੇ ਹਿੰਦੂਆਂ-ਸਿੱਖਾਂ ਦੇ ਸਾਂਝੇ ਲੀਡਰ ਵਲੋਂ ਪੂਰੇ ਪੰਜਾਬ ਨੂੰ ਪਾਕਿਸਤਾਨ ਵਿਚ ਜਾਣੋਂ ਰੋਕਣ ਵਾਲੇ ਅਕਾਲੀ ਜਰਨੈਲ ਦੀ ਧਰਤੀ ਹੈ। ਇਹ ਉਹੀ ਪੰਜਾਬ ਹੈ ਜਿਸ ਨੂੰ ਪ੍ਰੋਫ਼ੈਸਰ ਪੂਰਨ ਸਿੰਘ ਦਾ ਪੰਜਾਬ, ਵਾਰਸ ਦੀ ਹੀਰ ਦਾ ਪੰਜਾਬ ਤੇ ਅੰਮ੍ਰਿਤਾ ਪ੍ਰੀਤਮ ਦੇ ਪੰਜਾਬ ਵਜੋਂ ਜਾਣਿਆਂ ਜਾਂਦਾ ਹੈ।

ਸੱਭ ਤੋਂ ਵੱਧ ਕੇ, ਇਨਸਾਨੀਅਤ ਲਈ ਕੰਮ ਕਰਨਾ, ਕਿਰਤ ਕਰਨਾ ਤੇ ਵੰਡ ਛਕਣ ਅਤੇ ਨਾਮ ਜਪਣ, ਅਪਣੇ ਦੋਵੇਂ ਸਮੇਂ ਦੀ ਅਰਦਾਸ ’ਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਰਤੀ ਨੂੰ ਪੰਜਾਬ ਕਿਹਾ ਗਿਆ ਹੈ। ਦੇਸ਼ ਦੀ ਆਜ਼ਾਦੀ ਵਿਚ ਸੱਭ ਤੋਂ ਵੱਧ ਖ਼ੂਨ ਵਹਾਉਣ ਵਾਲੇ (ਫਾਂਸੀ ਦਾ ਰੱਸਾ ਚੁੰਮਣ ਵਾਲੇ 121 ’ਚੋਂ 93 ਪੰਜਾਬੀ ਸਨ) ਪੰਜਾਬ ਦੇ ਸਿਰਲੱਥ ਯੋਧਿਆਂ ਦੀ ਜਨਮ ਭੂਮੀ ਰਿਹਾ ਹੈ ਪੰਜਾਬ। ਮੈਨੂੰ ਮਾਣ ਹੈ ਉਸ ਧਰਤ ਦੇ ਜੰਮਪਲ ਹੋਣ ਦਾ ਜਿਸ ਧਰਤ ਦੇ 1.53% ਭੂਮੀ ਦੇ ਮਾਲਕ ਹੋਣ ਦੇ ਬਾਵਜੂਦ ਪੰਜਾਬੀ ਕਿਸਾਨ ਦੇਸ਼ ਦੇ ਅੰਨ ਭੰਡਾਰ ’ਚ 80% ਯੋਗਦਾਨ ਪਾਉਂਦਾ ਹੈ। ਦੁਨੀਆਂ ਦੇ ਹਰ ਕੋਨੇ ’ਚ ਅਪਣੀ ਨਿਰਾਲੀ ਵੇਸ਼ਭੂਸਾ ਕਰ ਕੇ ਪੰਜਾਬੀਆਂ ਦੀ ਪਹਿਚਾਣ ਬਣੀ ਹੈ।

ਮੇਰੇ ਇਸ ਪੰਜ-ਆਬਾਂ ਦੇ ਪੰਜਾਬ ਨਾਲ ਕੀ ਵਾਪਰਿਆ? ਸਿਆਸਤ ਦੇ ਸੌਦਾਗਰਾਂ ਤੇ ਧਰਮ ਦੇ ਠੇਕੇਦਾਰਾਂ ਨੇ, ਦੁਨੀਆਂ ’ਚੋਂ ਜ਼ਿੰਦਗੀ ਦੀ ਧੜਕਣ ਲਈ ਸਭ ਤੋਂ ਵੱਧ ਮਹਿਫ਼ੂਜ਼ ਜਗ੍ਹਾ ਦਾ ਮੂੰਹ ਮੁਹਾਂਦਰਾ ਹੀ ਬਦਲ ਦਿਤਾ। ਮਹਾਰਾਜਾ ਰਣਜੀਤ ਸਿੰਘ ਵਰਗੇ ਸਾਡੇ ਪੁਰਖਿਆਂ ਨੇ ਜਿਸ ਪੰਜਾਬ ਦੀ ਮਕਬੂਲੀਅਤ ਦਾ ਲੋਹਾ ਦਿੱਲੀ ਤੋਂ ਪਿਸ਼ਾਵਰ ਤਕ ਮਨਵਾਇਆ, ਮੁਲਕ ਦੀ ਵੰਡ ਵੇਲੇ ਉਸ ਪੰਜਾਬ ਨੂੰ ਚੀਰ ਕੇ ਦੋਫਾੜ ਕਰਨ ਲਗਿਆਂ  ਸਾਡੇ ਸਨਕੀ ਸੋਚ ਦੇ ਲੀਡਰਾਂ ਨੇ ਭੋਰਾ ਵੀ ਚੀਸ ਨਾ ਵੱਟੀ। 1947 ’ਚ ਜਦੋਂ ਦੇਸ਼ ਨੇ ਆਜ਼ਾਦੀ ਮਨਾਈ, ਮੇਰੇ ਰੰਗਲੇ ਪੰਜਾਬ ਨੇ ਬਰਬਾਦੀ ਹੰਢਾਈ।

ਪੰਜਾਬੀਆਂ ਦੀ ਮਾਖਿਉਂ ਮਿੱਠੀ ਮਾਤ-ਭਾਸ਼ਾ ਪੰਜਾਬੀ, ਇਕ ਵਗਦਾ ਦਰਿਆ ਹੈ। ਮੁੱਢ ਕਦੀਮ ਤੋਂ ਪੰਜਾਬੀ ਬਾਹਰ ਜਾਂਦੇ ਰਹੇ ਤੇ ਬਾਹਰਲੇ ਪੰਜਾਬ ’ਚ ਆਉਂਦੇ ਰਹੇ। ਇਸ ਆਵਾਸ ਪ੍ਰਵਾਸ ਕਾਰਨ ਸਾਡੀ ਮਾਤ ਭਾਸ਼ਾ ਅਮੀਰ ਹੁੰਦੀ ਗਈ। ਅੱਜ ਦੁਨੀਆਂ ਤੇ ਬੋਲੀਆਂ ਜਾਣ ਵਾਲੀਆਂ ਕੁਲ 7100 ਭਾਸ਼ਾਵਾਂ ’ਚੋਂ ਪੰਜਾਬੀ ਜੋ ਕਿ 103 ਮਿਲੀਅਨ ਲੋਕਾਂ ਦੁਆਰਾ ਆਪਸੀ ਸੰਚਾਰ ਦੇ ਸਾਧਨ ਵਜੋਂ ਵਰਤੀ ਜਾਂਦੀ ਹੈ, ਦਾ ਨੌਵਾਂ ਸਥਾਨ ਹੈ। ਅਪਣੀ ਸਮਰੱਥਾ ਅਨੁਸਾਰ ਸਾਰੇ ਹੀ ਪੰਜਾਬੀ ਅਪਣੀ ਮਾਂ ਬੋਲੀ ਦੀ ਤਰੱਕੀ ਲਈ ਅਪਣਾ ਬਣਦਾ ਯੋਗਦਾਨ ਪਾਉਂਦੇ ਹਨ ਪ੍ਰੰਤੂ ਉਦੋਂ ਮਨ ਨੂੰ ਠੇਸ ਪਹੁੰਚਦੀ ਹੈ ਜਦੋਂ ਸਾਡੇ ਤਥਾ-ਕਥਿਤ ਮਾਡਰਨ ਸਕੂਲਾਂ ’ਚ ਪੰਜਾਬੀ ਨੂੰ ਤੀਜੇ ਸਥਾਨ ’ਤੇ ਧੱਕ ਦਿਤਾ ਜਾਂਦਾ ਹੈ। ਅਪਣਾ ਬਣਦਾ ਸਥਾਨ ਪਾਉਣ ਲਈ ਪੰਜਾਬੀ ਬੋਲੀ ਨੂੰ ਰਾਜ ਦੀ ਵਿਧਾਨ ਸਭਾ ਦੁਆਰਾ ਪਾਸ ਕੀਤੇ ਐਕਟ ਦਾ ਸਹਾਰਾ ਲੈਣਾ ਪੈਂਦਾ ਹੈ। ਗੁਰੂਆਂ-ਪੀਰਾਂ ਦੇ ਮੂੰਹੋਂ ਨਿਕਲੀ ਬੋਲੀ ਨੂੰ ਗਵਾਰਾਂ ਦੀ ਬੋਲੀ ਕਹਿਣ ਵਾਲਿਆਂ ਨੂੰ ਕਟਹਿਰੇ ’ਚ ਖੜਾ ਕਰ ਕੇ ਉਨ੍ਹਾਂ ਦੀ ਹੀ ਬੋਲੀ ਵਿਚ ਜਵਾਬ ਕਿਉਂ ਨਹੀਂ ਦਿਤਾ ਜਾਂਦਾ। ਭਈਆ ਕਲਚਰ ਤੇ ਛੇਤੀ ਜਹਾਜ਼ ਚੜ੍ਹਨ ਲਈ ਅੰਗਰੇਜ਼ੀ ਪ੍ਰਤੀ ਮੋਹ ਨੇ ਪੰਜਾਬੀ ਬੋਲੀ ਦੀਆਂ ਜੜ੍ਹਾਂ ’ਚ ਤੇਲ ਦੇਣ ਦਾ ਕੰਮ ਕੀਤਾ ਹੈ। ਘਰੇ ਰੱਖੇ ਭਈਏ ਨਾਲ ਗੱਲ ਕਰਦੇ ਸਮੇਂ ਸਾਨੂੰ ਖ਼ੁਦ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੀ ਬੋਲੀ ਬੋਲ ਰਹੇ ਹਾਂ? ਸਾਡੀ ਸੋਚ ਨੂੰ ਉਦੋਂ ਪਤਾ ਨਹੀਂ ਕਿਉਂ ਲਕਵਾ ਮਾਰ ਜਾਂਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੇਕਰ ਰੋਹਬ ਪਾਉਣਾ ਹੋਵੇ ਤਾਂ ਅੰਗਰੇਜ਼ੀ ’ਚ, ਮੁਆਫ਼ੀ ਮੰਗਣੀ ਹੋਵੇ ਤਾਂ ਹਿੰਦੀ ’ਚ ਤੇ ਜੇਕਰ ਗਾਲ੍ਹ ਕਢਣੀ ਹੋਵੇ ਤਾਂ ਪੰਜਾਬੀ ਵਿਚ।

ਦੁਕਾਨਾਂ ਦੇ ਬਹੁਤੇ ਬੋਰਡ ਅੰਗਰੇਜ਼ੀ ’ਚ ਲਿਖੇ ਹੁੰਦੇ ਹਨ। ਵਿਆਹ ਸ਼ਾਦੀਆਂ ਦੇ ਕਾਰਡ ਛਪਵਾਉਣ ਵਕਤ ਜ਼ਿਆਦਾ ਸਭਿਅਕ ਹੋਣ ਲਈ ਅਸੀਂ ਅੰਗਰੇਜ਼ੀ ਦੀ ਡਿਕਸ਼ਨਰੀ ’ਚੋਂ ਢੁਕਵੇਂ ਸ਼ਬਦ ਲਭਦੇ ਫਿਰਦੇ ਹਾਂ। ਯੂਪੀ ਬਿਹਾਰ ਦੇ ਭਈਆਂ ਨੇ ਪੰਜਾਬੀ ’ਚ ਹਿੰਦੀ ਰਲਗੱਡ ਕਰ ਕੇ ਇਸ ਦੀ ਸ਼ਕਲ ਸੂਰਤ ਹੀ ਵਿਗਾੜ ਦਿਤੀ ਹੈ। ਜਿੰਨੇ ਕੁ ਪੰਜਾਬੀ ਬਾਹਰ ਨੂੰ ਭੱਜ ਰਹੇ ਹਨ, ਓਨੇ ਕੁ ਹੀ ਭਈਏ ਪੰਜਾਬ ਆ ਰਹੇ ਹਨ। ਉਦੋਂ ਮਨ ਵਲੂੰਧਰਿਆ ਜਾਂਦਾ ਹੈ ਜਦੋਂ ਮਾਂ ਮਰੀ ਤੋਂ ਪੰਜਾਬੀ ਵਿਚ ਕੀਰਨੇ ਪਾਉਣ ਵਾਲੇ ਮਰਦਮਸੁਮਾਰੀ ਵੇਲੇ ਅਪਣੀ ਮਾਤ-ਭਾਸ਼ਾ ਹਿੰਦੀ ਲਿਖਵਾਉਂਦੇ ਹਨ। ਪੰਜਾਬੀ ਚੈਨਲਾਂ ਤੇ ਲਿਖੀ ਹੋਈ ਪੰਜਾਬੀ, ਮੀਲ ਪਥਰਾਂ ਤੇ ਪਿੰਡਾਂ ਸ਼ਹਿਰਾਂ ਦੇ ਲਿਖੇ ਹੋਏ ਨਾਂ ਪੰਜਾਬੀ ਦਾ ਮੂੰਹ ਚਿੜਾਉਂਦੇ ਹਨ। ਪਿੰਡ ਦਾ ਨਾਂ ਹੁੰਦਾ ਹੈ ਬਡਰੁੱਖਾਂ, ਲਿਖਿਆ ਹੁੰਦਾ ਹੈ ਬਦਰੂ ਖਾਂ।

ਸੂਬਾ ਸਰਹਿੰਦ ਜਾਂ ਫਿਰ ਅਬਦਾਲੀ ਵਰਗੇ ਧਾੜਵੀਆਂ ਦੇ ਦੰਦ ਖੱਟੇ ਕਰ ਕੇ ਤਾਂ ਪੰਜਾਬੀਆਂ ਨੂੰ ਤਸੱਲੀ ਹੁੰਦੀ ਸੀ ਪ੍ਰੰਤੂ ਜਦੋਂ ਇਧਰੋਂ ਉਧਰੋਂ ਇਕ ਦੇਸ਼, ਇਕ ਭਾਸ਼ਾ ਦਾ ਨਾਹਰਾ ਸੁਣਦੇ ਹਾਂ ਤਦ ਘਰਦਿਆਂ ਕੋਲੋਂ ਹੀ ਖ਼ਤਰਾ ਮਹਿਸੂਸ ਹੋਣ ਲਗਦਾ ਹੈ। ਇਸ ਸਬੰਧ ’ਚ ਰਸੂਲ ਹਮਜ਼ਾਤੋਵ ਦੇ ਵਿਚਾਰ, “ਮੇਰੇ ਲਈ ਕੌਮਾਂ ਦੀਆਂ ਬੋਲੀਆਂ ਅਕਾਸ਼ ਵਿਚਲੇ ਸਿਤਾਰਿਆਂ ਵਾਂਗ ਹੁੰਦੀਆਂ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਤਾਰੇ ਇਕ ਵੱਡੇ ਸਿਤਾਰੇ ’ਚ ਮਿਲ ਕੇ ਇਕ ਹੋ ਜਾਣ ਜਿਸ ਨੇ ਅੱਧਾ ਆਸਮਾਨ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ। ਆਕਾਸ਼ ’ਚ ਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਅਪਣਾ ਸਿਤਾਰਾ ਰੱਖਣ ਦਿਉ।’’ ਬਹੁਤ ਕੀਮਤੀ ਹਨ।

ਅਸੀਂ ਪੰਜਾਬ ਦੇ ਬਾਸ਼ਿੰਦੇ ਹਾਂ, ਪੰਜਾਬੀ ਸਾਡੀ ਮਾਂ ਬੋਲੀ ਹੈ, ਇਸ ਲਈ ਅਸੀਂ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ। ਬਾਣੇ ਅਤੇ ਬਾਣੀ ਦਾ ਧਾਰਨੀ ਪੰਜਾਬੀ, ਕਿਰਤ ਕਰਨ ਵਾਲਾ, ਨਾਮ ਜਪਣ ਵਾਲਾ, ਵੰਡ ਛਕਣ ਵਾਲਾ, ਧੀ ਭੈਣ ਦੀ ਇੱਜ਼ਤ ਦਾ ਰਾਖਾ ਪੰਜਾਬੀ, ਭੁੱਖਿਆਂ ਨੂੰ ਲੰਗਰ ਛਕਾਉਣ ਵਾਲਾ ਨਾਨਕ ਨਾਮ ਲੇਵਾ ਪੰਜਾਬੀ ਪਰ ਅੱਜ ਇਹ ਗ਼ਾਇਬ ਹਨ। ਗਲਾਂ ਵਿਚ ਕੈਂਠਿਆਂ ਵਾਲੇ, ਧੂਵੇਂ ਚਾਦਰਿਆਂ ਵਾਲੇ, ਕਢਵੀਆਂ ਨੋਕਦਾਰ ਜੁੱਤੀਆਂ ਵਾਲੇ ਪੰਜਾਬੀ ਚੋਬਰ। ਕਿੱਥੇ ਹਨ ਲੁੱਡੀਆਂ ਭੰਗੜੇ ਪਾਉਣ ਵਾਲੇ ਪੰਜਾਬੀ, ਕੰਨ ਤੇ ਹੱਥ ਰੱਖ ਕੇ ਹੀਰ ਦੀ ਹੇਕ ਲਾਉਣ ਵਾਲੇ ਪੰਜਾਬੀ? ਤੀਆਂ ਵਿਚ ਨੱਚ-ਨੱਚ ਕੇ ਧਮਾਲਾਂ ਪਾਉਣ ਵਾਲੀਆਂ ਮੁਟਿਆਰਾਂ, ਮੀਢੀਆਂ ਗੁੰਦ ਕੇ ਸੱਗੀ ਫੁੱਲ ਵਾਲੀਆਂ ਨਵੇਲਣਾ, ਪਿੱਪਲੀ ਦੀਆਂ ਟਾਹਣੀਆਂ ਉੱਤੇ ਪੀਂਘ ਪਾ ਕੇ ਅਸਮਾਨ ਛੂਹੰਦੀਆਂ ਹੀਂਘਾ ਲੈਂਦੀਆਂ ਪੰਜਾਬਣਾਂ?
ਗ਼ਰੀਬ, ਮਜ਼ਲੂਮ, ਕਮਜ਼ੋਰ ਅਪਣੇ ਆਪ ਨੂੰ ਪੰਜਾਬੀ ਦੇ ਨੇੜੇ ਪਾ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ। ਗੱਡੀਆਂ ਬਸਾਂ ’ਚ ਭੀੜ ਭੜੱਕੇ ਵਾਲੀ ਜਗ੍ਹਾ ਤੇ ਸਰਦਾਰ ਨੂੰ ਬਣਦਾ ਮਾਣ ਸਨਮਾਨ ਮਿਲਦਾ ਹੈ। ਇਕ ਲਾਈਨ ’ਚ ਖੜੀ ਲੜਕੀ ਨਾਲ ਜਦੋਂ ਕੋਈ ਮੁਸ਼ਟੰਡਾ ਛੇੜਖਾਨੀ ਕਰਦਾ ਹੈ ਤਾਂ ਉਹ ਲੜਕੀ ਲਾਈਨ ’ਚੋਂ ਸਰਦਾਰ ਲੱਭ ਕੇ ਉਸ ਦੇ ਅੱਗੇ ਜਾ ਖੜਦੀ ਹੈ ਤੇ ਮੁਸ਼ਟੰਡੇ ਦੀ ਜੁਅਰਤ ਨਹੀਂ ਪੈਂਦੀ ਕਿ ਉਹ ਲੜਕੀ ਵੰਨੀ ਅੱਖ ਚੁਕ ਕੇ ਵੀ ਦੇਖੇ। ਇਸ ਨੂੰ ਕਹਿੰਦੇ ਹਨ ਪੰਜਾਬੀ। ਇਸ ਤੱਕੜੀ ਤੇ ਤੋਲਦਿਆਂ ਅੱਜ ਅਸੀਂ ਕਿੱਥੇ ਖੜੇ ਹਾਂ। ਲੋੜ ਹੈ ਪਿਛਲ ਝਾਤ ਮਾਰਨ ਦੀ।
ਆਉ ਆਪਾਂ ਅਪਣੀ ਇਸ ਪੰਜਾਬੀ ਹੋਣ ਦੀ ਛਵੀ ਨੂੰ ਬਚਾਈਏ।

ਪੰਜਾਬੀਅਤ ਕੀ ਹੈ? ਇਕ ਅਹਿਸਾਸ, ਗੁਰੂਆਂ ਪੀਰਾਂ ਦੇ ਵਾਰਸ ਹੋਣ ਦਾ ਅਹਿਸਾਸ। ਪ੍ਰੰਤੂ ਜਦੋਂ ਯੋਧਿਆਂ, ਗੁਰੂਆਂ ਪੀਰਾਂ ਦੇ ਵਾਰਸਾਂ ਨੂੰ ਸੜਕਾਂ ਕਿਨਾਰੇ, ਨਹਿਰਾਂ ਸੂਇਆਂ ’ਤੇ, ਹੱਟੀਆਂ ਭੱਠੀਆਂ ਉੱਤੇ ਨਸ਼ਾ ਕਰ ਕੇ ਲੁੜਕੇ ਪਏ ਦੇਖਦੇ ਹਾਂ, ਉਦੋਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਇਕ ਘੋਨ ਮੋਨ 20-22 ਸਾਲ ਦਾ ਮੁੰਡਾ ਸੋਸ਼ਲ ਮੀਡੀਆ ’ਤੇ ਆ ਕੇ ਇਹ ਕਹਿੰਦਾ ਦਿਖਾਈ ਦਿੰਦਾ ਹੈ ਕਿ ਜੇਕਰ ਸਾਡੇ ਮੋਹਤਬਰਾਂ ਨੇ ਅਪਣੀ ਜ਼ੁੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੁੰਦੀ ਤਾਂ ਅੱਜ ਮੇਰੇ ਸਿਰ ਤੇ ਵੀ ਪੱਗ ਹੁੰਦੀ, ਉਦੋਂ ਕਸੂਰਵਾਰ ਕਿਸ ਨੂੰ ਠਹਿਰਾਇਆ ਜਾਵੇ? ਇਸ ਵਰਤਾਰੇ ਲਈ ਅਸੀਂ ਸਮੂਹ ਪੰਜਾਬੀ ਜ਼ਿੰਮੇਵਾਰ ਹਾਂ। ਪੰਜਾਬ ਮੁੜ ਤੋਂ ਪੰਜਾਬ ਬਣਨਾ ਲੋਚਦਾ ਹੈ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀਆਂ ਦੇ ਮੁੱਦੇ ਰਾਜਨੀਤਕ ਲੋਕ ਸੱਪ ਵਾਂਗੂੰ ਪਟਾਰੀ ’ਚ ਪਾ ਕੇ ਰਖਦੇ ਹਨ ਅਤੇ ਲੋੜ ਪੈਣ ਤੇ ਵਰਤ ਲੈਂਦੇ ਹਨ। ਇਸ ਲਈ ਲੋੜ ਪੈਣ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇਹ ਮਰ ਮਿਟਣਗੇ, ਤਵੱਕੋ ਵੀ ਨਾ ਕਰਿਉ। ਪੰਜਾਬ ਲਈ ਕੁਰਬਾਨ ਹੋਣ ਵਾਲਾ ਤਾਂ ਕੋਈ ਕੋਈ ਹੀ ਜੰਮਦਾ ਹੈ, ਬਾਕੀ ਤਾਂ ਪਾਥੀਆਂ ਚਿਣਨ ਜੋਗੇ ਹੀ ਹਨ। ਆਪ ਮਰੇ ਬਿਨ ਸਵਰਗ ਨਹੀਂ ਜਾਇਆ ਜਾਣਾ। ਇਸ ਲਈ ਲੋੜ ਹੈ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ। ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਆਉ ਸਾਰੇ ਪੰਜਾਬੀ ਅਪਣਾ ਅਪਣਾ ਬਣਦਾ ਯੋਗਦਾਨ ਪਾਈਏ।
478/ 9, ਦਸਮੇਸ ਨਗਰ ਧੂਰੀ 148024

 

    - ਜਗਦੇਵ ਸਰਮਾ ਬੂਗਰਾ
 ਮੋਬਾ : 98727-87243