ਗੁਰਦਵਾਰਾ ਪ੍ਰਬੰਧਾਂ ਵਿਚ ਸੰਘ ਦਾ ਵਧਦਾ ਦਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਅਸੀ ਇਹ ਕਹਿ ਰਹੇ ਹਾਂ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸਿੱਧਾ ਅਸਿੱਧਾ ਦਖ਼ਲ ਗੁਰਦਵਾਰਾ ਪ੍ਰਬੰਧ ਵਿਚ ਹੋ ਰਿਹਾ ਹੈ........

Rashtriya Swayamsevak Sangh

ਅੱਜ ਅਸੀ ਇਹ ਕਹਿ ਰਹੇ ਹਾਂ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸਿੱਧਾ ਅਸਿੱਧਾ ਦਖ਼ਲ ਗੁਰਦਵਾਰਾ ਪ੍ਰਬੰਧ ਵਿਚ ਹੋ ਰਿਹਾ ਹੈ। ਗੁਰੂ ਨੂੰ ਹਾਜ਼ਰ ਨਾਜ਼ਰ ਰਖਦੇ ਹੋਏ, ਆਪ ਇਹ ਅਕਾਲੀ ਆਗੂ ਕੌਮ ਨੂੰ ਦੱਸਣ ਕਿ ਉਨ੍ਹਾਂ ਨੇ ਕਦੇ ਪਹਿਲਾਂ ਇਸ ਗੱਲ ਦੀ ਨਿਖੇਧੀ ਕੀਤੀ ਹੈ? ਕੀ ਕਦੇ ਆਲ ਇੰਡੀਆ ਸਿੱਖ ਗੁਰਦਵਾਰਾ ਐਕਟ ਲਈ ਕੇਂਦਰ ਸਰਕਾਰ ਤੇ ਦਬਾਅ ਪਾਇਆ ਹੈ? ਕਦੇ ਉਨ੍ਹਾਂ ਨੇ ਇਹ ਗੱਲ, ਗੁਰਦਵਾਰਾ ਕਮੇਟੀ ਦੇ ਮੈਂਬਰਾਂ ਨੂੰ ਕਹੀ ਹੈ ਕਿ ਉਹ ਭਾਜਪਾ ਨਾਲ ਕਿਸੇ ਤਰ੍ਹਾਂ ਸਬੰਧ ਨਾ ਰੱਖਣ? ਕਦੇ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ (ਹੁਣ ਤੋਂ ਪਹਿਲਾਂ) ਲਿਖਿਆ ਹੈ, ਦਬਾਅ ਪਾਇਆ ਕਿ ਮਹਾਰਾਸ਼ਟਰ ਗੁਰਦਵਾਰਾ ਐਕਟ ਵਿਚ ਤਕਸੀਮ ਕਰਦੇ ਹੋਏ,

ਉਥੇ ਦਾ ਪ੍ਰਬੰਧ ਸਿਰਫ਼ ਸਿੱਖ ਨੁਮਾਇੰਦਿਆਂ ਦੇ ਹੱਥ ਵਿਚ ਹੋਵੇ। ਸੱਚ ਤਾਂ ਇਹ ਹੈ ਕਿ ਸਾਡੇ ਇਨ੍ਹਾਂ ਉੱਚ ਸਿੱਖ ਲੀਡਰਾਂ ਦੀ ਉੱਚੀ ਸੁੱਚੀ ਸਿੱਖ ਸੋਚ ਤੇ ਭਾਵਨਾ ਹੈ ਹੀ ਨਹੀਂ। ਜਦੋਂ ਤਾਂ ਇਹ ਪੰਥ ਵਲੋਂ ਨਵਾਜੀਆਂ ਕੁਰਸੀਆਂ ਤੇ ਬਿਰਾਜਮਾਨ ਹੁੰਦੇ ਹਨ ਤਾਂ ਇਹ ਸਿੱਖੀ ਦੀ ਗੱਲ ਕਰਨ ਤੋਂ ਗੁਰੇਜ਼ ਕਰਦੇ ਕਰਾਉਂਦੇ ਹਨ। ਕੇਂਦਰ ਸਰਕਾਰ ਦੀ ਇਕ ਅੱਧੀ ਵਜ਼ੀਰੀ ਲੈ ਕੇ ਇਹ ਰਾਜ਼ੀ ਹੋ ਜਾਂਦੇ ਹਨ। ਹਰ ਵੇਲੇ ਦੁਹਾਈ ਦਿੰਦੇ ਹਨ ਕਿ ਸਾਡਾ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਸਿਆਸੀ ਤੌਰ ਉਤੇ ਇਹ ਕਹਿਣਾ ਕੋਈ ਅਪਰਾਧ ਨਹੀਂ ਪਰ ਅਪਣੇ ਧਾਰਮਕ ਮੁਫ਼ਾਦ ਨੂੰ ਲਾਂਭੇ ਕਰਨਾ ਇਹ ਤਾਂ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਡੀ ਜਦੋ-ਜਹਿਦ ਤੇ ਕੁਰਬਾਨੀਆਂ ਸਦਕਾ ਹੋਂਦ ਵਿਚ ਆਈ ਸੀ। ਅਸਲ ਮਕਸਦ ਤਾਂ ਇਹ ਸੀ ਕਿ ਗੁਰਦਵਾਰਾ ਸਾਹਿਬ ਦਾ ਸੁਚੱਜਾ ਪ੍ਰਬੰਧ, ਪੰਥ ਦੇ ਨਿਸ਼ਕਾਮ ਸੇਵਕਾਂ ਦੇ ਹੱਥਾਂ ਵਿਚ ਹੋਵੇ। ਗੁਰਦਵਾਰਾ ਐਕਟ ਜਦੋਂ ਬਣਿਆ ਤਾਂ ਇਹ ਨਿਰਧਾਰਤ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ, ਵੋਟਾਂ ਨਾਲ ਹੋਵੇਗੀ ਪਰ ਸੱਚ ਤਾਂ ਇਹ ਹੈ ਕਿ ਗੁਰਦਵਾਰਿਆਂ ਦਾ ਪ੍ਰਬੰਧ, ਇਕ ਸੇਵਾ ਦਾ ਕੰਮ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਮਵਰ ਸਿੱਖ ਸ਼ਖ਼ਸੀਅਤਾਂ ਜਿਵੇਂ ਬਾਬਾ ਖੜਕ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ, ਗੁਰਚਰਨ ਸਿੰਘ ਟੌਹੜਾ ਤੇ ਹੋਰ ਕਈ ਗੁਰਸਿੱਖ ਪ੍ਰਧਾਨਗੀ ਦੇ ਅਹੁਦੇ

ਉਤੇ ਬਿਰਾਜਮਾਨ ਰਹੇ। ਇਨ੍ਹਾਂ ਪੁਰਾਣੇ ਸਾਰੇ ਸਿੱਖ ਪ੍ਰਧਾਨਾਂ ਦੀ ਸੋਚ, ਸਿੱਖੀ ਦੇ ਉਚਤਮ ਅਸੂਲਾਂ ਤੋਂ ਪ੍ਰੇਰਿਤ ਸੀ। ਕੌਮ ਨੇ ਹਮੇਸ਼ਾ ਮੀਰੀ-ਪੀਰੀ ਦੇ ਸਿਧਾਂਤ ਦਾ ਹੋਕਾ ਦਿਤਾ ਹੈ ਤੇ ਇਸ ਦਾ ਮਤਲਬ ਇਹ ਸੀ ਕਿ ਧਰਮ ਦੇ ਉੱਚੇ ਸਿਧਾਂਤਾਂ ਦਾ ਸਿੱਖਾਂ ਦੀ ਰਾਜਨੀਤੀ ਤੇ ਪਹਿਰਾ ਹੋਵੇਗਾ। ਵਰਤਮਾਨ ਸਿੱਖ ਇਤਿਹਾਸ ਨੂੰ ਜਾਣਨ ਵਾਲੇ ਇਸ ਗੱਲ ਨੂੰ ਜਾਣਦੇ ਹਨ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗੁਰਦਵਾਰਿਆਂ ਤੇ ਕਬਜ਼ਾ ਕਰਨ ਲਈ, ਸਿੱਧੇ ਜਾਂ ਅਸਿੱਧੇ ਢੰਗਾਂ ਨੂੰ ਅਪਣਾਉਂਦਿਆਂ  ਕਦੇ ਸਾਧ ਸੰਗਤ ਬੋਰਡ ਤੇ ਹੋਰ ਨਾਮਧਰੀਕ ਧੜੇ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਉਤਾਰੇ। ਇਹ ਵਖਰੀ ਗੱਲ ਹੈ ਕਿ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਪ੍ਰਵਾਨ ਨਾ ਕੀਤਾ।

ਇਸ ਵਿਚ ਸਿੱਖ ਆਗੂਆਂ ਦਾ ਉੱਚਾ ਸਿੱਖੀ ਕਿਰਦਾਰ, ਇਕ ਕਾਰਨ ਸੀ ਜਿਸ ਕਰ ਕੇ ਸਿੱਖ ਪੰਥ ਵਿਰੋਧੀਆਂ ਦੀ ਦਾਲ ਨਾ ਗ਼ਲ ਸਕੀ। ਅਕਾਲੀ ਦਲ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਆਲ ਇੰਡੀਆ ਗੁਰਦਵਾਰਾ ਐਕਟ ਬਣਾਉਣ ਲਈ ਜ਼ੋਰ ਦਿੰਦੇ ਰਹੇ ਹਨ। ਪਰ ਵੇਲੇ ਦੀਆਂ ਸਰਕਾਰਾਂ ਭਾਵੇਂ ਕਾਂਗਰਸ, ਭਾਜਪਾ ਦੀਆਂ ਰਹੀਆਂ ਹੋਣ, ਇਸ ਪਾਸੇ ਤੇ ਇਸ ਮੰਗ ਨੂੰ ਕੋਈ ਬੂਰ ਨਹੀਂ ਪਿਆ। ਇਸ ਦੇ ਨਾਂ ਮੰਨਣ ਦੇ ਕੁੱਝ ਕਾਰਨ ਹੋਰ ਵੀ ਸਨ। ਦਿੱਲੀ ਦੇ ਨਾਮਵਰ ਸਿੱਖ ਅਪਣੀ ਵਖਰੀ ਗੁਰਦਵਾਰਾ ਕਮੇਟੀ ਦੇ ਚਾਹਵਾਨ ਰਹੇ ਹਨ ਤੇ ਇਸੇ ਤਰ੍ਹਾਂ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਨੰਦੇੜ ਦੇ ਗੁਰਦਵਾਰਿਆਂ ਦੇ ਮੁਖੀ ਤੇ ਉਨ੍ਹਾਂ ਦੇ ਚਹੇਤੇ ਸਾਰੇ ਸਿੱਖ ਇਤਿਹਾਸ

ਗੁਰਦਵਾਰੇ, ਇਕ ਕੇਂਦਰਤ ਸੰਸਥਾ ਦੇ ਪ੍ਰਬੰਧ ਹੇਠ ਲਿਆਉਣ ਲਈ ਕਦੇ ਰਾਜ਼ੀ ਨਹੀਂ ਹੋਏ। ਹੋਰ ਤਾਂ ਹੋਰ ਹਰਿਆਣਾ ਦੇ 10 ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਲਈ ਇਕ ਵਖਰੀ ਕਮੇਟੀ ਦੀ ਮੰਗ ਨੂੰ ਇਥੋਂ ਦੀ ਪ੍ਰਾਂਤਕ ਸਰਕਾਰ ਨੇ  ਸਵੀਕਾਰਦੇ ਹੋਏ, ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਸਥਾਪਤ ਕਰ ਦਿਤੀ। ਇਹ ਵਖਰੀ ਗੱਲ ਹੈ ਕਿ ਪੰਜਾਬ ਦੀ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਕੇਂਦਰ ਦੇ ਦਖ਼ਲ ਨਾਲ ਇਸ ਨੂੰ ਸਿਰੇ ਨਾ ਲੱਗਣ ਦਿਤਾ ਤੇ ਹੁਣ ਇਹ ਕੇਸ ਸੁਪਰੀਮ ਕੋਰਟ ਦੇ ਕਟਿਹਰੇ ਵਿਚ ਹੈ। ਇਨ੍ਹਾਂ ਉਪਰੋਕਤ ਤਥਾਂ ਨੂੰ ਦੱਸਣ ਦਾ ਭਾਵ ਇਹ ਹੈ ਕਿ ਸਾਡੇ ਸਿੱਖ ਲੀਡਰਾਂ ਦੀ ਨਿਜੀ ਅਹੁਦਿਆਂ ਦੀ ਭੁੱਖ ਨੇ ਆਲ ਇੰਡੀਆ ਗੁਰਦਵਾਰਾ ਐਕਟ

ਬਣਨ ਵਿਚ ਰੁਕਾਵਟਾਂ ਪਾਈਆਂ। ਅੱਜ ਦੀ ਸਥਿਤੀ ਇਹ ਹੈ ਕਿ ਤਖ਼ਤ ਸ੍ਰੀ ਹਜ਼ੁਰ ਸਾਹਿਬ ਦਾ ਇਕ ਬੋਰਡ ਹੈ ਜਿਸ ਵਿਚ ਪ੍ਰਧਾਨ ਦੀ ਨਾਮਜ਼ਦਗੀ ਮਹਾਰਾਸ਼ਟਰ ਸਰਕਾਰ ਕਰਦੀ ਹੈ। ਅੱਜ ਉਥੇ ਇਸ ਬੋਰਡ ਦੇ ਪ੍ਰਧਾਨ ਇਕ ਭਾਜਪਾ ਦੇ ਸਿੱਖ ਅਸੈਂਬਲੀ ਵਿਧਾਇਕ ਹਨ, ਜਿਹੜੇ ਮੱਥੇ ਤੇ ਟਿੱਕੇ ਲਗਾ ਕੇ, ਮੰਦਰਾਂ ਵਿਚ ਪੂਜਾ ਕਰਦੇ ਹਨ ਤੇ ਆਏ ਦਿਨ, ਉਨ੍ਹਾਂ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ਵਿਚ ਨਜ਼ਰ ਆਉਂਦੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਮੇਤ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਮਹਾਰਾਸਟਰ ਸਰਕਾਰ ਉਤੇ ਦਬਾਅ ਪਾਉਣ ਕਿ ਸਾਨੂੰ ਇਹ ਧਾਰਾ ਪ੍ਰਵਾਨ ਨਹੀਂ ਤੇ ਮਹਾਰਾਸ਼ਟਰ ਸਰਕਾਰ ਇਥੋਂ ਦੇ ਬੋਰਡ

ਦੀ ਪ੍ਰਧਾਨਗੀ ਅਪਣੇ ਹੱਥ ਵਿਚ ਰੱਖੇ। ਚਲੋ ਪਿਛਲੀਆਂ ਗੱਲਾਂ ਛੱਡ ਵੀ ਦਈਏ, ਪੂਰੇ ਪਿਛਲੇ ਦਸ ਸਾਲ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਰਹੀ। ਕਿਉਂ ਨਾ ਇਨ੍ਹਾਂ ਨੇ ਅਪਣੀ ਸਾਥੀ ਪਾਰਟੀ ਭਾਜਪਾ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਗੁਰਦਵਾਰਾ ਪ੍ਰਬੰਧ ਵਿਚ ਭਾਜਪਾ ਤੇ ਸਰਕਾਰੀ ਦਖ਼ਲ ਬਿਲਕੁਲ ਨਹੀਂ ਹੋਣਾ ਚਾਹੀਦਾ। ਯਾਦ ਰੱਖੋ ਕਿ ਜੇ ਸਿੱਖ ਕੌਮ ਦਾ ਗੁਰਦਵਾਰਿਆਂ ਤੇ ਅਪਣਾ ਪ੍ਰਬੰਧ ਨਹੀਂ ਹੋਵੇਗਾ ਤਾਂ ਉਨ੍ਹਾਂ ਗੁਰਦਵਾਰਿਆਂ ਦੀ ਮਰਿਆਦਾ ਤੇ ਸੰਭਾਲ ਸਿੱਖ ਪ੍ਰੰਪਰਾਵਾਂ ਤੋਂ ਲਾਂਭੇ ਹੋ ਜਾਵੇਗੀ। ਅਖ਼ਬਾਰਾਂ ਵਿਚ ਬਿਆਨ ਛਪੇ ਤੇ ਅਕਾਲੀ ਮੈਂਬਰ ਪਾਰਲੀਮੈਂਟ ਤੇ ਅਕਾਲੀ ਦਲ (ਬਾਦਲ) ਦੇ ਇਕ ਉੱਚ ਕਾਰਜ ਕਰਤਾ ਨੇ ਕਿਹਾ

ਕਿ ਰਾਸ਼ਟਰੀ ਸਵੈਮ ਸੇਵਕ ਸੰਘ ਗੁਰਦਵਾਰਿਆਂ ਵਿਚ ਦਖ਼ਲ ਅੰਦਾਜ਼ੀ ਤੋਂ ਦੂਰ ਰਹੇ। ਇਥੇ ਦੋ ਗੱਲਾਂ ਕਹਿਣ ਵਾਲੀਆਂ ਹਨ। ਪਹਿਲੀ ਤਾਂ ਇਹ ਹੈ ਕਿ ਸਾਡੇ ਅਕਾਲੀ ਦਲ (ਬਾਦਲ) ਦੀ ਟਿਕਟ ਤੇ ਚੁਣੇ ਹੋਏ ਗੁਰਦਵਾਰਾ ਕਮੇਟੀ ਦੇ ਮੈਂਬਰ, ਆਪ ਭਾਜਪਾ ਦੀ ਟਿਕਟ ਤੇ ਦਿੱਲੀ ਦੇ ਕੌਂਸਲਰ, ਵਿੱਤੀ ਵਿਧਾਨ ਸਭਾ ਦੇ ਵਿਧਾਇਕ ਤੇ ਭਾਜਪਾ ਦੇ ਲੋਕਲ ਮੰਡਲਾਂ ਦੇ ਅਧਿਕਾਰੀ ਹਨ। ਇਹ ਸਾਰਾ ਕੁੱਝ ਅਕਾਲੀ ਦਲ (ਬਾਦਲ) ਦੇ ਲੀਡਰਾਂ ਦੀ ਹਾਜ਼ਰੀ ਵਿਚ ਤੇ ਰਜ਼ਾਮੰਦੀ ਨਾਲ ਹੋਇਆ ਸੀ। ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਸਿਵਾਏ ਇਕ ਦੇ, ਬਾਕੀ ਤਿੰਨ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਦੀਆਂ ਟਿਕਟਾਂ ਤੇ ਚੋਣ ਲੜੇ।

ਇਸੇ ਤਰ੍ਹਾਂ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ, ਕੌਂਸਲਰ ਬਣਨ ਲਈ ਭਾਜਪਾ ਦੇ ਤਰਲੇ ਲੈਂਦੇ ਰਹੇ ਤੇ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦੀਆਂ ਸਿਫ਼ਾਰਸ਼ਾਂ ਵੀ ਕਰਵਾਉਂਦੇ ਰਹੇ। ਮਾਫ਼ ਕਰਨਾ ਕੋਈ ਨਿਜੀ ਗੱਲ ਨਹੀਂ, ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਆਪ ਭਾਜਪਾ ਦੇ ਕੌਂਸਲਰ ਹਨ। ਆਏ ਦਿਨ, ਉੱਚ ਭਾਜਪਾ ਆਗੂਆਂ ਨੂੰ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਸਨਮਾਨਤ ਕੀਤਾ ਜਾਂਦਾ ਹੈ। ਅੱਜ ਅਸੀ ਇਹ ਕਹਿ ਰਹੇ ਹਾਂ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸਿੱਧਾ ਅਸਿੱਧਾ ਦਖ਼ਲ ਗੁਰਦਵਾਰਾ ਪ੍ਰਬੰਧ ਵਿਚ ਹੋ ਰਿਹਾ ਹੈ। ਗੁਰੂ ਨੂੰ ਹਾਜ਼ਰ ਨਾਜਰ ਰਖਦੇ ਹੋਏ, ਆਪ ਇਹ ਅਕਾਲੀ ਆਗੂ ਕੌਮ ਨੂੰ ਦੱਸਣ

ਕਿ ਉਨ੍ਹਾਂ ਨੇ ਕਦੇ ਪਹਿਲਾਂ ਇਸ ਗੱਲ ਦੀ ਨਿਖੇਧੀ ਕੀਤੀ ਹੈ? ਕੀ ਕਦੇ ਆਲ ਇੰਡੀਆ ਸਿੱਖ ਗੁਰਦਵਾਰਾ ਐਕਟ ਦੀ ਪੂਰਤੀ ਲਈ ਕੇਂਦਰ ਸਰਕਾਰ ਤੇ ਦਬਾਅ ਪਾਇਆ ਹੈ? ਕਦੇ ਉਨ੍ਹਾਂ ਨੇ ਇਹ ਗੱਲ, ਗੁਰਦਵਾਰਾ ਕਮੇਟੀ ਦੇ ਮੈਂਬਰਾਂ ਨੂੰ ਕਹੀ ਹੈ ਕਿ ਉਹ ਭਾਜਪਾ ਦੇ ਨਾਲ ਕਿਸੇ ਤਰ੍ਹਾਂ ਸਬੰਧ ਨਾ ਰੱਖਣ? ਕਦੇ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ (ਹੁਣ ਤੋਂ ਪਹਿਲਾਂ) ਲਿਖਿਆ ਹੈ, ਦਬਾਅ ਪਾਇਆ ਕਿ ਮਹਾਰਾਸ਼ਟਰ ਗੁਰਦਵਾਰਾ ਐਕਟ ਵਿਚ ਤਕਸੀਮ ਕਰਦੇ ਹੋਏ, ਉਥੇ ਦਾ ਪ੍ਰਬੰਧ ਸਿਰਫ਼ ਸਿੱਖ ਨੁਮਾਇੰਦਿਆਂ ਦੇ ਹੱਥ ਵਿਚ ਹੋਵੇ? ਸੱਚ ਤਾਂ ਇਹ ਹੈ ਕਿ ਸਾਡੇ ਇਨ੍ਹਾਂ ਉੱਚ ਸਿੱਖ ਲੀਡਰਾਂ ਦੀ ਉੱਚੀ ਸੁੱਚੀ ਸਿੱਖ ਸੋਚ ਤੇ ਭਾਵਨਾ ਹੈ ਹੀ ਨਹੀਂ।

ਜਦੋਂ ਤਾਂ ਇਹ ਪੰਥ ਵਲੋਂ ਨਵਾਜੀਆਂ ਕੁਰਸੀਆਂ ਤੇ ਬਿਰਾਜਮਾਨ ਹੁੰਦੇ ਹਨ ਤਾਂ ਇਹ ਸਿੱਖੀ ਦੀ ਗੱਲ ਕਰਨ ਤੋਂ ਗ਼ੁਰੇਜ਼ ਕਰਦੇ ਕਰਾਉਂਦੇ ਹਨ। ਕੇਂਦਰ ਸਰਕਾਰ ਦੀ ਇਕ ਅੱਧੀ ਵਜ਼ੀਰੀ ਲੈ ਕੇ ਇਹ ਰਾਜ਼ੀ ਹੋ ਜਾਂਦੇ ਹਨ। ਹਰ ਵੇਲੇ ਦੁਹਾਈ ਦਿੰਦੇ ਹਨ ਕਿ ਸਾਡਾ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਸਿਆਸੀ ਤੌਰ ਉਤੇ ਇਹ ਕਹਿਣਾ ਕੋਈ ਅਪਰਾਧ ਨਹੀਂ ਪਰ ਅਪਣੇ ਧਾਰਮਕ ਮੁਫ਼ਾਦ ਨੂੰ ਲਾਂਭੇ ਕਰਨਾ ਇਹ ਤਾਂ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ। ਭਾਜਪਾ ਦੀ ਵੱਡੀ ਲੀਡਰਸ਼ਿਪ ਇਹ ਚੰਗੀ ਤਰ੍ਹਾਂ ਸਮਝ ਚੁਕੀ ਹੈ ਕਿ ਅਕਾਲੀ ਦਲ (ਬਾਦਲ) ਦੀ ਲੋਕ-ਪ੍ਰਿਯਤਾ ਬਹੁਤ ਹੇਠਾਂ ਜਾ ਚੁੱਕੀ ਹੈ ਤੇ ਖ਼ਾਸ ਕਰ ਕੇ,

ਜਦੋਂ ਇਨ੍ਹਾਂ ਦੇ ਸੱਤਾ ਕਾਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਨਿਰਾਦਰ ਹੋਇਆ ਤੇ ਇਨ੍ਹਾਂ ਦੀ ਸਰਕਾਰ ਦੀ ਕਾਰਵਾਈ ਸਿਫ਼ਰ ਦੇ ਬਰਾਬਰ ਰਹੀ ਹੈ। ਅੱਜ ਸਾਡੇ ਇਹ ਸਨਮਾਨਤ ਲੀਡਰ ਇਹ ਬਿਆਨ ਦੇ ਰਹੇ ਹਨ ਕਿ ਭਾਜਪਾ ਦਾ ਸਾਡੇ ਗੁਰਦਵਾਰਿਆਂ ਵਿਚ ਦਖ਼ਲ ਵੱਧ ਰਿਹਾ ਹੈ। ਸਿੱਖ ਸੰਗਤ ਸਮਝਦਾਰ ਤੇ ਸੁਚੇਤ ਹੈ ਕਿ ਇਹ ਸਾਰੇ ਕਾਸੇ ਦੇ ਜ਼ਿੰਮੇਵਾਰ ਸਾਡੇ ਅਪਣੇ ਸਿੱਖ ਲੀਡਰ ਹਨ ਜਿਨ੍ਹਾਂ ਨੇ ਅਜਿਹੀ ਸਥਿਤੀ ਲੈ ਆਂਦੀ ਹੈ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਉਤੇ ਬਾਦਲ ਦਲ ਦਾ ਕੰਟਰੋਲ ਹੈ। ਅਕਾਲ ਤਖ਼ਤ ਸਾਹਿਬ ਵਰਗੀ ਉੱਚ ਸੰਸਥਾ ਤੇ ਅਕਾਲੀ ਲੀਡਰਾਂ ਦਾ ਹੁਕਮ ਚਲਦਾ ਹੈ।

ਜੇ ਇਹ ਨਹੀਂ ਤਾਂ ਫਿਰ ਸਿਰਸੇ ਵਾਲੇ ਸਾਧ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਮਾਫ਼ੀ ਕਿਵੇਂ ਦਿਵਾਈ ਗਈ? ਸਾਡੇ ਸਿੱਖ ਲੀਡਰ ਅਪਣੀ ਅੰਤਰ ਆਤਮਾ ਨੂੰ ਪੁੱਛਣ ਕਿ ਉਹ ਅੱਜ ਦੀ ਵਰਤਮਾਨ ਦਰਦਨਾਕ ਸਥਿਤੀ ਦੇ ਜ਼ਿੰਮੇਵਾਰ ਹਨ ਜਾਂ ਨਹੀਂ। ਜੇ ਅਪਣੇ ਆਪ ਵਿਚ ਇਹ ਨਹੀਂ ਕਹਿੰਦੇ ਤਾਂ ਫਿਰ ਹਰਿਮੰਦਰ ਸਾਹਿਬ ਪਹੁੰਚ ਕੇ, ਆਪ ਹੀ 'ਜਾਣੇ ਅਣਜਾਣੇ' ਭੁੱਲਾਂ ਕਿਉਂ ਬਖ਼ਸ਼ਾਈਆਂ? ਕਿਹਾ ਜਾਂਦਾ ਹੈ ਕਿ ਦੇਰ ਆਏ ਦਰੁਸਤ ਆਏ। ਅੱਜ ਵੀ ਇਹ ਸਿੱਖ ਲੀਡਰ ਇਕ ਨਿਯਮ ਦਾ ਐਲਾਨ ਕਰਨ ਕਿ ਕੋਈ ਸਿੱਖ ਜੋ ਕਿਸੇ ਗੁਰਦਵਾਰਾ ਕਮੇਟੀ ਦਾ ਮੈਂਬਰ ਬਣੇ,

ਉਸ ਦਾ ਭਾਜਪਾ ਜਾਂ ਕਾਂਗਰਸ ਜਾਂ ਕਿਸੇ ਰਾਜਸੀ ਪਾਰਟੀ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਹੋਵੇਗਾ। ਅਪਣੀ ਸਿੱਖੀ ਸੋਚ ਜੀਵਤ ਰੱਖਣ ਲਈ ਆਪ ਅੰਮ੍ਰਿਤਧਾਰੀ ਹੋਣ ਤੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦਾਨਾ ਤੌਰ ਉਤੇ ਵਿਚਰਨ ਦੇਣ। ਪੰਜਾਬ ਵਿਚ ਵਖਰੀਆਂ-ਵਖਰੀਆਂ ਸਿੱਖ ਜਥੇਬੰਦੀਆਂ ਵਲੋਂ ਸੁਰਾਂ ਉਠ ਰਹੀਆਂ ਹਨ ਕਿ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਸ ਨੂੰ ਵਰਤਮਾਨ ਲੀਡਰਸ਼ਿਪ ਤੋਂ ਮੁਕਤ ਕਰਵਾਇਆ ਜਾਵੇ।

ਇਹ ਸਾਰਾ ਕੁੱਝ ਕਿਉਂ ਹੋ ਰਿਹਾ ਹੈ? ਅਕਾਲੀ ਲੀਡਰ ਇਸ ਤੇ ਮੰਥਨ ਕਰਨ। ਸਿੱਖ ਪੀੜਤ ਹੋ ਰਹੇ ਹਨ, ਇਸ ਨੂੰ ਠੱਲ੍ਹ ਪਾਉਣ ਦੀ ਅਤਿਅੰਤ ਲੋੜ ਹੈ ਤੇ ਇਸ ਸਬੰਧੀ ਧਾਰਮਕ ਪੁਰਸ਼ ਤੇ ਵਿਦਵਾਨ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਉਲੀਕਣ ਨਹੀਂ ਤਾਂ ਸਿੱਖੀ ਦਾ ਨਿਘਾਰ ਹੋਰ ਵਧਦਾ  ਜਾਵੇਗਾ। ਨਿਰੇ ਬਿਆਨਾਂ ਨਾਲ ਨਹੀਂ ਬਲਕਿ ਅਮਲੀ ਤੌਰ 'ਤੇ ਕੁੱਝ  ਕਰਨਾ ਹੀ ਵੇਲੇ ਦੀ ਲੋੜ ਹੈ। 

ਹਰਚਰਨ ਸਿੰਘ
ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ
ਸੰਪਰਕ : 88720-06924