ਬੀਬੀ ਅਨੂਪ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੀਬੀ ਅਨੂਪ ਕੌਰ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਖ਼ਾਲਸਾ ਸਮਾਚਾਰ (ਅੰਕ 29 ਜੂਨ ਤੋਂ 5 ਜੁਲਾਈ) ਵਿਚ ਛਪੇ ਇਕ ਲੇਖ ਅਨੁਸਾਰ ਉਸ ਦਾ ਜਨਮ 1690 ਵਿਚ

File Photo

ਬੀਬੀ ਅਨੂਪ ਕੌਰ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਖ਼ਾਲਸਾ ਸਮਾਚਾਰ (ਅੰਕ 29 ਜੂਨ ਤੋਂ 5 ਜੁਲਾਈ) ਵਿਚ ਛਪੇ ਇਕ ਲੇਖ ਅਨੁਸਾਰ ਉਸ ਦਾ ਜਨਮ 1690 ਵਿਚ ਪਿੰਡ ਜੌਲਪੁਰ (ਨਜ਼ਦੀਕ ਬਾਬਾ ਬਕਾਲੇ) ਵਿਖੇ ਲਛਮਣ ਦਾਸ ਦੇ ਗ੍ਰਹਿ ਵਿਖੇ ਹੋਇਆ ਸੀ। ਇਹ ਪ੍ਰਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਜਦੋਂ ਅਨੰਦਪੁਰ ਸਾਹਿਬ ਵਿਚ ਸਿੱਖ ਪ੍ਰਵਾਰਾਂ ਦੀ ਆਬਾਦੀ ਵਧਣੀ ਸ਼ੁਰੂ ਹੋ ਗਈ ਤਾਂ ਅਨੂਪ ਕੌਰ ਹੋਰਾਂ ਦਾ ਪ੍ਰਵਾਰ ਵੀ ਅਪਣਾ ਪਿੰਡ ਛੱਡ ਕੇ ਅਨੰਦਪੁਰ ਸਾਹਿਬ ਆ ਕੇ ਵੱਸ ਗਿਆ।

ਉਦੋਂ ਅਨੂਪ ਕੌਰ ਦੀ ਉਮਰ 4 ਸਾਲ ਦੀ ਸੀ। 1699 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕੀਤੀ ਤਾਂ ਇਹ ਪ੍ਰਵਾਰ ਵੀ ਅੰਮ੍ਰਿਤ ਦੀ ਦਾਤਾ ਲੈ ਕੇ ਜੱਜ ਗਿਆ। ਕਿਹਾ ਜਾਂਦਾ ਹੈ ਕਿ ਬਚਪਨ ਵਿਚ ਬੀਬੀ ਅਨੂਪ ਕੌਰ ਗੁਰੂ ਪ੍ਰਵਾਰ ਦੇ ਸਾਹਿਬਜ਼ਾਦਿਆਂ ਨਾਲ ਖੇਡਿਆ ਕਰਦੀ ਸੀ। ਇਸ ਗੱਲ ਦਾ ਵੀ ਜ਼ਿਕਰ ਮਿਲਦਾ ਹੈ ਕਿ ਇਸ ਨੂੰ ਸ਼ਸਤਰ ਵਿਦਿਆ ਸਿਖਣ ਅਤੇ ਘੁੜਸਵਾਰੀ ਦਾ ਬਹੁਤ ਸ਼ੌਕ ਸੀ ਤੇ ਜਲਦੀ ਹੀ ਇਸ ਨੇ ਕਈ ਤਰ੍ਹਾਂ ਦੇ ਪਰੰਪਰਾਗਤ ਸ਼ਸਤਰ ਚਲਾਉਣ ਵਿਚ ਮੁਹਾਰਤ ਹਾਸਲ ਕਰ ਲਈ ਸੀ।

ਵੈਸੇ ਉਸ ਦਾ ਬਹੁਤ ਸਮਾਂ ਗੁਰੂ ਪ੍ਰਵਾਰ ਦੀਆਂ ਮਾਤਾਵਾਂ ਅਤੇ ਸਿੱਖ ਸੰਗਤਾਂ ਦੀ ਸੇਵਾ ਕਰਨ ਵਿਚ ਹੀ ਬੀਤਦਾ ਸੀ। ਅਸੀਂ ਉਸ ਨੂੰ ਗੁਰੂ ਘਰ ਦੀ ਸੇਵਿਕਾ ਅਥਵਾ ਟਹਿਲਣ ਕਹਿ ਸਕਦੇ ਹਾਂ, ਜੋ ਅਨੰਦਪੁਰ ਰਹਿ ਕੇ ਸੰਗਤਾਂ ਦੀ ਸੇਵਾ ਕਰਿਆ ਕਰਦੀ ਸੀ। ਦਸੰਬਰ 1705 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਇਹ ਬੀਬੀ ਵੀ ਉਸ ਜਥੇ ਵਿਚ ਸ਼ਾਮਲ ਸੀ ਜੋ ਜੱਥਾ ਸਰਸਾ ਨਦੀ ਵਲ ਵਧਦਾ ਜਾ ਰਿਹਾ ਸੀ।

ਭੱਜ ਦੌੜ ਦੇ ਮਾਹੌਲ ਵਿਚ ਬੀਬੀ ਅਨੁਪ ਕੌਰ ਵੀ ਜੱਥੇ ਨਾਲੋਂ ਨਿਖੜ ਗਈ ਜਿਵੇਂ ਗੁਰੂ ਸਾਹਿਬ ਦਾ ਬਾਕੀ ਸਾਰਾ ਪ੍ਰਵਾਰ ਨਿਖੜ ਗਿਆ ਸੀ। ਇਹ ਬੀਬੀ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਂ ਦੇ ਹੱਥ ਆ ਗਈ। (ਡਾ. ਗੰਡਾ ਸਿੰਘ) (ਇਹ ਉਹੀ ਸ਼ੇਰ ਖ਼ਾਂ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਹਾਅ ਦਾ ਨਾਹਰਾ ਮਾਰਿਆ ਸੀ।)  ਸੁੰਦਰ ਨੈਣ ਨਕਸ਼ ਅਤੇ ਗੋਰਾ ਚਿੱਟਾ ਰੰਗ ਵੇਖ ਕੇ ਸ਼ੇਰ ਖਾਂ ਇਸ ਨੂੰ ਅਪਣੀ ਬੇਗ਼ਮ ਬਣਾਉਣਾ ਚਾਹੁੰਦਾ ਸੀ। ਉਸ ਨੇ ਅਨੂਪ ਕੌਰ ਨੂੰ ਕਈ ਤਰ੍ਹਾਂ ਦੇ ਲਾਲਚ ਦਿਤੇ ਅਤੇ ਨਾਂਹ ਕਰਨ ਦੀ ਸੂਰਤ ਵਿਚ ਮਾਰ ਦੇਣ ਦੀ ਧਮਕੀ ਵੀ ਦਿਤੀ।

ਅੰਮ੍ਰਿਤਧਾਰੀ ਬੀਬੀ ਅਨੂਪ ਕੌਰ ਨੇ ਸਾਫ਼ ਕਹਿ ਦਿਤਾ ਕਿ ਉਹ ਉਸ ਦੀ ਕਿਸੇ ਵੀ ਘਿਨਾਉਣੀ ਮੰਗ ਉਪਰ ਅਪਣਾ ਦੀਨ ਧਰਮ ਤਿਆਗਣ ਲਈ ਤਿਆਰ ਨਹੀਂ। ਜਦੋਂ ਸ਼ੇਰ ਖਾਂ ਨੇ ਰਾਜਸੀ ਸ਼ਕਤੀ ਦੇ ਹੰਕਾਰ ਵਿਚ ਜ਼ੋਰ ਜ਼ਬਰਦਸਤੀ ਕਰਨੀ ਚਾਹੀ ਤਾਂ ਬੀਬੀ ਅਨੂਪ ਕੌਰ ਨੇ ਅਪਣੇ ਧਰਮ ਅਤੇ ਸਤ ਦੀ ਰਖਿਆ ਲਈ ਅਪਣੀ ਕਟਾਰ ਸੀਨੇ ਵਿਚ ਮਾਰ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਗਰੋਂ ਸ਼ੇਰ ਖਾਂ ਨੇ ਚੁੱਪ ਚੁਪੀਤੇ ਅਨੂਪ ਕੌਰ ਦੀ ਮ੍ਰਿਤਕ ਦੇਹ ਨੂੰ ਕਬਰ ਵਿਚ ਦਫ਼ਨਾ ਕੇ ਅਪਣੀ ਮੰਦੀ ਕਰਤੂਤ ਉਤੇ ਪਰਦਾ ਪਾ ਦਿਤਾ। (ਗੰਡਾ ਸਿੰਘ)

ਸਰਹੰਦ ਦੀ ਫ਼ਤਿਹ (ਮਈ 1710) ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਸੀ। ਚੱਪੜਚਿੜੀ ਦੇ  ਮੈਦਾਨ ਵਿਚ ਵਜ਼ੀਰ ਖਾਂ ਦੀ ਸੈਨਾ ਨੂੰ ਹਰਾਉਣ ਮਗਰੋਂ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਵਲ ਚਲ ਪਿਆ। ਉਸ ਦਾ ਕਹਿਣਾ ਸੀ ਕਿ ਉਸ  ਬੱਚੀ ਦੀ ਲਾਸ਼ ਨੂੰ ਹੋਰ ਲੰਮੇ ਸਮੇਂ ਤਕ ਕਬਰ ਵਿਚ ਦਫ਼ਨ ਨਹੀਂ ਰਹਿਣ ਦੇਣਾ ਚਾਹੀਦਾ। (ਗੰਡਾ ਸਿੰਘ) ਸਗੋਂ ਉਸ ਕਬਰ ਵਿਚੋਂ ਲੱਭ ਕੇ ਬੱਚੀ ਦੇ ਮ੍ਰਿਤਕ ਸਰੀਰ ਨੂੰ ਸਿੱਖੀ ਮਰਿਯਾਦਾ ਅਨੁਸਾਰ ਅਗਨ ਭੇਟ ਕਰ ਕੇ ਉਸ ਦਾ ਸਸਕਾਰ ਕਰਨਾ ਸਾਡਾ ਫ਼ਰਜ਼ ਹੈ।

ਇਹ ਵਿਚਾਰ ਆਂਦਿਆਂ ਹੀ ਬੰਦਾ ਬਹਾਦਰ ਮਲੇਰਕੋਟਲੇ ਵਲ ਚੱਲ ਪਿਆ। ਬੰਦੇ ਦਾ ਆਉਣਾ ਸੁਣ ਕੇ ਸ਼ਾਰੇ ਸ਼ਹਿਰ ਵਿਚ ਦਹਿਸ਼ਤ ਜਹੀ ਫ਼ੈਲ ਗਈ। ਉਸੇ ਨਗਰ ਵਿਚ ਕਿਸ਼ਨ ਦਾਸ ਨਾਮ ਦਾ ਇਕ ਹਿੰਦੂ ਵਪਾਰੀ (ਬਣੀਆ) ਰਹਿੰਦਾ ਸੀ (ਦਿਉਲ)। ਕਈ ਸਾਲ ਪਹਿਲਾਂ ਜਦੋਂ ਬੰਦਾ, ਬੈਰਾਗੀ ਦੇ ਰੂਪ ਵਿਚ ਧਾਰਮਕ ਸਥਾਨਾਂ ਦੀ ਯਾਤਰਾ ਕਰ ਰਿਹਾ ਸੀ ਤਾਂ ਉਹ ਕੁੱਝ ਦਿਨਾਂ ਲਈ ਕਿਸ਼ਨ ਦਾਸ ਦੇ ਘਰ ਵੀ ਠਹਿਰਿਆ ਸੀ।

ਕਿਸ਼ਨ ਦਾਸ ਨੇ ਨਗਰ ਉੇਤੇ ਸੰਕਟ ਬਣਿਆ ਵੇਖ ਕੇ ਨਗਰ ਦੇ ਵਪਾਰੀਆਂ ਅਤੇ ਹੋਰ ਧਨਾਢ ਵਿਅਕਤੀਆਂ ਤੋਂ ਕੁੱਝ ਰਾਸ਼ੀ ਇਕੱਠੀ ਕਰ ਕੇ ਬੰਦੇ ਨੂੰ ਭੇਂਟ ਕੀਤੀ ਅਤੇ ਬੇਨਤੀ ਕੀਤੀ ਕਿ ਨਗਰ ਨੂੰ ਬਖ਼ਸ਼ ਦਿਤਾ ਜਾਵੇ। ਬੰਦਾ ਬਹਾਦਰ ਵੈਸੇ ਵੀ ਇਸ ਨੀਤ ਨਾਲ ਮਲੇਰਕੋਟਲੇ ਨਹੀਂ ਸੀ ਆਇਆ। ਉਹ ਤਾਂ ਬੀਬੀ ਅਨੂਪ ਕੌਰ ਦੀ ਕਬਰ ਲੱਭ ਕੇ ਉਸ ਦਾ ਸਿੱਖ ਮਰਿਯਾਦਾ ਅਨੁਸਾਰ ਸਸਕਾਰ ਕਰਨ ਦੇ ਇਰਾਦੇ ਨਾਲ ਆਇਆ ਸੀ।

ਸੋ ਉਸ ਨੇ ਕਿਸ਼ਨ ਦਾਸ ਦੀ ਬੇਨਤੀ ਨੂੰ ਮੰਨਦਿਆਂ ਨਗਰ ਉਪਰ ਕੋਈ ਫ਼ੌਜੀ ਕਾਰਵਾਈ ਨਾ ਕੀਤੀ ਸਗੋਂ ਬੀਬੀ ਅਨੂਪ ਕੌਰ ਦੀ ਕਬਰ ਪੁਟਵਾ ਕੇ ਉਸ ਨੇ ਉਸ ਦੇ ਸਰੀਰਕ ਪਿੰਜਰ ਨੂੰ ਇਕੱਠਿਆਂ ਕਰਵਾ ਕੇ ਅਗਨ ਭੇਂਟ ਕਰ ਦਿਤਾ ਅਤੇ ਨਗਰ ਦੀ ਹੋਰ ਕਿਸੇ ਕਬਰ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਣ ਦਿਤਾ। ਉਥੋਂ ਉਹ ਰਾਇਕੋਟ ਚਲਾ ਗਿਆ ਜਿਥੋਂ ਦਾ ਹਾਕਮ 5000 ਰੁਪਏ ਨਜ਼ਰਾਨਾ ਲੈ ਕੇ ਬੰਦੇ ਦੇ ਸਨਮੁਖ ਹਾਜ਼ਰ ਹੋਇਆ ਤੇ ਬਿਨਾਂ ਕਿਸੀ ਲੜਾਈ ਦੇ ਉਸ ਨੇ ਈਨ ਮੰਨ ਲਈ। (ਗੰਡਾ ਸਿੰਘ)

ਬੀਬੀ ਅਨੂਪ ਕੌਰ ਬੜੀ ਬਹਾਦਰ ਤੇ ਦਲੇਰ ਬੀਬੀ ਸੀ। ਅਪਣੇ ਧਰਮ ਵਿਚ ਪੱਕੀ ਅਤੇ ਗੁਰੂ ਘਰ ਲਈ ਕਿਸੇ ਤਰ੍ਹਾਂ ਦੀ ਸੇਵਾ ਤੇ ਕੁਰਬਾਨੀ ਲਈ ਸਦਾ ਤਤਪਰ ਰਹਿੰਦੀ ਸੀ। ਉਸ ਦੀ ਕਬਰ ਪੁੱਟਣ ਦੀ ਘਟਨਾ ਨੂੰ ਲੈ ਕੇ ਮੁਸਲਮਾਨ ਇਤਿਹਾਸਕਾਰਾਂ ਨੇ ਬੜਾ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ਕਿ ਸਿੱਖਾਂ ਨੇ ਮੁਸਲਮਾਨਾਂ ਦੀਆਂ ਕਬਰਾਂ ਪੁੱਟ ਕੇ ਮੁਸਲਮਾਨਾਂ ਦੇ ਮਨ ਨੂੰ ਠੇਸ ਪਹੁੰਚਾਈ ਸੀ। ਇਨ੍ਹਾਂ ਵਿਚ ਸਮਕਾਲੀ ਲੇਖਕ ਖ਼ਾਫ਼ੀ ਖਾਂ ਅਤੇ ਅਜੋਕਾ ਇਤਿਹਾਸਕਾਰ ਮੁਹੰਮਦ ਲਤੀਫ਼ ਸ਼ਾਮਲ ਹਨ। ਲਗਦਾ ਹੈ ਅਜਿਹੇ ਬਿਆਨ ਸਿੱਖ ਵਿਰੋਧੀ ਭਾਵਨਾ ਨੂੰ ਮੁੱਖ ਰੱਖ ਕੇ ਦਿਤੇ ਗਏ ਜਾਪਦੇ ਹਨ।
ਸੰਪਰਕ:  88604-08797