ਪਹਿਲਾ ਗੁਨਾਹ ਔਰਤ ਹਾਂ, ਦੂਜਾ ਦਲਿਤ ਹਾਂ ਤੇ ਤੀਜਾ ਗ਼ਰੀਬ ਹਾਂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਿੰਡ ਮੁਦਵਾੜਾ, ਜ਼ਿਲ੍ਹਾ ਛਤਰਪੁਰ, ਪੁਲਿਸ ਥਾਣਾ ਨੌਗੋਂਗ, ਮੱਧ ਪ੍ਰਦੇਸ਼। ਦਲਿਤ ਔਰਤ ਦੀ ਉਮਰ 45 ਸਾਲ ਹੈ।

file photo

ਪਿੰਡ ਮੁਦਵਾੜਾ, ਜ਼ਿਲ੍ਹਾ ਛਤਰਪੁਰ, ਪੁਲਿਸ ਥਾਣਾ ਨੌਗੋਂਗ, ਮੱਧ ਪ੍ਰਦੇਸ਼। ਦਲਿਤ ਔਰਤ ਦੀ ਉਮਰ 45 ਸਾਲ ਹੈ।
ਹੋਇਆ ਕੀ?
: ਸਰਕਾਰ ਵਲੋਂ ਮਿਲੀ ਮਦਦ ਅਧੀਨ ਕੁੱਝ ਮਹੀਨੇ ਪਹਿਲਾਂ ਸਰਕਾਰੀ ਜ਼ਮੀਨ ਵਿਚੋਂ ਇਕ ਟੋਟਾ ਉਸ ਨੂੰ ਦੇ ਦਿਤਾ ਗਿਆ। ਇਸ ਤੋਂ ਪਹਿਲਾਂ ਵਿਜੇ ਯਾਦਵ ਇਹ ਹੜੱਪੀ ਬੈਠਾ ਸੀ। ਵਿਜੇ ਯਾਦਵ ਨੂੰ ਇਹ ਗੱਲ ਹਜ਼ਮ ਨਾ ਹੋਈ ਤੇ ਉਹ ਉਸ ਨੂੰ ਰੱਜ ਕੇ ਗਾਲ੍ਹਾਂ ਕੱਢ ਆਇਆ। ਫਿਰ 24 ਅਗੱਸਤ 2015 ਨੂੰ ਉਸ ਨੇ ਅਪਣੇ ਜਾਨਵਰ ਇਸੇ ਜ਼ਮੀਨ ਉੱਤੇ ਉੱਗੀ ਫ਼ਸਲ ਨੂੰ ਤਬਾਹ ਕਰਨ ਲਈ ਭੇਜ ਦਿਤੇ। ਅਪਣੀ ਹੱਡ ਭੰਨਵੀਂ ਮਿਹਨਤ ਨੂੰ ਇੰਜ ਬਰਬਾਦ ਹੁੰਦੇ ਵੇਖ ਕੇ ਵਿਚਾਰੀ ਤਿਲਮਿਲਾ ਉਠੀ ਤੇ ਯਾਦਵ ਦੇ ਘਰ ਉਸ ਦੀ ਔਰਤ ਵਿਮਲਾ ਨੂੰ ਸ਼ਿਕਾਇਤ ਕਰਨ ਚਲੀ ਗਈ।

ਸਜ਼ਾ ਕੀ ਮਿਲੀ? :- ਵਿਮਲਾ ਨੇ ਬਿਨਾਂ ਕੁੱਝ ਸੁਣੇ ਕੋਨੇ ਵਿਚ ਪਈ ਸੋਟੀ ਚੁੱਕੀ ਤੇ ਉਸ ਨੂੰ ਬੁਰੀ ਤਰ੍ਹਾਂ ਕੁਟਿਆ। ਜਦੋਂ ਲਹੂ ਲੁਹਾਨ ਹੋ ਗਈ ਤਾਂ ਯਾਦਵ ਪਹੁੰਚ ਗਿਆ। ਉਸ ਨੇ ਸਿੱਧਾ ਅਗਾਂਹ ਜਾ ਕੇ ਦਲਿਤ ਔਰਤ ਦੇ ਕਪੜੇ ਲੀਰੋ ਲੀਰ ਕਰ ਕੇ ਉਸ ਨੂੰ ਅਲਫ਼ ਨੰਗਾ ਕਰ ਦਿਤਾ। ਹਾਲੇ ਵੀ ਬਸ ਕਿਥੇ ਹੋਈ ਸੀ। ਦਿਲ ਅੰਦਰ ਅਥਾਹ ਗੁੱਸਾ ਸੀ।

ਇਸੇ ਲਈ ਯਾਦਵ ਨੇ ਲਹੂ ਲੁਹਾਨ ਪਈ ਔਰਤ ਦੇ ਮੂੰਹ ਅੰਦਰ ਪਿਸ਼ਾਬ ਕਰ ਦਿਤਾ ਤੇ ਉਸ ਨੂੰ ਜਬਰੀ ਅੰਦਰ ਲੰਘਾਉਣ ਲਈ ਮਜਬੂਰ ਕੀਤਾ।
ਜਦੋਂ ਏਨੇ ਉੱਤੇ ਵੀ ਠੰਢ ਨਾ ਪਈ ਤਾਂ ਸੋਟੀਆਂ ਨਾਲ ਸ੍ਰੀਰ ਉਤੇ ਬਚੀ ਥਾਂ ਵੀ ਭੰਨ ਸੁੱਟੀ। ਫਿਰ, ਧੱਕੇ ਮਾਰ ਕੇ ਬਾਹਰ ਕੱਢਣ ਤੋਂ ਪਹਿਲਾਂ ਸਖ਼ਤ ਨਸੀਹਤ ਦਿਤੀ ਗਈ ਕਿ ਜੇ ਕਿਤੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਇਸ ਤੋਂ ਵੀ ਮਾੜਾ ਹਸ਼ਰ ਕੀਤਾ ਜਾਵੇਗਾ।

ਇਸੇ ਤਰ੍ਹਾਂ ਪਿੰਡ ਰੈਣੀ, ਤਹਿਸੀਲ ਰਾਜਗੜ੍ਹ, ਅਲਵਰ ਤੇ ਥਾਣਾ-ਮਹਿਲਾ ਪੁਲਿਸ ਸਟੇਸ਼ਨ। ਦਲਿਤ ਔਰਤ ਦੀ ਉਮਰ 20 ਸਾਲ ਸੀ।
ਹੋਇਆ ਕੀ? :- ਜੈਪੁਰ ਵਿਖੇ ਰਹਿੰਦੀ ਇਸ ਔਰਤ ਦਾ 14 ਜਨਵਰੀ 2015 ਨੂੰ 32 ਸਾਲਾ ਜੱਗੂ ਨਾਲ ਵਿਆਹ ਹੋਇਆ ਸੀ। ਉਸ ਦੇ ਮਾਪੇ ਅਪਣੀ ਹੈਸੀਅਤ ਤੋਂ ਵੱਧ ਦਾਜ ਦੇਣ ਤੋਂ ਬਾਅਦ ਵੀ ਸਹੁਰਿਆਂ ਦੀਆਂ ਮੰਗਾਂ ਪੂਰੀਆਂ ਨਾ ਕਰ ਸਕੇ।
ਸਜ਼ਾ ਕੀ ਮਿਲੀ :- ਛੇ ਮਹੀਨੇ ਤਕ ਰੋਜ਼ ਕੁੱਟ ਮਾਰ ਕੀਤੀ ਗਈ। ਨਸ਼ੇ ਦੀਆਂ ਦਵਾਈਆਂ ਖੁਆ ਕੇ ਉਸ ਦੇ ਸਾਰੇ ਸ੍ਰੀਰ ਉੱਤੇ ਗਰਮ ਲੋਹੇ ਨਾਲ ਗਾਲ੍ਹਾਂ ਲਿਖੀਆਂ ਗਈਆਂ। ਪਤੀ ਤੇ ਉਸ ਦੇ ਕਈ ਦੋਸਤਾਂ, ਸਹੁਰਾ, ਜੇਠ, ਦਿਉਰ, ਨਨਾਣਵਈਆ ਆਦਿ ਸੱਭ ਨੇ ਰਲ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਨੈਸ਼ਨਲ ਕਮਿਸ਼ਨ ਆਫ਼ ਵੂਮੈਨ ਤੇ ਰਾਜਸਥਾਨ ਵੂਮੈਨ ਕਮਿਸ਼ਨ ਨੇ ਇਸ ਬਾਰੇ ਸਖ਼ਤ ਅਫ਼ਸੋਸ ਜ਼ਾਹਰ ਕੀਤਾ।

ਅਗਲੀ ਘਟਨਾ ਇਬਰਾਹੀਮਗੰਜ, ਭੋਪਾਲ, ਥਾਣਾ- ਏ.ਜੇ.ਕੇ ਦੀ ਹੈ। ਇਕ ਗਰਭਵਤੀ ਦਲਿਤ ਔਰਤ ਜਿਸ ਦੀ ਉਮਰ 22 ਸਾਲ ਸੀ।
ਹੋਇਆ ਕੀ :- ਚਾਰ ਦਸੰਬਰ 2015 ਨੂੰ ਅਪਣੇ ਪੇਕੇ ਘਰ ਪਿੰਡ ਕਰੋਂਡ ਤੋਂ ਸਹੁਰੇ ਘਰ ਅਪਣੀ ਮਾਂ ਨਾਲ ਮੁੜਦੀ ਨੂੰ ਰਾਹ ਵਿਚ ਮਜਨੂੰ ਗੁਪਤਾ, ਰੋਹਿਤ ਤੇ ਫੱਡੂ ਚੌਹਾਨ, ਜੋ ਕਿ ਉਸੇ ਕਲੋਨੀ ਵਿਚ ਰਹਿੰਦੇ ਸਨ, ਨੇ ਗਰਭਵਤੀ ਔਰਤ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ।

ਸਜ਼ਾ ਕੀ ਮਿਲੀ :- ਪਾਣੀ ਦੀ ਟੈਂਕੀ ਕੋਲ ਖ਼ਾਲੀ ਥਾਂ ਕੋਲੋਂ ਲੰਘਦਿਆਂ ਤਿੰਨਾਂ ਨੇ ਉਸ ਨੂੰ ਬੰਨ੍ਹ ਕੇ ਸਮੂਹਕ ਬਲਾਤਕਾਰ ਕੀਤਾ। ਚੰਗਾ ਡਰਾ ਧਮਕਾ ਕੇ ਘਰ ਭੇਜਿਆ ਕਿ ਜੇ ਖ਼ਬਰ ਕੱਢੀ ਤਾਂ ਮਾਰ ਦਿਤੀ ਜਾਵੇਗੀ। ਸੱਸ ਦੇ ਕਹੇ ਉੱਤੇ ਕੇਸ ਦਰਜ ਕਰਵਾਇਆ ਗਿਆ ਪਰ ਅੱਜ ਤੱਕ ਸੱਭ ਫ਼ਰਾਰ ਹਨ।

ਇਸੇ ਤਰ੍ਹਾਂ ਇਹ ਘਟਨਾ ਭਿਵਾਨੀ ਦੇ ਪਿੰਡ ਵਿਚ ਸਾਲ 2012 ਦੀ ਹੈ। ਇਕ 6 ਸਾਲਾ ਦੂਜੀ ਜਮਾਤ ਦੀ ਵਿਦਿਆਰਥਣ ਸੀ।
ਹੋਇਆ ਕੀ : ਅਪਣੀਆਂ ਦੋ ਸਹੇਲੀਆਂ ਨਾਲ ਸਵੇਰੇ ਸਾਢੇ ਦਸ ਵਜੇ ਪਿੰਡ ਦੇ ਬੱਸ ਸਟੈਂਡ ਕੋਲ ਗੁੱਡੀਆਂ ਪਟੋਲੇ ਖੇਡ ਰਹੀ ਸੀ। ਪਿੰਡ ਤੋਂ ਭਿਵਾਨੀ ਜਾਂਦਾ ਇਕ ਸਾਈਕਲ ਸਵਾਰ ਉਸ ਨੂੰ ਸਵੇਰੇ 11 ਵਜੇ ਸੜਕ ਦੇ ਪਰਲੇ ਕੋਨੇ ਉੱਤੇ ਇਕ ਦੁਕਾਨ ਤੋਂ ਟਾਫ਼ੀ ਦਿਵਾਉਣ ਲਈ ਬਿਠਾ ਕੇ ਲੈ ਗਿਆ।
ਸਜ਼ਾ ਕੀ ਮਿਲੀ :- ਦਿਨ ਦਹਾੜੇ ਢਾਬੇ ਦੇ ਪਿਛਲੇ ਪਾਸੇ ਖੇਤ ਵਿਚ ਲਿਜਾ ਕੇ ਮੂੰਹ ਵਿਚ ਕਪੜਾ ਤੁੰਨ ਕੇ ਬੱਚੀ ਨਾਲ ਬਲਾਤਕਾਰ ਕਰ ਕੇ ਨਿਰਵਸਤਰ ਹੀ ਸੁੱਟ ਕੇ ਭੱਜ ਗਿਆ। ਬੱਚੀ ਦੇ ਸ੍ਰੀਰ ਅੰਦਰੋਂ ਹੱਦੋਂ ਵੱਧ ਖ਼ੂਨ ਵਹਿ ਜਾਣ ਨਾਲ ਉਹ ਬੇਹੋਸ਼ ਹੋ ਗਈ ਤੇ ਹਾਲੇ ਤਕ ਉਸ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੋਈ।
ਇਹ ਘਟਨਾ ਖਾਰਖੋਡਾ ਪਿੰਡ, ਸੋਨੀਪਤ ਸਾਲ 2013 ਦੀ ਹੈ।

ਘਟਨਾ ਦੀ ਸ਼ਿਕਾਰ 16 ਸਾਲ, 10ਵੀਂ ਜਮਾਤ ਦੀ ਪੜ੍ਹਦੀ ਵਿਦਿਆਥਣ ਹੈ।
ਹੋਇਆ ਕੀ :- ਉਸ ਦੀ ਮਾਂ ਤੇ ਭਰਾ ਬਜ਼ਾਰ ਘਰ ਦਾ ਸਮਾਨ ਖ਼ਰੀਦਣ ਗਏ ਹੋਏ ਸਨ। ਇਸੇ ਲਈ ਐਤਵਾਰ ਸਵੇਰੇ ਉਹ ਘਰ ਵਿਚ ਇਕੱਲੀ ਬੈਠੀ ਪੜ੍ਹ ਰਹੀ ਸੀ। ਗੁਆਂਢੀ ਰਕੇਸ਼, ਜੋ ਕਿ ਟੈਕਸੀ ਡਰਾਈਵਰ ਸੀ, ਨੇ ਦਰਵਾਜ਼ਾ ਖੜਕਾਇਆ। ਉਸ ਦੇ ਦਰਵਾਜ਼ਾ ਖੋਲ੍ਹਦੇ ਸਾਰ ਟੈਕਸੀ ਡਰਾਈਵਰ ਨੇ ਮੂੰਹ ਉੱਤੇ ਕਪੜਾ ਪਾ ਕੇ ਉਸ ਨੂੰ ਬੇਹੋਸ਼ ਕਰ ਦਿਤਾ।

ਸਜ਼ਾ ਕੀ ਮਿਲੀ :- ਤਿੰਨ ਘੰਟੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿਚ ਵਾਪਸ ਜਾਂਦੇ ਹੋਏ ਘਰ ਦੇ ਬਾਹਰ ਸੁੱਟ ਗਿਆ। ਥਾਣੇ ਵਿਚ ਸ਼ਿਕਾਇਤ ਕਰਨ ਬਾਅਦ ਪੰਜ ਦਿਨ ਪੁਲਿਸ ਨੇ ਉਸ ਨੂੰ ਰੱਜ ਕੇ ਜ਼ਲੀਲ ਕੀਤਾ। ਏਨੇ ਭੱਦੇ ਸਵਾਲ ਪੁੱਛੇ ਗਏ ਕਿ ਪੰਜਵੇਂ ਦਿਨ ਜਿਉਂ ਹੀ ਮਾਂ ਤੇ ਭਰਾ ਨਾਲ ਦੇ ਘਰ ਗਏ ਹੋਏ ਸਨ ਤਾਂ ਉਸ ਵਿਦਿਆਰਥਣ ਨੇ ਜ਼ਲਾਲਤ ਨਾ ਸਹਿੰਦੇ ਹੋਏ ਆਪਣੇ ਉੱਤੇ ਕੈਰੋਸੀਨ ਛਿੜਕ ਕੇ ਅੱਗ ਲਗਾ ਲਈ ਤੇ ਰੋਹਤਕ ਮੈਡੀਕਲ ਕਾਲਜ ਵਿਚ ਦਮ ਤੋੜ ਗਈ।
ਇਸੇ ਤਰ੍ਹਾਂ ਸਾਲ 2013 ਵਿਚ ਪ੍ਰਾਈਮਰੀ ਮਿਊਂਸਪਲ ਸਕੂਲ, ਦਿੱਲੀ ਦੀ ਇਕ ਘਟਨਾ ਹੈ।

ਇਕ ਦੂਜੀ ਜਮਾਤ ਦੀ ਵਿਦਿਆਰਥਣ ਜਿਸ ਦੀ ਉਮਰ 7 ਸਾਲ ਹੈ।
ਹੋਇਆ ਕੀ
:- ਮੌਂਗੋਲਪੁਰੀ-ਐਲ ਬਲਾਕ ਵਿਚ ਪ੍ਰਾਇਮਰੀ ਮਿਊਂਸਪਲ ਸਕੂਲ ਵਿਚ 7 ਸਾਲ ਦੀ ਬੱਚੀ ਸਵੇਰੇ ਪੜ੍ਹਨ ਗਈ।
ਸਜ਼ਾ ਕੀ ਮਿਲੀ :- ਸਕੂਲ ਦੇ ਹੀ ਅੰਦਰ ਕਲਾਸ ਦੇ ਗੇਮਜ਼ ਪੀਰੀਅਡ ਦੌਰਾਨ ਸਕੂਲ ਦੇ ਅਰਦਲੀ ਨੇ ਉਸ ਨਾਲ ਬਲਾਤਕਾਰ ਕਰ ਦਿਤਾ। ਸੰਜੇ ਗਾਂਧੀ ਮੈਡੀਕਲ ਕਾਲਜ ਵਿਚ ਉਸ ਦਾ ਇਲਾਜ ਚਲਿਆ, ਜ਼ਖ਼ਮ ਤਾਂ ਭਰ ਗਏ ਪਰ ਬੱਚਾਦਾਨੀ ਕੱਢੀ ਜਾਣ ਕਾਰਨ ਹੁਣ ਉਹ ਕਦੇ ਮਾਂ ਨਹੀਂ ਬਣ ਸਕੇਗੀ। ਇਸ ਘਟਨਾ ਤੋਂ ਬਾਅਦ ਉਹ ਬੱਚੀ ਅਪਣਾ ਦਿਮਾਗ਼ੀ ਸੰਤੁਲਨ ਵੀ ਗੁਆ ਚੁੱਕੀ ਹੈ।

ਅਗਲੀ ਘਟਨਾ ਤੀਸੋਫੈਨੀਓ ਪਿੰਡ, ਦੀਮਾਪੁਰ ਸਾਲ 2016 ਵਿਚ ਵਾਪਰੀ। ਇਸ ਘਟਨਾ ਵਿਚ ਇਕ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਇੱਕੋ ਦਿਨ ਵਿਚ ਦੋ ਵਾਰ ਇਕ ਦਲੀਪ ਨਾਂ ਦੇ ਦਰਿੰਦੇ ਨੇ ਬਲਾਤਕਾਰ ਕੀਤਾ। ਇਹ ਗੱਲ ਬਲਾਤਕਾਰ ਤਕ ਹੀ ਸੀਮਤ ਨਹੀਂ ਸੀ, ਉਸ ਨੇ ਵਿਦਿਆਰਥਣ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ।

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਕਈ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ ਚਾਰ ਤੋਂ ਛੇ ਸਾਲ ਦੀਆਂ 4 ਕੁੜੀਆਂ ਬਲਾਤਕਾਰ ਤੋਂ ਬਾਅਦ ਕਤਲ ਕਰ ਦਿਤੀਆਂ ਗਈਆਂ। ਇਹ ਸਾਰੇ ਤੇ ਲਗਭਗ ਇਹੋ ਜਹੇ 5500 ਦੇ ਕਰੀਬ ਹੋਰ ਕੇਸ ਵੀ ਹਨ ਜਿਨ੍ਹਾਂ ਵਿਚੋਂ ਕੁੱਝ ਜੱਗ ਜ਼ਾਹਰ ਹੋ ਚੁੱਕੇ ਤੇ ਕੁੱਝ ਮਰ ਖੱਪ ਗਏ ਹਨ।
ਇਹ ਸਾਰੇ ਹੀ ਇੱਕੋ ਲੜੀ ਵਿਚ ਪਰੋਏ ਹੋਏ ਹਨ-ਔਰਤ ਜ਼ਾਤ, ਦਲਿਤ ਤੇ ਗ਼ਰੀਬ!

ਇਸੇ ਗੱਲ ਦੀ ਇਨ੍ਹਾਂ ਸਾਰਿਆਂ ਨੂੰ ਸਜ਼ਾ ਮਿਲੀ ਹੈ। ਇਹ ਸਜ਼ਾਵਾਂ ਨਾ ਕਦੇ ਰੁਕੀਆਂ ਸਨ ਤੇ ਨਾ ਹੀ ਰੁਕਣ ਵਾਲੀਆਂ ਹਨ। ਕਾਰਾ ਕਰਨ ਵਾਲੇ ਆਜ਼ਾਦ ਹਿੰਦੁਸਤਾਨ ਵਿਚ ਖੁੱਲੇਆਮ ਘੁੰਮ ਫਿਰ ਰਹੇ ਹਨ ਤੇ ਉੱਚੀ ਸੁਰ ਵਿਚ ਗਾ ਵੀ ਰਹੇ ਹਨ :-

''ਨਏ ਦੌਰ ਮੇਂ ਲਿਖੇਂਗੇ ਹਮ 'ਮਿਲ ਕਰ' ਨਈ ਕਹਾਨੀ।
ਹਮ ਹਿੰਦੁਸਤਾਨੀ! ਹਮ ਹਿੰਦੁਸਤਾਨੀ!!''

ਦਲਿਤ ਰਾਖਵੇਂਕਰਨ ਲਈ ਹੋਕਾ ਦੇਣ ਵਾਲਿਆਂ ਨੇ ਅਪਣੀਆਂ ਅੱਖਾਂ ਦੁਆਲੇ ਖੋਪੇ ਪਾਏ ਹੋਏ ਹਨ। ਇਸੇ ਲਈ ਮਜਬੂਰੀ ਵੱਸ ਇਹ ਕੇਸ ਲੋਕਾਂ ਦੀ ਅਦਾਲਤ ਵਿਚ ਰੱਖੇ ਹਨ! ਸੰਪਰਕ :  0175-2216783