ਸਰਕਾਰਾਂ ਦੇ ਥਾਪੜੇ ਤੇ ਸਿੱਖ ਕਿਸਾਨ ਬੀਬੀਆਂ ਵਿਰੁਧ ਬੋਲਣ ਵਾਲੀ ਕੰਗਨਾ ਰਨੌਤ ਨੂੰ ਕੀ ਪਤਾ ਹੈ ਸਿੱਖ..

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

’ ਇਤਿਹਾਸ ਭੁੱਲ ਚੁੱਕੇ ਲੋਕਾਂ ਨੂੰ ਦੱਸ ਦਈਏ ਕਿ ਇਹ ਸਿੱਖ ਬੀਬੀਆਂ ਕਿਸੇ ਸਮੇਂ ਮੀਰ ਮੰਨੂੰ ਦੀ ਜੇਲ ਵਿਚ ਬੰਦ ਸਨ

Sikh women and Kangana Ranaut

ਕੰਗਨਾ ਰਨੌਤ ਨੇ ਤਾਂ ਕਹਿ ਦਿਤਾ ਸੀ ਕਿ ‘‘ਕਿਸਾਨ ਅੰਦੋਲਨ ਵਿਚ ਇਹ ਬੀਬੀਆਂ ਦਿਹਾੜੀ ਉਤੇ ਲਿਆਂਦੀਆਂ ਗਈਆਂ ਹਨ।’’ ਇਤਿਹਾਸ ਭੁੱਲ ਚੁੱਕੇ ਲੋਕਾਂ ਨੂੰ ਦੱਸ ਦਈਏ ਕਿ ਇਹ ਸਿੱਖ ਬੀਬੀਆਂ ਕਿਸੇ ਸਮੇਂ ਮੀਰ ਮੰਨੂੰ ਦੀ ਜੇਲ ਵਿਚ ਬੰਦ ਸਨ। ਇਨ੍ਹਾਂ ਨਾਲ ਇਨ੍ਹਾਂ ਦੇ ਪਤੀ, ਬੱਚੇ ਅਤੇ ਪ੍ਰਵਾਰ ਵੀ ਸਨ। ਮੁਗ਼ਲ ਹਕੂਮਤ ਨੇ ਇਨ੍ਹਾਂ ਬੀਬੀਆਂ ਨੂੰ ਕਿਹਾ, ‘‘ਤੁਸੀ ਇਸਲਾਮ ਕਬੂਲ ਕਰੋ, ਸਾਡੀ ਈਨ ਮੰਨੋ ਤੇ ਜੋ ਕੁੱਝ ਚਾਹੀਦਾ ਹੈ ਸਾਡੋ ਤੋਂ ਲੈ ਲਉ।’’ ਸਾਡੀਆਂ ਇਹ ਬੀਬੀਆਂ ਉਸ ਸਮੇਂ ਨਾ ਵਿਕੀਆਂ। ਸਮੇਂ ਦੀ ਮੁਗ਼ਲ ਹਕੂਮਤ ਨੇ ਗੁੱਸੇ ਵਿਚ ਇਨ੍ਹਾਂ ਬੀਬੀਆਂ ਦੇ ਖੇਡਦੇ ਬੱਚੇ ਟੋਟੇ ਟੋਟੇ ਕਰ ਕੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੀਆਂ ਝੋਲੀਆਂ ਵਿਚ ਪਾ ਦਿਤੇ।

ਮਾਵਾਂ ਦੀਆਂ ਗੋਦੀਆਂ ਵਿਚੋਂ ਬੱਚੇ ਖੋਹ ਕੇ ਉਪਰ ਵਗਾਹ ਕੇ ਸੁਟਦੇ ਤੇ ਥੱਲੇ ਤਿੱਖੇ ਬਰਛੇ ਕਰ ਲੈਂਦੇ। ਕੈਦ ਵਿਚ ਜ਼ੁਲਮ ਸਹਿ ਰਹੀਆਂ ਔਰਤਾਂ ਦੇ ਪਤੀ ਮੁਗ਼ਲਾਂ ਨਾਲ ਜੰਗਾਂ ਵਿਚ ਲੜਦੇ, ਵਿਚਾਰੀਆਂ ਅੱਖਾਂ ਸਾਹਮਣੇ ਅਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿਚ ਪਵਾਈ ਬੈਠੀਆਂ ਸੋਚਦੀਆਂ ਕਿ ਮੇਰਾ ਪਤੀ ਅੱਜ ਜੰਗ ਲੜਦਾ ਜਿਊਂਦਾ ਹੈ ਜਾਂ ਸ਼ਹੀਦ ਹੋ ਗਿਆ? ਢਿੱਡੋਂ ਭੁੱਖੀਆਂ, ਸਿਰਫ਼ ਰੋਟੀ ਦਾ ਚੌਥਾ ਹਿੱਸਾ ਇਕ ਔਰਤ ਨੂੰ ਦਿਤਾ ਜਾਂਦਾ ਜਿਸ ਨੂੰ ‘ਖੰਨਾ ਟੁੱਕ’ ਕਿਹਾ ਜਾਂਦਾ ਸੀ ਤੇ ਗੁਜ਼ਾਰਾ ਕਰਦੀਆਂ, ਫਿਰ ਵੀ ਇਨ੍ਹਾਂ ਸਿੱਖ ਬੀਬੀਆਂ ਦੀਆਂ ਅੱਖਾਂ ਵਿਚ ਅਥਰੂ ਨਾ ਆਏ।

ਹਾਂ ਉਸ ਵਕਤ ਜਿਨ੍ਹਾਂ ਮਾਵਾਂ ਦੇ ਬੱਚੇ ਟੋਟੇ ਕਰ ਕੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤੇ, ਉਨ੍ਹਾਂ ਮਾਵਾਂ ਦੀਆਂ ਆਂਦਰਾਂ ਜ਼ਰੂਰ ਰੋਈਆਂ ਪਰ ਮਾਵਾਂ ਨੇ ਸੀ ਨਾ ਉਚਰੀ ਮੁੱਖ ’ਚੋਂ। ਮਾਤਾ ਗੁਜਰੀ ਜੀ ਨੂੰ ਜਗਤ ਮਾਤਾ ਕਿਹਾ ਗਿਆ ਹੈ। ਈਨ ਕਬੂਲ ਕਰੋ, ਰਾਜ ਭਾਗ ਲਵੋ ਤੇ ਸਾਡੀਆਂ ਧੀਆਂ ਦੇ ਡੋਲੇ ਲਵੋ ਪਰ ਮਾਤਾ ਜੀ ਨੇ ਠੋਕਰ ਮਾਰ ਦਿਤੀ। ਗੁੱਸੇ ਵਿਚ ਆਏ ਜ਼ਾਲਮਾਂ ਨੇ ਉਨ੍ਹਾਂ ਦੇ ਪੋਤਰੇ ਬੇਰਹਿਮੀ ਨਾਲ ਦੀਵਾਰਾਂ ਵਿਚ ਚਿਣ ਦਿਤੇ। ਇਹ ਉਹ ਮਾਵਾਂ ਹਨ ਜਿਨ੍ਹਾਂ ਦੇ ਪਤੀਆਂ ਦੇ ਸਿਰਾਂ ਦਾ ਮੁੱਲ ਟਕਾ-ਟਕਾ ਪਿਆ ਹੈ। ਇਕ ਟਕੇ ਖ਼ਾਤਰ ਜ਼ਾਲਮ ਇਕ ਸਿੱਖ ਦਾ ਸਿਰ ਵੱਢ ਦਿੰਦੇ ਸੀ।

ਇਨ੍ਹਾਂ ਮਾਵਾਂ ਨੇ ਉਹ ਵੀ ਬਰਦਾਸ਼ਤ ਕੀਤਾ। ਖ਼ੁਦ ਵੀ ਕਿਰਪਾਨਾਂ, ਬੰਦੂਕਾਂ ਚੁੱਕ ਕੇ ਇਨ੍ਹਾਂ ਮਾਵਾਂ ਨੇ ਜੰਗਾਂ ਲੜੀਆਂ। ਇਨ੍ਹਾਂ ਮਾਵਾਂ ਨੇ ਅਪਣੇ ਪਤੀ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕਰਵਾਏ। ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਤੱਤੀਆਂ ਤਵੀਆਂ ਤੇ ਬਿਠਾਏ ਗਏ, ਚਰਖੜੀਆਂ ਤੇ ਚਾੜ੍ਹੇ ਗਏ, ਕੋਹਲੂਆਂ ਵਿਚ ਪੀੜ ਦਿਤੇ ਗਏ, ਅਪਣੇ ਸ੍ਰੀਰਾਂ ਤੋਂ ਪੁੱਠੀਆਂ ਖਲਾਂ ਵੀ ਲੁਹਾ ਗਏ। ਇਹ ਮਾਵਾਂ ਇਹ ਸਿੱਖ ਕੌਮ, ਇਹ ਸ਼ਹੀਦ ਹੋਣ ਵਾਲੇ ਗੁਰੂ ਦੇ ਸਿੱਖ, ਉਸ ਵਕਤ ਨਾ ਵਿਕੇ ਨਾ ਝੁਕੇ।

ਜਿਥੇ ਕਿਤੇ ਵੱਡੇ-ਵੱਡੇ ਲੰਗਰ ਚਲਦੇ ਹਨ, ਇਹ ਸਿੱਖ ਕਿਸਾਨ ਬੀਬੀਆਂ ਆਟੇ ਦੀਆਂ ਵੱਡੀਆਂ-ਵੱਡੀਆਂ ਪਰਾਤਾਂ ਗੁੰਨ੍ਹ ਕੇ ਲੰਗਰ ਪਕਾਉਂਦੀਆਂ ਨਜ਼ਰ ਆਉਣਗੀਆਂ। ਜੇ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁਧ ਵਿਚਾਰੀਆਂ ਦੁਖੀ ਹੋਈਆਂ ਧਰਨਿਆਂ ਤੇ ਬੈਠ ਗਈਆਂ ਤਾਂ ਊਲ ਜਲੂਲ ਔਰਤਾਂ ਇਨ੍ਹਾਂ ਵਿਰੁਧ ਊਲ ਜਲੂਲ ਬਿਆਨ ਦੇ ਰਹੀਆਂ ਹਨ।
- ਭੁਪਿੰਦਰ ਸਿੰਘ ਬਾਠ, ਫ਼ਤਿਹਗੜ੍ਹ ਸਾਹਿਬ, ਸੰਪਰਕ : 94176-82002