International Women's Day: ਔਰਤ ਦੀ ਅਣਦਿਸੀ ਗ਼ੁਲਾਮੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਦੀ ਆਜ਼ਾਦੀ ਤੋਂ ਲਗਭਗ 79 ਸਾਲ ਬਾਅਦ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕੀ

photo

ਪਿਛਲੀ ਇਕ ਸਦੀ ਤੋਂ ਵੱਧ ਸਮੇਂ ਤੋਂ ਪੂਰੀ ਦੁਨੀਆਂ 8 ਮਾਰਚ ਨੂੰ ਔਰਤਾਂ ਲਈ ਇਕ ਵਿਸ਼ੇਸ਼ ਦਿਨ ਵਜੋਂ ਮਨਾਉਂਦੀ ਆ ਰਹੀ ਹੈ। ਦਰਅਸਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਜ਼ਦੂਰਾਂ ਦੇ ਅੰਦੋਲਨ ਤੋਂ ਨਿਕਲਿਆ ਹੋਇਆ ਦਿਨ ਹੈ, ਜਿਸ ਨੂੰ ਬਾਅਦ ਵਿਚ ਸੰਯੁਕਤ ਰਾਸ਼ਟਰ ਦੁਆਰਾ ਇਕ ਸਾਲਾਨਾ ਜਸ਼ਨ ਵਜੋਂ ਮਾਨਤਾ ਦੇ ਦਿਤੀ ਗਈ। ਇਸ ਦਿਨ ਨੂੰ ਖ਼ਾਸ ਬਣਾਉਣ ਦੀ ਸ਼ੁਰੂਆਤ ਅੱਜ ਤੋਂ 118 ਸਾਲ ਪਹਿਲਾਂ 1908 ਵਿਚ ਹੋਈ ਸੀ, ਜਦੋਂ ਨਿਊਯਾਰਕ ਸ਼ਹਿਰ ’ਚ ਲਗਭਗ ਪੰਦਰਾਂ ਹਜ਼ਾਰ ਔਰਤਾਂ ਨੇ ਅਪਣੇ ਹੱਕਾਂ ਲਈ ਵਿਰੋਧ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਔਰਤਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਤਨਖ਼ਾਹਾਂ ਚੰਗੀਆਂ ਹੋਣ ਤੇ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਮਹਿਲਾ ਦਿਵਸ ਦੀ ਨੀਂਹ ਰੱਖਣ ਦਾ ਸਿਹਰਾ ਕਲਾਰਾ ਜ਼ੇਟਕਿਨ ਨਾਂ ਦੀ ਔਰਤ ਨੂੰ ਜਾਂਦਾ ਹੈ। ਹਰ ਸਾਲ ਭਾਰਤ ਵਿਚ ਵੀ ਇਸੇ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।

ਜੇਕਰ ਅਸੀਂ ਭਾਰਤ ਵਿਚ ਔਰਤ ਦੇ ਜੀਵਨ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਲਗਭਗ 79 ਸਾਲ ਬਾਅਦ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕੀ। ਔਰਤ ਨੂੰ ਖ਼ੁਦ ਨੂੰ ਵੀ ਨਹੀਂ ਪਤਾ ਕਿ ਉਹ ਅਣਦਿਸੀ ਗ਼ੁਲਾਮੀ ਵਿਚ ਜੀਵਨ ਬਤੀਤ ਕਰ ਰਹੀ ਹੈ। ਬੇਸ਼ੱਕ ਸਰਕਾਰਾਂ ਨੇ ਇਸ ਸਬੰਧੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਚੰਗੀਆਂ ਨੀਤੀਆਂ ਨਾ ਬਣਨ ਕਰ ਕੇ ਅਤੇ ਪਛੜੇ ਇਲਾਕਿਆਂ ਦੀਆਂ ਔਰਤਾਂ ’ਚ ਸਿਖਿਆ ਤੇ ਜਾਗਰੂਕਤਾ ਦੀ ਘਾਟ ਕਾਰਨ ਭਾਰਤ ਦੀ ਔਰਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਈ ਹੈ। ਜੇਕਰ ਭਾਰਤੀ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਭਾਰਤ ਵਿਚ ਲਗਭਗ 200 ਈਸਵੀ ਵਿਚ ਬਣਾਈ ਗਈ ਵਰਣ ਵਿਵਸਥਾ ਵਿਚ ਔਰਤ ਨੂੰ ਮਰਦ ਸਮਾਜ ਦੀ ਗ਼ੁਲਾਮ ਦਸਿਆ ਗਿਆ ਸੀ। ਔਰਤ ਨੂੰ ਪੜ੍ਹਨ-ਲਿਖਣ ਅਤੇ ਘੁੰਮਣ ਫਿਰਨ ’ਤੇ ਮਨਾਹੀ ਸੀ। ਉਸ ਵੇਲੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਬੋਲਬਾਲਾ ਸੀ ਅਤੇ ਔਰਤ ਸਿਰਫ਼ ਚਾਰ-ਦੀਵਾਰੀ ਅੰਦਰ ਰਹਿ ਕੇ ਹੀ ਜੀ ਸਕਦੀ ਸੀ। ਉਸ ਵੇਲੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਲਈ ਕੋਸ਼ਿਸ਼ ਵੀ ਕੀਤੀ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਔਰਤ ਨੂੰ ਮਹਾਨ ਦਸਿਆ ਹੈ : ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥’’ 

ਸਮੇਂ ਸਮੇਂ ’ਤੇ ਹੋਰ ਵੀ ਮਹਾਨ ਲੋਕਾਂ ਨੇ ਔਰਤਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਹੈ। ਔਰਤਾਂ ਦੇ ਹੱਕਾਂ, ਬਰਾਬਰੀ ਅਤੇ ਸੁਰੱਖਿਆ ਲਈ ਸੰਘਰਸ਼ ਕਰਨ ਵਾਲਿਆਂ ਵਿਚ ਮਹਾਤਮਾ ਜੋਤੀਰਾਓ ਫੂਲੇ ਅਤੇ ਸਾਵਿਤਰੀਬਾਈ ਫੂਲੇ (ਭਾਰਤ ਵਿਚ ਔਰਤਾਂ ਦੀ ਸਿਖਿਆ), ਰਾਜਾ ਰਾਮ ਮੋਹਨ ਰਾਏ (ਸਤੀ ਪ੍ਰਥਾ ਵਿਰੁਧ), ਈਸ਼ਵਰ ਚੰਦਰ ਵਿਦਿਆਸਾਗਰ (ਵਿਧਵਾ ਪੁਨਰ-ਵਿਵਾਹ), ਅਤੇ ਡਾ. ਬੀ.ਆਰ. ਅੰਬੇਦਕਰ (ਕਾਨੂੰਨੀ ਹੱਕ)। ਵਕਤ ਦੇ ਨਾਲ-ਨਾਲ ਬੇਸ਼ੱਕ ਔਰਤ ਰੂੜੀਵਾਦੀ ਕੁਰੀਤੀਆਂ ਤੋਂ ਨਿਜਾਤ ਪਾਉਂਦੀ ਆ ਰਹੀ ਹੈ, ਜਿਵੇਂ ਸਤੀ ਪ੍ਰਥਾ, ਪਰਦਾ ਪ੍ਰਥਾ ਆਦਿ ਤੋਂ ਕਾਫ਼ੀ ਹੱਦ ਤਕ ਨਿਜਾਤ ਪਾ ਚੁੱਕੀ ਹੈ। ਪਰ ਅਜੇ ਵੀ ਔਰਤ ਜੋ ਆਜ਼ਾਦੀ ਵਿਕਾਸਸ਼ੀਲ ਦੇਸ਼ਾਂ ਵਿਚ ਮਾਣ ਰਹੀ ਹੈ, ਭਾਰਤੀ ਔਰਤ ਉਸ ਤੋਂ ਕੋਹਾਂ ਦੂਰ ਹੈ, ਜਿਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਔਰਤਾਂ ਲਈ ਰਾਖਵਾਂਕਰਨ ਹੋਣ ਕਰ ਕੇ ਸਰਪੰਚ, ਐਮ.ਸੀ ਅਤੇ ਐਮ.ਐਲ.ਏ ਤਾਂ ਬਣ ਜਾਂਦੀਆਂ ਹਨ ਪਰ ਉਨ੍ਹਾਂ ਦੀ ਥਾਂ ਜ਼ਿਆਦਾਤਰ ਕੰਮ ਪ੍ਰਵਾਰ ਦੇ ਮਰਦ ਹੀ ਕਰਦੇ ਹਨ। ਜ਼ਿਆਦਾਤਰ ਮੀਟਿੰਗਾਂ ਵਿਚ ਔਰਤਾਂ ਸ਼ਾਮਲ ਨਹੀਂ ਹੁੰਦੀਆਂ।

ਅਜੇ ਵੀ ਭਾਰਤ ਦੇ ਕਈ ਪਿੰਡਾਂ ਵਿਚ ਦਲਿਤ ਔਰਤਾ ਵੱਡੇ ਜਗੀਰਦਾਰਾਂ ਦੇ ਘਰਾਂ ਵਿਚ ਸਿਰ ’ਤੇ ਮੈਲਾ ਢੋਣ ਦਾ ਕੰਮ ਕਰਦੀਆਂ ਹਨ ਜਾਂ ਅਪਣੇ ਗੁਜ਼ਾਰੇ ਲਈ ਉਨ੍ਹਾਂ ਨੂੰ ਗ਼ੁਲਾਮੀ ਭਰੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਬੇਸ਼ੱਕ ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ ਕਿ ਸ਼ਹਿਰੀ ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿਖਿਅਤ ਹੋਣ ਦੇ ਨਾਲ-ਨਾਲ ਆਰਥਕ ਤੌਰ ਉੱਤੇ ਸਵੈ-ਨਿਰਭਰ ਹੈ। ਉਹ ਅਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਵੀ ਖ਼ੁਦ ਕਰਨ ਲੱਗ ਪਈ ਹੈ, ਪਰ ਜ਼ਮੀਨੀ ਪੱਧਰ ਤੇ ਆਲੇ-ਦੁਆਲੇ ਦੇ ਹਾਲਾਤ ਬਾਰੇ ਜਾਣ ਕੇ ਇਸ ਗੱਲ ਉੱਤੇ ਸ਼ੱਕ ਹੁੰਦਾ ਹੈ ਕਿ ਕੀ ਔਰਤ ਸਚਮੁਚ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੀ ਹੈ ਜਾਂ ਇਸ ਪਿੱਛੇ ਕੋਈ ਹੋਰ ਸੱਚ ਛੁਪਿਆ ਪਿਆ ਹੈ?  ਆਜ਼ਾਦੀ ਦੇ ਅਰਥ ਕਿਸੇ ਵੀ ਮਨੁੱਖ ਦੇ ਸਵੈਮਾਣ ਅਤੇ ਖ਼ੁਦਮੁਖਤਿਆਰੀ ਨਾਲ ਜੁੜੇ ਹੁੰਦੇ ਹਨ ਪਰ ਜੇ ਅਸੀਂ ਬਹੁਗਿਣਤੀ ਔਰਤਾਂ ਦੇ ਜੀਵਨ ਵਲ ਝਾਤ ਮਾਰੀਏ ਤਾਂ ਆਜ਼ਾਦੀ ਦੇ ਅਸਲ ਮਾਇਨੇ ਕਿਧਰੇ ਗੁਆਚੇ ਨਜ਼ਰ ਆਉਂਦੇ ਹਨ। ਅਪਣੇ ਜੀਵਨ ਬਾਰੇ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਜਾਂ ਸਵੈ-ਮਾਣ ਵਰਗੀ ਸ਼ੈਅ ਬਹੁਗਿਣਤੀ ਔਰਤਾਂ ਤਕ ਅਜੇ ਅੱਪੜੀ ਹੀ ਨਹੀਂ। ਕਈ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਔਰਤ ਦੀ ਹਾਲਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਆਇਆ ਲਗਦਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਔਰਤ ਨੇ ਅਪਣੀ ਮਿਹਨਤ ਸਦਕਾ ਉੱਚੇ ਮੁਕਾਮ ਹਾਸਲ ਕਰ ਲਏ ਹਨ ਪਰ ਉਸ ਨੂੰ ਮਰਦ ਪ੍ਰਧਾਨ ਸਮਾਜ ਅੱਜ ਵੀ ਗ਼ੁਲਾਮ ਸਮਝਦਾ ਹੈ।

ਅੱਜ ਦੀ ਔਰਤ ਜਿਹੜੀ ਗ਼ੁਲਾਮੀ ਹੰਢਾ ਰਹੀ ਹੈ, ਇਹ ਅਣਦਿਸੀ ਗ਼ੁਲਾਮੀ ਹੈ। ਔਰਤਾਂ ਨੂੰ ਬਰਾਬਰ ਸਿਖਿਆ ਤੇ ਮਿਹਨਤਾਨੇ, ਵੋਟ ਦਾ ਅਧਿਕਾਰ ਪ੍ਰਾਪਤ ਹਨ ਪਰ ਹਕੀਕਤ ਵਿਚ ਅੱਜ ਵੀ ਔਰਤਾਂ ਇਨ੍ਹਾਂ ਹੱਕਾਂ ਲਈ ਮਰਦਾਂ ਉਤੇ ਨਿਰਭਰ ਹਨ। ਔਰਤ ਸਿਖਿਅਤ ਤਾਂ ਹੈ ਪਰ ਉਸ ਦੀ ਜ਼ਿੰਦਗੀ ਦੀ ਲਗਾਮ ਮਰਦ ਦੇ ਹੱਥ ਵਿਚ ਹੈ। ਵਿਦਿਅਕ ਢਾਂਚਾ ਵੀ ਉਸ ਦੀ ਜ਼ਿੰਦਗੀ ਵਿਚ ਕੋਈ ਹਕੀਕੀ ਸਕਾਰਾਤਮਕ ਤਬਦੀਲੀ ਲਿਆਉਣ ਦੀ ਬਜਾਏ ਮਰਦ ਪ੍ਰਧਾਨ ਸਮਾਜ ਦੇ ਹੱਕ ਵਿਚ ਹੀ ਭੁਗਤ ਜਾਂਦਾ ਹੈ। ਮਜ਼ਦੂਰ ਔਰਤਾਂ, ਮਰਦਾਂ ਬਰਾਬਰ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਮਿਲਦੀ ਹੈ। ਔਰਤ ਸਰਪੰਚ ਤਾਂ ਬਣਦੀ ਹੈ ਪਰ ਸਰਪੰਚੀ ਉਸ ਦਾ ਪਤੀ ਕਰਦਾ ਹੈ। ਆਰਥਕ ਪੱਖੋਂ ਵੀ ਜ਼ਿਆਦਾਤਰ ਔਰਤਾਂ ਮਰਦਾਂ ’ਤੇ ਨਿਰਭਰ ਹਨ। ਜਿਹੜੀ ਗੱਲ ਹੈਰਾਨ ਕਰਨ ਵਾਲੀ ਹੈ, ਉਹ ਇਹ ਕਿ ਔਰਤ ਇਸ ਅਰਧ ਗ਼ੁਲਾਮੀ ਤੋਂ ਸੁਚੇਤ ਨਹੀਂ। ਉਸ ਨੂੰ ਇਹ ਗ਼ੁਲਾਮੀ ਮਹਿਸੂਸ ਹੀ ਨਹੀਂ ਹੁੰਦੀ। ਅੱਜ ਵੀ ਔਰਤਾਂ ਘਰ ਦੇ ਕੰਮਾਂ, ਬੱਚੇ ਪਾਲਣ, ਪ੍ਰਵਾਰਕ ਜ਼ਿੰਮੇਵਾਰੀਆਂ ਚੁੱਕਣ ਨੂੰ ਹੀ ਅਪਣਾ ਅਸਲ ਧਰਮ ਮੰਨਦੀਆਂ ਹਨ। ਜ਼ਿਆਦਾਤਰ ਲੋਕਾਂ ਅਤੇ ਔਰਤਾਂ ਦੀ ਸੋਚ ਹੈ ਕਿ ਘਰ ਸੰਭਾਲਣਾ ਸਿਰਫ਼ ਔਰਤਾਂ ਦਾ ਕੰਮ ਹੈ, ਉਹ ਅਪਣੇ ਅਸਲ ਹੱਕਾਂ ਤੋਂ ਜਾਣੂੰ ਨਹੀਂ। ਰੂੜੀਵਾਦੀ ਸਭਿਆਚਾਰਕ ਮਾਨਤਾਵਾਂ ਦੇ ਬਹਾਨੇ ਉਨ੍ਹਾਂ ਨੂੰ ਅਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੇ ਮੌਕੇ ਹੀ ਨਹੀਂ ਦਿਤੇ ਜਾਂਦੇ। ਔਰਤ ਦੀ ਇਸ ਗ਼ੁਲਾਮੀ ਦਾ ਕਾਰਨ ਸਰਕਾਰਾਂ, ਮਰਦ ਪ੍ਰਧਾਨ ਸਮਾਜ ਅਤੇ ਔਰਤ ਖ਼ੁਦ ਵੀ ਹੈ। 

ਔਰਤ ਹੋਣਾ ਕੋਈ ਜੁਰਮ ਨਹੀਂ। ਕੁਦਰਤ ਮੁੰਡੇ-ਕੁੜੀ ਵਿਚ ਕੋਈ ਭੇਦਭਾਵ ਨਹੀਂ ਕਰਦੀ ਪਰ ਸਮਾਜ ਵਿਚ ਔਰਤਾਂ ਲਈ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਅਪਣਾਇਆ ਜਾਂਦਾ ਹੈ। ਕੁੜੀ ਤੇ ਮੁੰਡੇ ਵਿਚਲਾ ਫ਼ਰਕ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁੜੀ ਨੂੰ ਜਨਮ ਤੋਂ ਹੀ ਔਰਤ ਬਣਨ ਦੀ ਸਿਖਲਾਈ ਦਿਤੀ ਜਾਂਦੀ ਹੈ। ਕਹਿੰਦੇ ਹਨ ਕਿ ਔਰਤ ਪੈਦਾ ਨਹੀਂ ਹੁੰਦੀ, ਔਰਤ ਨੂੰ ਬਣਾਇਆ ਜਾਂਦਾ ਹੈ। ਬਚਪਨ ਤੋਂ ਹੀ ਮਾਪਿਆਂ ਦੁਆਰਾ ਕੁੜੀ ਉਤੇ ਉੱਚੀ ਬੋਲਣ, ਹੱਸਣ, ਅੰਦਰ ਬਾਹਰ ਆਉਣ ਜਾਣ ’ਤੇ ਬੰਦਿਸ਼ਾਂ ਲਗਾਈਆਂ ਜਾਂਦੀਆਂ ਹਨ। ਉਸ ਨੂੰ ਜਨਮ ਤੋਂ ਹੀ ਬੇਗਾਨੇ ਘਰ ਜਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਦੂਜਿਆਂ ਉਪਰ ਨਿਰਭਰ ਰਹਿਣ ਦੀ ਆਦਤ ਪਾਈ ਜਾਂਦੀ ਹੈ ਜਿਸ ਕਾਰਨ ਉਸ ਦੇ ਨਾਰੀਤਵ ਦਾ ਘਾਣ ਹੁੰਦਾ ਹੈ। 

ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਕੋਈ ਇਕ ਧਿਰ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋ ਸਕਦੀ। ਜਿੱਥੇ ਔਰਤ ਦੀ ਅਜਿਹੀ ਸਥਿਤੀ ਲਈ ਸਮਾਜ ਜ਼ਿੰਮੇਵਾਰ ਹੈ, ਉੱਥੇ ਖ਼ੁਦ ਔਰਤ ਵੀ ਅਪਣੀ ਅੰਸ਼ਕ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਮਾਵਾਂ ਸੁਚੇਤ ਹੋਣ ਦੇ ਬਾਵਜੂਦ ਧੀਆਂ ਨੂੰ ਉਹੀ ਤ੍ਰਾਸਦੀਆਂ ਹੰਢਾਉਣ ਲਈ ਤਿਆਰ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਆਪ ਹੰਢਾਈਆਂ ਹੁੰਦੀਆਂ ਹਨ। ਅੱਜ ਦੀ ਔਰਤ ਸਿਖਿਅਤ ਅਤੇ ਆਰਥਕ ਤੌਰ ’ਤੇ ਆਤਮ ਨਿਰਭਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿਚ ਕੋਈ ਬਹੁਤਾ ਬਦਲਾਅ ਨਹੀਂ ਆਇਆ। ਉਹ ਅੱਜ ਵੀ ਘਰ ਸੰਭਾਲਣ, ਬੱਚੇ ਪਾਲਣ ਤੇ ਪ੍ਰਵਾਰਕ ਫ਼ੈਸਲਿਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਨੂੰ ਹੀ ਅਪਣਾ ਅਸਲ ਧਰਮ ਸਮਝਦੀ ਹੈ। ਇਸ ਤੋਂ ਬਿਨਾ ਉਸ ਨੂੰ ਅਪਣੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਲਗਦੇ। ਉਹ ਸਰੀਰਕ ਤੇ ਮਾਨਸਕ ਦੋਵਾਂ ਪੱਧਰਾਂ ’ਤੇ ਤ੍ਰਾਸਦੀ ਹੰਢਾਉਂਦੀ ਹੈ।

ਔਰਤ ਨੂੰ ਆਜ਼ਾਦੀ ਅਤੇ ਅਪਣੇ ਹੋਰ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਜਿਹਾ ਨਹੀਂ ਕਿ ਔਰਤਾਂ ਵਿਚ ਚੇਤਨਾ ਦੀ ਕਮੀ ਹੈ, ਕੱੁਝ ਔਰਤਾਂ ਅਪਣੇ ਹੱਕਾਂ ਲਈ ਚੇਤਨ ਹਨ ਤੇ ਨਿਡਰਤਾ ਨਾਲ ਇਨ੍ਹਾਂ ਦੀ ਪ੍ਰਾਪਤੀ ਲਈ ਸਮਾਜ ਨਾਲ ਦੋ-ਦੋ ਹੱਥ ਵੀ ਹੋ ਰਹੀਆਂ ਹਨ। ਸਮਾਜ ਨੂੰ ਚੰਗਾ ਬਣਾਉਣ ਲਈ ਔਰਤਾਂ ਪ੍ਰਤੀ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮੁਲਕ ਦੀ ਤਰੱਕੀ ਬਾਰੇ ਜਾਣਨ ਲਈ ਉੱਥੋਂ ਦੀ ਔਰਤ ਦੀ ਹਾਲਤ ਨੂੰ ਜਾਣਿਆ ਜਾਂਦਾ ਹੈ। ਚੰਗਾ ਸਮਾਜ ਸਿਰਜਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਲਿੰਗਕ ਵਿਤਕਰੇ ਤੋਂ ਉਪਰ ਉਠ ਕੇ ਬੱਚੇ ਨੂੰ ਬਰਾਬਰੀ ਦਾ ਪਾਠ ਪੜ੍ਹਾਉਣ। ਉਹ ਕੁੜੀ ਉਤੇ ਬੰਦਿਸ਼ਾਂ ਲਗਾਉਣ ਦੀ ਬਜਾਏ ਉਸ ਨੂੰ ਸਹੀ ਗ਼ਲਤ ਦੀ ਪਛਾਣ ਦੀ ਸਮਝ ਪੈਦਾ ਕਰਨ। ਉਸ ਨੂੰ ਆਜ਼ਾਦੀ ਦੇ ਅਸਲ ਮਾਇਨੇ ਸਮਝਾਉਣ। ਉਸ ਨੂੰ ਇਸ ਕਾਬਲ ਬਣਾਇਆ ਜਾਵੇ ਕਿ ਉਹ ਅਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਦੇ ਯੋਗ ਹੋਣ। ਔਰਤ ਅਤੇ ਮਰਦ ਇਨਸਾਨ ਦੀ ਇਕੋ ਜਾਤ ਦਾ ਹਿੱਸਾ ਹਨ।

ਔਰਤ ਨੂੰ ਇਕ ਬਹੁਤ ਹੀ ਸਤਿਕਾਰਯੋਗ ਕਿਰਦਾਰ ਮੰਨਿਆ ਗਿਆ ਹੈ। ਕਹਿੰਦੇ ਹਨ ਕਿ ਔਰਤ ਤੋਂ ਬਿਨਾਂ ਘਰ, ਸਮਾਜ ਤੇ ਦੇਸ਼ ਦੀ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਨੂੰ ਸਹਿਣਸ਼ੀਲਤਾ ਦੀ ਦੇਵੀ ਮੰਨਿਆ ਗਿਆ ਹੈ। ਕਿਸੇ ਨੇ ਸੱਚ ਕਿਹਾ ਹੈ ਕਿ ਔਰਤ ਨਹੀਂ ਤਾਂ ਦੁਨੀਆਂ ਨਹੀਂ। ਜਦੋਂ ਤਕ ਦੇਸ਼ ਦੀ ਹਰ ਔਰਤ ਅਪਣੇ ਜੀਵਨ ਨੂੰ ਪੂਰੀ ਆਜ਼ਾਦੀ ਨਾਲ ਜਿਊਣ ਦੇ ਹੱਕ ਬਾਰੇ ਜਾਗਰੂਕ ਨਹੀਂ ਹੋ ਜਾਂਦੀ, ਉਦੋਂ ਤਕ ਮਹਿਲਾ ਸਸ਼ਕਤੀਕਰਨ ਇਕ ਸੁਪਨੇ ਵਾਂਗ ਹੀ ਰਹੇਗਾ। ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਅਸਮਾਨ ਵਿਚ ਉੱਡਣ ਦੀ ਆਜ਼ਾਦੀ ਮਿਲੀ, ਉਹ ਸਚਮੁਚ ਹੀ ਮਹਾਨ ਔਰਤਾਂ ਬਣ ਕੇ ਨਿਕਲੀਆਂ, ਜਿਨ੍ਹਾਂ ਵਿਚ ਕਲਪਨਾ ਚਾਵਲਾ, ਮਦਰ ਟੈਰੇਸਾ, ਸਵਿੱਤਰੀ ਬਾਈ ਫੁਲੇ, ਦਲੀਪ ਕੌਰ ਟਿਵਾਣਾ ਦੇ ਨਾਂ ਵੀ ਸ਼ਾਮਲ ਹਨ। ਔਰਤ ਨੂੰ ਅਣਦਿਸੀ ਗ਼ੁਲਾਮੀ ਤੋਂ ਨਿਜਾਤ ਦਿਵਾਉਣ ਲਈ ਸਮਾਜ ਅਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਹਿਮ ਲੋੜ ਹੈ।