ਗੋਲੀ ਚਲਾਉਣ ਵਾਲੇ ਨਹੀਂ, ਹੁਕਮ ਦੇਣ ਵਾਲੇ ਬਾਦਲਾਂ ਤੇ ਡੀਜੀਪੀ ਦੀ ਤੈਅ ਹੋਵੇ ਜ਼ਿੰਮੇਵਾਰੀ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੇ ਸਾਡੀ ਗੱਲ ’ਤੇ ਧਿਆਨ ਨਾ ਦਿਤਾ ਤਾਂ ਜਲਦ ਦੱਸਾਂਗੇ ਅਗਲਾ ਕਦਮ ਕੀ ਚੁਕਣੈ?

Partap Bajwa

ਚੰਡੀਗੜ੍ਹ (ਸਪੋਕਸਮੈਨ ਟੀਵੀ) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਬੇਅਦਬੀ ਅਤੇ ਗੋਲੀ ਕਾਂਡ ਦਾ ਮੁੱਦਾ ਪਿਛਲੇ ਕਾਫ਼ੀ ਸਮੇਂ ਤੋਂ ਸੁਰਖੀਆਂ ਵਿਚ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ, ਸਮੇਤ ਹੋਰ ਮੁੱਦਿਆਂ ’ਤੇ ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਰੋਜਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਵਿਸ਼ੇਸ਼ ਗੱਲਬਾਤ ਕੀਤੀ। 

ਸਵਾਲ : ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਕੀ ਪੰਜਾਬ ਵਿਚ ਵੀ ਬਾਕੀ ਸੂਬਿਆਂ ਦੀ ਤਰ੍ਹਾਂ ਹਾਲਾਤ ਬਣ ਰਹੇ ਹਨ?
ਜਵਾਬ :
ਦੇਸ਼ ਵਿਚ ਸਿਰਫ਼ ਇਕ-ਦੋ ਸੂਬਿਆਂ ਨੇ ਹੀ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲਿਆ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਕੋਰੋਨਾ ਵਾਇਰਸ ਖ਼ਤਮ ਨਹੀਂ ਹੋਇਆ। ਅੱਜ ਦੇ ਹਾਲਾਤ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੋਵੇਂ ਜ਼ਿੰਮੇਵਾਰ ਹਨ। ਸਰਕਾਰਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਕੋਰੋਨਾ ਦੀ ਦੂਜੀ ਅਤੇ ਤੀਜੀ ਲਹਿਰ ਵੀ ਆਵੇਗੀ, ਪਰ ਉਨ੍ਹਾਂ ਨੇ ਉਸ ਮੁਤਾਬਕ ਤਿਆਰੀ ਨਹੀਂ ਕੀਤੀ।

ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪਣੇ-ਅਪਣੇ ਪੱਧਰ ’ਤੇ ਆਕਸੀਜਨ ਪਲਾਂਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਦਿੱਲੀ ਵਿਚ ਜਿਹੜਾ ਸੈਂਟਰਲ ਵਿਸਟਾ ਪ੍ਰਾਜੈਕਟ ਬਣ ਰਿਹਾ ਹੈ, ਕੀ ਉਹ ਅਜਿਹੇ ਸਮੇਂ ਚੰਗਾ ਕੰਮ ਹੈ? ਅੱਜ ਦੇਸ਼ ਵਿਚ ਆਕਸੀਜਨ ਸਿਲੰਡਰ ਨਹੀਂ ਹਨ, ਨਾ ਵੈਕਸੀਨ ਹਨ। ਆਕਸੀਜਨ ਤੇ ਵੈਕਸੀਨ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਅਤੇ ਇਹ 40-40 ਹਜ਼ਾਰ ਰੁਪਏ ਵਿਚ ਵਿੱਕ ਰਹੇ ਹਨ। ਇਸ ਨੂੰ ਸਰਕਾਰ ਦੀ ਨਾਕਾਮੀ ਕਿਹਾ ਜਾ ਸਕਦਾ ਹੈ ਕਿ ਅਪਣੇ 130 ਕਰੋੜ ਦੇਸ਼ ਵਾਸੀਆਂ ਨੂੰ ਵੈਕਸੀਨ ਲਗਾਉਣ ਦੀ ਥਾਂ ਦੂਜੇ ਦੇਸ਼ਾਂ ਵਿਚ ਵੈਕਸੀਨ ਮੁਫ਼ਤ ਵਿਚ ਵੰਡ ਦਿਤੀ।

ਸਵਾਲ : ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਦੀ ਗੱਲ ਕਿਉਂ ਨਹੀਂ ਸੁਣ ਰਹੀ?
ਜਵਾਬ :
ਕੇਂਦਰ ਸਰਕਾਰ ਵਿਚ ਸਿਰਫ਼ 2 ਲੋਕਾਂ ਦੀ ਚਲਦੀ ਹੈ। ਉਨ੍ਹਾਂ ਤੋਂ ਇਲਾਵਾ ਤੀਜੇ ਸ਼ਖ਼ਸ ਦੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ। ਦੇਸ਼ ਵਿਚ ਪਹਿਲਾਂ ਵੀ ਭਾਜਪਾ ਦੀ ਸਰਕਾਰ ਰਹੀ ਹੈ, ਪਰ ਉਦੋਂ ਅਜਿਹੀ ਤਾਨਾਸ਼ਾਹੀ ਨਹੀਂ ਸੀ। ਹੁਣ ਦੀ ਮੋਦੀ ਸਰਕਾਰ ਨੇ ਤਾਂ ਦੋ ਪਾਲਿਸੀਆਂ ਬਣਾਈਆਂ ਹੋਈਆਂ ਹਨ, ਇਕ ਭਾਜਪਾ ਸਾਸ਼ਤ ਸੂਬਿਆਂ ਲਈ ਅਤੇ ਦੂਜੇ ਗ਼ੈਰ-ਭਾਜਪਾ ਸਾਸ਼ਤ ਸੂਬਿਆਂ ਲਈ। 

ਸਵਾਲ : ਦਿੱਲੀ ਵਿਚ ਕੇਜਰੀਵਾਲ ਸਰਕਾਰ ਵਲੋਂ ਕੇਂਦਰ ’ਤੇ ਆਕਸੀਜਨ ਦੀ ਸਪਲਾਈ ਨਾ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ। ਕੀ ਸੱਚਮੁੱਚ ਕੇਂਦਰ ਸਰਕਾਰ ਵਲੋਂ ਅਜਿਹਾ ਵਿਤਕਰਾ ਕੀਤਾ ਜਾ ਰਿਹਾ ਹੈ?
ਜਵਾਬ :
ਅੱਜ ਦਿੱਲੀ ਦੇ ਹਾਲਾਤ ਦੂਜੀ ਵਿਸ਼ਵ ਜੰਗ ਸਮੇਂ ਬਣੇ ਹਾਲਾਤ ਵਰਗੇ ਹਨ। ਮੌਜੂਦਾ ਸਮੇਂ ਦਿੱਲੀ ਵਿਚ ਹਰ ਘਰ ਦਾ ਕੋਈ ਨਾ ਕੋਈ ਜੀਅ ਹਸਪਤਾਲ ਵਿਚ ਹੈ। ਲੋਕਾਂ ਨੂੰ ਬੈੱਡ, ਵੈਂਟੀਲੇਟਰ ਤੇ ਆਕਸੀਜਨ ਨਹੀਂ ਮਿਲ ਰਹੀ। ਮੈਨੂੰ ਰੋਜ਼ਾਨਾ ਮੇਰੇ ਦੋਸਤ ਅਤੇ ਜਾਣਕਾਰ ਫ਼ੋਨ ਕਰ ਕੇ ਤਰਲੇ-ਮਿੰਨਤਾਂ ਕਰਦੇ ਹਨ।

ਸਵਾਲ : ਆਕਸੀਜਨ ਦੀ ਕਮੀ ਨਾਲ ਦਿੱਲੀ ਵਿਚ ਹੋ ਰਹੀਆਂ ਮੌਤਾਂ ਨੂੰ ਅਸੀਂ ਕਤਲ ਕਹਾਂਗੇ। ਕੀ ਆਕਸੀਜਨ ਦੀ ਕਮੀ ਨੂੰ ਸਰਕਾਰ ਦੀ ਨਾਕਾਮੀ ਕਹਾਂਗੇ?
ਜਵਾਬ :
ਆਕਸੀਜਨ ਨਾਲ ਹੋ ਰਹੀਆਂ ਮੌਤਾਂ ਨੂੰ ਮੈਂ ਕਲਤੇਆਮ ਕਹਾਂਗਾ। ਕਤਲ ਤਾਂ ਇਕ, ਦੋ ਜਾਂ ਤਿੰਨ ਲੋਕਾਂ ਦਾ ਹੁੰਦਾ ਹੈ, ਪਰ ਇੰਨੀਆਂ ਮੌਤਾਂ ਨੂੰ ਕਤਲੇਆਮ ਕਹਾਂਗੇ। ਬੀਤੇ ਦਿਨੀਂ ਸਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਾਨੂੰ 2400 ਕਿਲੋਮੀਟਰ ਦੂਰ ਝਾਰਖੰਡ ਦੇ ਬੋਕਾਰੋ ਤੋਂ ਆਕਸੀਜਨ ਮਿਲ ਰਹੀ ਹੈ। ਉੱਥੋਂ ਆਕਸੀਜਨ ਆਉਣ ਵਿਚ ਤਿੰਨ ਦਿਨ ਲੱਗ ਜਾਂਦੇ ਹਨ।

ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰੋ ਕਿ ਸਾਨੂੰ 2400 ਦੀ ਬਜਾਏ ਅੰਮਿ੍ਰਤਸਰ ਤੋਂ ਕੱੁਝ ਕਿਲੋਮੀਟਰ ਦੂਰ ਲਾਹੌਰ ਤੋਂ ਆਕਸੀਜਨ ਮਿਲ ਸਕਦੀ ਹੈ। ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਪੀਐਮ ਨੂੰ ਚਿੱਠੀ ਲਿਖੀ ਹੈ, ਪਰ ਕੋਈ ਜਵਾਬ ਨਾ ਆਇਆ। ਚੀਨ ਵੀ ਮਦਦ ਲਈ ਤਿਆਰ ਹੈ। ਜਦੋਂ ਦੂਜੇ ਦੇਸ਼ਾਂ ਨੂੰ ਮਦਦ ਦੀ ਲੋੜ ਸੀ, ਉਦੋਂ ਭਾਰਤ ਨੇ ਮਦਦ ਕੀਤੀ ਸੀ। ਹੁਣ ਜਦੋਂ ਭਾਰਤ ਵਿਚ ਹਾਲਾਤ ਖ਼ਰਾਬ ਹਨ ਤਾਂ ਸਾਨੂੰ ਅੱਜ ਅਪਣੇ ਸਾਰੇ ਬਾਰਡਰ ਖੋਲ੍ਹ ਦੇਣੇ ਚਾਹੀਦੇ ਸਨ।

ਸਵਾਲ : ਕੀ ਹੁਣ ਵੀ ਮੋਦੀ ਸਰਕਾਰ ਅਪਣੇ ਹੰਕਾਰ ’ਚ ਬੈਠੀ ਹੈ? ਅਮਰੀਕਾ ਨੇ ਵੀ ਭਾਰਤ ਨੂੰ ਮਦਦ ਭੇਜੀ, ਪਰ ਦਿੱਲੀ ਹਵਾਈ ਅੱਡੇ ’ਤੇ ਹੀ ਦਵਾਈਆਂ ਅਤੇ ਹੋਰ ਸਮਾਨ ਇਕ ਹਫ਼ਤਾ ਪਿਆ ਰਿਹਾ, ਇਸ ਦਾ ਕੀ ਕਾਰਨ ਹੈ?
ਜਵਾਬ :
ਕੋਰੋਨਾ ਕਾਰਨ ਹਾਲਾਤ ਖ਼ਰਾਬ ਹਨ, ਲੋਕ ਮਰ ਰਹੇ ਹਨ, ਫਿਰ ਵੀ ਮੋਦੀ ਸਰਕਾਰ ਦਾ ਹੰਕਾਰ ਖ਼ਤਮ ਨਹੀਂ ਹੋ ਰਿਹਾ। ਭਾਰਤੀ ਫ਼ੌਜ ਵਿਚ ਲਗਭਗ 25 ਲੱਖ ਜਵਾਨ ਹਨ, ਉਨ੍ਹਾਂ ਨੂੰ ਲੋਕਾਂ ਦੀ ਮਦਦ ਲਈ ਕਿਉਂ ਨਹੀਂ ਬੁਲਾਇਆ ਜਾ ਰਿਹਾ? ਆਕਸੀਜਨ ਦੀ ਵੰਡ, ਦਵਾਈਆਂ ਦੀ ਵੰਡ ਅਤੇ ਵੈਕਸੀਨੇਸ਼ਨ ਦੇ ਕੰਮ ਵਿਚ ਫ਼ੌਜ ਨੂੰ ਲਗਾਇਆ ਜਾਣਾ ਚਾਹੀਦਾ ਹੈ। ਅੱਜ ਪੂਰਾ ਯੂਰਪ, ਅਮਰੀਕਾ, ਕੈਨੇਡਾ ਇਸੇ ਲਈ ਬਚੇ ਹੋਏ ਹਨ, ਕਿਉਂਕਿ ਉਨ੍ਹਾਂ ਨੇ ਪਿਛਲੇ ਇਕ ਸਾਲ ਵਿਚ ਕੋਰੋਨਾ ਪਾਬੰਦੀਆਂ ਲਗਾਈਆਂ, ਟੈਸਟਿੰਗ ਕੀਤੀ, ਲੋਕਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਪਾਏ ਅਤੇ ਸੱਭ ਤੋਂ ਵੱਡੀ ਗੱਲ ਵੈਕਸੀਨੇਸ਼ਨ ਦਾ ਕੰਮ ਕੀਤਾ।

ਅੱਜ ਕੋਰੋਨਾ ਵਾਇਰਸ ਦੀ ਪਹਿਲੀ ਡੋਜ਼ 75 ਫ਼ੀ ਸਦੀ ਅਮਰੀਕੀਆਂ ਨੂੰ ਲੱਗ ਚੁੱਕੀ ਹੈ। ਇਜ਼ਰਾਈਲ ਤੇ ਕੈਨੇਡਾ ‘ਚ ਵੀ ਇਹੀ ਕੰਮ ਕੀਤਾ ਗਿਆ ਹੈ। ਭਾਰਤ ਦੇ ਹਾਲਾਤ ਸੁੱਕੇ ਜੰਗਲ ‘ਚ ਲੱਗੀ ਅੱਗ ਵਰਗੇ ਬਣ ਗਏ ਹਨ। ਮੌਜੂਦਾ ਹਾਲਾਤ ਨੂੰ ਵੇਖਦਿਆਂ ਪੂਰੇ ਪੰਜਾਬ ਵਿਚ ਫ਼ੌਜ ਦੀ ਤਾਇਨਾਤੀ ਕਰਨੀ ਚਾਹੀਦੀ ਹੈ। ਫ਼ੌਜ ਕੋਲ ਹਸਪਤਾਲ ਵੀ ਹਨ, ਬੈੱਡ ਵੀ ਹਨ, ਡਾਕਟਰ ਵੀ ਹਨ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਾਢੇ 12 ਹਜ਼ਾਰ ਪਿੰਡਾਂ ਦੇ ਗੁਰਦਵਾਰਿਆਂ, ਮੰਦਰਾਂ ਤੇ ਮਸਜਿਦਾਂ ਨੂੰ ਬੇਨਤੀ ਕਰਨ ਕਿ ਉਹ ਲੋਕਾਂ ਦੀ ਸੇਵਾ ਲਈ ਅਪਣੇ ਦਰਵਾਜ਼ੇ ਖੋਲ੍ਹਣ। ਇਸ ਤੋਂ ਇਲਾਵਾ ਮੈਂ ਇਹ ਵੀ ਅਪੀਲ ਕੀਤੀ ਕਿ ਤੁਸੀਂ ਐਨਆਰਆਈਜ਼ ਦੇ ਸਹਿਯੋਗ ਨਾਲ ਅਪਣੇ ਸਟੇਡੀਅਮਾਂ ਨੂੰ ਹਸਪਤਾਲਾਂ ਲਈ ਵਰਤਿਆ ਜਾਵੇ।

ਸਵਾਲ : ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਕੀ ਆਉਣ ਵਾਲੇ ਦਿਨਾਂ ਵਿਚ ਦਿੱਲੀ ਵਾਲਾ ਹਾਲ ਪੰਜਾਬ ’ਚ ਵੀ ਹੋਵੇਗਾ?
ਜਵਾਬ :
ਇਹ ਗੱਲ 110 ਫ਼ੀ ਸਦੀ ਸਹੀ ਹੈ। ਮੈਂ ਮੀਟਿੰਗ ਵਿਚ ਕੈਪਟਨ ਸਾਹਿਬ ਨੂੰ ਇਸ ਬਾਰੇ ਕਿਹਾ ਸੀ। ਇਸ ਨਾਲ ਹੀ ਇਹ ਵੀ ਸਲਾਹ ਦਿਤੀ ਸੀ ਕਿ ਤੁਰਤ ਕੈਬਨਿਟ ਮੀਟਿੰਗ ਬੁਲਾਈ ਜਾਵੇ ਅਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜਨ ਪਲਾਂਟਾਂ ਦਾ ਪ੍ਰਬੰਧ ਕੀਤਾ ਜਾਵੇ। ਸਪੈਸ਼ਲ ਫ਼ੋਰਸ ਬਣਾਈ ਜਾਵੇ ਅਤੇ ਦਵਾਈਆਂ ਤੇ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਜੇਲਾਂ ਵਿਚ ਡੱਕਿਆ ਜਾਵੇ। ਅਜਿਹਾ ਕੰਮ ਕਰਨ ਵਾਲਿਆਂ ਨੂੰ ਗ਼ਦਾਰ ਹੀ ਕਿਹਾ ਜਾਵੇਗਾ।

ਸਵਾਲ : ਕੋਰੋਨਾ ਕਾਲ ਵਿਚ ਕਿਸਾਨ ਬਾਰਡਰਾਂ ’ਤੇ ਹੀ ਬੈਠੇ ਹਨ। ਸਰਕਾਰ ਉਨ੍ਹਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ?
ਜਵਾਬ :
ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਵੱਡਾ ਦਿਲ ਵਿਖਾਉ। ਕਿਸਾਨ ਜੋ ਮੰਗਦਾ ਹੈ, ਉਹ ਇਨ੍ਹਾਂ ਨੂੰ ਦੇ ਦਿਉ। ਨਵੇਂ ਕਾਨੂੰਨ ਫਿਰ ਕਦੀਂ ਬਣਾ ਲਿਉ, ਇਸ ਸਮੇਂ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਘਰ ਭੇਜੋ। ਇਸ ਨਾਲ ਹੀ ਮੈਂ ਕੈਪਟਨ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਟੀਮਾਂ ਬਣਾ ਕੇ ਦਿੱਲੀ ਬੈਠੇ ਕਿਸਾਨਾਂ ਕੋਲ ਭੇਜੋ, ਤਾਂ ਕਿ ਉਨ੍ਹਾਂ ਨੂੰ ਟੀਕੇ ਲਗਾਏ ਜਾ ਸਕਣ। ਉਨ੍ਹਾਂ ਦੇ ਅੱਗੇ ਹੱਥ-ਪੈਰ ਜੋੜ ਕੇ ਟੀਕਾ ਲਗਵਾਉਣ ਦੀ ਅਪੀਲ ਕਰੋ। ਕਿਸਾਨਾਂ ਨੂੰ ਦਸਿਆ ਜਾਵੇ ਕਿ ਵਿਦੇਸ਼ਾਂ ਦੇ ਨਾਲ-ਨਾਲ ਦੇਸ਼ ’ਚ ਕਰੋੜਾਂ ਲੋਕ ਹੁਣ ਤਕ ਟੀਕਾ ਲਗਵਾ ਚੁੱਕੇ ਹਨ। ਮੈਂ ਕਿਸਾਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਉਹ ਅਪਣੀ ਅਤੇ ਅਪਣੇ ਪ੍ਰਵਾਰ ਦੀ ਸੁਰੱਖਿਆ ਲਈ ਟੀਕਾ ਲਗਵਾਉਣ। 

ਸਵਾਲ : ਕੋਰੋਨਾ ਦੇ ਇਸ ਮੁਸ਼ਕਲ ਸਮੇਂ ਵਿਚ ਦੇਸ਼ ਦੇ ਅਰਥਚਾਰੇ ਨੂੰ ਵੀ ਵੱਡੀ ਨੁਕਸਾਨ ਹੋ ਰਿਹਾ ਹੈ?
ਜਵਾਬ :
ਅੱਜ ਤੋਂ 100 ਸਾਲ ਪਹਿਲਾਂ ਜਦੋਂ ਸਪੈਨਿਸ਼ ਫ਼ਲੂ ਆਇਆ ਸੀ, ਉਦੋਂ 5 ਕਰੋੜ ਲੋਕ ਮਾਰੇ ਗਏ ਸਨ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਵੀ ਉਸੇ ਸਪੈਨਿਸ਼ ਫ਼ਲੂ ਵਰਗਾ ਹੀ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬੀਮਾਰੀ ਪ੍ਰਤੀ ਜਾਗਰੂਕ ਹੋਣ। ਕੋਰੋਨਾ ਬੀਮਾਰੀ ਨਾਲ ਦੇਸ਼ ਦੇ ਅਰਥਚਾਰੇ ਨੂੰ ਕਾਫ਼ੀ ਨੁਕਸਾਨ ਹੋਵੇਗਾ, ਪਰ ਜਾਨਾਂ ਬਚਾਉਣੀਆਂ ਬਹੁਤ ਜ਼ਰੂਰੀ ਹਨ। 

ਸਵਾਲ : ਕੋਰੋਨਾ ਕਾਲ ਵਿਚ ਕੁੰਭ ਮੇਲੇ, ਵਿਆਹ ਸਮਾਗਮ, ਚੋਣਾਂ ਹੋਈਆਂ ਅਤੇ ਇੰਨੀਆਂ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਮੱਧ ਪ੍ਰਦੇਸ਼ ਵਿਖੇ ਕੁੰਭ ਵਿਚ ਸ਼ਾਮਲ 99 ਫ਼ੀ ਸਦੀ ਲੋਕ ਪਾਜ਼ੇਟਿਵ ਮਿਲੇ, ਕੀ ਅੱਜ ਦੇ ਹਾਲਾਤ ਲਈ ਇਹੀ ਜ਼ਿੰਮੇਵਾਰ ਹਨ?
ਜਵਾਬ :
ਸਰਕਾਰ ਨੇ ਲੋਕਾਂ ਨੂੰ ਵੱਡੇ-ਵੱਡੇ ਸਮਾਗਮਾਂ ਦੀ ਖੁਲ੍ਹ ਦੇ ਦਿਤੀ। ਕਰੋੜਾਂ ਲੋਕ ਇਨ੍ਹਾਂ ਮੇਲਿਆਂ, ਰੈਲੀਆਂ, ਸਮਾਗਮਾਂ ਵਿਚ ਸ਼ਾਮਲ ਹੋਏ। ਇਸੇ ਕਾਰਨ ਅੱਜ ਇੰਨੇ ਖ਼ਤਰਨਾਕ ਹਾਲਾਤ ਬਣੇ ਹਨ। ਅਜਿਹੇ ਸਮੇਂ ’ਚ ਸਿਆਸਤ ਤੋਂ ਉਪਰ ਉਠ ਕੇ ਹਰ ਸ਼ਖ਼ਸ ਨੂੰ ਅਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਮੈਨੂੰ ਤਾਂ ਇਹ ਵਿਸ਼ਵ ਯੁੱਧ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। 

ਸਵਾਲ : ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਕੁੱਝ ਕਾਂਗਰਸੀ ਆਗੂਆਂ ਦੀ ਅੰਦਰਖਾਤੇ ਮੀਟਿੰਗ ਚਲ ਰਹੀ ਹੈ ਅਤੇ ਉਹ ਬਦਲਾਅ ਦੀ ਮੰਗ ਕਰ ਰਹੇ ਹਨ? ਬਰਗਾੜੀ ਅਤੇ ਗੋਲੀਕਾਂਡ ਦੇ ਮੁੱਦੇ ਬਾਰੇ ਤੁਹਾਡੇ ਕੀ ਰਾਏ ਹੈ?
ਜਵਾਬ :
ਮੇਰੇ ਕੁੱਝ ਸਾਥੀਆਂ ਨੇ ਤਾਂ ਇਨ੍ਹਾਂ ਮੁੱਦਿਆਂ ਵਿਰੁਧ ਹੁਣ ਬੋਲਣਾ ਸ਼ੁਰੂ ਕੀਤਾ ਹੈ, ਪਰ ਮੈਂ ਡੇਢ ਸਾਲ ਪਹਿਲਾਂ ਤੋਂ ਹੀ ਇਹ ਮੁੱਦਾ ਚੁਕਣਾ ਸ਼ੁਰੂ ਕੀਤਾ ਸੀ। ਇਹ ਸਾਡੀ ਆਸਥਾ ਤੇ ਪਛਾਣ ਦੀ ਲੜਾਈ ਹੈ। ਜੇ ਅਸੀਂ ਪੰਜਾਬ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਨਹੀਂ ਕਰ ਸਕਦੇ ਅਤੇ ਜਿਨ੍ਹਾਂ ਵੱਡੇ ਲੋਕਾਂ ਨੇ ਇਹ ਕਾਰਾ ਕੀਤਾ ਹੈ, ਉਨ੍ਹਾਂ ਨੂੰ ਜੇਲਾਂ ਤਕ ਨਹੀਂ ਪਹੁੰਚਾ ਸਕਦੇ ਤਾਂ ਅਸੀਂ ਰਾਜ ਕਰਨ ਤੇ ਕਾਬਲ ਨਹੀਂ ਹਾਂ। 

ਸਵਾਲ : ਕੀ ਅੱਜ ਕਾਂਗਰਸ ਚੋਣਾਂ ਕਰ ਕੇ ਇਸ ਮੁੱਦੇ ਨੂੰ ਹਵਾ ਦੇ ਰਹੀ ਹੈ? ਕਿਉਂਕਿ ਉਹ ਇਸੇ ਮੁੱਦੇ ’ਤੇ ਚੋਣਾਂ ਜਿੱਤ ਕੇ ਸੱਤਾ ਵਿਚ ਆਏ ਸਨ। ਕੀ ਕਾਂਗਰਸ ਪਾਰਟੀ ਵੋਟਾਂ ਲੈਣ ਕਰ ਕੇ ਬੇਅਦਬੀ ਦਾ ਮੁੱਦਾ ਦੁਬਾਰਾ ਚੁਕ ਰਹੀ ਹੈ?
ਜਵਾਬ :
ਮੈਂ ਇਸ ਮੁੱਦੇ ’ਤੇ ਪਿਛਲੇ ਡੇਢ ਸਾਲ ਤੋਂ ਆਵਾਜ਼ ਚੁੱਕ ਰਿਹਾ ਹਾਂ। ਕੋਈ ਵੀ ਮੁੱਦਾ ਹਮੇਸ਼ਾ ਸਮੇਂ ਸਿਰ ਚੁੱਕਿਆ ਜਾਂਦਾ ਹੈ। ਅਸੀਂ ਸ਼ੁਰੂ ਤੋਂ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜਿਵੇਂ-ਜਿਵੇਂ ਦੇਰੀ ਹੁੰਦੀ ਗਈ, ਲੋਕਾਂ ’ਚ ਬੇਚੈਨੀ ਵਧੀ। ਕਾਂਗਰਸ ਕਿਸੇ ਇਕ ਵਿਅਕਤੀ ਦੀ ਨਾ ਜਗੀਰ ਤੇ ਜਾਇਦਾਦ ਹੈ। ਇਸ ’ਤੇ ਹਰ ਇਕ ਦਾ ਅਧਿਕਾਰ ਹੈ। 

ਸਵਾਲ : ਤੁਹਾਡਾ ਅਗਲਾ ਕਦਮ ਕੀ ਹੋਵੇਗਾ?
ਜਵਾਬ :
ਅਸੀਂ ਮੌਜੂਦਾ ਅਪਣੀ ਸਰਕਾਰ ਨੂੰ ਕੁੱਝ ਸਮਾਂ ਹੋਰ ਦਿਆਂਗੇ। ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਨੂੰ ਇਕ ਮਹੀਨੇ ਦਾ ਸਮਾਂ ਹੋ ਗਿਆ ਹੈ। ਮੈਂ ਅੱਜ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਾਂਗਾ ਕਿ ਕੈਬਨਿਟ ਮੀਟਿੰਗ ਬੁਲਾਉ ਅਤੇ ਅਪਣੇ ਮੰਤਰੀਆਂ ਤੋਂ ਜਾਣਨ ਦੀ ਕੋਸ਼ਿਸ਼ ਕਰੋ ਕਿ ਅਸੀਂ ਬੇਅਦਬੀ ਅਤੇ ਗੋਲੀਕਾਂਡ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿਚ ਹਾਲੇ ਤਕ ਨਾਕਾਮ ਕਿਉਂ ਰਹੇ ਹਾਂ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ? ਨਵੀਂ ਸਿਟ ਬਣਾਉ ਅਤੇ ਇਕ ਮਹੀਨੇ ਵਿਚ ਪੂਰਾ ਮਸਲਾ ਹੱਲ ਕਰੋ।

ਮੈਂ ਕਹਿੰਦਾ ਹਾਂ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀਜੀਪੀ ਸੁਮੇਧ ਸਿੰਘ ਸੈਣੀ ਹੀ ਇਸ ਦੇ ਲਈ ਜ਼ਿੰਮੇਵਾਰ ਹਨ। ਪੰਜਾਬ ਦੇ ਲੋਕ ਇਨ੍ਹਾਂ ਨੂੰ ਗੁਨਾਹਗਾਰ ਮੰਨਦੇ ਹਨ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਅਦਾਲਤ ਦੇ ਕਟਹਿਰੇ ਵਿਚ ਲਿਜਾਇਆ ਜਾਵੇ ਅਤੇ ਰੋਜ਼ਾਨਾ ਸੁਣਵਾਈ ਹੋਵੇ। ਅੱਗੇ ਬਣਦੀ ਕਾਰਵਾਈ ਅਦਾਲਤ ਦੇ ਹੱਥ ਵਿਚ ਹੈ।

ਪਰ ਇਨ੍ਹਾਂ ਲੋਕਾਂ ਨੂੰ ਕਟਹਿਰੇ ਤਕ ਪਹੁੰਚਾਉਣਾ ਸਾਡੀ ਬੁਨਿਆਦੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਸਹੁੰ ਖਾਧੀ ਸੀ। ਜੇ ਅਗਲੇ ਡੇਢ ਮਹੀਨੇ ਵਿਚ ਅਜਿਹਾ ਨਾ ਹੋਇਆ ਤਾਂ ਫਿਰ ਅਸੀਂ ਅਪਣੀ ਅਗਲੀ ਰਣਨੀਤੀ ਦੱਸਾਂਗੇ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਨੂੰ ਕਰਨਾ ਹੋਵੇਗਾ। ਸੱਤਾ ਵਿਚ ਬੈਠੇ ਸਾਰੇ ਲੋਕ ਚਾਹੁੰਦੇ ਹਨ ਕਿ ਗੁਟਕਾ ਸਾਹਿਬ ਦੀ ਖਾਦੀ ਸਹੁੰ ਨੂੰ ਪੂਰਾ ਕੀਤਾ ਜਾਵੇ। ਜੇ ਵਾਅਦਾ ਕੀਤਾ ਹੈ ਤਾਂ ਉਸ ਨੂੰ ਪੂਰਾ ਵੀ ਕਰਨਾ ਪਵੇਗਾ। ਇਹ ਵਾਅਦਾ ਨਿਭਾਉਣ ਦਾ ਸਮਾਂ ਹੈ।

ਸਵਾਲ : 5 ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਕੀ ਹੁਣ ਸਮਾਂ ਆ ਗਿਆ ਹੈ ਕਿ ਗਾਂਧੀ ਪ੍ਰਵਾਰ ਦੇ ਸਿਰ ਤੋਂ ਤਾਜ ਕਿਸੇ ਹੋਰ ਨੂੰ ਦਿਤਾ ਜਾਵੇ?
ਜਵਾਬ :
ਮੈਂ ਅਪਣੇ ਕੇਂਦਰੀ ਆਲਾ ਕਮਾਨ ’ਤੇ ਕੋਈ ਟਿਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਉਸ ਪੁਜ਼ੀਸ਼ਨ ’ਤੇ ਨਹੀਂ ਹਾਂ। ਮੈਂ ਤਾਂ ਸਿਰਫ਼ ਸੂਬੇ ਦੀ ਸਿਆਸਤ ਬਾਰੇ ਗੱਲ ਕਰ ਸਕਦਾ ਹਾਂ।