ਲੋਕ ਰਾਜ ਦੀ ਵਿਲੱਖਣ ਸ਼ਖ਼ਸੀਅਤ ਮਹਾਰਾਜਾ ਰਣਜੀਤ ਸਿੰਘ ਜੀ
ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਹਿਤ ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ।
ਸਿੱਖ ਇਤਿਹਾਸ ਵਿਚ 18ਵੀਂ ਸਦੀ ਦਾ ਇਤਿਹਾਸ ਸਿੱਖ ਸੰਘਰਸ਼ ਦੀ ਜਦੋ-ਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਸਮਾਂ ਹਿੰਦੁਸਤਾਨ ਵਿਚ ਮੁਗ਼ਲ ਸ਼ਾਸਨ ਦੇ ਅੰਤ ਤੇ ਸਿੱਖ ਰਾਜ ਦੇ ਸਥਾਪਤ ਹੋਣ ਦਾ ਹੈ। ਸਿੱਖ ਸ਼ਹਾਦਤਾਂ ਦੇ ਰਸਤੇ ਤੁਰ ਕੇ ਖ਼ਾਲਸਾਈ ਰਾਜ ਦੀ ਸਥਾਪਨਾ ਲਈ ਜੂਝ ਰਹੇ ਸਨ। ਸਿੱਖ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਥਾਪਤ ਹੋ ਕੇ ਸੁਤੰਤਰ ਰਾਜ ਸਥਾਪਤ ਕਰ ਲਏ ਸਨ। ਹੁਣ ਇਨ੍ਹਾਂ ਰਾਜਾਂ ਦੇ ਏਕੀਕਰਨ ਕਰਨ ਲਈ ਇਕ ਮਹਾਂਨਾਇਕ ਦੀ ਲੋੜ ਸੀ ਜੋ ਸਿੱਖ ਰਾਜ ਦੀ ਸਥਾਪਨਾ ਕਰ ਸਕੇ। ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਹਿਤ ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ। ਸਿੱਖ ਰਾਜ ਦੀ ਸਥਾਪਨਾ ਸਰਕਾਰ-ਏ-ਖ਼ਾਲਸਾ ਦੇ ਰੂਪ ਵਿਚ ਸਾਹਮਣੇ ਆਈ।
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ, 1780 ਈ. ਵਿਚ ਗੁਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬਹਾਦਰ ਤੇ ਨਿਡਰ ਹੋਣ ਦੇ ਨਾਲ-ਨਾਲ ਘੁੜਸਵਾਰੀ, ਤਲਵਾਰਬਾਜ਼ੀ, ਤੈਰਾਕੀ ਆਦਿ ਬੀਰ ਰੁਚੀਆਂ ਦੇ ਸ਼ੌਕੀਨ ਸਨ। ਸਮੇਂ ਦੇ ਬੀਤਣ ਨਾਲ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਭੈਤਾ, ਨਿਰਵੈਰਤਾ, ਸਹਿਣਸ਼ੀਲਤਾ ਤੇ ਉਦਾਰਤਾ ਵਰਗੇ ਦੈਵੀ ਗੁਣਾਂ ਦੇ ਧਾਰਨੀ ਬਣ ਗਏ। ਮਹਾਰਾਜੇ ਵਿਚਲੀ ਸਾਹਸ, ਬਹਾਦਰੀ, ਦਲੇਰੀ ਨੇ ਉਨ੍ਹਾਂ ਨੂੰ ਚੜ੍ਹਦੀ ਜਵਾਨੀ ਵਿਚ ਹੀ ਸਿੱਖ ਰਾਜ ਨੂੰ ਸੰਗਠਤ ਕਰਨ ਵਲ ਪ੍ਰੇਰਿਆ।
ਮਹਾਰਾਜਾ ਰਣਜੀਤ ਸਿੰਘ ਨੇ 1799ਈ. ਵਿਚ ਲਾਹੌਰ ’ਤੇ ਕਬਜ਼ਾ ਕਰ ਕੇ ਪੰਜਾਬ ਵਿਚ ਖ਼ਾਲਸਾ ਰਾਜ ਸਥਾਪਤ ਕੀਤਾ। ਸਥਾਪਤ ਕੀਤੇ ਰਾਜ ਨੂੰ ਸਰਕਾਰ-ਏ-ਖ਼ਾਲਸਾ ਕਿਹਾ ਗਿਆ। ਰਾਜ ਦੀ ਮੋਹਰ ਉੱਪਰ ਸ੍ਰੀ ਅਕਾਲ ਸਹਾਇ ਤੇ ਸਿੱਕਿਆਂ ਉੱਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਗਿਆ। ਮਹਾਰਾਜਾ ਅਪਣੇ ਦਿਨ ਦੇ ਕੰਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਕੇ ਕਰਦੇ। ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਮਹਾਰਾਜ ਸ਼ਬਦ-ਗੁਰੁੂ ਸਾਹਮਣੇ ਨਤਮਸਤਕ ਹੁੰਦੇ। ਉਨ੍ਹਾਂ ਦੇ ਰਾਜ ਦੀ ਸੱਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿਚ ਸਿੱਖਾਂ ਦੀ ਗਿਣਤੀ ਸਿਰਫ਼ 8 ਫ਼ੀ ਸਦੀ ਸੀ। ਬਾਕੀ 92 ਫ਼ੀ ਸਦੀ ਜਨਤਾ ਹਿੰਦੂ ਜਾਂ ਇਸਲਾਮ ਧਰਮ ਦੀ ਧਾਰਨੀ ਸੀ। ਉਨ੍ਹਾਂ ਦੇ ਰਾਜ ਵਿਚ ਹਰ ਧਰਮ ਵਾਲਾ ਆਜ਼ਾਦਾਨਾ ਮਾਹੌਲ ਦਾ ਅਨੰਦ ਮਾਣਦਾ ਸੀ। ਕੱਟੜਵਾਦ, ਤੰਗਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸਨ। ਮਹਾਰਾਜਾ ਦੇ ਮਨ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਸੀ। ਇਸ ਉਦਾਰ ਨੀਤੀ ਕਰ ਕੇ ਹੀ ਉਨ੍ਹਾਂ ਨੇ ਨਾ ਕੇਵਲ ਸਿੱਖ ਗੁਰਦਵਾਰਿਆਂ ਦੇ ਨਾਂ ਵੱਡੀਆਂ ਜਗੀਰਾਂ ਲਗਵਾਈਆਂ ਬਲਕਿ ਮੰਦਰਾਂ ਤੇ ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖ਼ਜ਼ਾਨੇ ਦਿਤੇ।
ਮਹਾਰਾਜੇ ਦੀ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਸਮੁੱਚੇ ਸਿੱਖ ਖੇਤਰ ਨੂੰ ਸਰਕਾਰੇ-ਏ-ਖ਼ਾਲਸਾ ਬਣਾਉਣ ਦੀ ਮਹਾਰਾਜੇ ਦੀ ਅਭਿਲਾਖਾ ਨੂੰ ਪੂਰਾ ਨਾ ਹੋਣ ਦਿਤਾ ਪਰ ਫਿਰ ਵੀ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਚੀਨ, ਦੱਰਾ ਖੈਬਰ ਤੇ ਅਫ਼ਗਾਨਿਸਤਾਨ ਨਾਲ ਜਾ ਲਗਦੀਆਂ ਸਨ। ਮਹਾਰਾਜੇ ਦੀ ਦੂਰ ਦ੍ਰਿਸ਼ਟੀ, ਤਾਕਤ, ਖ਼ਾਲਸਾ ਫ਼ੌਜ ਤੋਂ ਤਾਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ। ਇਸੇ ਕਾਰਨ ਮਹਾਰਾਜੇ ਦੇ ਜਿਉੂਂਦੇ ਜੀਅ ਅੰਗਰੇਜ਼ ਸਿੱਖ ਰਾਜ ਨੂੰ ਹਥਿਆਉਣ ਬਾਰੇ ਸੋਚਣ ਦਾ ਹੀਆ ਨਾ ਕਰ ਸਕੇ। ਜਿਥੇ ਮਹਾਰਾਜਾ ਆਪ ਇਕ ਮਹਾਨ ਜਰਨੈਲ ਸੀ, ਉਥੇ ਉਹ ਬਹਾਦਰ ਜਰਨੈਲਾਂ ਦੇ ਕਦਰਦਾਨ ਵੀ ਸਨ। ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਿਕਾਰ ਇਸ ਤੱਥ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਦੇ ਨਾਲ-ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦੇ ਵੀ ਬਹੁਤ ਕਦਰਦਾਨ ਸਨ। ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਗਨੇਸ਼ ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਸਤਿਕਾਰ ਤੇ ਪਿਆਰ ਦੇ ਪਾਤਰ ਸਨ।
ਮਹਾਰਾਜਾ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਸਨ। ਉਹ ਬਾਗ਼- ਬਗ਼ੀਚੇ ਲਗਾਉਣ ਵਿਚ ਖ਼ਾਸ ਦਿਲਚਸਪੀ ਰਖਦੇ ਸਨ। ਉਹ ਅਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ਼-ਬਗ਼ੀਚੇ ਲਗਾਉਣ ਲਈ ਉਤਸ਼ਾਹਤ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਕਈ ਬਾਗ਼ ਨਵੇਂ ਆਬਾਦ ਕਰਵਾਏ ਤੇ ਕਈ ਉਜੜਿਆਂ ਬਾਗ਼ਾਂ ਨੂੰ ਪੁਨਰ ਅਬਾਦ ਕਰਵਾਇਆ। ਦੀਨਾਨਾਥ ਦਾ ਬਗ਼ੀਚਾ, ਲਾਹੌਰ ਦਾ ਬਦਾਮੀ ਬਾਗ਼, ਦੀਵਾਨ ਰਤਨ ਚੰਦ ਦੜ੍ਹੀਵਾਲ ਦਾ ਬਾਗ਼, ਰਾਮ ਬਾਗ਼, ਅੰਮ੍ਰਿਤਸਰ, ਸ਼ਾਹ ਆਲਮ ਗੇਟ, ਲਾਹੌਰ ਦੇ ਹਜ਼ੂਰੀ ਬਾਗ਼ ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਬਾਗ਼ ਸਨ। ਇਸ ਤੋਂ ਇਲਾਵਾ ਦੀਨਾਨਗਰ, ਬਟਾਲੇ, ਮੁਲਤਾਨ ਤੇ ਕਈ ਹੋਰ ਥਾਵਾਂ ’ਤੇ ਵੀ ਉਨ੍ਹਾਂ ਨੇ ਪ੍ਰਸਿੱਧ ਬਾਗ਼ ਬਣਵਾਏ।
ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਅਤਿ ਸਲਾਹੁਣਯੋਗ ਸੀ ਕਿਉਂਕਿ ਉਨ੍ਹਾਂ ਦੇ ਰਾਜ ਵਿਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿਤੀ ਜਾਂਦੀ। ਗ਼ਲਤੀ ਕਰਨ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਤੋਂ ਬਰਖ਼ਾਸਤ ਕਰਨ, ਤਨਖ਼ਾਹ ਕੱਟਣ, ਜਗੀਰ ਖੋਹ ਲੈਣ, ਜੁਰਮਾਨਾ ਲਗਾਉਣ, ਕੈਦ ਕਰਨ ਵਰਗੀਆਂ ਸਜ਼ਾਵਾਂ ਦਿਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਰਾਜ ਵਿਚ ਅਹੁਦਿਆਂ ਦੀ ਵੰਡ ਕਰਨ ਲਗਿਆਂ, ਧਰਮ, ਜਾਤੀ ਨੂੰ ਆਧਾਰ ਨਹੀਂ ਸੀ ਬਣਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਵਿਚ ਅਪਣੇ ਰਾਜ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ। ਉਨ੍ਹਾਂ ਦੇ ਰਾਜ ਵਿਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰਦਾ ਸੀ। ਸ਼ਾਹ ਮੁਹੰਮਦ ਦਾ ਮਹਾਰਾਜੇ ਦੇ ਰਾਜ ਬਾਰੇ ਕਥਨ ਹੈ:
ਮਹਾਬਲੀ ਰਣਜੀਤ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ, ਪਸ਼ੌਰ ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅਛਾ ਰਜ ਕੇ ਰਾਜ ਕਮਾਇ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪ੍ਰਤਾਪ ਸੱਚਮੁੱਚ ਚਮਕਦੇ ਸੂਰਜ ਵਾਂਗ ਸੀ। ਉਸਦੀ ਸ਼ਕਤੀ ਅਟਕ ਦੇ ਅੱਥਰੇਪਣ ਨੂੰ ਅਟਕਾਉਣ ਦੇ ਸਮਰੱਥ ਸੀ। ਉਸ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲ, ਕੰਧਾਰ ਦੇ ਜ਼ਾਲਮ ਪਠਾਣਾਂ ਨੇ ਸੀਸ ਨਿਵਾ ਦਿਤੇ। ਫ਼ਤਹਿ ਸਦਾ ਉਸ ਦੇ ਪੈਰ ਚੁੰਮਦੀ ਸੀ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਸ ਨੇ ਅਠਾਰਵੀਂ ਸਦੀ ਵਿਚ ਖਿੰਡਰੀ-ਪੁੰਡਰੀ ਤੇ ਲਹੂ-ਲੂਹਾਨ ਹੋਈ ਖ਼ਾਲਸੇ ਦੀ ਸ਼ਕਤੀ ਦਾ ਏਕੀਕਰਨ ਕਰਦਿਆਂ ਇਕ ਮਜ਼ਬੂਤ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ, ਉਸ ਦੀ ਕੀਤੀ ਘਾਲ ਕਮਾਈ ਉੱਪਰ ਅੱਜ ਵੀ ਸਮੁੱਚਾ ਪੰਥ ਮਾਣ ਕਰਦਾ ਹੈ।
ਮਹਾਰਾਜਾ ਰਣਜੀਤ ਸਿੰਘ ਉਦਾਰ ਬਿਰਤੀ ਦਾ ਨਿਆਇਸ਼ੀਲ ਸ਼ਾਸਕ ਸੀ। ਉਹ ਅਪਣੇ ਆਪ ਨੂੰ ਰਾਜਾ ਅਖਵਾਉਣ ਦੀ ਥਾਂ ਭਾਈ ਸਾਹਬ, ਸਿੰਘ ਸਾਹਬ ਅਖਵਾ ਕੇ ਖ਼ੁਸ਼ ਹੁੰਦੇ ਸਨ। ਅਪਣੇ ਰਾਜ ਨੂੰ ‘ਸਰਕਾਰ-ਏ-ਖ਼ਾਲਸਾ’ ਤੇ ਦਰਬਾਰ ਨੂੰ ‘ਖ਼ਾਲਸਾ ਦਰਬਾਰ’ ਅਖਵਾਉਂਦੇ ਸਨ ਅਤੇ ਜੋ ਵੀ ਮਹਾਰਾਜੇ ਦੇ ਸੰਪਰਕ ਵਿਚ ਆਉਂਦਾ ਪ੍ਰਭਾਵਤ ਹੋਏ ਬਿਨਾਂ ਨਾ ਰਹਿੰਦਾ। ਮਹਾਰਾਜੇ ਦਾ ਰਾਜ-ਭਾਗ ਗੁਰੁੂ ਸਾਹਿਬ ਦੇ ਕਥਨ ‘ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ’ ਦਾ ਪੂਰਕ ਸੀ ਪਰ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਜੂਨ 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਹੀ ਸ਼ੁਰੂ ਹੋ ਗਿਆ। ਮਹਾਰਾਜੇ ਦਾ ਸਸਕਾਰ ਛੋਟੀ ਰਾਵੀ ਦੇ ਕੰਢੇ ਲਾਹੌਰ ਕਿਲ੍ਹੇ ਦੇ ਬਾਹਰ ਗੁਰਦਵਾਰਾ ਡੇਰਾ ਸਾਹਿਬ ਦੇ ਸਾਹਮਣੇ ਕੀਤਾ ਗਿਆ। 1947 ਈ. ਵਿਚ ਹੋਈ ਵੰਡ ਕਾਰਨ ਇਹ ਸੱਭ ਯਾਦਗਾਰਾਂ ਪਛਮੀ ਪੰਜਾਬ ਵਿਚ ਰਹਿ ਗਈਆਂ। ਉਪਰੋਕਤ ਗੁਣਾਂ ਦੇ ਧਾਰਨੀ ਮਹਾਰਾਜੇ ਦੇ ਉਪਕਾਰਾਂ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ।