ਵਿਚਾਰੇ ਪੁਲਿਸ ਵਾਲੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੋਸ਼ਲ ਮੀਡੀਆ ਦਾ ਯੁਗ ਹੈ। ਜਦੋਂ ਕੋਈ ਪੁਲਿਸ ਵਾਲਾ ਕਿਸੇ ਮੋੜ ਤੇ ਖੜਾ ਕਿਸੇ ਤੋਂ ਰਿਸ਼ਵਤ ਲੈਂਦਾ ਦਿਸਦਾ ਹੈ ਤਾਂ ਅਸੀਂ ਉਸ ਦੀ ਵੀਡੀਉ ਬਣਾ ਕੇ ਪਾ ਦਿੰਦੇ ਹਾਂ ਜਾਂ ਕੋਈ...

Police

ਸੋਸ਼ਲ ਮੀਡੀਆ ਦਾ ਯੁਗ ਹੈ। ਜਦੋਂ ਕੋਈ ਪੁਲਿਸ ਵਾਲਾ ਕਿਸੇ ਮੋੜ ਤੇ ਖੜਾ ਕਿਸੇ ਤੋਂ ਰਿਸ਼ਵਤ ਲੈਂਦਾ ਦਿਸਦਾ ਹੈ ਤਾਂ ਅਸੀਂ ਉਸ ਦੀ ਵੀਡੀਉ ਬਣਾ ਕੇ ਪਾ ਦਿੰਦੇ ਹਾਂ ਜਾਂ ਕੋਈ ਪੁਲਿਸ ਵਾਲਾ ਕਿਤੇ ਸ਼ਰਾਬੀ ਹੋਇਆ ਪਿਆ ਹੋਵੇ, ਉਸ ਦੀ ਵੀਡੀਉ ਫੈਲਾ ਦਿਤੀ ਜਾਂਦੀ ਹੈ। ਕੁੱਝ ਕੁ ਪੁਲਿਸ ਵਾਲਿਆਂ ਦੀ ਗ਼ਲਤੀ ਕਰ ਕੇ ਇਉਂ ਲਗਦਾ ਹੈ, ਸਾਰੀ ਪੁਲਿਸ ਹੀ ਮਾੜੀ ਹੈ ਪਰ ਅਸੀਂ ਅੱਜ ਤਕ ਸੋਸ਼ਲ ਮੀਡੀਆ ਉਤੇ ਪੁਲਿਸ ਦਾ ਦੂਜਾ ਪੱਖ ਨਹੀਂ ਵਿਖਾ ਸਕੇ। ਉਹ ਕੀ ਹੈ?

ਸਾਰੇ ਮਹਿਕਮਿਆਂ ਨੂੰ ਛੁੱਟੀ ਵਾਲੇ ਦਿਨ ਛੁੱਟੀ ਮਿਲਦੀ ਹੈ। ਪੁਲਿਸ ਨੂੰ ਛੁੱਟੀ ਵਾਲੇ ਦਿਨ ਜਾਂ ਤਿਉਹਾਰ ਵਾਲੇ ਦਿਨ ਵੀ ਛੁੱਟੀ ਨਹੀਂ ਮਿਲਦੀ। ਪੁਲਿਸ ਕਰਮੀ ਵੀ ਛੁੱਟੀ ਵਾਲੇ ਦਿਨ ਪ੍ਰਵਾਰ 'ਚ ਰਹਿਣਾ ਚਾਹੁੰਦਾ ਹੈ। ਘਰ ਦੇ ਜ਼ਰੂਰੀ ਕੰਮ ਕਰਨਾ ਚਾਹੁੰਦਾ ਹੈ, ਪਰ ਨਹੀਂ ਕਰ ਸਕਦਾ। ਅਪਣੇ ਰਿਸ਼ਤੇਦਾਰਾਂ ਤੇ ਕਰੀਬੀਆਂ ਦੀ ਖ਼ੁਸ਼ੀ ਗ਼ਮੀ ਵਿਚ ਛੇਤੀ ਕੀਤਿਆਂ ਨਹੀਂ ਜਾ ਸਕਦਾ। ਲੀਡਰਾਂ ਦੇ ਫ਼ੋਨ ਪੁਲਿਸ ਉਤੇ ਦਬਾਅ ਪਾ ਕੇ ਰਖਦੇ ਹਨ, ਮਰਜ਼ੀ ਨਾਲ ਠੀਕ ਕੰਮ ਨਹੀਂ ਕਰਨ ਦਿੰਦੇ। ਪੁਲਿਸ ਦੀ ਨਫ਼ਰੀ ਘੱਟ ਹੈ, ਕੰਮ ਬਹੁਤ ਜ਼ਿਆਦਾ ਹੈ। ਹਰ ਰੋਜ਼ ਪੁਲਿਸ ਕਿੰਨੇ ਕੇਸ ਦਰਜ ਕਰਦੀ ਹੈ? ਕਿੰਨੇ ਸਾਲ ਇਹ ਮੁਕੱਦਮੇ ਚਲਦੇ ਹਨ। ਪੁਲਿਸ ਨੂੰ ਅਦਾਲਤਾਂ ਵਿਚ ਜਾਣਾ ਹੀ ਪੈਂਦਾ ਹੈ। ਪੁਲਿਸ ਦੀ ਇਹ ਭਕਾਈ ਕਿਸੇ ਗਿਣਤੀ ਵਿਚ ਨਹੀਂ। ਥਾਣੇ ਦੇ ਮੁਨਸ਼ੀ ਨੂੰ ਐਸ.ਐਚ.ਓ. ਨੂੰ ਹਰ ਸਮੇਂ ਇਹੀ ਫ਼ਿਕਰ ਰਹਿੰਦਾ ਹੈ ਕਿ ਆਰ.ਓ. ਖ਼ਰਾਬ ਹੋ ਗਿਐ, ਥਾਣੇ ਦਾ ਵੱਡਾ ਬਿੱਲ ਆ ਗਿਐ, ਗੱਡੀਆਂ 'ਚ ਤੇਲ ਭਰਦੇ ਰਹੇ ਪੰਪ ਵਾਲੇ ਦੇ ਪੈਸੇ ਦੇਣੇ ਹਨ। ਸਰਕਾਰਾਂ ਦਾ ਪੁਲਿਸ ਪ੍ਰਤੀ ਸਹੀ ਸਿਸਟਮ ਨਾ ਹੋਣ ਕਰ ਕੇ ਇਹ ਕੰਮ ਇਵੇਂ ਹੀ ਚਲਦੇ ਰਹਿੰਦੇ ਹਨ।

ਸੱਭ ਤੋਂ ਵੱਡਾ ਬਦਲੀ ਦਾ ਡਰ ਹੁੰਦਾ ਹੈ। ਪਹਿਲਾਂ ਤਾਂ ਥਾਣੇਦਾਰ ਥਾਣੇ ਵਿਚ ਚਾਰ ਚਾਰ ਸਾਲ ਲਾ ਦਿੰਦੇ ਸਨ ਪਰ ਹੁਣ ਤਾਂ ਚਾਰ ਮਹੀਨੇ ਲਗਣੇ ਵੀ ਔਖੇ ਹਨ। ਉਦੋਂ ਹੀ ਪਤਾ ਲਗਦਾ ਹੈ ਜਦ ਬਦਲੀ ਹੋ ਵੀ ਚੁੱਕੀ ਹੁੰਦੀ ਹੈ। ਸਥਿਤੀ ਅਜਿਹੀ ਵੀ ਬਣਦੀ ਹੈ ਕਿ ਕਈ ਥਾਣੇਦਾਰਾਂ ਦੀ ਚਾਰ ਮਹੀਨੇ ਵਿਚ ਤਿੰਨ ਵਾਰ ਵੀ ਬਦਲੀ ਹੋ ਜਾਂਦੀ ਹੈ। ਦਸੋ, ਵਿਚਾਰੇ ਬੱਚੇ ਕਿਥੇ ਰੱਖਣ, ਕਿਥੇ ਸੈੱਟ ਹੋਣ? ਜਦੋਂ ਤੋਂ ਆਤਮਹਤਿਆਵਾਂ ਦਾ ਦੌਰ ਵਧਿਆ ਹੈ, ਹਾਦਸੇ ਵਧੇ ਹਨ, ਪੰਜਾਬ ਦੀ ਪੁਲਿਸ ਦਿਨ-ਰਾਤ ਗਲੀਆਂ ਸੜੀਆਂ ਲਾਸ਼ਾਂ ਹੀ ਚੁੱਕੀ ਫਿਰਦੀ ਹੈ। ਅਸੀਂ ਇਕ ਮਿੰਟ ਵਿਚ ਨੰਬਰ ਬਣਾਉਣ ਦੇ ਮਾਰੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਦਿੰਦੇ ਹਾਂ ਪਰ ਤੁਸੀਂ ਕਦੇ ਰਾਤ ਨੂੰ ਪੁਲਿਸ ਵਾਲੇ ਨੂੰ ਜ਼ਿਆਦਾ ਗਰਮੀ ਵਿਚ ਜਾਂ ਜ਼ਿਆਦਾ ਠੰਢ ਵਿਚ ਕਿਸੇ ਲਾਸ਼, ਭਾਵ ਮਰੇ ਵਿਅਕਤੀ ਕੋਲ ਅੱਠ ਅੱਠ ਘੰਟੇ ਬੈਠਾ ਨਹੀਂ ਵੇਖਿਆ? ਲੋਕ ਕਹਿੰਦੇ ਹਨ ਕਿ ਬੈਠਣ ਕਿਉਂ ਨਾ, ਤਨਖ਼ਾਹਾਂ ਨਹੀਂ ਲੈਂਦੇ? ਇਨ੍ਹਾਂ ਤੋਂ ਵੱਧ ਤਾਂ ਤਨਖ਼ਾਹ ਮਾਸਟਰ ਹੀ ਲੈ ਲੈਂਦੇ ਹਨ। ਤੁਲਨਾ ਤਾਂ ਕਰੋ।

ਪਿਛਲੇ ਦਿਨੀਂ ਸਾਡੇ ਪਿੰਡ ਸੁਖਬੀਰ ਸਿੰਘ ਬਾਦਲ ਆਇਆ। ਪੁਲਿਸ ਸਵੇਰੇ ਸੈਂਕੜਿਆਂ ਦੀ ਗਿਣਤੀ ਵਿਚ ਤਾਇਨਾਤ ਕਰ ਦਿਤੀ। ਗਰਮੀ ਦਾ ਡਾਢਾ ਪ੍ਰਕੋਪ। ਸਾਰਾ ਦਿਨ ਵਰਦੀਆਂ ਵਿਚ ਪੁਲਿਸ ਦਾ ਬੁਰਾ ਹਾਲ ਹੋ ਗਿਆ। ਸੁਖਬੀਰ ਸਿੰਘ ਬਾਦਲ ਕਈ ਘੰਟੇ ਲੇਟ ਆਇਆ। ਪੰਦਰਾਂ-ਵੀਹ ਮਿੰਟਾਂ ਵਿਚ ਹੀ ਚਾਹ ਪੀ ਕੇ ਲੰਘ ਗਿਆ। ਜੋ ਪੁਲਿਸ ਨਾਲ ਹੋਈ, ਅਸੀਂ ਜਾਣਦੇ ਹਾਂ। ਇਸ ਤਰ੍ਹਾਂ ਦੀਆਂ ਡਿਊਟੀਆਂ ਆਉਣ ਨਾਲ ਥਾਣਿਆਂ ਵਿਚ ਲੋਕਾਂ ਦੇ ਕੰਮ ਨਹੀਂ ਹੁੰਦੇ। ਥਾਣੇਦਾਰ ਵੀ.ਆਈ.ਪੀ. ਡਿਊਟੀਆਂ ਤੇ ਸਾਰਾ ਦਿਨ ਲਾ ਕੇ ਆਉਂਦੇ ਹਨ। ਯਾਰੋ ਪੁਲਿਸ ਵਾਲੇ ਸਾਡੇ ਹੀ ਭਰਾ ਹਨ, ਸਾਡੇ ਪੁੱਤਰ ਹਨ, ਸਾਡੇ ਪਿਉ ਹਨ। ਬਹੁਤ ਮਿਹਨਤ ਕਰ ਕੇ ਇਨ੍ਹਾਂ ਨੌਕਰੀਆਂ ਉਤੇ ਲੱਗੇ ਹਨ। ਇਹ ਬਹੁਤ ਔਖੇ, ਵੱਡੇ ਵੱਡੇ ਕੋਰਸ ਕਰਨ ਤੋਂ ਬਾਅਦ ਥਾਣਿਆਂ 'ਚ ਲਗਦੇ ਹਨ। ਹਰ ਸਮੇਂ ਸੋਸ਼ਲ ਮੀਡੀਆ ਉਤੇ ਪੁਲਿਸ ਨੂੰ ਬਦਨਾਮ ਨਾ ਕਰੀਏ। ਥੋੜਾ ਜਿਹਾ ਅਪਣੇ ਆਪ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰੀਏ। ਪਹਿਲਾਂ ਦੀ ਪੁਲਿਸ ਨਾਲੋਂ ਅੱਜ ਦੀ ਪੁਲਿਸ ਵਿਚ ਬੜਾ ਫ਼ਰਕ ਹੈ।
-ਭੁਪਿੰਦਰ ਸਿੰਘ ਬਾਠ, ਪਿੰਡ ਪੰਜੋਲੀ (ਫ਼ਤਿਹਗੜ੍ਹ ਸਾਹਿਬ), ਸੰਪਰਕ : 94176-82002