ਬਾਣੇ ਤੇ ਬਾਣੀ ਦੀ ਖੇਡ ਗਤਕਾ ਕੌਮੀ ਖੇਡਾਂ ਵਿਚ ਸ਼ਾਮਲ ਪਰ ਇਸ ਦਾ ਖ਼ਾਲਸਾਈ ਸਰੂਪ ਵੀ ਨਸ਼ਟ ਕੀਤਾ ਜਾ ਰਿਹੈ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗਤਕੇ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਣ ਦੇ ਹਰ ਉਪਰਾਲੇ ਨੂੰ ਜੀ ਆਇਆਂ ਕਿਹਾ ਜਾਵੇਗਾ ਜੇਕਰ ਉਹ ਉਪਰਾਲਾ ਇਸ ਮਹਾਨ ਵਿਰਸੇ ਦੇ ਮੂਲ ਸਰੂਪ ਨਾਲ ਛੇੜ ਛਾੜ ਨਾ ਕਰਦਾ ਹੋਵੇ।

Gatka

 

ਸਿੱਖ ਸ਼ਸਤਰ ਵਿਦਿਆ ‘ਗਤਕਾ’ ਕੌਮੀ ਖੇਡਾਂ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਆਣ ਵਾਲੇ ਸਮੇਂ ਵਿਚ ਇਸ ਨੂੰ ਕਾਮਨਵੈਲਥ, ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਦੂਜੇ ਤੋਂ ਅਗੇ ਹੋ ਕੇ ਇਸ ਦਾ ਕ੍ਰੈਡਿਟ ਲੈਣ ਲਈ ਬਿਆਨ ਜਾਰੀ ਕੀਤੇ ਜਾ ਰਹੇ ਹਨ।  ਇਹ ਸਭ ਵੇਖਦੇ ਹੋਏ ਮੈਨੂੰ 2008 ਦੀ ਇਕ ਘਟਨਾ ਯਾਦ ਆ ਰਹੀ ਹੈ ਜਦੋਂ ਸਮੇਤ ਮੇਰੇ ਸ਼੍ਰੋਮਣੀ ਗਤਕਾ ਫ਼ੈਡਰੇਸ਼ਨ ਆਫ਼ ਇੰਡੀਆ ਦੇ ਚੈਅਰਮੇਨ ਸਰਦਾਰ ਗੁਰਚਰਨ ਸਿੰਘ ਗਤਕਾ ਮਾਸਟਰ, ਪ੍ਰਧਾਨ ਸਰਦਾਰ ਗੁਰਤੇਜ ਸਿੰਘ ਖ਼ਾਲਸਾ, ਸਕੱਤਰ ਸਰਦਾਰ ਮਨਮੋਹਨ ਸਿੰਘ ਭਾਗੋਵਾਲੀਆ ਨਾਲ ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੈਅਰਮੇਨ ਸਰਦਾਰ ਤਰਲੋਚਨ ਸਿੰਘ ਦੀ ਅਗਵਾਈ ਵਿਚ ਉਸ ਸਮੇਂ ਦੇ ਕੌਮੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੂੰ ਮਿਲਣ ਵਾਸਤੇ ਦਿੱਲੀ ਸ਼ਾਸਤਰੀ ਭਵਨ ਵਿਚ ਗਏ। ਸਾਡਾ ਮੁੱਦਾ ਸੀ ਗਤਕੇ ਨੂੰ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਕਰਵਾਉਣਾ।  ਅਸੀ ਬਾਕਾਇਦਾ ਲਿਖਤੀ ਮੰਗ ਪੱਤਰ ਵੀ ਲੈ ਕੇ ਗਏ ਸੀ।  

ਸਰਦਾਰ ਮਨੋਹਰ ਸਿੰਘ ਗਿੱਲ ਬੜੇ ਸੂਝਵਾਨ ਇਨਸਾਨ ਸਨ ਤੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਬੇਹੱਦ ਕਾਮਯਾਬ ਪ੍ਰਸ਼ਾਸਨਕ ਅਧਿਕਾਰੀ ਰਹੇ ਤੇ ਮੁਲਕ ਦੇ ਚੀਫ਼ ਇਲੈਕਸ਼ਨ ਕਮਿਸ਼ਨਰ ਵਜੋਂ ਰਿਟਾਇਰ ਹੋਏ।  ਸਿੱਖੀ ਪ੍ਰਤੀ ਉਨ੍ਹਾਂ ਦੀ ਜਾਣਕਾਰੀ ਅਤੇ ਪਿਆਰ ਉਨ੍ਹਾਂ ਦੇ ਸ਼ਬਦਾਂ ਵਿਚੋਂ ਸਾਫ਼ ਝਲਕਦੇ ਸਨ। ਗਿੱਲ ਸਾਹਿਬ ਨੇ ਉਹ ਲਿਖਤੀ ਪੱਤਰ ਲਿਆ ਤੇ ਕਿਹਾ ਕਿ ਖੇਡ ਮੰਤਰੀ ਹੋਣ ਦੇ ਨਾਤੇ ਮੈਂ ਇਹ ਕਰ ਸਕਦਾ ਹਾਂ ਪਰ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰ ਲਵੋ। ਜੇ ‘ਗਤਕਾ’ ਕੌਮੀ ਜਾਂ ਹੋਰ ਅੰਤਰਰਾਸ਼ਟਰੀ ਖੇਡਾਂ ਵਿਚ ਸ਼ਾਮਲ ਹੋ ਗਿਆ ਤਾਂ ਫਿਰ ਇਹ ਕੇਵਲ ਸਿੱਖਾਂ ਦੀ ਖੇਡ ਨਹੀਂ ਰਹਿ ਜਾਵੇਗੀ। ਕੌਮੀ ਜਾਂ ਅੰਤਰਰਾਸ਼ਟਰੀ ਖੇਡਾਂ ਧਰਮ ਦੇ ਆਧਾਰ ’ਤੇ ਨਹੀਂ ਹੋ ਸਕਦੀਆਂ ਤੇ ਇਸ ਤੋਂ ਬਾਅਦ ਕੋਈ ਵੀ ਚਾਹੇ ਤਾਂ ਗਤਕਾ ਖੇਡ ਸਕੇਗਾ। ਜਿਹੜੀਆਂ ਉੱਚ ਕਦਰਾਂ ਕੀਮਤਾਂ ਨੂੰ ਗੁਰੂ ਸਹਿਬ ਨੇ ‘ਗਤਕੇ’ ਨਾਲ ਜੋੜਿਆ ਹੈ ਉਨ੍ਹਾਂ ਦੀ ਪਾਲਣਾ ਸਾਂਝੇ ਖੇਡ ਮੁਕਾਬਲਿਆਂ ਵਿਚ ਨਹੀਂ ਹੋ ਸਕਦੀ।

ਗੱਲ ਸਾਡੀ ਸਮਝ ਵਿਚ ਆ ਗਈ ਤੇ ਅਸੀਂ ਗਿੱਲ ਸਾਹਿਬ ਦਾ ਧਨਵਾਦ ਕਰ ਕੇ ਉਹ ਮੰਗ ਪੱਤਰ ਵਾਪਸ ਲੈ ਲਿਆ।  ਪਰ ਗਿੱਲ ਸਾਹਿਬ ਨੇ ਇਹ ਵਾਇਦਾ ਕੀਤਾ ਕਿ ਉਹ ‘ਗਤਕੇ’ ਨੂੰ ਵੱਡੇ ਖੇਡ ਮੁਕਾਬਲਿਆਂ ਵਿਚ ਪ੍ਰਦਰਸ਼ਨੀ ਲਈ ਜ਼ਰੂਰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨਗੇ ਤਾਕਿ ਸਿੱਖਾਂ ਦੀ ਚੜ੍ਹਦੀ ਕਲਾ ਦੀ ਇਸ ਕਲਾ ਤੋਂ ਦੇਸ਼ ਅਤੇ ਦੁਨੀਆ ਦੇ ਲੋਕ ਜਾਣੂੰ ਹੋ ਸਕਣ।
2010 ਵਿਚ ਦਿੱਲੀ ਵਿਖੇ ਹੋਈਆਂ ਕਾਮਨਵੈਲਥ ਖੇਡਾਂ ’ਚ ਉਨ੍ਹਾਂ ਇਹ ਵਾਅਦਾ ਨਿਭਾਇਆ ਵੀ। ਉਨ੍ਹਾਂ ਖੇਡਾਂ ਵਿਚ ‘ਗਤਕੇ’ ਨੂੰ ਪ੍ਰਦਰਸ਼ਨੀ ਦੇ ਤੌਰ ਤੇ ‘ਓਪਨਿੰਗ ਸੈਰੇਮਨੀ’ ਵਿਚ ਸ਼ਾਮਲ ਕਰਵਾਇਆ ਜਿਸ ਵਿਚ ਖ਼ਾਲਸਾ ਰਣਜੀਤ ਅਖਾੜਾ ਪਟਿਆਲਾ, ਅਖਾੜੇ ਦੇ ਨੌਜਵਾਨ ਬੱਚੇ ਖ਼ਾਲਸਾਈ ਬਾਣੇ ਵਿਚ ਸ਼ਾਮਲ ਹੋਏ।  ਸਹੀ ਅਰਥਾਂ ਵਿਚ ਇਸ ਗੱਲ ਦਾ ਕ੍ਰੈਡਿਟ ਸ਼੍ਰੋਮਣੀ ਗਤਕਾ ਫ਼ੈਡਰੇਸ਼ਨ ਆਫ਼ ਇੰਡੀਆ ਨੂੰ ਜਾਂਦਾ ਹੈ ਜਿਨ੍ਹਾਂ ਨੇ 2008 ਵਿਚ ਇਹ ਗੱਲ ਕੌਮੀ ਖੇਡ ਮੰਤਰੀ ਦੇ ਧਿਆਨ ਵਿਚ ਲਿਆਂਦੀ।  

ਪਰ ਅੱਜ ‘ਗਤਕੇ’ ਨੂੰ ਸਕੂਲ ਖੇਡਾਂ ਵਿਚ ਅਤੇ ਕੱੁਝ ਸੰਸਥਾਵਾਂ ਵਲੋਂ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਜਿਸ ਰੂਪ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉਸ ਨੂੰ ਵੇਖ ਕੇ ਲਗਦਾ ਹੈ ਕਿ ਕ੍ਰੈਡਿਟ ਲੈਣ ਦੇ ਚੱਕਰ ਵਿਚ ਸਾਡੇ ਮਹਾਨ ਵਿਰਸੇ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਵੇਖਿਆ ਗਿਆ ਹੈ ਕਿ ਇਨ੍ਹਾਂ ਖੇਡਾਂ ਵਿਚ ‘ਪਤਿਤ’ ਸਿੱਖਾਂ ਨੂੰ ਅਤੇ ਗ਼ੈਰ ਸਿੱਖਾਂ ਨੂੰ ਵੀ ਖਿਡਾਰੀ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ।  ਬਾਣੇ ਤੇ ਬਾਣੀ ਦੀ ਇਸ ਖੇਡ ਵਿਚ ਕੇਵਲ ਦੋ ਦੋ ਮੀਟਰ ਦੇ ਪਰਨੇ ਬੰਨ੍ਹ ਕੇ ਉਹ ਨੌਜਵਾਨ ਖਿਡਾਏ ਜਾ ਰਹੇ ਹਨ ਜੋ ਸਾਬਤ ਸੂਰਤ ਵੀ ਨਹੀਂ ਹਨ।  ਇਥੋਂ ਤਕ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਸਾਲ ਕਰਵਾਏ ਗਏ ਇਕ ਮੁਕਾਬਲੇ ਵਿਚ ਵੀ ਅਜਿਹਾ ਕੁਝ ਵੇਖਣ ਨੂੰ ਮਿਲਿਆ, ਜਿਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੋਚਣ ਦੀ ਲੋੜ ਹੈ।  

23 ਨਵੰਬਰ 2012 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਗਤਕਾ’ ਸ਼ਬਦ ਦੀ ਮਹਾਨਤਾ ਨੂੰ ਬਰਕਰਾਰ ਰੱਖਣ ਲਈ ਪੰਜ ਸਿੰਘ ਸਾਹਿਬਾਨ ਦੇ ਦਸਤਖ਼ਤਾਂ ਨਾਲ ਇਕ ਹੁਕਮਨਾਮਾ ਜਾਰੀ ਕੀਤਾ ਗਿਆ। ਇਸ ਹੁਕਮਨਾਮੇ ਅਨੁਸਾਰ, ‘‘ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਤ ਗਤਕਾ ਸਿੱਖਾਂ ਦੀ ਜੰਗੀ ਖੇਡ ਹੈ ਜੋ ਕੇਵਲ ਬਾਣੀ-ਬਾਣੇ ਦੇ ਧਾਰਨੀ ਗੁਰਸਿੱਖ ਹੀ ਖੇਡ ਸਕਦੇ ਹਨ।   ਗਤਕਾ ਸਿੱਖ ਸ਼ਬਦਾਵਲੀ ਵਿਚ ਸਤਕਾਰਤ ਸ਼ਬਦ ਹੈ, ਜਿਸ ਦੀ ਵਰਤੋਂ ਗਤਕੇ ਦੇ ਸਿੱਖ ਖਿਡਾਰੀ, ਸਿੱਖ ਸੰਸਥਾਨ ਹੀ ਕਰਨ ਦੇ ਅਧਿਕਾਰੀ ਹਨ। ਗਤਕੇ ਦੇ ਮੁਕਾਬਲੇ ਸਮੇਂ ਬਾਣੀ-ਬਾਣੇ ਦੇ ਧਾਰਨੀ ਤਿਆਰ-ਬਰ-ਤਿਆਰ ਗੁਰਸਿੱਖ ਹੀ ਸ਼ਾਮਲ ਕੀਤੇ ਜਾਣ ਤਾਕਿ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਤੇ ਪਹਿਚਾਣ ਨਿਰੂਪਣ ਹੋ ਸਕੇ।’’

ਪਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਅੱਜ ਬਾਣੇ ਦੀ ਥਾਂ ਟਰੈਕ ਸੂਟ ਲੈ ਰਹੇ ਹਨ।  ਗਤਕੇ ਦੇ ਨਾਂ ’ਤੇ ਬਣੀਆਂ ਕੱੁਝ ਸੰਸਥਾਵਾਂ ਵਲੋਂ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਪਤਿਤ ਸਿੱਖ ਤੇ ਗ਼ੈਰ ਸਿੱਖ ਵੀ ‘ਗਤਕਾ’ ਖੇਡ ਰਹੇ ਹਨ। ਗਤਕੇ ਦੇ ਨਾਂ ’ਤੇ ਸਟੰਟ ਕੀਤੇ ਜਾ ਰਹੇ ਹਨ। ਰਵਾਇਤੀ ਵਿਰਸੇ ਦੀ ਥਾਂ ਟਿਊਬਾਂ ਤੋੜਨੀਆ, ਨਾਰੀਅਲ ਤੋੜਨੇ ਤੇ ਸਰੀਏ ਮੋੜਨ ਵਰਗੇ ਬਾਜ਼ੀਗੀਰੀ ਦੇ ਸਟੰਟ ਅੱਜ ਗਤਕੇ ਦਾ ਹਿੱਸਾ ਬਣ ਰਹੇ ਹਨ।  ਕੇਸਾਂ ਦੀ ਬੇਅਦਬੀ ਕਰ ਕੇ ਖ਼ਾਲਸੇ ਦੇ ਗੀਤ ਗਾਣ ਵਾਲੇ ਗਾਇਕਾਂ ਨਾਲ ਗਤਕਾ ਕਰਨ ਵਾਲੇ ਅਖਾੜਿਆਂ ਨੇ ਇਸ ਵਿਰਸੇ ਦੀ ਮਹਾਨਤਾ ਨੂੰ ਸ਼ਾਇਦ ਸਮਝਿਆ ਹੀ ਨਹੀਂ। ਤੇ ਹੁਣ ਤਾਂ ਵਿਆਹ ਸ਼ਾਦੀਆਂ ਤੇ ਗਤਕਾ ਖੇਡਣ ਦੇ ਪੋਸਟਰ ਵੀ ਲਗਾਏ ਜਾ ਰਹੇ ਹਨ।

ਕੁੱਲ ਮਿਲਾ ਕੇ ‘ਗਤਕੇ’ ਨੂੰ ਬਾਜ਼ੀਗਰੀ ਬਣਾਉਂਣ ਦੇ ਕੋਝੇ ਯਤਨ ਹੋ ਰਹੇ ਹਨ ਤੇ ਸਾਡੇ ਕੁੱਝ ਗਤਕਾ ਅਖਾੜੇ ਵੀ ਇਸ ਸਾਜ਼ਸ਼ ਦਾ ਸ਼ਿਕਾਰ ਹੋ ਕੇ ਅਪਣੇ ਹੀ ਪੈਰਾਂ ਉਤੇ ਕੁਹਾੜੀ ਮਾਰ ਰਹੇ ਹਨ।  ਅੱਜ ਲੋੜ ਹੈ ਕਿ ਇਨ੍ਹਾਂ ਭੁੱਲਿਆਂ ਨੂੰ ਗਤਕੇ ਦੇ ਮਹਾਨ ਇਤਿਹਾਸ, ਵਿਰਸੇ ਤੇ ਸਹੀ ਮਾਇਨੇ ਤੋਂ ਜਾਣੂ ਕਰਵਾਇਆ ਜਾਵੇ।
‘ਗ’ ਅੱਖਰ ਤੋਂ ਗਤੀ ਯਾਨੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਤੇ ਇਨ੍ਹਾ ਤਿੰਨਾਂ ਦੇ ਸੁਮੇਲ ਤੋਂ ਬਣਦਾ ਹੈ ਸ਼ਬਦ ‘ਗਤਕਾ’ ਜੋ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਹੋਇਆ ਹੈ। ਗਤਕਾ ਖੇਡਣ ਵੇਲੇ ਪੈਂਤਰੇ ਦਾ ਤਾਲਮੇਲ, ਰਫ਼ਤਾਰ ਦੇ ਨਾਲ-ਨਾਲ ਵਾਰ ਰੋਕਣ ਤੇ ਮਾਰਨ ਦੇ ਸਹੀ ਸਮੇਂ ਦਾ ਧਿਆਨ ਕਿਸੇ ਨੂੰ ਚੰਗਾ ‘ਗਤਕਾ’ ਖਿਡਾਰੀ ਬਣਾਉਂਦਾ ਹੈ।  ਫ਼ਾਰਸੀ ਭਾਸ਼ਾ ਦੇ ‘ਕੁਤਕਾ’ ਲਫ਼ਜ਼ ਤੋਂ ਬਣੇ ਸ਼ਬਦ ‘ਗਤਕਾ’ ਦਾ ਅਰਥ ਹੈ ਸੋਟੀ ਜਾਂ ਡਾਂਗ।  ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਗੁੱਸੇ ਦੀ ਲਹਿਰ ਪੈਦਾ ਕੀਤੀ ਤੇ ਗੁਰੂ ਹਰਿਗੋਬਿੰਦ ਸਿੰਘ ਜੇ ਨੇ ਵੀ ਮਾਲਾ ਵਾਲੇ ਹੱਥਾਂ ਵਿਚ ਕਿਰਪਾਨ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਸਾਹਿਬ ਸਿੱਖਾਂ ਨੂੰ ਸ਼ਸਤਰ ਵਿਦਿਆ ਤਾਂ ਸਿਖਾਉਣਾ ਚਾਹੁੰਦੇ ਸਨ ਪਰ ਨਾਲ ਇਹ ਵੀ ਉਨ੍ਹਾਂ ਦੀ ਸੋਚ ਸੀ ਕਿ ਸ਼ਸਤਰ ਵਿਦਿਆ ਵਿਚ ਮਾਹਰ ਸਿੱਖ ਨੂੰ ਅਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਚ ਵੀ ਆਵੇ। ਸਿੱਖ ਮੈਦਾਨੇ ਜੰਗ ਵਿਚ ਵੀ ਮਨੁੱਖੀ ਕਦਰਾਂ ਕੀਮਤਾਂ ਦਾ ਧਿਆਨ ਰੱਖੇ ਅਤੇ ਦੁਸ਼ਮਣ ਨਾਲ ਵੀ ਛਲ ਕਪਟ ਦੀ ਲੜਾਈ ਨਾ ਲੜੇ।  ਇਨ੍ਹਾਂ ਉੱਚ ਦਰਜੇ ਦੇ ਅਸੂਲਾਂ ਦਾ ਧਿਆਨ ਰਖਦੇ ਹੋਏ ਸਿੱਖਾਂ ਨੂੰ ‘ਗਤਕੇ’ ਨਾਲ ਜੋੜਿਆ ਗਿਆ।

ਯੁੱਧ ਕੌਸ਼ਲ ਵਿਚ ਸਿੱਖਾਂ ਨੂੰ ਮਾਹਰ ਕਰਨ ਲਈ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਅਧਾਰਤ ‘ਗਤਕੇ’ ਦੀ ਸ਼ੁਰੂਆਤ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਪਰ ਇਸ ਦਾ ਮੁੱਢ ਤਾਂ ਸਿੱਖ ਧਰਮ ਦੇ ਬਾਨੀ ‘ਗੁਰੂ ਨਾਨਕ ਦੇਵ ਜੀ’ ਨੇ ਹੀ ਬੰਨ੍ਹ ਦਿਤਾ ਸੀ।  ‘‘ਆਸਾ ਹਥਿ ਕਿਤਾਬ ਕਛਿ’’ ਯਾਨਿ ਗੁਰੂ ਨਾਨਕ ਦੇਵ ਜੀ ਦੇ ਇਕ ਹੱਥ ਵਿਚ ਕਾਸਾ (ਸੋਟਾ) ਅਤੇ ਕੱਛ ਵਿਚ ਪੋਥੀ ਹੁੰਦੀ ਸੀ। ਭਾਈ ਗੁਰਦਾਸ ਜੀ ਦੀ ਇਹ ਵਾਰ ਗੁਰੂ ਨਾਨਕ ਪਾਤਸ਼ਾਹ ਵਲੋਂ ਭਵਿੱਖ ਵਿਚ ਇਸ ਸੋਟੇ ਦੀ ਵਖਰੀ ਵਰਤੋਂ ਵਲ ਇਸ਼ਾਰਾ ਕਰਦੀ ਲਗਦੀ ਹੈ।  
ਅਸਮ ਰਾਜ ਦੇ ਦਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ‘ਗੁਰੂਦਵਾਰਾ ਬਰਛਾ ਸਾਹਿਬ’, ਗੁਰੂ ਅੰਗਦ ਦੇਵ ਜੀ ਵਲੋਂ ਬਣਾਇਆ ‘ਗੁਰੂਦਵਾਰਾ ਮੱਲ੍ਹ ਸਾਹਿਬ’ ਇਸੇ ਸੋਚ ਵਲ ਇਸ਼ਾਰਾ ਕਰਦੇ ਹਨ ਕਿ ਸ੍ਰੀਰਕ ਮਜ਼ਬੂਤੀ ਤੇ ਸ਼ਸਤਰ ਦੇ ਮਹੱਤਵ ਨੂੰ ਗੁਰੂ ਨਾਨਕ ਦੀ ਹਰ ਜੋਤ ਨੇ ਪ੍ਰਚਾਰਿਆ ਹੈ।  ਇਤਿਹਾਸ ਦਸਦਾ ਹੈ ਕਿ ਅਪਣੇ ਵਿਆਹ ਵਿਚ ਗੁਰੂ ਅਰਜਨ ਦੇਵ ਜੀ ਨੇ ਨੇਜ਼ੇ ਨਾਲ ਕਿੱਲਾ ਪੁੱਟਿਆ ਸੀ ਅਤੇ ਉਹ ਸ਼ਸਤਰ ਵਿਦਿਆ ਦੇ ਵੀ ਮਾਹਰ ਸਨ। ਛੇਵੇਂ ਜਾਮੇ ਵਿਚ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਕੇ ਤੇ ਸਿੱਖ ਸ਼ਸਤਰ ਵਿਦਿਆ ‘ਗਤਕੇ’ ਦੀ ਸ਼ੁਰੂਆਤ ਕਰ ਗੁਰੂ ਜੀ ਨੇ ਇਸੇ ਸੋਚ ਨੂੰ ਅਮਲੀ ਰੂਪ ਦੇਣਾ ਸ਼ੁਰੂ ਕੀਤਾ।
“ਬਾਤਨ ਫ਼ਕੀਰੀ, ਜ਼ਾਹਿਰ ਅਮੀਰੀ। ਸ਼ਸਤਰ ਗ਼ਰੀਬ ਦੀ ਰਖਿਆ।
ਜਰਵਾਣੇ ਦੀ ਭਖਿਆ।’’

ਸੋਟੀ ਤੋਂ ਸ਼ੁਰੂ ਹੋਏ ਗਤਕੇ ਦੇ ਅਭਿਆਸ ਵਿਚ ਸਮੇਂ ਦੀ ਮੰਗ ਅਨੁਸਾਰ ਮੌਕੇ ਦੇ ਸਾਰੇ ਰਵਾਇਤੀ ਸ਼ਸਤਰ ਸ਼ਾਮਲ ਕੀਤੇ ਗਏ ਤੇ ਗੁਰੂ ਸਾਹਿਬ ਨੇ ਸਿੱਖ ਨੂੰ ਦੁਸ਼ਮਣ ਦੇ ਆਹੂ ਲਾਹੁਣ ਵਾਲਾ ਯੋਧਾ, ਦਲੇਰ ਤੇ ਮੌਕਾ ਆਉਣ ’ਤੇ ਸ਼ਹਾਦਤ ਦੇਣ ਲਈ ਤਿਆਰ-ਬਰ-ਤਿਆਰ ਰਹਿਣ ਵਾਲਾ ਸੂਰਮਾ ਬਣਾ ਦਿਤਾ। ਦਸਵੇਂ ਜਾਮੇ ਵਿਚ ਅੰਮ੍ਰਿਤ ਦੀ ਦਾਤ ਦੇ ਕੇ ਅਤੇ ਆਮ ਦੁਨੀਆ ਨਾਲੋਂ ਵਖਰਾ ਸਰੂਪ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਿੰਘ ਤੇ ਖ਼ਾਲਸਾ ਬਣਾਇਆ ਤੇ ਸ਼ਸਤਰ ਧਾਰਨੀ ਹੋਣ ਦੀ ਹਦਾਇਤ ਕੀਤੀ। ਹੋਲੇ ਮਹੱਲੇ ’ਤੇ ਖ਼ਾਲਸਾਈ ਖੇਡਾਂ ਸ਼ੁਰੂ ਕਰਵਾਈਆਂ ਜਿਸ ਵਿਚ ‘ਗਤਕਾ’ ਮੁਕਾਬਲੇ ਮੁੱਖ ਰੂਪ ਵਿਚ ਸ਼ਾਮਲ ਹੁੰਦੇ ਸਨ। ਗੁਰੂ ਜੀ ਨੇ ਖ਼ਾਲਸੇ ਨੂੰ ਇਕ ਅਕਾਲ ਪੁਰਖ ਦੀ ਪੂਜਾ ਦੇ ਨਾਲ ਨਾਲ ਸ਼ਸਤਰ ਦਾ ਸਤਕਾਰ ਕਰਨ ਦੀ ਹਦਾਇਤ ਵੀ ਦਿਤੀ।
ਜਿਤੇ ਸ਼ਸਤ੍ਰ ਨਾਮੰ॥ ਨਮਸਕਾਰ ਤਾਮੰ॥
ਜਿਤੇ ਅਸਤ੍ਰ ਭੇਯੰ ॥ ਨਮਸਕਾਰ ਤੇਯੰ॥91॥
ਜ਼ੁਲਮ ਦੇ ਪ੍ਰਤੀਕ ਮੁਗ਼ਲੀਆ ਹਕੂਮਤ ਅਤੇ ਪਹਾੜੀ ਰਾਜਿਆਂ ਦੇ ਖ਼ਿਲਾਫ਼ ਸਰਬੰਸ ਦਾਨੀ ਦੀਆਂ ਜੰਗਾਂ, ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜ਼ਾਲਮ ਹੁਕੂਮਤਾਂ ਦਾ ਨਾਸ, ਪਹਿਲੇ ਸਿੱਖ ਰਾਜ ਦੀ ਸਥਾਪਨਾ, ਮਿਸਲਾਂ ਦੇ ਸ਼ਹਾਦਤਾਂ ਭਰੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਸਿੱਖ ਰਾਜ ਦੀ ਸਥਾਪਨਾ, ਇਸ ਸਭ ਦੇ ਪਿੱਛੇ ਆਮ ਮਿਹਨਤ ਕਰਨ ਵਾਲੇ ਸਿੱਖਾਂ ਨੂੰ ਸੂਰਬੀਰ ਲੜਾਕੇ ਬਣਾਉਣ ਵਿਚ ‘ਗਤਕੇ’ ਦੀ ਸਿਖਲਾਈ ਦਾ ਵੱਡਾ ਯੋਗਦਾਨ ਰਿਹਾ।  ਰਾਜ ਭਾਗ ਮਿਲਣ ’ਤੇ ਵੀ ਸਿੱਖ ਜ਼ਾਲਮ ਨਹੀਂ ਬਣੇ, ਇਸ ਪਿੱਛੇ ਵੀ ‘ਗਤਕੇ’ ਦੀ ਸਿਖਲਾਈ ਦੇ ਦੌਰਾਨ ਮਿਲਣ ਵਾਲੀ ਸਿਖਿਆ ਹੀ ਸੀ।

ਸਿੱਖੀ ਸਿਧਾਂਤ ਅਨੁਸਾਰ ‘ਗਤਕਾ’ ਸਿੱਖ ਨੂੰ ਚੰਗਾ ਯੋਧਾ ਤਾਂ ਬਣਾਉਂਦਾ ਹੈ ਪਰ  ਹੰਕਾਰੀ ਜਾਂ ਜਾਲਮ ਨਹੀਂ। ‘ਗਤਕਾ’ ਸਿਖਦਾ ਹੋਇਆ ਸਿੱਖ ਜਿੱਥੇ ਸ਼ਸਤਰ ਚਲਾਉਣੇ ਸਿਖਦਾ ਹੈ ਉਥੇ ਨਾਲ ਨਾਲ ਗੁਰੂ ਦੀ ਬਾਣੀ ਦਾ ਅਭਿਆਸ ਵੀ ਕਰਦਾ ਹੈ ਜੋ ਉਸ ਦੇ ਜੀਵਨ ਵਿਚ ਸੱਚ ਨਾਲ ਖੜਨ ਦੀ ਤਾਕਤ ਪੈਦਾ ਕਰਦੀ ਹੈ। ਪੁਰਾਤਨ ‘ਗਤਕਾ’ ਅਖਾੜਿਆਂ ਵਿਚ ਅੱਜ ਵੀ ਜਿਥੇ ਸ਼ਸਤਰ ਵਿਦਿਆ ਸਿਖਾਈ ਜਾਂਦੀ ਹੈ ਉਥੇ ਨਾਲ ਹੀ ਨਾਮ ਸਿਮਰਨ ਨਾਲ ਵੀ ਜੋੜਿਆ ਜਾਂਦਾ ਹੈ। ਟਕਸਾਲੀ ਉਸਤਾਦਾਂ ਵਲੋਂ ਲਗਾਏ ਜਾਂਦੇ ਗਤਕਾ ਸਿਖਲਾਈ ਕੈਂਪਾਂ ਵਿਚ ਅੱਜ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਤੇ ਬਾਣੀ ਦਾ ਅਭਿਆਸ ਓਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਜ਼ਰੂਰੀ ਫ਼ਰੀ, ਸੋਟੀ, ਕਿਰਪਾਨ ਜਾਂ ਨੇਜ਼ੇਬਾਜ਼ੀ ਦਾ ਅਭਿਆਸ। ‘ਗਤਕਾ’ ਨਾ ਕੇਵਲ ਸ੍ਰੀਰਕ ਤੌਰ ਤੇ ਸਗੋਂ ਮਾਨਸਕ ਤੌਰ ’ਤੇ ਵੀ ਸਿੱਖ ਨੂੰ ਮਜ਼ਬੂਤ ਕਰਦਾ ਹੈ।  ਉਘੇ ਫ਼ਿਲਾਸਫਰ ਰਜਨੀਸ਼ ਨੇ ਲਿਖਿਆ ਕਿ ਗੁਰੂ ਗੋਬਿੰਦ ਸਿਘ ਨੇ ਸਿੱਖਾਂ ਨੂੰ ਧਿਆਨ ਲਾਉਣ ਲਈ ਗਤਕੇ ਨਾਲ ਜੋੜਿਆ ਕਿਉਂਕਿ ਗਤਕਾ ਖੇਡਣ ਵਾਲੇ ਖਿਡਾਰੀ ਦਾ ਪੂਰਾ ਧਿਆਨ ਵਾਰ ਰੋਕਣ ਤੇ ਠੋਕਣ ਵਲ ਹੁੰਦਾ ਹੈ ਤੇ ਧਿਆਨ ਦਾ ਭਟਕਣਾ ਵੱਡਾ ਨੁਕਸਾਨ ਕਰ ਸਕਦਾ ਹੈ।  ਸਿੱਖੀ ਸਿਧਾਂਤ ਤੇ ਅਧਾਰਤ ‘ਗਤਕਾ’ ਖਿਡਾਰੀ ਹਰ ਤਰ੍ਹਾਂ ਦੇ ਨਸ਼ੇ ਤੇ ਵਿਸ਼ੇ ਵਿਕਾਰਾਂ ਤੋਂ ਦੂਰ ਰਹਿੰਦਾ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਖ਼ਸ਼ੀ ਹੋਈ ਇਸ ਮਹਾਨ ਵਿਰਾਸਤ ਨੂੰ ਸਹੇਜ ਕੇ ਰਖਣਾ ਤੇ ਇਸ ਦੀ ਪ੍ਰਫ਼ੁਲਤਾ ਲਈ ਕੋਸ਼ਿਸ਼ ਕਰਨਾ ਹਰ ਸਿੱਖ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਗਤਕੇ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਣ ਦੇ ਹਰ ਉਪਰਾਲੇ ਨੂੰ ਜੀ ਆਇਆਂ ਕਿਹਾ ਜਾਵੇਗਾ ਜੇਕਰ ਉਹ ਉਪਰਾਲਾ ਇਸ ਮਹਾਨ ਵਿਰਸੇ ਦੇ ਮੂਲ ਸਰੂਪ ਨਾਲ ਛੇੜ ਛਾੜ ਨਾ ਕਰਦਾ ਹੋਵੇ।      

-ਪ੍ਰਿਤਪਾਲ ਸਿੰਘ ਪਨੂੰ
ਈਮੇਲ : chairman0nifaa.com