31ਕਿਸਾਨ ਜਥੇਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੱਤਾ ਲਈ ਲੜਨ ਵਾਲੇ ਅਕਾਲੀ ਦਲ ਵੀ ਅੱਧੀ ਦਰਜਨ ਤੋਂ ਵੱਧ ਨਹੀਂ ਮਿਲਦੇ ਪਰ 31 ਕਿਸਾਨ ਜਥੇਬੰਦੀਆਂ ਦਾ ਹੋਣਾ ਕੀ ਸੁਨੇਹਾ ਦੇ ਰਿਹਾ ਹੈ?

Farmer protest

ਮੁਹਾਲੀ: ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਵਲੋਂ ਪੂਰੇ ਪੰਜਾਬ 'ਚ ਰੋਸ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿਤਾ ਗਿਆ ਹੈ। ਸੂਬੇ ਭਰ ਵਿਚ 31 ਜਥੇਬੰਦੀਆਂ ਦੇ ਇਕੱਠ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਬਲਕਿ ਹਰ ਉਮਰ, ਹਰ ਵਰਗ ਦੇ ਲੋਕ ਸ਼ਾਮਲ ਹਨ। ਮੌਜੂਦਾ ਸੰਘਰਸ਼ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਸਗੋਂ ਪੂਰੇ ਪੰਜਾਬ ਦੇ ਭਵਿੱਖ ਤੇ ਹੋਂਦ ਦਾ ਮਸਲਾ ਹੈ। ਲੇਕਿਨ ਇਸ ਸੰਘਰਸ਼ ਵਿਚ ਅਪਣੀਆਂ ਗੋਟੀਆਂ ਫਿੱਟ ਕਰਨ 'ਚ ਰੁੱਝੇ ਲੋਕਾਂ ਦੀਆਂ ਕਰਤੂਤਾਂ ਵੇਖ ਕੇ ਸਾਫ਼ ਜਾਹਰ ਹੁੰਦਾ ਹੈ ਕਿ (ਇਥੇ ਹਕੀਕਤਾਂ ਕੁੱਝ ਹੋਰ ਨੇ, ਸੁਪਨੇ ਹੋਰ ਨੇ, ਰੱਬਾ ਤੇਰੀ ਦੁਨੀਆਂ ਵਿਚ ਲੋਕ ਬਾਹਰੋਂ ਕੁੱਝ ਹੋਰ ਅਤੇ ਅੰਦਰੋਂ ਕੁੱਝ ਹੋਰ ਨੇ!) ਹਰ ਕੋਈ ਸਿਰਫ਼ ਅਪਣੇ ਬਾਰੇ ਹੀ ਸੋਚਦਾ ਹੈ, ਦੇਸ਼ ਅਤੇ ਸਮਾਜ ਜਾਵੇ ਖ਼ੂਹ ਖਾਤੇ, ਸੱਭ ਨੂੰ ਆਪੋ ਅਪਣੀ ਲੱਗੀ ਹੋਈ ਹੈ। ਛੋਟੇ ਹੁੰਦੇ ਸੁਣਦੇ ਸੀ ਕਿ ਕੋਈ ਕਿਸੇ ਨੂੰ ਨਹੀਂ ਰੋਂਦਾ, ਸੱਭ ਅਪਣਿਆਂ ਨੂੰ ਯਾਦ ਕਰ ਕੇ ਰੋਂਦੇ ਹਨ। ਪਰ ਇਸ ਗੱਲ ਦਾ ਮਤਲਬ ਸਮਝ ਨਹੀਂ ਸੀ ਆਉਂਦਾ। ਪਰ ਵਕਤ ਨੇ ਸਮਝਾ ਦਿਤਾ ਹੈ ਕਿ.

ਸਭ ਧਿਆ ਕੇ ਤੁਰਦੇ ਮਾਲਕ ਨੂੰ ਕੰਮ ਚੰਗਾ ਹੈ ਚਾਹੇ ਮਾੜਾ ਹੈ,
ਉਹਦੇ ਲਈ ਸਾਰੇ ਇਕੋ ਨੇ ਸ਼ਰੀਫ਼ ਜਾਂ ਕੋਈ ਲਗਾੜਾ ਹੈ,
ਸੱਭ ਦੇ ਹੀ ਪੇਟ ਨੂੰ ਪਾਲਣ ਲਈ ਉਸ ਨੇ ਬਖ਼ਸ਼ੇ ਕਿੱਤੇ,
ਜੇ ਰੱਬ ਸਾਧਾਂ ਦਾ ਹੋ ਗਿਆ ਠੱਗ ਤੇ ਚੋਰ ਜਾਣਗੇ ਕਿੱਥੇ!
ਅੱਜ ਜੋ ਲੇਖ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ, ਇਸ ਨਾਲ ਹੀ ਇਕ ਤਸਵੀਰ ਵੀ ਸਾਂਝੀ ਕਰ ਰਿਹਾ ਹਾਂ। ਉਪਰ ਦਿਤੀ ਤਸਵੀਰ ਬਹੁਤ ਕੁੱਝ ਕਹਿ ਰਹੀ ਹੈ ਬਲਕਿ ਅਜਿਹੀ ਤਸਵੀਰੀ ਭਾਸ਼ਾ ਸ਼ਬਦਾਂ ਦੇ ਬਿਆਨ ਨਾਲੋਂ ਕੁੱਝ ਵੱਧ ਹੀ ਸਮਝਾ ਸਕਦੀ ਹੈ। ਤਸਵੀਰ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿਚ ਲੇਖ ਵਿਚ ਪੇਸ਼ ਸਥਿਤੀਆਂ, ਘਟਨਾਵਾਂ ਅਤੇ ਇਨ੍ਹਾਂ ਸੱਭ ਦੇ ਪਿੱਛੇ ਕੰਮ ਕਰਦੀ ਰਾਜਨੀਤਕ ਧਾਰਾ ਦਾ ਕੁੱਝ ਹਿੱਸਾ ਆਪਸ ਵਿਚ ਮੇਲ ਵੀ ਖਾਂਦਾ ਹੈ। ਸੋ, ਹੁਣ ਸਮਝਣਾ ਜਾਂ ਨਾ ਸਮਝਣਾ ਸਾਡੀ ਮਰਜ਼ੀ ਹੈ, ਬਾਕੀ ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।

ਕਿੰਨੀ ਅਜੀਬ ਗੱਲ ਹੈ। ਕਿਸਾਨ ਜਥੇਬੰਦੀਆਂ, ਆਪ ਗਿਣਤੀ ਵਿਚ 31 ਹਨ। ਅੱਜ ਜਦੋਂ ਦੀ ਕਿਸਾਨੀ ਇਕ ਗੰਭੀਰ ਸੰਕਟ ਵਿਚੋਂ ਗੁਜ਼ਰ ਰਹੀ ਹੈ, ਮੈਂ ਸੰਘਰਸ਼ ਵਿਚ ਲੱਗੇ ਇਕ ਵੀ ਬੰਦੇ ਜਾਂ ਸੰਸਥਾ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ ਪਰ ਕਿਸਾਨ ਜਥੇਬੰਦੀਆਂ ਨੂੰ ਸੱਚਮੁੱਚ ਇਸ ਨੁਕਤੇ 'ਤੇ ਸੋਚਣਾ ਚਾਹੀਦਾ ਹੈ। ਜਥੇਸੰਦੀਆਂ ਦੇ ਵਖਰੇਵੇਂ ਅਕਸਰ ਕਿਸਾਨਾਂ ਦੇ ਵਖਰੇਵੇਂ ਬਣ ਜਾਂਦੇ ਹਨ ਤੇ ਅਕਸਰ, ਸੰਘਰਸ਼, ਵਿਚਾਰਾਂ ਦੇ ਵਖਰੇਵਿਆਂ ਕਰ ਕੇ ਹੀ ਖਿੰਡਦੇ ਹਨ। ਗੱਲ ਕੌੜੀ ਜ਼ਰੂਰ ਲੱਗੂ ਪਰ ਹੈ ਬਿਲਕੁਲ ਸੱਚੀ, (ਜੰਝ ਬੇਸ਼ੱਕ ਪਿੰਡ ਨਾਲੋਂ ਵੱਡੀ ਹੋਵੇ, ਪਰ ਲਾੜੇ ਬਿਨਾਂ ਕੋਈ ਡੋਲੀ ਨਹੀਂ ਤੋਰਦਾ) ਜੇ ਹੁਣ ਅਸੀ ਸਮਾਂ ਨਾ ਵਿਚਾਰਿਆ ਤਾਂ ਕਿਤੇ ਅਸੀ ਜਿੱਤੀ ਹੋਈ ਬਾਜ਼ੀ ਨਾ ਹਾਰ ਜਾਈਏ ਕਿਉਂਕਿ ਇਕ ਵਾਰ ਦਾ ਸਮੇਂ ਤੋਂ ਖੁੰਝਿਆ ਮਨੁੱਖ ਲੱਖਾਂ ਕੋਹਾਂ 'ਤੇ ਜਾ ਪੈਂਦਾ ਹੈ। ਸਾਡੇ ਲੱਖ ਵਖਰੇਵੇਂ ਹੋ ਸਕਦੇ ਹਨ ਪਰ ਅਪਣੀ ਹੋਂਦ ਦੀ ਲੜਾਈ ਲੜਨ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣ ਦੀ ਲੋੜ ਹੈ। ਇਸ ਲਈ ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਭੰਗ ਕਰ ਕੇ ਇਕ ਸਾਂਝੀ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ। ਅੱਜ ਜਦੋਂ ਦੇਸ਼ ਭਰ ਦੇ ਸਿਆਸੀ ਚੋਰ ਕਿਸਾਨਾਂ ਨੂੰ ਲੁੱਟਣ ਲਈ ਇਕੱਠੇ ਹੋਏ ਬੈਠੇ ਹਨ, ਤਾਂ ਫਿਰ ਕਿਸਾਨ ਇਕੱਠੇ ਕਿਉਂ ਨਹੀਂ ਹੋ ਸਕਦੇ?

ਇਤਿਹਾਸ ਗਵਾਹ ਹੈ ਕਿ ਦਿੱਲੀ ਦਾ ਮੁੱਢ ਕਦੀਮੋਂ ਹੀ ਪੰਜਾਬ ਅਤੇ ਇਥੋਂ ਦੇ ਲੋਕਾਂ ਤੋਂ ਇਲਾਵਾ ਸਿੱਖਾਂ ਨਾਲ ਵੈਰ ਰਿਹਾ ਹੈ ਕਿਉਂਕਿ ਕੇਂਦਰ ਅਤੇ ਪੰਜਾਬ ਵਿਚ ਹੁਣ ਤਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਹਰ ਸਰਕਾਰ ਨੇ ਹੀ ਪੰਜਾਬ ਨਾਲ ਦਗਾ ਕਮਾਇਆ ਹੈ। ਸੋ ਕਿਸੇ ਵੀ ਸਿਆਸਤਦਾਨ ਤੋਂ ਆਮ ਲੋਕਾਂ ਦੀ ਭਲਾਈ ਦੀ ਆਸ ਰਖਣਾ ਸਿਰੇ ਦੀ ਮੂਰਖਤਾ ਅਤੇ ਬੇਵਕੂਫ਼ੀ ਹੈ। ਜੇਕਰ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਬਚਾਉਣਾ ਹੈ ਤਾਂ ਸਾਰਿਆਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਹਰ ਯੂਨੀਅਨ ਇਕ ਅਗਵਾਈ ਅਤੇ ਇਕ ਝੰਡੇ ਥੱਲੇ ਇਕੱਠੀ ਹੋ ਕੇ ਰੋਸ ਪ੍ਰਦਰਸ਼ਨ ਕਰੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਸੰਘਰਸ਼ ਨੂੰ ਬਰਕਾਰ ਰੱਖਣ ਲਈ ਸਾਰਿਆਂ ਦੀ ਇਕਜੁਟਤਾ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਸੰਘਰਸ਼ ਨੂੰ ਵਿਉਂਤਬੰਦੀ ਅਤੇ ਏਕਤਾ ਨਾਲ ਹੀ ਸਫ਼ਲ ਬਣਾਇਆ ਜਾ ਸਕਦਾ ਹੈ। ਜਵਾਨੀ ਅਤੇ ਕਿਸਾਨੀ ਬਚਾਉਣੀ ਸਮੇਂ ਦੀ ਮੁੱਖ ਲੋੜ ਹੈ। ਜੇ ਇਨ੍ਹਾਂ ਦੋਹਾਂ ਨੂੰ ਬਚਾਉਣਾ ਹੈ ਤਾਂ ਕਿਸਾਨ ਨੂੰ ਇਕ ਝੰਡੇ ਥੱਲੇ ਇਕੱਠੇ ਹੋਣਾ ਪਵੇਗਾ ਨਹੀਂ ਤਾਂ ਨਤੀਜਾ ਸੱਭ ਨੂੰ ਪਤਾ ਹੀ ਹੈ ਕਿ ਕੀ ਹਾਲ ਹੋਊ।
                                                                                                              ਅਮਰਜੀਤ ਸਿੰਘ ਢਿੱਲੋਂ ,ਮੋਬਾਈਲ : 98883-47068