ਅੱਜ ਇਕ ਫ਼ੀ ਸਦੀ ਧਨਾਢਾਂ ਕੋਲ ਏਨਾ ਪੈਸਾ ਹੈ ਜਿੰਨਾ ਕੁਲ ਮਿਲਾ ਕੇ ਇਕ ਅਰਬ ਭਾਰਤੀਆਂ ਕੋਲ ਹੈ!
ਭਾਰਤ ਦੇ ਧਨਾਢਾਂ ਦਾ ਕੋਰੋਨਾ ਕਾਲ ਵਿਚ ਵਧਿਆ ਧਨ
ਮੁਹਾਲੀ: ਅੱਜ ਪੂਰੀ ਦੁਨੀਆਂ ਮਨੁੱਖ ਦੀ ਮੁੱਠੀ ਵਿਚ ਬੰਦ ਹੈ। ਸਾਰੇ ਦੇਸ਼ ਇਕ ਸ਼ਹਿਰ ਦੇ ਰੂਪ ਵਿਚ ਮਨੁੱਖ ਦੇ ਸਨਮੁਖ ਹਨ। ਕਿਸੇ ਵੀ ਥਾਂ ਦੀ, ਕਿਸੇ ਵੀ ਘਟਨਾ ਦਾ ਦੁਨੀਆਂ ਦੇ ਨਕਸ਼ੇ 'ਤੇ ਤੁਰਤ ਚਿਤਰਨ ਹੁੰਦਾ ਹੈ। ਇਸ ਵੇਲੇ ਪੂਰੀ ਦੁਨੀਆਂ ਅਰਥਚਾਰੇ ਦੇ ਮੰਦਵਾੜੇ ਵਿਚੋਂ ਲੰਘ ਰਹੀ ਹੈ। ਇਸ ਦਾ ਮੁੱਖ ਕਾਰਨ ਸੰਸਾਰ-ਵਪਾਰ-ਯੁੱਧ ਹੈ। ਇਸ ਸੰਸਾਰ-ਵਪਾਰ-ਯੁੱਧ ਵਿਚ ਅਮੀਰ ਉਦਯੋਗਪਤੀਆਂ ਵਲੋਂ ਕਿਸਾਨਾਂ, ਕਿਰਤੀ ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਦਾ ਐਸੇ ਲੁਕਵੇਂ ਢੰਗ ਨਾਲ ਸ਼ੋਸ਼ਣ ਕੀਤਾ ਗਿਆ ਹੈ ਜਿਸ ਦੀ ਅਰਥਚਾਰੀਆਂ ਨੂੰ ਵੀ ਬਹੁਤ ਦੇਰ ਬਾਅਦ ਜਾ ਕੇ ਸਮਝ ਲੱਗੀ। ਕਥਿਤ ਕੋਰੋਨਾ ਮਹਾਂਮਾਰੀ ਵਿਚ ਆਨ ਲਾਈਨ ਖ਼ਰੀਦਦਾਰੀ ਅਤੇ ਹੋਰ ਜ਼ਰੂਰੀ ਸਵੇਵਾਂ ਦੀ ਮੰਗ ਵਧਣ ਨਾਲ ਇੰਟਰਨੈੱਟ ਨਾਲ ਜੁੜੇ ਕਾਰੋਬਾਰੀਆਂ ਦੀ ਜਾਇਦਾਦ ਵਿਚ ਜਬਰਦਸਤ ਵਾਧਾ ਹੋਇਆ।
ਨੋਟਬੰਦੀ ਨਾਲ ਪੈਸਾ ਬੈਂਕਾਂ ਵਿਚ ਜਮ੍ਹਾਂ ਕਰਵਾ ਲਿਆ ਗਿਆ। ਕੋਰੋਨਾ ਨਾਲ ਲਾਕਡਾਊਨ ਵਿਚ ਹਥਲਾ ਪੈਸਾ ਖਰਚਵਾ ਦਿਤਾ ਗਿਆ। ਇਨ੍ਹਾਂ ਘਟਨਾਵਾਂ ਦੇ ਬਹੁਤ ਘਿਨਾਉਣੇ ਪੱਖ ਹਨ। ਇਥੇ ਇਹ ਸੱਚਾਈ ਹੋਰ ਵੀ ਪੱਕੀ ਹੁੰਦੀ ਹੈ ਕਿ ਅਮੀਰੀ ਦੀ ਮਾਂ ਗ਼ਰੀਬੀ ਹੈ। ਅਮੀਰੀ ਦੀ ਬੁਨਿਆਦ ਗ਼ਰੀਬੀ ਹੈ। ਅਮੀਰੀ ਅਤੇ ਗ਼ਰੀਬੀ ਦੋਵੇਂ ਅਪਣੇ ਸਿਖ਼ਰ ਵਲ ਇਕੱਠੀਆਂ ਵਧਦੀਆਂ ਹਨ। ਕੋਰੋਨਾ ਮਹਾਂਮਾਰੀ ਨਾਲੋਂ ਤਾਂ ਕਿਤੇ ਵਧ ਮੌਤਾਂ, ਨਸ਼ੇ, ਕੈਂਸਰ, ਦੁਰਘਟਨਾਵਾਂ, ਆਤਮ ਹਤਿਆਵਾਂ ਅਤੇ ਲੋੜ ਤੋਂ ਵੱਧ ਆਲ-ਮਾਲ ਖਾਣ ਨਾਲ ਹੁੰਦੀਆਂ ਹਨ। ਕੋਰੋਨਾ ਨਾਲ ਅਮੀਰ ਇਕ ਵੀ ਨਹੀਂ ਮਰਿਆ। ਤ੍ਰਾਸਦੀ ਇਹ ਹੈ ਕਿ ਲੋਕ ਰਾਜ ਦੇ ਬੁਰਕੇ ਹੇਠ ਉਦਯੋਗਪਤੀਆਂ ਦੇ ਰਹਿਮੋ-ਕਰਮ 'ਤੇ ਟੁਟਦੀਆਂ ਬਣਦੀਆਂ ਸਰਕਾਰਾਂ, ਇਨ੍ਹਾਂ ਦੇ ਟੁਕੜਿਆਂ 'ਤੇ ਪਲਦੀਆਂ ਸਰਕਾਰਾਂ, ਲੋਕ ਮੁੱਦਿਆਂ ਵਲੋਂ ਮੂੰਹ ਮੋੜ ਕੇ ਸਰਕਾਰੀ ਤਜੌਰੀਆਂ ਨੇ ਮੂੰਹ ਉਦਯੋਗਪਤੀਆਂ ਲਈ ਖੋਲ੍ਹ ਦਿੰਦੀਆਂ ਹਨ। ਹਨ੍ਹੇਰੀ ਹੋਰ ਵੀ ਉਸ ਵੇਲੇ ਮਚਦੀ ਹੈ ਜਦੋਂ ਉਦਯੋਗਪਤੀਆਂ ਦੇ ਕਰਜ਼ੇ ਅਤੇ ਟੈਕਸ ਮਾਫ਼ ਕਰ ਦਿਤੇ ਜਾਂਦੇ ਹਨ।
ਲਾਕਡਾਊਨ ਵਿਚ ਛੋਟੇ ਦਰਮਿਆਨੇ ਕਾਰੋਬਾਰ ਬੰਦ ਹੋ ਗਏ। ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ। ਔਖੇ ਸਮਿਆਂ ਲਈ ਰਾਖਵਾਂ ਪੈਸਾ ਵੀ ਲੋਕਾਂ ਦੀਆਂ ਜੇਬਾਂ ਵਿਚੋਂ ਨਿਕਲ ਗਿਆ। ਬਹੁਤੇ ਲੋਕਾਂ ਦੇ ਚੁਲ੍ਹਿਆਂ ਵਿਚ ਅੱਗ ਨਾ ਮਚੀ। ਸਮਾਜਕ, ਧਾਰਮਕ ਆਦਿ ਜਥੇਬੰਦੀਆਂ ਨੇ ਭੁੱਖਿਆਂ ਨੂੰ ਦੋ ਡੰਗ ਦੀ ਰੋਟੀ ਦਿਤੀ। ਦੂਜੇ ਪਾਸੇ ਲਾਕਡਾਊਨ, ਉਦਯੋਪਤੀਆਂ ਲਈ ਵਰਦਾਨ ਸਾਬਤ ਹੋਇਆ। ਉਨ੍ਹਾਂ ਦੀਆਂ ਜਾਇਦਾਦਾਂ ਵਿਚ ਅਥਾਹ ਵਾਧਾ ਹੋਇਆ। ਉਦਯੋਗਪਤੀ ਮੁਕੇਸ਼ ਅੰਬਾਨੀ ਨੇ 90 ਕਰੋੜ ਰੁਪਏ ਪ੍ਰਤੀ ਘੰਟੇ ਦੀ ਦਰ ਨਾਲ ਕਮਾਈ ਕੀਤੀ। ਜਾਇਦਾਦ ਵਿਚ 73 ਫ਼ੀ ਸਦੀ ਵਾਧਾ ਹੋਇਆ। ਇਸ ਤਰ੍ਹਾਂ 37.3 ਅਰਬ ਡਾਲਰ ਦੇ ਵਾਧੇ ਨਾਲ ਉਸ ਦੀ ਕੁੱਲ ਜਾਇਦਾਦ 88.7 ਅਰਬ ਡਾਲਰ ਹੋ ਗਈ ਜੋ ਪਿਛਲੇ ਸਾਲ 51.4 ਅਰਬ ਡਾਲਰ ਸੀ। ਆਈ.ਆਈ.ਐਫ਼.ਐਲ. ਵੈਲਥ ਹੁਰੂਨ ਇੰਡੀਆ ਦੀ ਰਿਚ ਲਿਸਟ ਅਨੁਸਾਰ, ਅੰਬਾਨੀ ਦਾ ਨਾਂ ਦੁਨੀਆਂ ਦੇ ਪੰਜ ਅਮੀਰਾਂ ਦੀ ਸੂਚੀ ਵਿਚ ਦਰਜ ਹੋ ਗਿਆ।
ਹੁਰੂਨ ਰਿਚ ਲਿਸਟ ਵਿਚ ਇਕ ਹਜ਼ਾਰ ਕਰੋੜ ਜਾਂ ਇਸ ਤੋਂ ਵਧ ਜਾਇਦਾਦ ਵਾਲੇ ਅਮੀਰਾਂ ਦੇ ਨਾਂ ਦਰਜ ਹੁੰਦੇ ਹਨ। ਇਸ ਸਾਲ ਦੀ ਰਿਚ ਲਿਸਟ ਵਿਚ 828 ਭਾਰਤੀਆਂ ਦੇ ਨਾਂ ਸ਼ਾਮਲ ਹਨ। ਅੰਬਾਨੀ ਪਿਛੋਂ ਹਿੰਦੂਜਾ ਬ੍ਰਦਰਜ਼ 143700 ਕਰੋੜ ਰੁਪਏ ਦਾ ਮਾਲਕ ਦੂਜੇ ਸਥਾਨ ਅਤੇ ਸ਼ਿਵ ਨਾਡਰ 141700 ਕਰੋੜ ਰੁਪਏ ਦਾ ਮਾਲਕ ਤੀਜੇ ਸਥਾਨ 'ਤੇ ਹੈ। ਗੌਤਮ ਅਡਾਨੀ ਚੌਥੇ ਅਤੇ ਅਜ਼ੀਮ ਪ੍ਰੇਮ ਜੀ ਪੰਜਵੇਂ ਸਥਾਨ 'ਤੇ ਹੈ। ਗੌਡਰਿਜ ਸਮੂਹ ਦੀ ਮਾਲਕ ਸਿਮਤਾ ਕਿਰਨ 32400 ਕਰੋੜ ਰੁਪਏ ਅਤੇ ਬਾਇਉਕਾਨ ਲਿਮਟਿਡ ਦੀ ਮਜੂਮਦਾਰ 31600 ਕਰੋੜ ਰੁਪਏ ਦੀ ਮਾਲਕ ਹੈ। ਰਾਧਾ ਕਿਸ਼ਨ ਦਾਮਨੀ, ਸਾਇਰਸ ਘੋਲ ਪੂਨਾਵਾਲਾ, ਉਦੇ ਕੌਟਕ, ਦਿਲੀਪ ਸਿੰਘਵੀ, ਮਾਲੋਨਜੀ ਮਿਸਤਰੀ ਆਦਿ ਸਮੇਤ 828 ਭਾਰਤੀਆਂ ਕੋਲ 821 ਅਰਬ ਡਾਲਰ ਯਾਨੀ 16054500 ਕਰੋੜ ਰੁਪਏ ਹਨ। ਇਨ੍ਹਾਂ ਦੀ ਜਾਇਦਾਦ ਵਿਚ 517.5 ਅਰਬ ਡਾਲਰ ਦਾ ਵਾਧਾ ਹੋਇਆ।
ਹਨੇਰ ਸਾਈਂ ਦਾ, ਲਾਕਡਾਊਨ ਵਿਚ ਮੌਤ ਦੇ ਸਾਏ ਹੇਠ ਡਰੇ, ਘਬਰਾਏ, ਸਹਿਮੇ, ਕੱਖੋਂ ਹੌਲੇ ਕੀਤੇ ਲੋਕ, ਘਰਾਂ ਵਿਚ ਬੰਦ ਕਰ ਦਿਤੇ ਗਏ। ਪਰ ਅਮੀਰਾਂ ਦੀ ਕਮਾਈ ਵਿਚ ਅਥਾਹ ਵਾਧਾ ਹੁੰਦਾ ਰਿਹਾ। ਇਥੇ ਕਥਿਤ ਕੋਰੋਨਾ ਦੇ ਘਪਲੇ ਦੇ ਸ਼ੱਕ ਨੂੰ ਬਲ ਮਿਲਦਾ ਹੈ। ਸਵਿਟਜ਼ਰਲੈਂਡ ਦੇ ਡਾਵੋਸ ਵਿਚ ਵਰਲਡ ਇਕਨੋਮਿਕ ਫੋਰਮ ਵਿਚ ਆਕਸਫ਼ੋਰਮ ਇੰਡੀਆ ਨੇ ਖ਼ੁਲਾਸਾ ਕੀਤਾ ਕਿ ਭਾਰਤ ਦੇ ਇਕ ਫ਼ੀ ਸਦੀ ਧਨਾਢਾਂ ਕੋਲ ਦੇਸ਼ ਦੇ ਇਕ ਅਰਬ ਲੋਕਾਂ ਦੀ ਜਾਇਦਾਦ ਦੇ ਬਰਾਬਰ ਜਾਇਦਾਦ ਹੈ।
ਏਸ਼ੀਆ ਵਿਚ ਦੁਨੀਆਂ ਦੀ ਆਬਾਦੀ ਦਾ ਵੱਡਾ ਹਿਸਾ ਵਸਦਾ ਹੈ। ਏਸ਼ੀਆ ਦੇ ਦੇਸ਼ਾਂ ਵਿਚ ਅਮੀਰੀ ਅਤੇ ਗ਼ਰੀਬੀ ਵਿਚਕਾਰ ਵਧ ਰਹੇ ਪਾੜੇ ਦਾ ਮੁੱਖ ਕਾਰਨ ਜਾਇਦਾਦ ਦੀ ਵੰਡ ਵਿਚ ਅਸਮਾਨਤਾ ਹੈ। ਬਲੂਮ ਬਰਗ ਦੀ ਰੀਪੋਰਟ ਅਨੁਸਾਰ ਏਸ਼ੀਆ ਦੇ 20 ਅਮੀਰ ਪ੍ਰਵਾਰਾਂ ਕੋਲ, ਏਸ਼ੀਆ ਦੇ 20 ਗ਼ਰੀਬ ਦੇਸ਼ਾਂ ਦੀ ਜੀ.ਡੀ.ਪੀ. ਦੇ ਬਰਾਬਰ ਜਾਇਦਾਦ ਹੈ। ਇਨ੍ਹਾਂ 20 ਪ੍ਰਵਾਰਾਂ ਕੋਲ 450 ਬਿਲੀਅਨ ਡਾਲਰ ਤੋਂ ਵੱਧ ਜਾਇਦਾਦ ਹੈ।
ਚੀਨ ਦੀ ਹੁਕੂਨ ਲਿਸਟ ਵਿਚ ਚੀਨ ਦੇ ਉਦਯੋਗਪਤੀ ਜੈਕ ਮਾ ਦੀ ਜਾਇਦਾਦ ਪਿਛਲੇ ਸਾਲ ਨਾਲੋਂ 45 ਫ਼ੀ ਸਦੀ ਵਧ ਕੇ 58.8 ਅਰਬ ਡਾਲਰ ਹੋ ਗਈ। ਮਾ ਹੁਆ ਤੋਂਗ ਦੀ ਜਾਇਦਾਦ 57.4 ਅਰਬ ਡਾਲਰ ਦੂਜੇ ਸਥਾਨ 'ਤੇ ਹੈ। ਝੌਂਗ ਸ਼ਾਨਸ਼ਾਨ 53.7 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹੈ। ਦੁਨੀਆਂ ਦਾ ਸੱਭ ਤੋਂ ਅਮੀਰ ਆਦਮੀ ਬਿੱਲ ਗੇਟਸ ਹੈ। ਉਸ ਦੀ ਜਾਇਦਾਦ 105.7 ਅਮਰੀਕੀ ਅਰਬ ਡਾਲਰ ਹੈ। ਦੂਜਾ ਅਮੀਰ ਆਦਮੀ ਜੈਫ਼ ਬੇਜੋਸ ਹੈ। ਇਸ ਕੋਲ 103.9 ਅਰਬ ਡਾਲਰ ਹੈ। ਇਹ ਦੋਵੇਂ ਅੱਗੇ ਪਿਛੇ ਚਲਦੇ ਹਨ। ਅਮਰੀਕਾ ਦੇ ਇਹ ਅੱਠ ਆਦਮੀ, ਚਾਰਲਸ ਸਿਵਾਬ, ਹਾਰਵਰਡ ਹਬਸਨ, ਆਰਥਰ ਕਟਨ, ਰਿਚਰਡ ਵਿਟਨੇਅ, ਅੋਲਬਰਟ ਫਾਲ, ਜੈਸੀ ਲੀਵਰ, ਲਿਉਨ ਟਰੇਜਰ ਅਤੇ ਈਵਾਨ ਕਰੂਗਰ, ਇਨ੍ਹਾਂ ਕੋਲ ਅਮਰੀਕਾ ਸਰਕਾਰ ਵਲੋਂ ਵੀ ਵਧ ਪੈਸਾ ਸੀ। ਇਹ ਜ਼ਿੰਦਗੀ ਜਿਉਣਾ ਭੁੱਲ ਗਏ ਸਨ। ਸਿਰਫ਼ ਪੈਸਾ ਕਮਾਉਣਾ ਜਾਣਦੇ ਸਨ। ਇਨ੍ਹਾਂ ਨੇ ਗ਼ਰੀਬਾਂ ਦੇ ਮੂੰਹ ਵਿਚੋਂ ਵੀ ਅੱਧੀ ਬੁਰਕੀ ਖੋਹੀ ਤੇ ਆਪ ਵੀ ਬੁਰੀ ਮੌਤ ਮਰੇ। ਕੋਈ ਪਾਗ਼ਲ ਹੋ ਕੇ, ਕੋਈ ਜ਼ਹਿਰ ਖਾ ਕੇ, ਕੋਈ ਜੇਲ ਵਿਚ, ਕੋਈ ਫਾਹਾ ਲੈ ਕੇ, ਅਤੇ ਕੋਈ ਟਰੇਨ ਹੇਠ ਆ ਕੇ ਮਰਿਆ।
ਪੈਸਾ, ਜ਼ਿੰਦਗੀ ਲਈ ਹੁੰਦਾ ਹੈ, ਜ਼ਿੰਦਗੀ ਪੈਸੇ ਲਈ ਨਹੀਂ ਹੁੰਦੀ। ਜ਼ਿੰਦਗੀ ਵਿਚ ਸੱਭ ਕੁੱਝ ਪੈਸਾ ਨਹੀਂ ਹੁੰਦਾ। ਰਾਜਨੀਤੀ ਵਿਚਲਾ ਅਪਰਾਧੀਕਰਨ, ਗ਼ਰੀਬੀ ਪੈਦਾ ਕਰ ਕੇ ਪੈਸਾ ਇਕ ਥਾਂ ਇਕੱਠਾ ਹੋਣ ਨੂੰ ਉਤਸ਼ਾਹਤ ਕਰਦਾ ਹੈ। ਪ੍ਰਧਾਨ ਮੰਤਰੀ ਦਾ ਮੈਕਰੋ ਇਕਨਾਮਿਕਸ ਤੋਂ ਅਣਜਾਣ ਹੋਣਾ, ਬੈਂਕਾਂ ਦੇ ਨੱਪੇ ਗਏ ਪੈਸੇ ਨੂੰ ਐਨ.ਪੀ.ਏ. ਵਿਚ ਪਾਉਣਾ ਵੀ ਅਮੀਰੀ ਅਤੇ ਗ਼ਰੀਬੀ ਵਧਾਉਂਦਾ ਹੈ। ਸਰਕਾਰਾਂ ਦੀ ਰਜਵਾੜਾਸ਼ਾਹੀ ਸੋਚ, ਭ੍ਰਿਸਟਾਚਾਰ, ਫ਼ਿਰਕਾਪ੍ਰਸਤੀ, ਨਫ਼ਰਤ, ਕਠੋਰਚਿਤ ਵਰਗੀਆਂ ਬੁਰਾਈਆਂ ਨੇ ਐਸਾ ਮੁਕਾਮ ਪੈਦਾ ਕਰ ਦਿਤਾ ਹੈ ਕਿ ਅਮੀਰ ਤੇ ਗ਼ਰੀਬ ਇਕ ਦੂਜੇ ਨੂੰ ਦੁਸ਼ਮਣ ਸਮਝਣ ਲੱਗ ਪÂੈ ਹਨ। ਗ਼ਰੀਬਾਂ ਵਿਚ ਅਸੰਤੋਸ਼ ਦੀ ਭਾਵਨਾ ਵਧ ਰਹੀ ਹੈ। ਗ਼ਰੀਬ ਕਹਿ ਰਹੇ ਹਨ ਕਿ ਵੋਟਿੰਗ ਨਾਲ ਨਹੀਂ, ਇਨਕਲਾਬ ਬੰਦੂਕ ਦੀ ਨਾਲੀ ਵਿਚੋਂ ਨਿਕਲਦਾ ਹੈ। ਫ਼ੌਰੀ ਤੌਰ 'ਤੇ ਵੱਧ ਆਰਥਕ ਅਸਮਾਨਤਾ ਵਾਲੇ ਦੇਸ਼ਾਂ ਵਿਚ ਸੰਪਤੀ ਹੱਦ-ਬੰਦੀ ਦੀ ਜ਼ਰੂਰਤ ਹੈ। ਇਸ ਨਾਲ ਵਧ ਪੈਸਾ ਇਕੱਠਾ ਕਰਨ ਦੀ ਦੌੜ ਨੂੰ ਠੱਲ੍ਹ ਪਵੇਗੀ। ਗ਼ਰੀਬਾਂ ਨੂੰ ਕੁੱਲੀ, ਜੁੱਲੀ ਅਤੇ ਗੁੱਲੀ ਦੀ ਸਹੂਲਤ ਸੌਖਿਆਂ ਮਿਲ ਸਕੇਗੀ।
ਜਰਨੈਲ ਸਿੰਘ ਸਿੱਧੂ,ਮੋਬਾਈਲ : 94639-80156