ਭਾਈਚਾਰਕ ਸਾਂਝ ਤੇ ਖ਼ੁਸ਼ੀਆਂ ਦਾ ਤਿਉਹਾਰ ਹੈ ਲੋਹੜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੱਚੇ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਾਲੇ ਘਰਾਂ ਵਿਚ ਲੋਹੜੀ ਦੇ ਵਿਸ਼ੇਸ਼ ਜਸ਼ਨ ਮਨਾਏ ਜਾਂਦੇ ਹਨ

lohri

 

ਮੁਹਾਲੀ: ਪੰਜਾਬੀਆਂ ਵਲੋਂ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋਂ ਬਹੁਤਿਆਂ ਦਾ ਸਬੰਧ ਇਤਿਹਾਸ ਤੇ ਮੌਸਮਾਂ ਨਾਲ ਹੈ। ਬਹੁਤ ਸਾਰੇ ਤਿਉਹਾਰਾਂ ਨੂੰ ਮਨਾਏ ਜਾਣ ਪਿੱਛੇ ਮਿਥਿਹਾਸਕ ਧਾਰਣਾਵਾਂ ਵੀ ਕੰਮ ਕਰਦੀਆਂ ਹਨ। ਪੰਜਾਬੀਆਂ ਵਲੋਂ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋਂ ਇਕ ਹੈ ਲੋਹੜੀ। ਮਾਘ ਮਹੀਨੇ ਦੀ ਸੰਗਰਾਂਦ (ਮਾਘੀ/ਮਕਰ ਸਕਰਾਂਤੀ) ਤੋਂ ਪਹਿਲੀ ਰਾਤ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਦੀਆਂ ਤਿਆਰੀਆਂ ਤਕਰੀਬਨ 15 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਲੋਕ ਖ਼ੁਸ਼ੀਆਂ ਦੇ ਗੀਤ ਗਾ ਕੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ।

ਬੱਚੇ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਾਲੇ ਘਰਾਂ ਵਿਚ ਲੋਹੜੀ ਦੇ ਵਿਸ਼ੇਸ਼ ਜਸ਼ਨ ਮਨਾਏ ਜਾਂਦੇ ਹਨ। ਇਨ੍ਹਾਂ ਘਰਾਂ ਵਲੋਂ ਅਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਰਿਸ਼ਤੇਦਾਰਾਂ, ਗੁਆਢੀਆਂ ਤੇ ਦੋਸਤਾਂ-ਮਿੱਤਰਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਜਾਂਦਾ ਹੈ। ਇਨ੍ਹਾਂ ਘਰਾਂ ਵਿਚ ਲੋਹੜੀ ਦੀ ਰਾਤ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ। ਅਜੋਕੇ ਸਮੇਂ ਵਿਚ ਕਈ ਲੋਕਾਂ ਵਲੋਂ ਇਹ ਤਿਉਹਾਰ ਵਿਆਹਾਂ ਵਾਂਗ ਪੈਲੇਸਾਂ ਵਿਚ ਵੀ ਮਨਾਇਆ ਜਾਂਦਾ ਹੈ ਤੇ ਗਿੱਧੇ-ਭੰਗੜੇ ਪਾਏ ਜਾਂਦੇ ਹਨ। ਕਿਸੇ ਸਮੇਂ ਮੁੰਡੇ ਦੇ ਜਨਮ ਤੇ ਵਿਆਹ ਵਾਲੇ ਘਰਾਂ ਦੀਆਂ ਖ਼ੁਸ਼ੀਆਂ ਤਕ ਸੀਮਤ ਇਸ ਤਿਉਹਾਰ ਦਾ ਬਦਲਦੇ ਸਮੇਂ ਅਨੁਸਾਰ ਘੇਰਾ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ ਹੈ।

ਮੁੰਡੇ ਤੇ ਕੁੜੀ ਵਿਚਲੇ ਲਿੰਗ ਭੇਦ ਨੂੰ ਖ਼ਤਮ ਕਰਨ ਦੀ ਸੋਚ ਰਖਦੇ ਅਗਾਂਹਵਧੂ ਲੋਕਾਂ ਨੇ ਲੜਕੀ ਦੇ ਜਨਮ ਦੀਆਂ ਖ਼ੁਸ਼ੀਆਂ ਨੂੰ ਵੀ ਲੋਹੜੀ ਦੀਆਂ ਖ਼ੁਸ਼ੀਆਂ ਵਿਚ ਸ਼ੁਮਾਰ ਕਰ ਲਿਆ ਹੈ। ਪਿਛਲੇ ਕਈ ਵਰ੍ਹਿਆਂ ਤੋਂ ਲੜਕੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਕਾਫ਼ੀ ਪ੍ਰਚਲਿਤ ਹੋਇਆ ਹੈ। ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਅਪਣੇ ਆਪ ਵਿਚ ਹੀ ਸਮਾਜ ਦੀ ਅਗਾਂਹਵਧੂ ਸੋਚ ਦਾ ਪ੍ਰਮਾਣ ਹੈ।

ਲੋਹੜੀ ਵਾਲੇ ਦਿਨ ਬੱਚੇ ਲੋਹੜੀ ਦੇ ਗੀਤ ‘ਦੇ ਮਾਈ ਪਾਥੀ ਤੇਰਾ ਪੁੱਤਰ ਚੜ੍ਹੇਗਾ ਹਾਥੀ, ਹਾਥੀ ਨੇ ਮਾਰੀ ਟੱਕਰ, ਤੇਰੇ ਪੁੱਤ ਦੀ ਡੁੱਲਗੀ ਸ਼ੱਕਰ’ ਅਤੇ ‘ਦੇ ਮਾਈ ਲੋਹੜੀ, ਤੇਰਾ ਪੁੱਤਰ ਚੜ੍ਹੇਗਾ ਘੋੜੀ’ ਆਦਿ ਗਾਉਂਦੇ ਹੋਏ ਘਰਾਂ ਵਿਚੋਂ ਲੋਹੜੀ ਮੰਗਣ ਜਾਂਦੇ ਹਨ। ਇਸ ਦੌਰਾਨ ਉਹ ਜਿਥੇ ਰਾਤ ਨੂੰ ਸਾੜਨ ਲਈ ਲੱਕੜਾਂ ਤੇ ਪਾਥੀਆਂ ਤੇ ਹੋਰ ਬਾਲਣ ਇਕੱਠਾ ਕਰਦੇ ਹਨ, ਉਥੇ ਖਾਣ ਲਈ ਗਚਕਾਂ, ਰਿਉੜੀਆਂ ਤੇ ਮੂੰਗਫਲੀਆਂ ਵੀ ਇਕੱਠੀਆਂ ਕਰਦੇ ਹਨ। ਲੋਹੜੀ ਵਾਲੀ ਰਾਤ ਸਾਰੇ ਗੁਆਂਢੀਆਂ ਵਲੋਂ ਗਲੀ ਵਿਚ ਸਾਂਝੀ ਲੋਹੜੀ ਬਾਲੀ ਜਾਂਦੀ ਹੈ। ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਗੀਤ ਗਾ ਕੇ ਖ਼ੁਸ਼ੀ-ਖ਼ੁਸ਼ੀ ਲੋਹੜੀ ਮਨਾਈ ਜਾਂਦੀ ਹੈ।

ਲੋਹੜੀ ਦਾ ਪਿਛੋਕੜ ਸਰਦੀ ਦੇ ਮੌਸਮ ਦੀ ਸਮਾਪਤੀ ਨਾਲ ਵੀ ਹੈ। ਕਹਿਰ ਦੀ ਸਰਦੀ ਦਾ ਮੌਸਮ ਇਨਸਾਨਾਂ, ਪਸ਼ੂ-ਪੰਛੀਆਂ ਤੇ ਫ਼ਸਲਾਂ ਲਈ ਖ਼ੁਸ਼ਗਵਾਰ ਨਹੀਂ ਹੁੰਦਾ। ਪੋਹ ਮਹੀਨੇੇ ਦੀ ਸਮਾਪਤੀ ਨਾਲ ਹੀ ਠੰਢ ਦੀ ਸਮਾਪਤੀ ਦਾ ਕਿਆਸ ਕੀਤਾ ਜਾਂਦਾ ਹੈ। ਪੋਹ ਮਹੀਨਾ ਸਮਾਪਤ ਹੋਣ ਉਤੇ ਸੂਰਜ ਤੇਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਦੇ ਮੁਕਾਬਲੇ ਦਿਨਾਂ ਵਿਚ ਵੀ ਫ਼ਰਕ ਪੈ ਜਾਂਦਾ ਹੈ। ਇਸ ਮੌਕੇ ਬਾਲੀ ਜਾਂਦੀ ਵੱਡੀ ਧੂਣੀ ਨੂੰ ਸਰਦੀ ਦੇ ਸੀਜ਼ਨ ਦੀ ਅਖ਼ੀਰਲੀ ਧੂਣੀ ਸਮਝਿਆ ਜਾਂਦਾ ਹੈ। ਧੂਣੀ ਵਿਚ ਤਿਲ ਸੁਟਦਿਆਂ ‘‘ਈਸ਼ਰ ਆਏ ਦਲਿੱਦਰ ਜਾਏ’’ ਦਾ ਗਾਇਆ ਜਾਂਦਾ ਗੀਤ ਵੀ ਠੰਢ ਦੀ ਸਮਾਪਤੀ ਦੀਆਂ ਖ਼ੁਸ਼ੀਆਂ ਵੱਲ ਇਸ਼ਾਰਾ ਕਰਦਾ ਹੈ।

ਲੋਹੜੀ ਦੇ ਤਿਉਹਾਰ ਨਾਲ ਬਹੁਤ ਸਾਰੀਆਂ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਇਨ੍ਹਾਂ ਦੰਦ ਕਥਾਵਾਂ ਵਿਚੋਂ ਇਕ ਦੁੱਲਾ ਭੱਟੀ ਜਿਸ ਦਾ ਪੂਰਾ ਨਾਂ ਅਬਦੁੱਲਾ ਭੱਟੀ ਸੀ, ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ ਪੰਜਾਬ ਦੇ ਮੁਗ਼ਲ ਸਮਰਾਟ ਅਕਬਰ ਵਲੋਂ ਗ਼ੁਲਾਮ ਬਣਾਈਆਂ ਹਿੰਦੂ ਲੜਕੀਆਂ ਸੁੰਦਰੀ ਤੇ ਮੁੰਦਰੀ ਨੂੰ ਦੁੱਲੇ ਭੱਟੀ ਨੇ ਛੁਡਵਾਇਆ ਸੀ। ਸ਼ਾਇਦ ਇਸੇ ਲਈ ਗੀਤ ਗਾਇਆ ਜਾਂਦਾ ਹੈ-
ਸੁੰਦਰ ਮੁੰਦਰੀਏ ਹੋ! ਤੇਰਾ ਕੌਣ ਵਿਚਾਰਾ ਹੋ!
ਦੁੱਲਾ ਭੱਟੀ ਵਾਲਾ ਹੋ! ਧੁੱਲੇ ਦੀ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!.......।

ਇਕ ਹੋਰ ਕਥਾ ਅਨੁਸਾਰ ਦੋ ਸਕੀਆਂ ਭੈਣਾਂ ‘ਹੋਲਿਕਾ ਤੇ ਲੋਹੜੀ’ ਨਾਲ ਵੀ ਲੋਹੜੀ ਦਾ ਸਬੰਧ ਜੋੜਿਆ ਜਾਂਦਾ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਲੋਹੜੀ ਸ਼ਬਦ ਦਾ ਆਗਮਨ ਭਗਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਤੋਂ ਲਿਆ ਗਿਆ ਹੈ। ਇਕ ਹੋਰ ਵਿਚਾਰ ਅਨੁਸਾਰ ਲੋਹੜੀ ਸ਼ਬਦ ਦਾ ਆਗ਼ਮਨ ਗਰਮੀ ਤੇ ਰੌਸ਼ਨੀ ਦੇ ਪ੍ਰਤੀਕ ਸ਼ਬਦ ‘ਲੋਹ’ ਤੋਂ ਹੋਇਆ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਅਨੁਸਾਰ ਹੋਰ ਬਹੁਤ ਸਾਰੇ ਖੇਤਰਾਂ ਵਿਚ ਵੀ ਮਨਾਇਆ ਜਾਂਦਾ ਹੈ। ਸਿੰਧੀ ਲੋਕਾਂ ਵਲੋਂ ‘ਲਾਲ-ਲੋਈ’, ਤਾਮਿਲਨਾਡੂ ਵਿਚ ‘ਪੋਂਗਲ’ ਤੇ ਆਂਧਰਾ ਪ੍ਰਦੇਸ਼ ਵਿਚ ‘ਭੋਗੀ’ ਨਾਵਾਂ ਅਨੁਸਾਰ ਲੋਹੜੀ ਵਰਗਾ ਤਿਉਹਾਰ ਮਨਾਇਆ ਜਾਂਦਾ ਹੈ।

ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚਲਿਤ ਹੋ ਰਹੇ ਰਿਵਾਜ ਨੂੰ ਅਸਲੀ ਮਾਈਨਿਆਂ ਤਕ ਪਹੁੰਚਾਉਣ ਲਈ ਸੋਚ ਵਿਚ ਬਦਲਾਅ ਜ਼ਰੂਰੀ ਹੈ। ਮਹਿਜ਼ ਲੋਹੜੀ ਮਨਾ ਲੈਣ ਨਾਲ ਧੀਆਂ ਦਾ ਕੁੱਝ ਸੰਵਰਨ ਵਾਲਾ ਨਹੀਂ। ਇਸ ਰਿਵਾਜ ਨੂੰ ਮੰਜ਼ਲੇ ਮਕਸੂਦ ਤਕ ਪਹੁੰਚਾਉਣ ਲਈ ਧੀਆਂ ਨੂੰ ਧੁਰ ਅੰਦਰੋਂ ਪੁਤਰਾਂ ਬਰਾਬਰ ਰੁਤਬਾ ਦੇਣਾ ਪਵੇਗਾ, ਜੋ ਅਜੇ ਤਕ ਅਸਲੀਅਤ ਵਿਚ ਨਹੀਂ ਦਿਤਾ ਜਾ ਸਕਿਆ। ਧੀਆਂ ਲਈ ਸੁਰੱਖਿਅਤ ਵਾਤਾਵਰਣ ਸਿਰਜਣਾ ਹੋਵੇਗਾ ਤਾਕਿ ਧੀਆਂ ਨੂੰ ਇਕੱਲਿਆਂ ਚਲਦਿਆਂ ਜਾਂ ਰਹਿੰਦਿਆਂ ਕੋਈ ਖ਼ਤਰਾ ਨਾ ਰਹੇ। ਔਰਤ ਨੂੰ ਔਰਤ ਜਾਤੀ ਦੀ ਮਜ਼ਬੂਤੀ ਲਈ ਪੁਰਸ਼ਾਂ ਨਾਲੋਂ ਜ਼ਿਆਦਾ ਪਹਿਲ ਕਰਨ ਦੀ ਜ਼ਰੂਰਤ ਹੈ। ਅਸਲ ਵਿਚ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਉਸ ਦਿਨ ਅਪਣੇ ਮੰਜ਼ਲੇ ਮਕਸੂਦ ਤਕ ਪਹੁੰਚਿਆ ਸਮਝਿਆ ਜਾਵੇਗਾ ਜਿਸ ਦਿਨ ਸਾਡਾ ਸਮਾਜ ਧੀਆਂ ਜਾਂ ਪੁਤਰਾਂ ਦੀ ਲੋਹੜੀ ਮਨਾਉਣੀ ਬੰਦ ਕਰ ਕੇ ‘ਬੱਚਿਆਂ ਦੀ ਲੋਹੜੀ’ ਮਨਾਉਣੀ ਸ਼ੁਰੂ ਕਰੇਗਾ।