ਰੋਡਵੇਜ਼ ਬਨਾਮ ਔਰਤਾਂ ਦੇ ਫ਼ਰੀ ਝੂਟੇ ਮਾਟੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

‘ਸਰਕਾਰ ਫ਼ੈਸਲਾ ਕਿਤੇ ਮੋਦੀ ਦੇ 15 ਲੱਖ, ਖਾਤਿਆਂ ਵਿਚ ਪਾਉਣ ਵਾਲੇ ਵਰਗਾ ਤਾਂ ਨਹੀਂ!!’

PRTC

ਪੰਜਾਬ ਸਰਕਾਰ ਨੇ ਐਲਾਨ ਤਾਂ ਖ਼ਾਸਾ ਟੈਮ ਪਹਿਲਾਂ ਈ ਕਰਤਾ ਸੀ ਬਈ ‘ਬੀਬੀਆਂ ਨੂੰ ਪੰਜਾਬ ਸਰਕਾਰ ਲੋਹੇ ਦੇ ਘੋੜੇ (ਰੋਡਵੇਜ਼) ਉਤੇ ਮੁਫ਼ਤ ਝੂਟੇ ਮਾਟੇ ਦਿਤੇ ਜਾਣਗੇ।’ ਐਲਾਨ ਸੁਣ ਕੇ ਬੀਬੀਆਂ ਤਾਂ ਬਈ ਫੂਕ ਈ ਛੱਕ ਗਈਆਂ ਪਰ ਛੇਤੀ ਹੀ ਕਿਸੇ ਕਾਰਨਵਸ ਸਰਕਾਰ ਨੂੰ ਅਪਣਾ ਫ਼ੈਸਲਾ ਵਾਪਸ ਲੈਣਾ ਪਿਆ ਤਾਂ ਬੀਬੀਆਂ ਦੀ ਹਾਲਤ ‘ਨਹਾਤੀ ਧੋਤੀ ਰਹਿ ਗਈ ਤੇ ਮੂੰਹ ਉਤੇ ਮੱਖੀ ਬਹਿ ਗਈ’ ਵਾਲੀ ਹੋ ਗਈ। ਹੁਣ ਦੁਬਾਰਾ ਜਦੋਂ ਪੰਜਾਬ ਸਰਕਾਰ ਨੇ ਫਿਰ ਐਲਾਨ ਕੀਤਾ ਕਿ ਬਈ - ‘1 ਅਪ੍ਰੈਲ ਤੋਂ ਬੀਬੀਆਂ ਨੂੰ ਮੁਫ਼ਤ ਝੂਟੇ ਮਾਟੇ ਦੇਵਾਂਗੇ’ ਤਾਂ ਬੀਬੀਆਂ-ਭੈਣਾਂ ਨੇ ‘ਅਪ੍ਰੈਲ ਫ਼ੂਲ’ ਬਣਾ ਰਹੇ ਹੋਣਗੇ, ਸੋਚ ਕੇ ਪਹਿਲਾਂ ਵਾਲਾ ਉਤਸ਼ਾਹ ਜਿਹਾ ਨਾ ਵਿਖਾਇਆ ਪਰ ਸਾਡੇ ਮਹੱਲੇ ਵਾਲੀ ਹੈਪੀ ਦੀ ਮੰਮੀ ਮੈਦਾਨ ਵਿਚ ਨਿੱਤਰ ਆਈ ਇਹ ਵੇਖਣ-ਪ੍ਰਖਣ ਲਈ ਬਈ ‘ਸਰਕਾਰ ਫ਼ੈਸਲਾ ਕਿਤੇ ਮੋਦੀ ਦੇ 15 ਲੱਖ, ਖਾਤਿਆਂ ਵਿਚ ਪਾਉਣ ਵਾਲੇ ਵਰਗਾ ਤਾਂ ਨਹੀਂ!!’

ਹੈਪੀ ਦੀ ਮੰਮੀ ਉਂਜ ਵੀ ਅਜਿਹੇ ਕੰਮਾਂ ਵਿਚ ਬਾਹਲੀ ਉਤਾਵਲੀ ਰਹਿੰਦੀ, ਸੋ ਉਸ ਨੇ ਸੋਚਿਆ ਬਈ ‘ਵਿਹਲ ਦਾ ਫ਼ਾਇਦਾ ਉਠਾਇਆ ਜਾਏ ਤੇ ਸੱਭ ਤੋਂ ਪਹਿਲਾਂ ਖ਼ਬਰ ਦੀ ਸੱਚਾਈ ਦੱਸ ਕੇ ਮਹੱਲੇ ਨੂੰ ਹੈਰਾਨ-ਪ੍ਰੇਸ਼ਾਨ ਕਰਨ ਦਾ ਲੁਤਫ਼ ਉਠਾਈਏ।’ ਲਉ ਜੀ ਇਹ ਮਨ ਵਿਚ ਧਾਰ, ਹੈਪੀ ਦੀ ਮੰਮੀ ਨੇ ਘਰੋਂ ਚੁਕਿਆ ਆਧਾਰ ਕਾਰਡ, ਅਪਣਾ ਨਾਲੇ ਹੈਪੀ ਦੇ ਭਾਪੇ ਦਾ ਵੀ ਤੇ ਪਾ ਦਿਤੇ ਚਾਲੇ ਬੱਸ ਸਟੈਂਡ ਵਲ ਨੂੰ। ਹੈਪੀ ਦੀ ਮੰਮੀ ਮਨ ਵਿਚ ਧਾਰ ਕੇ ਗਈ ਸੀ ਕਿ ਬਈ ‘ਬੱਸ ਚੜ੍ਹਨ ਤੋਂ ਪਹਿਲਾਂ ਹੀ ਪੁੱਛ ਲਵਾਂਗੀ ਕਿ ਜੇ ਕਰਾਇਆ ਮਾਫ਼ ਹੋਇਆ ਤਾਂ ‘ਝੂਟੇ ਮਾਟੇ’ ਲੈ ਆਊਂ, ਨਹੀਂ ਸਰਕਾਰ ਨੂੰ ਲੱਖ ਲਾਹਨਤਾਂ ਪਾ ਆਊਂ।

ਬੱਸ ਸਟੈਂਡ ਪਹੁੰਚ ਕੇ ਹੈਪੀ ਦੀ ਮੰਮੀ ਨੇ ‘ਅੱਕੜ-ਬੱਕੜ, ਬੰਬੇ ਭੌ, ਅੱਸੀ ਨੱਬੇ ਪੂਰੇ ਸੌ’ ਕਹਿ ਕੇ ਇਕ ਲੋਕਲ ਜਹੀ ਸਰਕਾਰੀ ਰੋਡਵੇਜ਼ ਬੱਸ ਦੀ ਬਾਰੀ ਨੂੰ ਹੱਥ ਜਾ ਪਾਇਆ। ਕੰਡਕਟਰ ਪਿਛਲੀ ਸੀਟ ਉਤੇ ਬੈਠਾ ਜ਼ਰਦਾ ਮਲਣ ਦੀ ਰਾਏ ਜਹੀ ਬਣਾ ਰਿਹਾ ਸੀ। ਹੈਪੀ ਦੀ ਮੰਮੀ ਨੇ ਪੈਂਦੀ ਸੱਟੇ ਈ ਪੁੱਛ ਲਿਆ, “ਵੀਰ ਜੀ, ਔਰਤਾਂ ਮੁਫ਼ਤ ਕਰਤੀਆਂ ਕਿ ਨਹੀਂ?” “ਭਲਾ ਔਰਤਾਂ ਕਿਹੜਾ ਪਹਿਲਾਂ ਮੁੱਲ ਮਿਲਦੀਆਂ ਸਨ ਬੀਬੀ ਜੀ?” ਕੰਡਕਟਰ ਨੇ ਪੁੜੀ ਵਿਚੋਂ ਸੁੱਕਾ ਜ਼ਰਦਾ ਅਪਣੀ ਤਲੀ ਉਤੇ ਉਲਟਾਉਂਦਿਆਂ ਪੈਂਦੀ ਸੱਟੇ ਸਵਾਲ ਹੈਪੀ ਦੀ ਮੰਮੀ ਦੇ ਗਿੱਟਿਆਂ ਵਿਚ ਦੇ ਮਾਰਿਆ। ‘‘ਓ ਮੇਰਾ ਮਤਬਲ ਭਾਈ, ਔਰਤਾਂ ਦਾ ਕਰਾਇਆ ਮਾਫ਼ ਕਰ ਦਿਤਾ ਸਰਕਾਰ ਨੇ ਕਿ ਨਹੀਂ?” ‘‘ਕਿਉਂ ਔਰਤਾਂ ਕੀ ਡੀ.ਸੀ. ਲੱਗੀਆਂ ਹੋਈਆਂ ਨੇ?’’  ੰਕੰਡਕਟਰ ਨੇ ਫੇਰ ਗੇਂਦ ਹੈਪੀ ਦੀ ਮੰਮੀ ਦੇ ਪਾਲੇ ਵਿਚ ਦੇ ਮਾਰੀ। “ਵੇ ਭਾਈ, ਤੂੰ ਡੀ.ਸੀ. ਨੂੰ ਵੇਖਿਐ ਕਦੇ ਸਰਕਾਰੀ ਬੱਸ ਚੜ੍ਹਦੇ ਨੂੰ? ਉਨ੍ਹਾਂ ਨੂੰ ਕਿਰਾਇਆ ਭਾਵੇਂ ਮਾਫ਼ ਹੋਵੇ, ਭਾਵੇਂ ਦੁਗਣਾ ਦੇਣਾ ਪਵੇ, ਜਦ ਉਨ੍ਹਾਂ ਬੱਸ ਵਿਚ ਚੜ੍ਹਨਾ ਈ ਨਾ ਹੋਇਆ...।’’ ਅਪਣੀ ਜਾਚੇ ਹੈਪੀ ਦੀ ਮੰਮੀ ਨੇ ਕਰਾਰਾ ਜਿਹਾ ਤਰਕ ਦੇ ਕੇ ਕੰਡਕਟਰ ਨੂੰ ਅੱਗੋਂ ਵਾਧੂ ਦੀ ਭਕਾਈ ਬੰਦ ਕਰਨ ਤੋਂ ਰੋਕਿਆ।

ਪਰ ਕੰਡਕਟਰ ਨੇ ਵੀ ਜ਼ਰਦਾ ਮਲਣ ਦੀ ਮੌਜ ਵਿਚੋਂ ਆਖਿਆ, “ਐਂ ਤਾਂ ਟੌਲ ਬੈਰੀਅਰ ਤੋਂ ਕਿਹੜਾ ਕਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੇ ਲੰਘਣਾ ਹੁੰਦੈ.. ਉਨ੍ਹਾਂ ਨੂੰ ਵੀ ਤਾਂ ਟੌਲ ਫ਼੍ਰੀ ਹੀ ਹੁੰਦੇ ਨੇ?’’ ਕੇਰਾਂ ਤਾਂ ਕੰਡਕਟਰ ਦੀਆਂ ਗੱਲਾਂ ਨਾਲ ਹੈਪੀ ਦੀ ਮੰਮੀ ਬੌਂਦਲ ਜਹੀ ਗਈ ਬਈ ‘‘ਇਹ ਤਾਂ ਪੈਰਾਂ ਉਤੇ ਪਾਣੀ ਹੀ ਨਹੀਂ ਪੈਣ ਦਿੰਦਾ...।’’ ਫਿਰ ਹੈਪੀ ਦੀ ਮੰਮੀ ਵੀ ਆ ਗਈ ਅਪਣੇ ਰੰਗ ਵਿਚ ਕਹਿੰਦੀ, ‘‘ਬੰਦੇ ਦਾ ਪੁੱਤਰ ਬਣ ਕੇ ਦੱਸ, ਬਈ ਪੰਜਾਬ ਸਰਕਾਰ ਨੇ ਜਿਹੜੀ ਇਹ ਗੱਲ ਆਖੀ ਐ ਕਿ ਬਈ 1 ਅਪ੍ਰੈਲ ਤੋਂ ਔਰਤਾਂ, ਦੀ ਟਿਕਟ ਨਹੀਂ ਲਗਣੀ ਸਰਕਾਰੀ ਬਸਾਂ ਵਿਚ, ਉਹ ਫ਼ੈਸਲਾ ਅੱਜ ਤੋਂ ਲਾਗੂ ਹੋ ਗਿਐ ਕਿ ਨਹੀਂ।” ਹੈਪੀ ਦੀ ਮੰਮੀ ਦਾ ਬਦਲਿਆ ਸੁਰ ਸੁਣ ਕੇ, ਸੁੱਕੇ ਜ਼ਰਦੇ ਵਿਚ ਚੂਨਾ ਮਿਲਾਉਣ ਦੀ ਤਿਆਰੀ ਕਰਦਾ ਕੰਡਕਟਰ ਜ਼ਰਾ ਕੁ ਯਰਕਿਆ ਤੇ ਬਾਹਲਾ ਬੋਚ ਕੇ ਕਹਿੰਦਾ,‘‘ਸਾਨੂੰ ਨ੍ਹੀਂ ਕੋਈ ਲਿਖਤੀ ਨੋਟਿਸ ਆਇਆ... ਸੋ ਔਰਤਾਂ ਦੀ ਵੀ ਟਿਕਟ ਲੱਗੂਗੀ।’’

ਕੰਡਕਟਰ ਨੂੰ ਜ਼ਰਦੇ ਵਿਚ ਚੂਨਾ ਪਾ ਕੇ ਤੇ ਜ਼ਰਦੇ ਦੀ ਰਗੜਾਈ ਸ਼ੁਰੂ ਕਰਦਿਆਂ ਵੇਖ ਕੇ ਹੈਪੀ ਦੀ ਮੰਮੀ ਥੋੜੀ ਹੋਰ ਤਿੱਖੀ ਹੋ ਗਈ ਤੇ ਕਹਿੰਦੀ, ‘‘ਵੇ ਭਾਈ, ਮੈਨੂੰ ਚੂਨਾ ਲਾਉਣ ਦੀ ਕੋਸ਼ਿਸ਼ ਨਾ ਕਰੀ। ਅੱਧਾ ਮਹੱਲਾ ਡਰਦੈ ਮੇਰੇ ਤੋਂ। ਜੇ ਸਰਕਾਰ ਨੇ ਖ਼ਬਾਰਾਂ ਵਿਚ ਈ ਦੇ ਦਿਤਾ... ਫਿਰ ਹੋਰ ਤੁਹਾਨੂੰ ਲਿਖਤੀ ਨੋਟਿਸ ਦੇਣ ਵਿਚ ਕੀ ਗੋਡੇ ਰਹਿ ਗਏ...? ਅਖ਼ਬਾਰ-ਅਖ਼ਬੂਰ ਵੀ ਪੜ੍ਹ ਲਿਆ ਕਰੋ ਕਦੇ.... ਕਿ ਪੜ੍ਹਨ ਲਿਖਣ ਵਾਲਾ ਵਰਕਾ ਈ ਪਾੜਿਆ ਹੋਇਐ?’’ ‘‘ਅੱਜ ਵਾਲੇ ਅਖ਼ਬਾਰ ਤੇ ਅਜੇ ਤਾਂ ਡਰਾਈਵਰ ਕਬਜ਼ਾ ਕਰੀ ਬੈਠੇ। ਜੇਕਰ ਉਸ ਕੋਲੋਂ ਸੁੱਖੀਂ-ਸਾਂਦੀਂ ਮੁੜ ਆਇਆ ਤਾਂ ਮੈਂ ਵੀ ਪੜ੍ਹ ਲਵਾਂਗਾ।’’ ਹੈਪੀ ਦੀ ਮੰਮੀ ਨੇ ਤੁਰਤ ਧੌਣ ਘੁਮਾ ਕੇ ਵੇਖਿਆ ਤਾਂ ਡਰਾਈਵਰ ਮੌਜ ਨਾਲ ਬੋਨਟ ਉਤੇ ਅਧਟੇਢਾ ਜਿਹਾ ਹੋਇਆ, ਅਖ਼ਬਾਰ ਦੀਆਂ ਖ਼ਬਰਾਂ ਨੂੰ ਛਕੀ ਜਾ ਰਿਹਾ ਸੀ। ਹੈਪੀ ਦੀ ਮੰਮੀ ਜਾ ਕੇ ਉਸ ਦੇ ਦਵਾਲੇ ਹੋ ਗਈ, “ਵੀਰ ਜੀ, ਔਰਤਾਂ ਵਾਲੀ ਖ਼ਬਰ ਪੜ੍ਹ ਲਈ ਕਿ ਨਹੀਂ?’’ ਡਰਾਈਵਰ ਬੌਂਦਲਿਆ ਜਿਹਾ ਉਠਿਆ।

ਉਸ ਲਈ ਤਾਂ ਜਿਵੇਂ ਹੈਪੀ ਦੀ ਮੰਮੀ ਪ੍ਰਗਟ ਈ ਹੋਈ ਸੀ। ਉਹਨੂੰ ਸਮਝ ਨਾ ਆਵੇ ਬਈ ਆਹ ਔਰਤ ਕੌਣ ਏ ਤੇ ਔਰਤਾਂ ਬਾਰੇ ਕੀ ਪੁੱਛੀ ਜਾ ਰਹੀ ਹੈ। ਮਾੜੀ ਜਹੀ ਸੁਰਤ ਟਿਕਾਣੇ ਜਹੀ ਕਰ ਕੇ, ਸਥਿਤੀ ਤੇ ਸੰਦਰਭ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਫਿਰ ਬੋਲਿਆ, “ਹੈਂਅ ਜੀ!! ਕੀ ਕਿਹਾ ਜੀ?’’ ‘‘ਮੈਂ ਪੁੱਛਿਆ ਵੀਰ ਜੀ, ਬਈ ਔਰਤਾਂ ਵਾਲੀ ਖ਼ਬਰ ਪੜ੍ਹ ਲਈ ਕਿ ਨਹੀਂ?’’ ਡਰਾਈਵਰ ਨੂੰ ਲਗਿਆ ਜਿਵੇਂ ਉਹ ਸੰਨ੍ਹ ਲਗਾਉਂਦੇ ਚੋਰ ਵਾਂਗ ਰੰਗੇ ਹੱਥੀਂ ਫੜਿਆ ਗਿਆ ਹੋਵੇ ਕਿਉਂਕਿ ਹੈਪੀ ਦੀ ਮੰਮੀ ਦੇ ਬੁਲਾਉਣ ਤੋਂ ਪਹਿਲਾਂ ਉਹ ਮਦਹੋਸ਼ ਜਿਹਾ ਹੋਇਆ, ਅਖ਼ਬਾਰ ਦੇ ਰੰਗੀਨ ਪੰਨੇ ਉਤੇ ਛਪੀਆਂ ਫ਼ਿਲਮਅਦਾਕਾਰਾਂ ਦੀਆਂ ਫ਼ੋਟੋਆਂ ਨੂੰ ਵੇਖ-ਵੇਖ ਕੇ ਅਨੰਦ ਉਠਾ ਰਿਹਾ ਸੀ। ਉਸਨੂੰ ਪਤਾ ਨਾ ਲੱਗੇ ਕਿ ਜਵਾਬ ਕੀ ਦੇਵੇ। ਅਖ਼ੀਰ ਬੋਚ ਜੇ ਕੇ ਕਹਿੰਦਾ, “ਨਾ ਜੀ, ਅਜੇ ਖ਼ਬਰ ਤਾਂ ਨਹੀ ਪੜ੍ਹੀ, ਬੱਸ ਫ਼ੋਟੋਆਂ ਈ ਵੇਖੀਆਂ ਨੇ।” ‘‘ਤੇ ਫ਼ੋਟੋਆਂ ਕੀ ਕਹਿੰਦੀਆਂ ਨੇ?” ਹੈਪੀ ਦੀ ਮੰਮੀ ਨੇ ਫਿਰ ਪੈਂਦੀ ਸੱਟੇ ਸਵਾਲ ਦੇ ਮਾਰਿਆ। “ਫ਼ੋਟੋਆਂ ਨੇ ਤਾਂ ਕੀ ਕਹਿਣੈ ਜੀ... ਜੇ ਤੁਹਾਨੂੰ ਕੁੱਝ ਦੱਸ ਦੇਣਗੀਆਂ ਤਾਂ ਪੁੱਛ ਲਉ ਭਾਵੇਂ!!” ਡਰੈਵਰ ਨੇ ਨੀਵੀਂ ਜਹੀ ਪਾ ਕੇ ਫ਼ਿਲਮੀ ਅਦਾਕਾਰਾਂ ਦੀਆਂ ਫ਼ੋਟੋਆਂ ਵਾਲਾ ਸਫਾ ਹੈਪੀ ਦੀ ਮੰਮੀ ਵਲ ਵਧਾ ਦਿਤਾ।

ਹੈਪੀ ਦੀ ਮੰਮੀ ਨੇ ਤਰਦੀ ਜਹੀ ਨਿਗ੍ਹਾ ਫ਼ੋਟੋਆਂ ਉੱਤੇ ਮਾਰੀ ਤੇ ਮੁੜ ਡਰਾਈਵਰ ਨੂੰ ਸਿੱਧੀ ਹੋ ਗਈ, ‘‘ਵੇ ਭਾਈ, ਮੈਂ ਕੀ ਇਨ੍ਹਾਂ ਫ਼ੋਟੂਆਂ ਦਾ ਅਚਾਰ ਪਾਉਣੈ... ਔਰਤਾਂ ਵਾਲੀਆਂ ਖ਼ਬਰਾਂ ਦੱਸ ਕੀ ਕਹਿੰਦੀਆਂ ਨੇ?’’ ‘‘ਹੁਣ ਮੈਨੂੰ ਕੀ ਪਤਾ ਬਈ ਔਰਤਾਂ ਵਾਲੀਆਂ ਖ਼ਬਰਾਂ ਕੀ ਕਹਿੰਦੀਐ, ਜਦ ਮੈਂ ਹਾਲੇ ਪੜ੍ਹੀਆਂ ਈ ਨਹੀਂ।” ਡਰਾਈਵਰ ਭਾਈ ਸਾਹਬ ਤਾਂ ਪੂਰਾ ਬੌਂਦਲਿਆ ਪਿਆ ਸੀ। ਉਸ ਦੇ ਖ਼ਾਨੇ ਹੀ ਨਹੀਂ ਸੀ ਪੈ ਰਹੀ ਇਹ ਗੱਲ ਹੋ ਕੀ ਰਹੀ ਹੈ ਤੇ ਹੈਪੀ ਦੀ ਮੰਮੀ ਪੁੱਛ ਕੀ ਰਹੀ ਏ ਤੇ ਦੱਸ ਕੀ ਰਹੀ ਏ। ਡਰਾਈਵਰ ਨੂੰ ਇੰਜ ਬੌਂਦਲਿਆ ਜਿਹਾ ਵੇਖ ਕੇ, ਕੰਡਕਟਰ ਨੇ ਰਗੜ-ਰਗੜ ਕੇ ਪੰਜੀਰੀ ਬਣਾਇਆ ਜ਼ਰਦਾ ਮੂੰਹ ਵਿਚ ਪਾਇਆ, ਤਾਕੀ ਤੋਂ ਬਾਹਰ ਥੁੱਕ ਕੇ ਡਰਾਈਵਰ ਵਲ ਨੂੰ ਤੁਰਦਾ ਹੋਇਆ ਬੋਲਿਆ, “ਉਹ ਬਈ ਇਹ ਬੀਬੀ ਤਾਂ ਉਹ ਔਰਤਾਂ ਦੀ ਟਿਕਟ ਨਾ ਲੱਗਣ ਵਾਲੇ ਫ਼ੈਸਲੇ ਵਾਲਾ ਕਜੀਆ ਪਾਈ ਬੈਠੀ ਏ... ਸਰਕਾਰ ਅੱਡ ਸਾਡੇ ਲਈ ਨਿੱਤ ਟੋਏ ਪਟਦੀ ਰਹਿੰਦੀ ਹੈ।’’ “ਨਾ ਮੈਂ ਕਾਹਦਾ ਕਜ਼ੀਆ ਪਾ ਲਿਆ!! ਸਿੱਧੇ ਮੂੰਹ ਨਾਲ ਪੁੱਛਿਐ, ਸਿੱਧੇ ਮੂੰਹ ਨਾਲ ਦੱਸ ਦਿਉ...। ਤੁਸੀ ਤਾਂ ਇੰਜ ਸੂਈ ਕੁੱਤੀ ਵਾਂਗ ਪੈ ਗਏ ਜਿਵੇਂ ਤੁਹਾਡੀਆਂ ਜੇਬਾਂ ਉਤੇ ਡਾਕਾ ਵਜਣਾ ਹੁੰਦੈ।”

ਕੰਡਕਟਰ ਨੇ ਹੈਪੀ ਦੀ ਮੰਮੀ ਦਾ ਚੜਿ੍ਹਆ ਸੁਰ ਪਛਾਣ ਕੇ, ਉਸ ਨੂੰ ਰਤਾ ਠੰਢਾ ਕਰਨ ਦੀ ਮਨਸ਼ਾ ਨਾਲ ਕਿਹਾ, “ਓ ਬੀਬੀ ਜੀ, ਪੜ੍ਹੀ-ਲਿਖੀ ਲਗਦੀ ਏਂ ਤੇ ਸਿਆਣੀ ਵੀ... ਪਰ ਕਮਾਲ ਏ ਬਈ ਅਜੇ ਵੀ ਸਰਕਾਰੀ ਲੱਛਿਆਂ ਵਿਚ ਉਲਝੀ ਜਾ ਰਹੀ ਐਂ।” ‘‘ਲੈ ਲੱਛੇ ਕਾਹਦੇ, ਜਦ ਸਾਡੇ ਪੰਜਾਬ ਦੇ  ਮੁੱਖ ਮੰਤਰੀ ਜੀ ਨੇ ਐਲਾਨ ਕਰਿਐ...।’’ ‘‘ਐਲਾਨ ਤਾਂ ਇਹ ਵੀ ਹੋਏ ਵੀ ਕਿ ਪਟਰੌਲ-ਡੀਜ਼ਲ, ਸਿਲੰਡਰ ਸਸਤਾ ਹੋਊ, ਕੀ ਹੋ ਗਿਐ? ਕੰਡਕਟਰ ਵੀ ਕੋਈ ਬੱਗੇ ਕਾਂ ਵੇਲਿਆਂ ਦਾ ਕਾਮਰੇਡ ਲਗਦਾ ਸੀ ਜਿਹੜਾ ਹੈਪੀ ਦੀ ਮੰਮੀ ਨੂੰ ਇਹ ਗੱਲ ਦਸਦਾ ਦਸਦਾ, ਢਾਕ ਉਤੇ ਹੱਥ ਧਰ ਕੇ ਖੜ ਗਿਆ। ਕੰਡਕਟਰ ਦੀ ਧੂੰਆਂਧਾਰ ਤਕਰੀਰ ਨੇ ਹੈਪੀ ਦੀ ਮੰਮੀ ਦੀ ਬੋਲਤੀ ਨੂੰ ਇਕ ਵਾਰ ਤਾਂ ਬਰੇਕ ਲਗਾ ਹੀ ਦਿਤੀ। ਇਸੇ ਦੌਰਾਨ ਡਰਾਈਵਰ ਦੇ ਵੀ ਹਿਸਾਬ ਜਹੇ ਵਿਚ ਆ ਗਈ ਗੱਲ ਬਈ ‘ਗੱਲ ਕੀ ਸੀ? ਉਹ ਵੀ ਤੱਤਾ ਜਿਹਾ ਹੋ ਕੇ ਕਹਿੰਦਾ, ‘‘ਵੇਖ ਬੀਬੀ ਜੀ, ਰੋਡਵੇਜ਼ ਦਾ ਤਾਂ ਪਹਿਲਾਂ ਈ ਮਾੜਾ ਹਾਲ ਏ। ਅਖੇ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ। ਰੋਡਵੇਜ਼ ਦੇ ਤਾਂ ਅਪਣੇ ਗੋਡਿਆਂ ਦਾ ਗਰੀਸ ਮੁੱਕਿਆ ਪਿਐ।

ਸਰਕਾਰ ਨੇ ਇਸ ਦੇ ਗੋਡੇ ਤਾਂ ਕੀ ਬਦਲਾਉਣੇ ਆ, ਪੁੱਠਾ ਹੋਰ ਜੂੜ ਪਾਉਣ ਨੂੰ ਫਿਰਦੇ ਆ ਇਸ ਦੇ ਪੈਰਾਂ ਵਿਚ, ਮੇਰਾ ਮਤਬਲ ਟਾਇਰਾਂ ਵਿਚ..।” “ਓ ਬੀਬੀ ਕਾਹਨੂੰ ਇੰਜ ਹਰ ਵਾਰ ਸਰਕਾਰ ਦੇ ਮੂਹਰੇ ਝੋਲੀ ਚੱਕ ਕੇ ਖੜ ਜਾਨੇ ਓ..!! ਥੋਡੇ ਕੋਲ ਦੇਣ ਨੂੰ ਕਰਾਇਆ ਹੈ ਨਹੀਂ? ਜੇ ਹੈਗਾ ਤਾਂ ਫਿਰ ਕਿਉਂ ਸਰਕਾਰ ਦੇ ਮੂੰਹ ਵਲ ਝਾਕਦੇ ਓ..! ਜੇ ਕਰਾਇਆ ਹੈ ਤਾਂ ਫਿਰ ਸਰਕਾਰ ਤੋਂ ਕੰਮ ਮੰਗੋ, ਜਿਹਦੇ ਨਾਲ ਤੁਸੀ ਹੱਕ-ਹਲਾਲ ਦੀ ਕਮਾਈ ਕਰ ਸਕੋ। ਕਹਿੰਦੇ ਜਿਹਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ। ਜਦ ਜੇਬ ਵਿਚ ਕਰਾਇਆ ਹੋਇਆ ਫਿਰ ਭਾਵੇਂ ਰੋਡਵੇਜ਼ ਚੜ੍ਹੋ, ਭਾਵੇਂ ਰੇਲ ਗੱਡੀ ਵਿਚ ਜਾਉ ਭਾਵੇਂ ਅਪਣੀ ਗੱਡੀ ਵਿਚ ਜਾਉ...। ਆਹ ਫ਼ਿਲਮੀ ਅਦਾਕਾਰਾਂ ਵੇਖ ਲਉ, ਕਦੇ ਵੇਖੀਆਂ ਬਸਾਂ ਵਿਚ ਚੜ੍ਹਦੀਆਂ? ਨਹੀਂ ਵੇਖੀਆਂ। ਬੀਬੀ ਅਦਾਕਾਰਾ ਬਣ, ਭਰੂਪਣ ਨਾ ਬਣ।” 

ਡਰਾਈਵਰ, ਕੰਡਕਟਰ ਦੇ ਅਜੀਬ ਜਹੇ ਤਰਕ ਸੁਣ ਕੇ ਹੈਪੀ ਦੀ ਮੰਮੀ ਦਾ ਤਾਂ ਮੂੰਹ ਈ ਉਤਰ ਗਿਆ। ਉਹ ਉਤਰੇ ਮੂੰਹ ਨਾਲ ਬੱਸ ਵਿਚੋਂ ਉਤਰਨ ਈ ਲੱਗੀ ਸੀ ਕਿ ਡਰਾਈਵਰ ਨੇ ਆਵਾਜ਼ ਮਾਰ ਕੇ ਕਿਹਾ, “ਉਂਜ ਬੀਬੀ ਤੂੰ ਜਾਣਾ ਕਿਥੇ ਸੀ?’’ ‘‘ਮੈਂ ਕਿਹੜੇ ਵਲੈਤ ਜਾਣੈ.. ਸੋਚਿਆ ਸੀ ਬਈ ਕਰਾਇਆ ਮਾਫ਼ ਕਰਤਾ ਸਰਕਾਰ ਨੇ, ਚੱਲ ਬੱਸ ਦਾ ਮੁਫ਼ਤ ਝੂਟਾ ਈ ਲੈ ਆਵਾਂ...!” “ਅੱਛਾ ਮਤਬਲ ਕੰਮ ਕੋਈ ਨਹੀਂ, ਜਾਣਾ ਵੀ ਕਿਤੇ ਨਹੀਂ, ਬੱਸ ਉਂਜ ਈ ਸਰਕਾਰ ਨੂੰ ਟੈਸਟਰ ਲਾ-ਲਾ ਚੈੱਕ ਕਰਦੀ ਫ਼ਿਰਦੀ ਏਂ ਕਿ ਬਈ ਤਾਰਾਂ ਵਿਚ ਕਰੰਟ ਹੈਗਾ ਵੀ ਆ ਕਿ ਨਹੀਂ।” ਕੰਡਕਟਰ ਨੇ ਆਹ ਗੱਲ ਕਹਿ ਤਾਂ ਦਿਤੀ ਹੈਪੀ ਦੀ ਮੰਮੀ ਦਾ ਲਾਲ ਹੋਇਆ ਚਿਹਰਾ ਵੇਖ ਕੇ ਉਹਦੇ ਮੂੰਹ ਦਾ ਰੰਗ ਇਉਂ ਉੱਡ ਗਿਆ ਜਿਵੇਂ ਉਸ ਨੇ ਟਰਾਂਸਫ਼ਾਰਮਰ ਦੀਆਂ ਨੰਗੀਆਂ ਤਾਰਾਂ ਨੂੰ ਪੁੱਠਾ ਹੱਥ ਲਗਾ ਕੇ ਕਰੰਟ ਚੈੱਕ ਕਰ ਲਿਆ ਹੁੰਦੈ। ਤੁਰਤ ਹੀ ਡਰਾਈਵਰ ਨੇ ਗੱਲ ਸਾਂਭੀ, “ਆਜਾ ਬੀਬੀ ਬਹਿ ਜਾ, ਚੱਲ ਵੜ ਜਿਥੇ ਵੀ ਜਾਣੈ, ਨਹੀਂ ਲੈਂਦੇ ਤੈਥੋਂ ਕਿਰਾਇਆ।’’

ਡਰਾਈਵਰ ਨੇ ਰਾਜਿਆਂ ਵਾਲੀ ਫ਼ੀਲਿੰਗ ਜਹੀ ਲੈਂਦਿਆਂ ਤੇ ਦਿੰਦਿਆਂ ਕਿਹਾ ਜਿਸ ਨੂੰ ਸੁਣ ਕੇ ਹੈਪੀ ਦੀ ਮੰਮੀ ਦਾ ਉਤਰਿਆ ਚਿਹਰਾ ਮੁੜ ਖਿੜ ਗਿਆ ਤੇ ਉਹ ਤਿੰਨਾਂ ਵਾਲੀ ਸੀਟ ਉਤੇ ਜਾ ਕੇ ਮਹਾਂਰਾਜਿਆਂ ਵਾਂਗ ਵਿੱਛ ਗਈ। ਕੰਡਕਟਰ-ਡਰਾਈਵਰ ਉਤੇ ਚੜ੍ਹ ਗਿਆ, ਦਬਵੀਂ ਜਹੀ ਸੁਰ ਵਿਚ ਕਹਿੰਦਾ, “ਲੈ ਆਹ ਕੀ ਗੱਲ ਬਣੀ? ਬਿਨਾਂ ਕਿਰਾਏ ਤੋਂ ਕਿਵੇਂ ਲੈ ਜਾਈਏ? ਜੇ ਚੈਕਿੰਗ ਹੋ ਗਈ ਰਾਹ ਵਿਚ ਫਿਰ?’’ ਡਰਾਈਵਰ ਨੇ ਵੀ ਦੱਬਵੀਂ ਆਵਾਜ਼ ਵਿਚ ਕਿਹਾ, “ਫਿਰ ਆਪਾਂ ਨੂੰ ਕੀ? ਕਹਿ ਦਿਆਂਗੇ ਬਈ ਬਥੇਰਾ ਕਿਹਾ ਟਿਕਟ ਕਟਾ ਲਉ ਪਰ ਕਹਿੰਦੀ, ਬਈ ਸਰਕਾਰ ਨੇ ਕਿਹੈ ਔਰਤਾਂ ਦੀ ਟਿਕਟ ਲਗਦੀ ਹੀ ਨਹੀਂ...। ਉਹ ਮੁੜ ਕੇ ਆਪੇ ਨਿੱਬੜ ਲੈਣਗੇ। ਬਾਕੀ ਇਸ ਨੂੰ ਜਿਥੇ ਤਾਰਾਂਗੇ, ਉਥੋਂ ਜਦੋਂ ਮੁੜਦੀ ਬੱਸ ਕਰਾਇਆ ਲਗਾ ਕੇ ਆਉਣਾ ਪਊ... ਇਸ ਨੂੰ ਆਪੇ ਪਤਾ ਲੱਗੂ।’’ ਏਨਾ ਆਖ ਕੇ ਡਰਾਈਵਰ ਨੇ ਖਚਰਾ ਜਿਹਾ ਹਸਦਿਆਂ ਬੱਸ ਦੀ ਸੈਲਫ਼ ਮਾਰ ਦਿਤੀ ਤੇ ਕੰਡਕਟਰ ਨੇ ਵੀ ਲੰਮੀ ਸੀਟੀ ਮਾਰ ਕੇ ਸਰਕਾਰੀ ਜਹਾਜ਼ ਦਰਿਆ ਵਿਚ ਰੋੜ੍ਹਨ ਲਈ ਹਰੀ ਝੰਡੀ ਦੇ ਦਿਤੀ। ਪੰਜਾਬ ਰੋਡਵੇਜ਼ ਵਿਚ ਹੈਪੀ ਦੀ ਮੰਮੀ ਫ਼੍ਰੀ ਝੂਟੀ ਦਾ ਮਜ਼ਾ ਲੈਂਦਿਆਂ ਤੇ ਪੰਜਾਬ ਸਰਕਾਰ ਦੇ ਗੁਣ ਗਾਂਦੀ ਹੋਈ, ਇਉਂ ਲੋਟ ਜਿਹੇ ਹੋ ਕੇ ਬਹਿ ਗਈ ਜਿਵੇਂ ਉਹ ਰੋਡਵੇਜ਼ ਵਿਚ ਨਹੀਂ, ਟਾਈਟੈਨਿਕ ਜਹਾਜ਼ ਵਿਚ ਬਹਿ ਕੇ ਲੰਡਨ ਨੂੰ ਚੱਲੀ ਹੋਵੇ।
ਸਰਬਜੀਤ,  ਪਟਿਆਲਾ,  ਸੰਪਰਕ : 98884-03128