ਮੀਡੀਏ ਵਲੋਂ ਦੇਸ਼ ਦੀ ਫ਼ਿਜ਼ਾ ਅੰਦਰ ਘੋਲੀ ਜਾ ਰਹੀ ਫ਼ਿਰਕੂ ਜ਼ਹਿਰ ਕੋਰੋਨਾ ਤੋਂ ਵੀ ਵੱਧ ਘਾਤਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਦੇ ਸੰਦਰਭ ਵਿਚ .ਮੀਡੀਏ ਤੇ ਸੋਸ਼ਲ ਮੀਡੀਏ ਦੀ ਭੂਮਿਕਾ ਕੋਈ ਬਹੁਤ ਸੁਹਿਰਦਤਾ ਵਾਲੀ ਨਹੀਂ ਮੰਨੀ ਜਾ ਸਕਦੀ।

File Photo

ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਦੇ ਸੰਦਰਭ ਵਿਚ .ਮੀਡੀਏ ਤੇ ਸੋਸ਼ਲ ਮੀਡੀਏ ਦੀ ਭੂਮਿਕਾ ਕੋਈ ਬਹੁਤ ਸੁਹਿਰਦਤਾ ਵਾਲੀ ਨਹੀਂ ਮੰਨੀ ਜਾ ਸਕਦੀ। ਇਸ ਸਮੇਂ ਵੇਖਿਆ ਗਿਆ ਹੈ ਕਿ ਮੀਡੀਏ ਦਾ ਵੱਡਾ ਹਿੱਸਾ ਕੋਰੋਨਾ ਮਹਾਂਮਾਰੀ ਲਈ ਕੁੱਝ ਇਕ ਖ਼ਾਸ ਫ਼ਿਰਕਿਆਂ ਨੂੰ ਨਿਸ਼ਾਨਾ ਬਣਾਉਂਦਾ ਆ ਰਿਹਾ ਹੈ। ਪਿਛਲੇ ਦਿਨਾਂ ਤੋਂ ਜਿਹੜੇ ਸ਼ਰਧਾਲੂ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਹਨ, ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਅਜਿਹਾ ਵਰਤਾਉ ਕੀਤਾ ਜਾ ਰਿਹਾ ਹੈ, ਜਿਵੇਂ ਉਹ ਸ਼ਰਧਾਲੂ ਨਾ ਹੋ ਕੇ ਅਤਿਵਾਦੀ ਹੋਣ ਜਿਹੜੇ ਹਜ਼ੂਰ ਸਾਹਿਬ ਤੋਂ ਜਾਣਬੁੱਝ ਕੇ ਬੀਮਾਰੀ ਫੈਲਾਉਣ ਦੇ ਇਰਾਦੇ ਨਾਲ ਕੋਰੋਨਾ ਵਾਇਰਸ ਲੈ ਕੇ ਆਏ ਹੋਣ।

ਸੋ ਅਜਿਹੇ ਮੌਕੇ ਮੀਡੀਏ ਦੀ ਭੂਮਿਕਾ ਸਾਰਥਕ ਹੋਣੀ ਚਾਹੀਦੀ ਹੈ। ਪਰ ਇਥੋਂ ਦਾ ਮੀਡੀਆ ਤੇ ਸੋਸ਼ਲ ਮੀਡੀਏ ਤੇ ਸਰਗਰਮ ਘੱਟ-ਗਿਣਤੀ ਵਿਰੋਧੀ ਲਾਬੀ ਵਲੋਂ ਸਾਰੀ ਤਾਕਤ ਹਜ਼ੂਰ ਸਾਹਬ ਤੋਂ ਵਾਪਸ ਲਿਆਂਦੇ ਗਏ ਯਾਤਰੂਆਂ ਨੂੰ ਬਦਨਾਮ ਕਰਨ ਤੇ ਖ਼ਰਚ ਕੀਤੀ ਜਾ ਰਹੀ ਹੈ, ਜਦੋਂ ਕਿ ਕੋਰੋਨਾ ਪਾਜ਼ੇਟਿਵ ਪਾਏ ਗਏ ਯਾਤਰੀਆਂ ਦੀ ਅਸਲ ਸਚਾਈ ਸਬੰਧੀ ਗੁਰਦਵਾਰਾ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਨੇ ਸੋਸ਼ਲ ਮੀਡੀਏ ਤੇ ਵੀਡੀਉ ਸਾਂਝੀ ਕਰ ਕੇ ਵਿਸਥਾਰ ਨਾਲ ਦਸਿਆ ਹੈ ਕਿ ਨੰਦੇੜ ਸ਼ਹਿਰ ਵਿਚ ਇਕ ਵੀ ਕੇਸ ਕੋਰੋਨਾ ਦਾ ਨਹੀਂ ਹੈ ਤੇ ਗੁਰਦਵਾਰਾ ਸਾਹਿਬ ਵਿਚ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਵੀਡੀਉ ਵਿਚ ਮੀਡੀਏ ਵਲੋਂ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਤੇ ਹੈਰਾਨੀ ਪ੍ਰਗਟ ਕਰਦਿਆਂ, ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਸੰਗਤਾਂ ਦੇ ਤਿੰਨ-ਤਿੰਨ ਵਾਰੀ ਕੋਰੋਨਾ ਸਬੰਧੀ ਮੁਢਲੇ ਟੈਸਟ ਕੀਤੇ ਜਾ ਚੁੱਕੇ ਹਨ ਪਰ ਕਿਸੇ ਵੀ ਵਿਅਕਤੀ ਵਿਚ ਅਜਿਹੇ ਲੱਛਣ ਨਹੀਂ ਪਾਏ ਗਏ। ਫਿਰ ਪੰਜਾਬ ਪਹੁੰਚਦਿਆਂ ਹੀ ਉਹ ਕੋਰੋਨਾ ਤੋਂ ਪੀੜਤ ਕਿਵੇਂ ਹੋ ਗਏ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੀ ਸਿੱਖ ਸ਼ਰਧਾਲੂਆਂ ਨੂੰ ਕਿਸੇ ਸਾਜ਼ਸ਼ ਅਧੀਨ ਨਿਸ਼ਾਨਾ ਬਣਾਏ ਜਾਣ ਤੇ ਸ਼ੱਕ ਪ੍ਰਗਟ ਕੀਤਾ ਜਾ ਚੁੱਕਾ ਹੈ।

ਉਧਰ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੇ ਸੋਸ਼ਲ ਮੀਡੀਏ ਉਤੇ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਸ਼ਰਧਾਲੂਆਂ ਨੂੰ ਕੋਰੋਨਾ ਪਾਜ਼ੇਟਿਵ ਪ੍ਰਚਾਰੇ ਜਾਣ ਉਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਜਾਂਚ ਕੀਤੇ ਜਾਣ ਤੋਂ ਪਹਿਲਾਂ ਹੀ ਮੀਡੀਏ ਵਲੋਂ ਸਾਨੂੰ ਕੋਰੋਨਾ ਪਾਜ਼ੇਟਿਵ ਹੋਣ ਦੇ ਸਰਟੀਫ਼ੀਕੇਟ ਕਿਸ ਦੇ ਕਹਿਣ ਉਤੇ ਦਿਤੇ ਜਾ ਰਹੇ ਹਨ? ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਭਾਰਤੀ ਮੀਡੀਏ ਦੀ ਭਰੋਸੇਯੋਗਤਾ ਵਿਚ ਯਕੀਨ ਰਖਦੇ ਸਨ। ਟੈਲੀਵਿਜ਼ਨ ਦਾ ਬਟਨ ਦਬਾਉਣ ਉਪਰੰਤ ਖ਼ਬਰਾਂ ਵਾਲੇ ਚੈਨਲ ਲੱਭਣ ਲੱਗ ਪੈਂਦੇ ਸਨ, ਤਾਕਿ ਦੇਸ਼ ਦੁਨੀਆਂ ਦੀ ਤਾਜ਼ਾ ਜਾਣਕਾਰੀ ਮਿਲ ਸਕੇ।

ਹਰ ਪਾਸੇ ਦੀ ਸਹੀ ਜਾਣਕਾਰੀ, ਉਹ ਭਾਵੇਂ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਹੋਵੇ, ਦੇਸ਼ ਦੇ ਵੱਡੇ ਕਾਰੋਬਾਰੀਆਂ ਵਲੋਂ ਟੈਕਸ ਚੋਰੀ ਦੇ ਰੂਪ ਵਿਚ ਦੇਸ਼ ਦੀ ਆਰਥਕਤਾ ਦੀ ਕੀਤੀ ਜਾਂਦੀ ਲੁੱਟ ਦੀ ਗੱਲ ਹੋਵੇ, ਕਾਰਖਾਨੇਦਾਰਾਂ ਵਲੋਂ ਅਪਣੇ ਮੁਲਾਜ਼ਮਾਂ ਦੇ ਕੀਤੇ ਜਾਂਦੇ ਸ਼ੋਸ਼ਣ ਦੀ ਗੱਲ ਹੋਵੇ ਜਾਂ ਫਿਰ ਸਿਆਸੀ ਪੁਸ਼ਤਪਨਾਹੀ ਨਾਲ ਪਲ ਰਹੇ ਡੇਰਾਵਾਦ ਦੀ ਗੱਲ ਹੋਵੇ, ਭਾਵ ਹਰ ਤਰ੍ਹਾਂ ਦੀ ਜਾਣਕਾਰੀ ਟੈਲੀਵਿਜ਼ਨ ਚੈਨਲਾਂ ਉਤੇ ਨਸ਼ਰ ਹੋ ਜਾਇਆ ਕਰਦੀ ਸੀ। ਮੀਡੀਏ ਦੀ ਭਰੋਸੇਯੋਗਤਾ ਖ਼ਤਮ ਕਰਨ ਤੇ ਅਪਣੇ ਹਿਤਾਂ ਲਈ ਇਸਤੇਮਾਲ ਕਰਨ ਖ਼ਾਤਰ ਦੇਸ਼ ਦੀ ਸਰਮਾਏਦਾਰ ਜਮਾਤ ਨੇ ਟੈਲੀਵਿਜ਼ਨ ਨੈਟਵਰਕ ਤੇ ਕਬਜ਼ਾ ਜਮਾ ਲਿਆ।

ਰਾਸ਼ਟਰੀ ਟੀ.ਵੀ. ਚੈਨਲ ਜਾਂ ਤਾਂ ਦੇਸ਼ ਦੇ ਸ਼ਰਮਾਏਦਾਰ ਨੇ ਸਰਕਾਰ ਦੀ ਮਿਲੀਭੁਗਤ ਨਾਲ ਖ਼ਰੀਦ ਲਏ ਜਾਂ ਫਿਰ ਜਿਹੜੇ ਖ਼ਰੀਦੇ ਨਹੀਂ ਜਾ ਸਕੇ, ਉਨ੍ਹਾਂ ਨੂੰ ਹਕੂਮਤੀ ਜਬਰ ਨਾਲ ਬੰਦ ਕਰਵਾ ਦਿਤਾ ਗਿਆ। ਲਿਹਾਜ਼ਾ ਲੋਕ ਪੱਖੀ ਮੀਡੀਏ ਦੇ ਯੁਗ ਦਾ ਅੰਤ ਹੋ ਗਿਆ ਜਿਸ ਤਰ੍ਹਾਂ ਭਾਰਤੀ ਮੀਡੀਆ ਮੌਜੂਦਾ ਸਮੇਂ ਵਿਚ ਜੋ ਭੂਮਿਕਾ ਨਿਭਾਅ ਰਿਹਾ ਹੈ, ਉਹ ਸਮੁੱਚੇ ਦੇਸ਼ ਦੇ ਹਿੱਤ ਵਿਚ ਨਹੀਂ ਹੈ ਬਲਕਿ ਦੇਸ਼ ਨੂੰ ਜਾਤਾਂ, ਨਸਲਾਂ, ਧਰਮਾਂ, ਮਜ਼ਹਬਾਂ ਵਿਚ ਵੰਡਣ ਵਾਲੀ ਜਮਾਤ ਦੀ ਸੋਚ ਨੂੰ ਹਵਾ ਦੇ ਕੇ ਦੇਸ਼ ਨੂੰ ਤੋੜਨ ਵਾਲੇ ਪਾਸੇ ਵੱਧ ਰਿਹਾ ਹੈ।

ਜਿਵੇਂ ਬੀਤੇ 5-7 ਸਾਲਾਂ ਤੋਂ ਦੇਸ਼ ਦੇ ਹਾਲਾਤ ਬਣੇ ਹੋਏ ਹਨ, ਉਸ ਵਿਚ ਨਫ਼ਰਤ ਦੀ ਚਿੰਗਾਰੀ ਨੂੰ ਭਾਂਬੜ ਬਣਾਉਣ ਵਿਚ ਭਾਰਤੀ ਇਲੈਕਟ੍ਰਾਨਿਕ ਮੀਡੀਏ ਦੀ ਸੱਭ ਤੋਂ ਵੱਡੀ ਭੂਮਿਕਾ ਰਹੀ ਹੈ। ਲਿਹਾਜ਼ਾ ਦੇਸ਼ ਅੰਦਰ ਨਸਲੀ ਵਿਤਕਰੇਬਾਜ਼ੀ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ, ਬਹੁਤ ਸਾਰੇ ਸੂਬੇ ਅਜਿਹੇ ਹਨ, ਜਿਥੇ ਧਰਮ, ਜਾਤਾਂ ਦੇ ਨਾਂ ਉਤੇ ਲੜਾਈਆਂ ਹੁੰਦੀਆਂ ਹਨ, ਦੰਗੇ ਹੁੰਦੇ ਹਨ। ਇਸ ਸੱਭ ਨੂੰ ਭਾਰਤੀ ਮੀਡੀਆ, ਅੱਗ ਤੇ ਫੂਸ ਪਾਉਣ ਵਾਲੀ ਭੂਮਿਕਾ ਅਦਾ ਕਰਦਾ ਹੋਇਆ ਇਸ ਤਰ੍ਹਾਂ ਪੇਸ਼ ਕਰਦਾ ਹੈ ਜਿਸ ਉਤੇ ਸੁਣਨ ਵਾਲੇ ਤੇ ਵੇਖਣ ਵਾਲੇ ਲੋਕਾਂ ਦੇ ਮਨਾਂ ਵਿਚ ਕਿਸੇ ਵਿਸ਼ੇਸ਼ ਫ਼ਿਰਕੇ ਜਾਂ ਜਾਤ ਪ੍ਰਤੀ ਨਫ਼ਰਤ ਪੈਂਦਾ ਹੋਣੀ ਸੁਭਾਵਕ ਹੁੰਦੀ ਹੈ। ਅਖ਼ੀਰ ਲੋਕ ਮਨਾਂ ਅੰਦਰ ਪੈਦਾ ਹੋਈ ਇਹ ਨਫ਼ਰਤ ਆਪਸੀ ਭਾਈਚਾਰਕ ਸਾਂਝਾਂ ਦੀ ਕਾਤਲ ਹੋ ਨਿਬੜਦੀ ਹੈ।

ਸੋ ਇਸ ਤਰ੍ਹਾਂ ਦੀ ਫੁੱਟ ਪਾਊ ਭੂਮਿਕਾ ਅਦਾ ਕਰਦਾ ਭਾਰਤੀ ਮੀਡੀਆ ਇਕ ਖ਼ਾਸ ਜਮਾਤ ਦੇ ਫ਼ਿਰਕੂ ਏਜੰਡੇ ਉਤੇ ਕੰਮ ਕਰਦਾ ਪ੍ਰਤੀਤ ਹੁੰਦਾ ਹੈ। ਅੱਜ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਬਣਾਏ ਜਾ ਰਹੇ ਹਨ, ਉਸ ਦਾ ਸਪੱਸ਼ਟ ਰੂਪ ਵਿਚ ਇਹ ਅਰਥ ਹੈ ਕਿ ਆਉਣ ਵਾਲੇ ਸਮੇਂ ਵਿਚ ਦਲਿਤਾਂ ਤੇ ਘੱਟ ਗਿਣਤੀਆਂ ਦੇ ਹੱਕ ਹਕੂਕ ਦਾ ਹੋਰ ਬਰੇਹਿਮੀ ਨਾਲ ਘਾਣ ਹੋਵੇਗਾ। ਉਦੋਂ ਭਗਵੇਂ ਬ੍ਰਿਗੇਡ ਦੇ ਮੀਡੀਆ ਵਿੰਗ ਵਜੋਂ ਵਿਚਰ ਰਹੇ ਭਾਰਤੀ ਮੀਡੀਏ ਦੀ ਭੂਮਿਕਾ ਜਮਹੂਰੀਅਤ ਤੇ ਇਨਸਾਫ਼ ਪਸੰਦ ਲੋਕਾਂ ਦੀ ਨਜ਼ਰ ਵਿਚ ਲੋਕ ਵਿਰੋਧੀ ਤੇ ਫ਼ਿਰਕੂ ਸਰਮਾਏਦਾਰੀ ਜਮਾਤ ਪੱਖੀ ਹੋਵੇਗੀ।

ਜੇਕਰ ਭਾਰਤੀ ਮੀਡੀਆ ਅਪਣੀ ਬਣਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਜਾਤਾਂ, ਨਸਲਾਂ, ਧਰਮਾਂ ਤੋਂ ਉਪਰ ਉਠ ਕੇ ਨਿਭਾਉਣ ਲਈ ਪਾਬੰਦ ਹੁੰਦਾ ਤਾਂ ਜਿਹੜੇ ਹਾਲਾਤ ਦੇਸ਼ ਦੇ ਅੱਜ ਬਣ ਚੁੱਕੇ ਹੋਏ ਹਨ, ਸ਼ਾਇਦ ਉਹ ਨਾ ਬਣਦੇ। ਇਹ ਬੇਹਦ ਸ਼ਰਮਨਾਕ ਵਰਤਾਰਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਭਾਰਤ ਅੰਦਰ ਮੀਡੀਆ ਅਪਣੀਆਂ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਸਿੱਧੇ ਰੂਪ ਵਿਚ ਇਕ ਧਿਰ ਦੇ ਬੁਲਾਰੇ ਦੇ ਰੂਪ ਵਿਚ ਵਿਚਰਦਾ ਆ ਰਿਹਾ ਹੈ। ਬੇਸ਼ਕ ਸਾਰਾ ਸੰਸਾਰ ਹੀ ਪੈਸੇ ਦੀ ਦੌੜ ਵਿਚ ਇਕ ਦੂਜੇ ਤੋਂ ਅਗੇ ਨਿਕਲਣ ਲਈ ਯਤਨਸ਼ੀਲ ਹੈ ਪਰ ਜਿਸ ਤਰ੍ਹਾਂ ਭਾਰਤੀ ਮੀਡੀਏ ਨੇ ਅਪਣੇ ਉੱਚੇ ਸੁੱਚੇ ਅਦਰਸ਼ਾਂ ਨੂੰ ਪਦਾਰਥ ਤੇ ਸੁਆਰਥ ਪਿੱਛੇ ਤਿਆਗ ਦਿਤਾ ਹੈ, ਅਜਿਹੀ ਮਿਸਾਲ ਦੁਨੀਆਂ ਦੇ ਹੋਰ ਕਿਸੇ ਖ਼ਿੱਤੇ ਵਿਚ ਨਹੀਂ ਮਿਲਦੀ।

ਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰ, ਐਂਕਰ ਜਦੋਂ ਕਿਸੇ ਵਿਰੋਧੀ ਵਿਚਾਰਾਂ ਵਾਲੇ ਵਿਅਕਤੀ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਤਾਂ ਇੰਜ ਜਾਪਦਾ ਹੈ ਕਿ ਕੋਈ ਪੱਤਰਕਾਰ ਨਹੀਂ, ਬਲਕਿ ਕੋਈ ਕਿਸੇ ਖ਼ਾਸ ਧਿਰ ਦਾ ਨੁਮਾਇੰਦਾ ਪੱਤਰਕਾਰੀ ਦੇ ਡਰ ਤੇ ਰੋਹਬ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਚਿੱਤ ਕਰਨਾ ਚਾਹੁੰਦਾ ਹੈ। ਅਜਿਹਾ ਵਰਤਾਰਾ ਭਾਰਤੀ ਟੀ.ਵੀ. ਚੈਨਲਾਂ ਤੇ ਅੱਜ ਆਮ ਵੇਖਣ ਸੁਣਨ ਨੂੰ ਮਿਲਦਾ ਹੈ। ਹਰ ਗੱਲ, ਹਰ ਮੁੱਦੇ ਉਤੇ ਨਸਲੀ ਵਿਤਕਰੇ ਭਰੀ ਪੱਤਰਕਾਰੀ ਨਾਲ ਕਿਸੇ ਇਕ ਫ਼ਿਰਕੇ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਹੈ।

ਫਿਰ ਉਸ ਮੁੱਦੇ ਉਤੇ ਡਿਬੇਟ ਕਰਵਾਈ ਜਾਂਦੀ ਹੈ, ਡਿਬੇਟ ਵਿਚ ਇਕ ਨੁਮਾਇੰਦਾ ਉਸ ਪੀੜਤ ਧਿਰ ਦਾ ਸ਼ਾਮਲ ਕੀਤਾ ਜਾਂਦਾ ਹੈ, ਜਿਹੜੀ ਭਾਰਤੀ ਤੰਤਰ ਦੇ ਨਿਸ਼ਾਨੇ ਉਤੇ ਹੈ ਤੇ ਬਾਕੀ ਦੇ ਤਿੰਨ ਜਾਂ ਚਾਰ ਵਿਅਕਤੀ ਹੋਰ ਅਜਿਹੇ ਲੱਭ ਕੇ ਚੈਨਲ ਉਤੇ ਬਿਠਾਏ ਜਾਂਦੇ ਹਨ, ਜਿਹੜੇ ਪੀੜਤ ਵਿਅਕਤੀ ਨੂੰ ਬੋਲਣ ਤਕ ਨਹੀਂ ਦਿੰਦੇ। ਜੇਕਰ ਕਿਤੇ ਗ਼ਲਤੀ ਨਾਲ ਉਪ੍ਰੋਕਤ ਵਿਅਕਤੀ ਉਨ੍ਹਾਂ ਦੇ ਪੱਖਪਾਤੀ ਵਰਤਾਰੇ ਦੀ ਨਿਖੇਧੀ ਕਰਨ ਦੀ ਭੁੱਲ ਕਰ ਬੈਠਦਾ ਹੈ ਜਾਂ ਉਸ ਨਫ਼ਰਤੀ ਭੀੜ ਦੇ ਰੌਲੇ ਰੱਪੇ ਵਿਚੋਂ ਕੁੱਝ ਉੱਚੀ ਆਵਾਜ਼ ਵਿਚ ਬੋਲ ਕੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਬੰਧਤ ਟੀ ਵੀ ਚੈਨਲ ਦਾ ਪੱਤਰਕਾਰ ਏਨੀ ਨਫ਼ਰਤ ਤੇ ਗੁੱਸੇ ਭਰੇ ਅੰਦਾਜ਼ ਵਿਚ ਚੁੱਪ ਰਹਿਣ ਦੀ ਚੇਤਾਵਨੀ ਦਿੰਦਾ ਹੈ ਜਿਸ ਉਤੇ ਟੀ.ਵੀ ਵੇਖਣ ਵਾਲੇ ਦਰਸ਼ਕ ਵੀ ਭੈਅ ਭੀਤ ਹੋ ਜਾਂਦੇ ਹਨ।

ਇਹ ਵਰਤਾਰਾ ਅਜਕਲ ਟੀ.ਵੀ. ਚੈਨਲਾਂ ਤੇ ਆਮ ਸੁਭਾਵਕ ਹੀ ਵੇਖਣ ਨੂੰ ਮਿਲਦਾ ਹੈ। ਭਾਰਤੀ ਮੀਡੀਆ ਇਸ ਕਦਰ ਅਪਣੇ ਅਸੂਲਾਂ ਤੋਂ ਹੇਠ ਆ ਗਿਆ ਹੈ ਕਿ ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੂੰ ਵੀ ਇਕ ਵਿਸ਼ੇਸ਼ ਫ਼ਿਰਕੇ ਸਿਰ ਮੜ੍ਹਨ ਲਈ ਦਿਨ ਰਾਤ ਪੱਬਾਂ ਭਾਰ ਹੋਇਆ ਰਹਿੰਦਾ ਹੈ। ਦਿਲੀ ਦੀ ਘਟਨਾ ਕਿਸੇ ਤੋਂ ਭੁੱਲੀ ਨਹੀਂ, ਜਿਥੇ ਮੁਸਲਮ ਭਾਈਚਾਰੇ ਦੀ ਇਕ ਜਮਾਤ ਵਲੋਂ ਇਸ ਬੀਮਾਰੀ ਫੈਲਣ ਦੇ ਸ਼ੁਰੂਆਤੀ ਦਿਨਾਂ ਵਿਚ ਅਪਣਾ ਇਕ ਸਲਾਨਾ ਸਮਾਗਮ ਕੀਤਾ ਸੀ ਜਿਸ ਵਿਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕ ਇਤਫ਼ਾਕ ਨਾਲ ਕੋਰੋਨਾ ਦੀ ਤਾਲਾਬੰਦੀ ਵਿਚ ਫਸ ਗਏ ਸਨ। ਭਾਰਤੀ ਮੀਡੀਏ ਨੇ ਉਸ ਜਮਾਤ ਨੂੰ ਨਿਸ਼ਾਨਾ ਬਣਾ ਕੇ ਜਿਸ ਤਰ੍ਹਾਂ ਮੁਸਲਿਮ ਭਾਈਚਾਰੇ ਨੂੰ ਬਦਨਾਮ ਕੀਤਾ, ਉਹ ਸੱਭ ਦੇ ਸਾਹਮਣੇ ਹੈ, ਜਦੋਂ ਕਿ ਅਸਲੀਅਤ ਮੀਡੀਏ ਦੀਆਂ ਰੀਪੋਰਟਾਂ ਤੋਂ ਬਿਲਕੁਲ ਹੀ ਵਖਰੀ ਰਹੀ ਹੈ। ਇਸੇ ਤਰ੍ਹਾਂ ਵਿਦੇਸ਼ਾਂ ਤੋਂ ਪੰਜਾਬ ਵਿਚ ਆਏ ਵਿਦੇਸ਼ੀ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਇਆ ਗਿਆ।

ਸਿੱਖਾਂ ਦੇ ਤਿਉਹਾਰ ਹੋਲੇ ਮੁਹੱਲੇ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਮਝ ਤੋਂ ਬਾਹਰ ਹੈ ਕਿ ਅਕਸਰ ਅਜਿਹੀ ਸੋਚ ਨੂੰ ਕਿਉਂ ਤੂਲ ਦਿਤਾ ਜਾ ਰਿਹਾ ਹੈ, ਜਿਹੜੀ ਇਸ ਕੁਦਰਤ ਦੀ ਮਾਰ ਸਮੇਂ ਵੀ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਸਿਰਜ ਕੇ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਯਤਨਸ਼ੀਲ ਹੈ ਜਦੋਂ ਕਿ ਅਜਿਹੀ ਕੁਦਰਤੀ ਕਰੋਪੀ ਤੋਂ ਮਨੁੱਖ ਨੂੰ ਸਬਕ ਸਿੱਖਣ ਦੀ ਜ਼ਰੂਰਤ ਹੈ। ਪਰ ਅਫ਼ਸੋਸ ਕਿ ਨਫ਼ਰਤੀ ਸਿਆਸਤ ਤੇ ਸ਼ਰਮਾਏਦਾਰੀ ਗੱਠਜੋੜ ਦੇ ਹੱਥਾਂ ਦੀ ਕਠਪੁਤਲੀ ਬਣੇ ਭਾਰਤੀ ਮੀਡੀਏ ਵਲੋਂ ਦੇਸ਼ ਦੀ ਸ਼ਾਂਤ ਫ਼ਿਜ਼ਾ ਅੰਦਰ ਅਜਿਹੀ ਫ਼ਿਰਕੂ ਜ਼ਹਿਰ ਘੋਲੀ ਜਾ ਰਹੀ ਹੈ ਜਿਸ ਦੇ ਨਤੀਜੇ ਕੋਰੋਨਾ ਵਾਇਰਸ ਦੇ ਖ਼ਤਰਿਆਂ ਤੋਂ ਵੱਧ ਘਾਤਕ ਸਿੱਧ ਹੋ ਸਕਦੇ ਹਨ।
ਸੰਪਰਕ : 99142-58142