ਮਾਂ ਦਿਵਸ 'ਤੇ ਵਿਸ਼ੇਸ਼ : ਆਦਿ ਕਾਲ ਤੋਂ ਹੀ ਤਿਆਗ਼, ਮਮਤਾ ਤੇ ਪਿਆਰ ਦੀ ਮੂਰਤ ਹੈ 'ਮਾਂ'
ਮਾਂ ਦਿਵਸ 1908 ਤੋਂ ਹੋਂਦ ਵਿਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।
ਮਾਂ ਦਿਵਸ 1908 ਤੋਂ ਹੋਂਦ ਵਿਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ। 1870 'ਚ ਅਮਰੀਕੀ ਸਮਾਜ ਸੇਵਿਕਾ 'ਜੂਲੀਆ ਵਾਰਡ ਹੋਵੇ' ਨੇ ਪਹਿਲੀ ਵਾਰ ਇਸ ਦਾ ਨਾਂ 'ਅਮਰੀਕੀ ਸਿਵਲ ਵਾਰ' ਅਤੇ 'ਫ੍ਰੈਂਕੋ ਪਰਸ਼ੀਅਨ ਵਾਰ' ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫ਼ਰੰਸ, ਜੋ ਲੰਡਨ ਅਤੇ ਪੈਰਿਸ 'ਚ ਹੋਈ ਸੀ, 'ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ ਇਕ ਜ਼ਬਰਦਸਤ ਭਾਸ਼ਣ ਦਿੱਤਾ ਜੋ ਅਸਲ 'ਚ ਸ਼ਾਂਤੀ ਲਈ 'ਮਦਰਸ ਡੇ' ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ 'ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ 'ਮਦਰਸ ਡੇ' ਦਾ ਵਿਚਾਰ 'ਐਨ ਮੈਰੀ ਰੀਵਜ਼ ਜਾਰਵਿਸ' ਤੋਂ ਮਿਲਿਆ ਸੀ, ਜਿਸ ਨੇ 1858 'ਚ ਸਾਫ਼-ਸਫ਼ਾਈ ਮੁਹਿੰਮ ਚਲਾਈ, ਜਿਸ ਨੂੰ ਉਸ ਨੇ 'ਮਦਰਸ ਫ੍ਰੈਂਡਸ਼ਿਪ ਡੇ' ਦਾ ਨਾਂ ਦਿਤਾ ਸੀ। ਫਿਰ ਸੰਨ 1900 'ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ 'ਚ ਮਨਾਏ ਜਾਣ ਵਾਲੇ 'ਮਦਰਸ ਡੇ' ਦੇ ਰੂਪ 'ਚ ਪਰਿਭਾਸ਼ਤ ਕੀਤਾ।
9 ਮਈ 1905 'ਚ ਐਨ ਰੀਵਜ਼ ਜਾਰਵਿਸ ਦਾ ਦਿਹਾਂਤ ਹੋ ਗਿਆ। ਉਹ ਆਖਰੀ ਸਮੇਂ 'ਚ ਕਾਫ਼ੀ ਬੀਮਾਰ ਰਹੀ। ਉਨ੍ਹਾਂ ਦੀ ਬੇਟੀ ਐਨਾ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਇਥੋਂ ਤਕ ਕਿ ਉਸ ਨੇ ਵਿਆਹ ਵੀ ਨਹੀਂ ਕੀਤਾ। ਐਨਾ ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ 'ਚ ਉਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਸ ਨੂੰ ਓਨਾ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖ਼ੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 'ਚ ਐਨਾ ਨੇ ਆਪਣੇ ਦੋਸਤਾਂ ਨੂੰ ਦਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਇਕ 'ਮਦਰਸ ਡੇ' ਬਣਾਉਣਾ ਚਾਹੁੰਦੀ ਹੈ, ਜੋ ਜੀਵਤ ਅਤੇ ਮਰ ਚੁੱਕੀਆਂ ਸਭ ਮਾਵਾਂ ਦੀ ਯਾਦ 'ਚ ਹੋਵੇ। ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇਕ ਲਹਿਰ ਚਲਾਈ, ਜਿਸ 'ਚ ਉਹ ਮੰਤਰੀਆਂ, ਵਪਾਰੀਆਂ ਅਤੇ ਕਾਂਗਰਸੀਆਂ ਭਾਵ ਅੰਤਰਰਾਸ਼ਟਰੀ ਮਹਿਲਾ ਪੀਸ ਕਾਂਗਰਸ ਦੇ ਮੈਂਬਰਾਂ ਨੂੰ ਲਗਾਤਾਰ ਪੱਤਰ-ਵਿਹਾਰ ਰਾਹੀਂ ਮਜਬੂਰ ਕਰਦੀ ਰਹੀ ਕਿ 'ਮਦਰਸ ਡੇ' ਨੂੰ ਨੈਸ਼ਨਲ ਡੇ ਮੰਨ ਕੇ ਛੁੱਟੀ ਐਲਾਨੀ ਜਾਵੇ। ਉਸ ਨੂੰ ਲੱਗਦਾ ਸੀ ਕਿ ਇੰਝ ਕਰਨ ਨਾਲ ਬੱਚਿਆਂ ਦੇ ਮਨ 'ਚ ਮਾਤਾ-ਪਿਤਾ ਲਈ ਇੱਜ਼ਤ ਵਧ ਜਾਵੇਗੀ।
10 ਮਈ 1908 ਨੂੰ ਗਰਾਟਨ 'ਚ 'ਐਂਡ੍ਰਿਊਸ ਮੈਥੋਡਿਸਟ' ਨਾਮੀ ਚਰਚ ਨੇ ਸਭ ਤੋਂ ਪਹਿਲਾਂ 'ਮਦਰਸ ਡੇ' ਮਨਾਇਆ। ਗਿਆ। ਇਹ ਉਹ ਥਾਂ ਸੀ ਜਿਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ 'ਚ, ਜਿਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 'ਚ 'ਦਿ ਮਦਰਸ ਡੇ ਇੰਟਰਨੈਸ਼ਨਲ ਐਸੋਸੀਏਸ਼ਨ' ਦਾ ਗਠਨ ਹੋਇਆ।
ਇਹ ਸਭ ਦੇਖਦਿਆਂ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ 'ਮਦਰਸ ਡੇ' ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤਕ ਇਹ ਦਿਨ ਅਮਰੀਕਾ 'ਚ ਹੀ ਨਹੀਂ, ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫ਼ਰੀਕਾ ਆਦਿ 'ਚ ਵੀ ਮਨਾਇਆ ਜਾਣ ਲੱਗ ਪਿਆ। ਸੰਨ 1934 'ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ 'ਮਦਰਸ ਡੇ' 'ਤੇ ਇਕ ਸਟੈਂਪ ਦਾ ਆਗਾਜ਼ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਭਾਰਤ 'ਚ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ 10 ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਓਹਾਰ ਭਾਰਤ 'ਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਤਿਓਹਾਰ ਦੀ ਸਫ਼ਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ 'ਚ ਪਹਿਲਾਂ ਹੀ ਪੂਜਿਆ ਜਾਂਦਾ ਹੈ। ਇਹ ਤਿਓਹਾਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਮਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ, ਨਿਰਸਵਾਰਥ ਹੋ ਕੇ ਸਾਡਾ ਪਾਲਣ ਪੋਸ਼ਣ ਕੀਤਾ। ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦਾ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ, ਜੋ ਉਸ ਦੇ ਜੀਵਨ ਕਾਲ 'ਚ ਕਦੇ ਖਤਮ ਨਹੀਂ ਹੁੰਦੀ। ਮਾਂ ਇੱਕ ਅਜਿਹਾ ਰਿਸ਼ਤਾ ਹੈ, ਜਿਸ 'ਤੇ ਬੱਚਾ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕਦਾ ਹੈ।
ਅੱਜ ਦੀ ਔਰਤ ਪਹਿਲਾਂ ਨਾਲੋਂ ਕਿਤੇ ਮਾਡਰਨ ਅਤੇ ਮਜ਼ਬੂਤ ਹੈ। ਮਾਵਾਂ ਦੇ ਅਕਸ 'ਚ ਜ਼ਮੀਨ ਅਸਮਾਨ ਦਾ ਫ਼ਰਕ ਆਇਆ ਹੈ ਪਰ ਮਮਤਾ ਅੱਜ ਵੀ ਉਹੀ ਹੈ। ਇਸ ਦਿਨ ਬੱਚੇ ਆਪਣੀ ਮਾਂ ਲਈ ਕਾਰਡ ਬਣਾਉਂਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਉਸ 'ਚ ਜ਼ਾਹਿਰ ਕਰਦੇ ਹਨ। ਕੁੱਝ ਬੱਚੇ ਆਪਣੀ ਮਾਂ ਨੂੰ ਇਸ ਦਿਨ ਕਿਚਨ ਤੋਂ ਛੁੱਟੀ ਦੇ ਦਿੰਦੇ ਹਨ ਅਤੇ ਖ਼ੁਦ ਮਾਂ ਲਈ ਸੁਆਦੀ ਪਕਵਾਨ ਬਣਾਉਂਦੇ ਹਨ। ਇਸ ਦਿਨ ਬੱਚੇ ਆਪਣੀ ਮਾਂ ਨੂੰ ਵੰਨ-ਸੁਵੰਨੇ ਤੋਹਫ਼ੇ ਦਿੰਦੇ ਹਨ। ਕੁੱਝ ਲੋਕ ਇਸ ਦਿਨ ਘਰਾਂ ਨੂੰ ਖ਼ੂਬ ਸਜਾਉਂਦੇ ਹਨ ਅਤੇ ਕੇਕ ਵੀ ਕੱਟਦੇ ਹਨ।
ਮਾਂ ਦੀ ਸਿਫ਼ਤ ਕਰਨ ਲਈ ਵੈਸੇ ਤਾਂ ਅਸੀਂ ਕੁਦਰਤ ਪਾਸੋਂ ਰੱਬ ਦੀ ਉਸਤਤ ਵੀ ਉਧਾਰ ਮੰਗ ਸਕਦੇ ਹਾਂ ਪਰ ਗੱਲ ਮਾਂ ਦੇ ਉੱਚੇ ਮਾਣ-ਸਤਿਕਾਰ ਨਾਲ ਜੁੜੀ ਹੈ, ਇਸ ਲਈ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਮਾਂ ਦੀਆਂ ਲੋਰੀਆਂ ਵਿਚ ਸਵਰਗ ਵਰਗਾ ਅਨੰਦ ਹੈ, ਜਿਸ ਦੇ ਪਵਿੱਤਰ ਚਰਨਾਂ ਵਿਚੋਂ ਜੰਨਤ ਦਾ ਦੁਆਰ ਖੁੱਲ੍ਹਦਾ ਹੈ ਅਤੇ ਉਸ ਨਿੱਘੀ ਗੋਦ ਵਿਚ ਰੂਹਾਨੀ ਸੁੱਖਾਂ ਦੀ ਖਾਣ ਛੁਪੀ ਹੈ। ਔਲਾਦ ਲਈ ਮਾਂ ਦੀ ਮਿੱਠੜੀ ਜ਼ਬਾਨ 'ਤੇ ਅਸੀਸਾਂ, ਅੱਖਾਂ ਵਿਚ ਸੁਪਨੇ, ਢਿੱਡ ਵਿਚ ਡਰ, ਹਿਰਦੇ 'ਚ ਮਮਤਾ, ਦਿਲ ਵਿਚ ਰਹਿਮ, ਸੋਚਾਂ ਵਿਚ ਫ਼ਿਕਰ ਅਤੇ ਖੂਨ ਵਿਚ ਅਜ਼ੀਬ ਤੜਪ ਹਮੇਸ਼ਾ ਹੀ ਬਣੀ ਰਹਿੰਦੀ ਹੈ। ਉਹ ਔਲਾਦ ਦੇ ਖੁਸ਼ ਹੋਣ 'ਤੇ ਹੱਸਦੀ ਹੈ ਤੇ ਦੁਖੀ ਹੋਣ 'ਤੇ ਅੱਖਾਂ ਭਰਦੀ ਹੈ।