12 ਜੂਨ ਦੀ ਅਮਰੀਕੀ-ਉੱਤਰ ਕੋਰੀਆ ਮਿਲਣੀ ਨਾਲ ਹੀ ਕੋਰੀਆਈ ਖ਼ਿੱਤੇ ਵਿਚ ਅਸ਼ਾਂਤੀ ਦੇ ਬੱਦਲ ਛੱਟ ਸਕਦੇ ਹਨ
ਸਾਲ 2017 ਦੌਰਾਨ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਤਿੱਖੀ ਸ਼ਬਦੀ ਜੰਗ ਚਲਦੀ ਰਹੀ। ਉੱਤਰੀ ਕੋਰੀਆ ਵਲੋਂ 2006 ਤੋਂ ਪ੍ਰਮਾਣੂ ਪ੍ਰੀਖਣ ਸ਼ੁਰੂ ਕਰ ਕੇ ਸਤੰਬਰ ...
ਸਾਲ 2017 ਦੌਰਾਨ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਤਿੱਖੀ ਸ਼ਬਦੀ ਜੰਗ ਚਲਦੀ ਰਹੀ। ਉੱਤਰੀ ਕੋਰੀਆ ਵਲੋਂ 2006 ਤੋਂ ਪ੍ਰਮਾਣੂ ਪ੍ਰੀਖਣ ਸ਼ੁਰੂ ਕਰ ਕੇ ਸਤੰਬਰ 2017 ਤਕ ਅਪਣੀ ਪ੍ਰਮਾਣੂ ਤਾਕਤ 160 ਗੁਣਾਂ ਵਧਾਉਣ ਤੋਂ ਬਾਅਦ ਇਹ ਖਿੱਚੋਤਾਣ ਸਿਖਰਾਂ ਛੋਹ ਗਈ। ਡੋਨਾਲਡ ਟਰੰਪ ਦੀ ਉੱਤਰੀ ਕੋਰੀਆ ਨੂੰ ਨਸ਼ਟ ਕਰਨ ਦੀ ਚੇਤਾਵਨੀ ਦਾ ਜਵਾਬ ਕਿਮ ਜੋਂਗ ਉਨ ਨੇ ਅਮਰੀਕੀ ਸ਼ਹਿਰਾਂ ਉੱਤੇ ਪ੍ਰਮਾਣੂ ਹਮਲੇ ਕਰਨ ਦੀ ਧਮਕੀ ਦੇ ਰੂਪ ਵਿਚ ਦਿਤਾ।
ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਦੁਨੀਆਂ ਇਕ ਹੋਰ ਭਿਆਨਕ ਜੰਗ ਦਾ ਮੰਜ਼ਰ ਦੇਖੇਗੀ। ਕੋਰੀਆਈ ਅਵਾਮ ਨੂੰ 1950-53 ਦੀ ਜੰਗ ਦੀ ਚੀਸ ਅਜੇ ਤਕ ਨਹੀਂ ਭੁੱਲੀ ਸੀ। ਇਸ ਜੰਗ ਵਿਚ ਉੱਤਰੀ ਕੋਰੀਆ ਤੇ ਉਸ ਦੇ ਮਿੱਤਰ ਦੇਸ਼ਾਂ ਦੇ 7.5 ਲੱਖ ਤੇ ਦੱਖਣੀ ਕੋਰੀਆ ਤੇ ਉਸ ਦੇ ਮਿੱਤਰ ਦੇਸ਼ਾਂ ਦੇ 1.78 ਲੱਖ ਸੈਨਿਕਾਂ ਤੋਂ ਇਲਾਵਾ 25 ਲੱਖ ਨਾਗਰਿਕ ਵੀ ਅਪਣੀ ਜਾਨ ਤੋਂ ਹੱਥ ਧੋ ਬੈਠੇ ਸਨ।
ਮੌਜੂਦਾ ਤਣਾਅਪੂਰਨ ਸਥਿਤੀ ਦੀ ਸਮੀਖਿਆ ਕਰਦਿਆਂ ਮੀਡੀਆ ਰਾਹੀਂ ਕੋਰੀਆ ਦੇ ਤਾਨਾਸ਼ਾਹ ਦੀਆਂ ਖਾਮੀਆਂ ਨੂੰ ਖ਼ੂਬ ਉਭਾਰਿਆ ਗਿਆ ਜੋ ਕਿ ਅਧੂਰਾ ਸੱਚ ਸੀ। ਸੰਕਟ ਦੇ ਇਸ ਨਾਟਕ ਦੇ ਵੱਡੇ ਖਲਨਾਇਕ ਅਮਰੀਕਾ ਨੂੰ ਪਰਦੇ ਉਤੇ ਲਿਆਏ ਬਿਨਾਂ ਇਹ ਕਹਾਣੀ ਅਧੂਰੀ ਹੀ ਰਹੇਗੀ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਵਲੋਂ ਭੇੜੀਏ ਦੇ ਰੂਪ ਵਿਚ ਲੇਲਿਆਂ ਵਰਗੇ ਮੁਲਕਾਂ ਨੂੰ ਊਂਜਾਂ ਲਗਾ ਕੇ ਡਕਾਰਨ ਦੀਆਂ ਉਦਾਹਰਣਾਂ ਨਾਲ ਇਤਿਹਾਸ ਭਰਿਆ ਪਿਆ ਹੈ। ਉਹ ਚਾਹੇ ਇੰਗਲੈਂਡ, ਫ਼ਰਾਂਸ ਦੀਆਂ ਬਸਤੀਆਂ ਦੇ ਰੂਪ ਵਿਚ ਹੋਵੇ ਜਾਂ ਵਰਤਮਾਨ ਦੌਰ ਵਿਚ ਅਫਗਾਨਿਸਤਾਨ, ਇਰਾਕ, ਉੱਤਰੀ ਕੋਰੀਆ ਤੇ ਇਰਾਨ ਵਰਗੇ ਦੇਸ਼ਾਂ ਦੀ ਹੋਣੀ ਵਰਗਾ ਹੋਵੇ।
ਇਹੋ ਜਿਹੀ ਸ਼ਕਤੀ ਇੰਗਲੈਂਡ ਨੇ ਜਿਵੇਂ ਜਾਂਦੇ-ਜਾਂਦੇ 1947 ਵਿਚ ਸੇਹ ਦਾ ਤੱਕਲਾ ਭਾਰਤ-ਪਾਕਿ ਵੰਡ ਦੇ ਰੂਪ ਵਿਚ ਗੱਡਿਆਂ। ਕੁੱਝ ਇਹੋ ਜਿਹਾ ਭਾਣਾ ਹੀ ਕੋਰੀਆ ਨਾਲ ਵਾਪਰਿਆ। ਘੁੱਗ ਵਸਦਾ ਦੇਸ਼ ਕੋਰੀਆ 1910 ਤੋਂ 1945 ਤਕ ਜਪਾਨ ਦੀ ਗ਼ੁਲਾਮੀ ਦੇ ਜੂਲੇ ਹੇਠ ਜਕੜਿਆ ਰਿਹਾ ਹੈ। ਇੰਗਲੈਂਡ ਤੇ ਫ਼ਰਾਂਸ ਦੀਆਂ ਏਸ਼ੀਆ ਵਿਚ ਬਸਤੀਆਂ ਸਨ। ਜਪਾਨ ਦਾ ਕੋਰੀਆ ਉਤੇ ਕਬਜ਼ਾ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਇਨ੍ਹਾਂ ਤਾਕਤਾਂ ਨੂੰ ਸ਼ਾਂਤੀ 1945 ਦੀ ਦੂਜੀ ਵੱਡੀ ਸੰਸਾਰ ਜੰਗ ਵਿਚ ਜਪਾਨ ਦੇ ਹਥਿਆਰ ਸੁੱਟਣ ਨਾਲ ਹੀ ਹੋਈ।
ਰੂਸ ਤੇ ਅਮਰੀਕਾ ਦੀਆਂ ਫ਼ੌਜਾਂ ਕੋਰੀਆ ਵਿਚ ਦਾਖਲ ਹੋ ਗਈਆਂ। ਕੋਰੀਆ ਦੀ ਵੰਡ ਦੀਆਂ ਕਨਸੋਆਂ ਮਿਲਦਿਆਂ ਹੀ ਅਖੰਡ ਕੋਰੀਆ ਦੇ ਹਾਮੀ ਜਨ ਸਮੂਹ ਨੇ 'ਕੋਰੀਅਨ ਪੀਪਲਜ਼ ਰੀਪਬਲਿਕ' ਬਣਾਈ। ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਦੋ ਵੱਡੀਆਂ ਤਾਕਤਾਂ ਅਮਰੀਕਾ ਤੇ ਰੂਸ ਦੋ ਵਿਰੋਧੀ ਵਿਚਾਰਧਾਰਾਵਾਂ ਪੂੰਜੀਵਾਦ ਤੇ ਸਮਾਜਵਾਦ ਨੇ ਕੋਰੀਆਈ ਖਿੱਤੇ ਵਿਚ ਅਜਿਹੀ ਚਿੰਗਆੜੀ ਸੁੱਟੀ ਜੋ ਅੱਜ ਭਾਂਬੜ ਬਣ ਗਈ ਹੈ।
ਸਤੰਬਰ 1948 ਵਿਚ ਉੱਤਰੀ ਖਿੱਤੇ ਵਿਚ ਰੀਪਬਲਿਕ ਆਫ਼ ਉੱਤਰ ਕੋਰੀਆ ਤੇ ਦੱਖਣੀ ਖਿੱਤੇ ਵਿਚ ਰੀਪਬਲਿਕ ਆਫ਼ ਦੱਖਣ ਕੋਰੀਆ ਹੋਂਦ ਵਿਚ ਆ ਗਈ। ਸੱਤਾ ਦੀ ਵਾਗਡੋਰ ਕ੍ਰਮਵਾਰ ਕਿਮ ਇਲ ਸੁੰਗ ਤੇ ਸਿੰਗ ਮੈਨ ਰੀ ਦੇ ਹੱਥ ਵਿਚ ਆ ਗਈ। ਉੱਥੇ ਅਮਰੀਕੀ ਦਖ਼ਲਅੰਦਾਜ਼ੀ ਅੱਜ ਤਕ ਜਾਰੀ ਹੈ।ਅਮਰੀਕਾ ਨੇ ਅਪਣੇ ਨਿਜੀ ਹਿਤਾਂ ਲਈ ਹਮੇਸ਼ਾ ਹੀ ਦੋਹਰੇ ਮਾਪਦੰਡ ਅਪਣਾਏ ਹਨ। ਲੋਕਤੰਤਰ ਦੀ ਬਹਾਲੀ, ਅਤਿਵਾਦ ਜਾਂ ਪ੍ਰਮਾਣੂ ਅਪ੍ਰਸਾਰ ਜਿਹਾ ਕੋਈ ਵੀ ਬਹਾਨਾ ਲੱਭਿਆ ਜਾ ਸਕਦਾ ਹੈ। 1991 ਵਿਚ ਰੂਸ ਦੇ ਟੁੱਟਣ ਤੋਂ ਬਾਅਦ ਅਮਰੀਕਾ ਹੀ ਦੁਨੀਆਂ ਦੀ ਵੱਡੀ ਸ਼ਕਤੀ ਰਹਿ ਗਿਆ ਹੈ।
1945 ਵਿਚ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਪ੍ਰਮਾਣੂ ਹਮਲਿਆਂ ਰਾਹੀਂ ਤਬਾਹ ਕਰਨ ਵਾਲਾ ਤੇ ਅਫਗਾਨਿਸਤਾਨ ਵਿਚ ਰੂਸ ਨੂੰ ਕਮਜ਼ੋਰ ਕਰਨ ਲਈ ਓਸਾਮਾ-ਬਿਨ-ਲਾਦੇਨ ਦੇ ਰੂਪ ਵਿਚ ਅਤਿਵਾਦ ਦੇ ਬੀਜ ਬੀਜਣ ਵਾਲਾ ਇਹ ਪ੍ਰਮਾਣੂ ਸਮਰੱਥ ਦੇਸ਼ ਅੱਜ ਕਦੇ ਅਤਿਵਾਦ ਦੇ ਨਾਮ ਉਤੇ, ਕਦੇ ਪ੍ਰਮਾਣੂ ਅਪ੍ਰਸਾਰ ਦੇ ਨਾਮ ਤੇ ਅਪਣੀ ਧੋਂਸ ਵਿਖਾ ਰਿਹਾ ਹੈ। ਅਮਰੀਕਾ ਨੂੰ ਦੋ ਗੱਲਾਂ ਕਦੇ ਵੀ ਹਜ਼ਮ ਨਹੀਂ ਹੋਈਆਂ।
ਪਹਿਲੀ ਕੋਰੀਆਈ ਖਿੱਤੇ ਵਿਚ ਚੱਲੀ ਏਕੀਕਰਨ ਲਹਿਰ ਜਾਂ ਸਾਮਵਾਦੀ ਵਿਚਾਰਧਾਰਾ ਵਾਲੀ ਸਰਕਾਰ। ਅੱਜ ਅਮਰੀਕੀ ਫ਼ੌਜ ਪੱਕੇ ਤੌਰ ਉਤੇ ਦਖਣੀ ਕੋਰੀਆ ਵਿਚ ਡੇਰੇ ਜਮਾਈ ਬੈਠੀ ਹੈ। ਦੋਵੇਂ ਫ਼ੌਜਾਂ ਉੱਤਰੀ ਕੋਰੀਆ ਦੇ ਕੰਨ ਸਿਰਹਾਣੇ ਸਾਂਝੀਆਂ ਜੰਗੀ ਮਸ਼ਕਾਂ ਕਰਦੀਆਂ ਹਨ। ਦਖਣੀ ਕੋਰੀਆ ਦੇ ਨੈਸ਼ਨਲ ਸਕਿਉਰਿਟੀ ਲਾਅ ਅਨੁਸਾਰ ਉੱਥੇ ਸਾਮਵਾਦ ਗ਼ੈਰਕਾਨੂੰਨੀ ਹੈ। 1960 ਦੀ ਅਪ੍ਰੈਲ ਕ੍ਰਾਂਤੀ ਨੂੰ ਦਬਾਉਣ ਲਈ ਇਸ ਕਾਨੂੰਨ ਦਾ ਸਹਾਰਾ ਲੈ ਕੇ ਲੋਕਾਂ ਉਤੇ ਤਸ਼ੱਦਦ ਕੀਤਾ ਗਿਆ।
ਵਿਦਿਆਰਥੀਆਂ, ਅਧਿਆਪਕਾਂ, ਪੱਤਰਕਾਰਾਂ ਤੇ ਵਪਾਰਕ ਜਥੇਬੰਦੀਆਂ ਦੇ ਅੰਦੋਲਨ ਨੇ ਅਮਰੀਕੀ ਹੱਥ ਠੋਕੇ ਪ੍ਰਧਾਨ ਸਿੰਗ ਮੈਨ ਰੀ ਨੂੰ ਦਖਣੀ ਕੋਰੀਆ ਵਿਚੋਂ ਉਖਾੜ ਦਿਤਾ। ਪਹਿਲੀ ਵਾਰ ਪਾਰਲੀਮੈਂਟਰੀ ਕੈਬਨਿਟ ਸਿਸਟਮ ਰਾਹੀਂ ਅਗੱਸਤ 1960 ਵਿਚ ਯੁਨ ਬੋ ਸਿਓਨ ਰਾਸ਼ਟਰਪਤੀ ਤੇ ਚੰਗ ਆਈ ਓਨ ਪ੍ਰਧਾਨ ਮੰਤਰੀ ਚੁਣੇ ਗਏ। ਇਹ ਅਮਰੀਕੀ-ਕੋਰਿਆਈ ਫ਼ੌਜ ਦੀ ਸਾਂਝ ਦਾ ਹੀ ਸਿੱਟਾ ਸੀ ਕਿ ਸਾਮਜਵਾਦੀ ਵਿਚਾਰਧਾਰਾ ਦੀ ਇਸ ਸਰਕਾਰ ਨੂੰ ਮੇਜਰ ਜਨਰਲ ਪਾਰਕ ਚੁੰਗ ਹੀ ਰਾਹੀਂ 16 ਮਈ 1961 ਦੇ ਰਾਜਪਲਟੇ ਦੁਆਰਾ ਉਲਟਾ ਦਿਤਾ ਗਿਆ ਜਿਸ ਤੋਂ ਬਾਅਦ ਲੰਮਾ ਸਮਾਂ ਅਮਰੀਕੀ ਪੱਖੀ ਤਾਨਾਸ਼ਾਹ ਸੱਤਾ ਉੱਤੇ ਕਾਬਜ਼ ਰਹੇ।
ਇਹ ਅਮਰੀਕੀ ਸਿਤਮ ਦਾ ਹੀ ਸਿੱਟਾ ਹੈ ਕਿ 1950 ਤਕ ਏਸ਼ੀਆ ਦੇ ਨੰਬਰ ਇਕ ਉਦਯੋਗਿਕ ਵਿਕਾਸ ਵਿਚ ਸ਼ੁਮਾਰ ਉੱਤਰੀ ਕੋਰੀਆ ਦੀ ਆਰਥਕ ਵਿਵਸਥਾ ਅੱਜ ਲੜਖੜਾਈ ਹੋਈ ਹੈ। ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ 1950-53 ਦੀ ਜੰਗ ਵਿਚ ਉੱਤਰੀ ਕੋਰੀਆ ਦੇ ਵੱਡੇ ਡੈਮਾਂ ਤੇ ਰਿਹਾਇਸ਼ੀ ਇਲਾਕਿਆਂ ਉੱਪਰ ਬੰਬ ਸੁੱਟੇ।
ਅੱਜ ਵਿਕਾਸ ਪੱਖੋਂ ਕੋਰੀਆ ਦਾ 20ਵਾਂ ਸਥਾਨ ਹੈ ਤੇ ਅਮਰੀਕਾ ਦੀਆਂ ਮਿਹਰਬਾਨੀਆਂ ਸਦਕਾ ਦਖਣੀ ਕੋਰੀਆ ਵਿਕਸਤ ਦੇਸ਼ਾਂ ਦੀ ਕਤਾਰ ਵਿਚ ਸ਼ੁਮਾਰ ਹੈ। ਦਖਣੀ ਕੋਰੀਆ ਦੀ ਆਰਥਕਤਾ ਨੂੰ ਹੁਲਾਰਾ ਦੇਣ ਲਈ ਉਸ ਦੀ ਖ਼ੂਬ ਮਾਲੀ ਮਦਦ ਕੀਤੀ ਗਈ। ਉਸ ਦੀਆਂ ਫ਼ੌਜਾਂ ਨੂੰ ਅਮਰੀਕਾ ਨੇ ਵੀਅਤਨਾਮ ਦੀ ਜੰਗ ਵਿਚ ਵਰਤਿਆ ਤੇ ਬਦਲੇ ਵਿਚ ਆਰਥਕ ਮਦਦ ਦਿਤੀ।
ਉੱਤਰੀ ਕੋਰੀਆ ਦਾ ਮੋਹਰੀ ਹੋਣ ਦੇ ਬਾਵਜੂਦ ਵਿਕਾਸ ਪੱਖੋਂ ਦਖਣੀ ਕੋਰੀਆ ਤੋਂ ਪਛੜਨ ਦਾ ਕਾਰਨ ਅਮਰੀਕਾ ਵਲੋਂ ਅਪਣੇ ਤੌਰ ਉਤੇ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਲਾਈਆਂ ਸਖ਼ਤ ਪਾਬੰਦੀਆਂ ਹਨ ਇਨ੍ਹਾਂ ਕਾਰਨ ਉੱਤਰੀ ਕੋਰੀਆ ਨੂੰ ਤੇਲ ਦੀ ਸਪਲਾਈ ਦਾ ਸੰਕਟ ਆਇਆ ਤਾਂ ਉਸ ਦੀਆਂ ਪ੍ਰਮਾਣੂ ਬਿਜਲਈ ਊਰਜਾ ਪ੍ਰੋਜੈਕਟ ਲਗਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿਤਾ ਗਿਆ।
ਦੂਜੇ ਬੰਨੇ ਦਖਣੀ ਕੋਰੀਆ ਪ੍ਰਮਾਣੂ ਊਰਜਾ ਖ਼ੂਬ ਇਸਤੇਮਾਲ ਕਰ ਰਿਹਾ ਹੈ। ਸੰਨ 2000 ਵਿਚ ਦਖਣੀ ਕੋਰੀਆਈ ਅਧਿਕਾਰੀਆਂ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਪ੍ਰਮਾਣੂ ਹਥਿਆਰ ਯੋਗਤਾ ਪ੍ਰਾਪਤ ਕਰਨ ਲਈ ਨਿਰੀਖਣ ਕੀਤੇ ਹਨ। ਇੰਟਰਨੈਸ਼ਨਲ ਆਟੋਮਿਕ ਐਨਰਜੀ ਏਜੰਸੀ ਦੇ ਮਾਹਰਾਂ ਨੇ 26 ਸਤੰਬਰ 2004 ਨੂੰ ਦਖਣੀ ਕੋਰੀਆ ਦਾ ਦੌਰਾ ਕਰ ਕੇ ਜਾਂਚ ਰਾਹੀਂ ਇਸ ਸੱਚ ਦੀ ਪੁਸ਼ਟੀ ਕੀਤੀ ਸੀ।
ਅਮਰੀਕਾ ਦੀਆਂ ਲਗਾਤਾਰ ਵਧੀਕੀਆਂ ਅਤੇ ਹੜ੍ਹਾਂ ਉਤੇ ਕਾਲ ਵਰਗੀਆਂ ਕੁਦਰਤੀ ਆਫ਼ਤਾਂ ਨੇ ਵੀ ਉੱਤਰੀ ਕੋਰੀਆ ਦਾ ਲੱਕ ਤੋੜਿਆ। 'ਅੱਕੀ ਬਿੱਲੀ ਕੁੱਤੇ ਦੇ ਗਲ ਪੈਣ' ਵਾਂਗ ਉੱਤਰੀ ਕੋਰੀਆ ਨੇ 1993 ਵਿਚ ਪ੍ਰਮਾਣੂ ਅਪ੍ਰਸਾਰ ਸੰਧੀ ਵਿਚੋਂ ਬਾਹਰ ਆਉਣ ਦਾ ਐਲਾਨ ਕਰ ਦਿਤਾ ਸੀ। ਭਾਵੇਂ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਨੇ 1994 ਵਿਚ ਉੱਤਰੀ ਕੋਰੀਆ ਦਾ ਦੌਰਾ ਕਰ ਕੇ ਤੇਲ ਤੇ ਕੋਲੇ ਦੀ ਸਪਲਾਈ ਬਹਾਲ ਕਰਨ ਦੇ ਵਾਅਦੇ ਨਾਲ ਉਸ ਨੂੰ ਪ੍ਰਮਾਣੂ ਅਪ੍ਰਸਾਰ ਸਮਝੌਤੇ ਵਿਚ ਦੁਬਾਰਾ ਸ਼ਾਮਲ ਕਰ ਲਿਆ ਸੀ ਪ੍ਰੰਤੂ ਪਾਬੰਦੀਆਂ ਵਾਲੇ ਤੇਵਰ ਕਦੇ ਵੀ ਮੱਠੇ ਨਹੀਂ ਪਏ।
ਅਮਰੀਕਾ ਦੀਆਂ ਲਗਾਤਾਰ ਧਮਕੀਆਂ ਦੇ ਸਿੱਟੇ ਵਜੋਂ ਉੱਤਰੀ ਕੋਰੀਆ ਨੂੰ ਰਖਿਆ ਉਤੇ ਚੋਖਾ ਖਰਚ ਕਰਨਾ ਪਿਆ। ਇਸ ਛੋਟੇ ਜਿਹੇ ਦੇਸ਼ ਕੋਲ ਦੁਨੀਆਂ ਦੀ ਚੌਥੇ ਨੰਬਰ ਦੀ ਸੱਭ ਤੋਂ ਵੱਡੀ ਫ਼ੌਜ ਹੈ।ਸਾਲ 2018 ਵਿਚ ਦਖਣੀ ਕੋਰੀਆ ਦੇ ਰਾਸ਼ਟਰੀਪਤੀ ਹੂਨ ਜੇਈ ਇਨ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਉੱਤਰੀ ਕੋਰੀਆ ਅਤੇ ਦਖਣੀ ਕੋਰੀਆ ਦੇ ਰਿਸ਼ਤਿਆਂ ਵਿਚ ਤਾਂ ਕੁੜੱਤਣ ਦੀ ਥਾਂ ਮਿਠਾਸ ਹੀ ਘੁਲੀ ਹੈ। ਦੋਹਾਂ ਦੇਸ਼ਾਂ ਵਲੋਂ ਦਖਣੀ ਕੋਰੀਆ ਦੇ ਗੈਂਗਵੋਨ ਸੂਬੇ ਵਿਚ ਫ਼ਰਵਰੀ 2018 ਵਿਚ ਸਾਂਝੇ ਤੌਰ ਉਤੇ ਵਿੰਟਰ ਓਲੰਪਿਕ ਖੇਡਾਂ ਕਰਵਾਈਆਂ ਗਈਆਂ।
2021 ਦੀਆਂ ਏਸ਼ੀਅਨ ਵਿੰਟਰ ਖੇਡਾਂ ਕਰਵਾਉਣ ਦਾ ਪ੍ਰਸਤਾਵ ਵੀ ਰਖਿਆ ਗਿਆ ਹੈ। 27 ਅਪ੍ਰੈਲ 2018 ਨੂੰ ਉੱਤਰੀ ਕੋਰੀਆ ਦੇ ਪ੍ਰਧਾਨ ਦਖਣੀ ਕੋਰੀਆ ਦੇ ਸਰਹੱਦੀ ਪਿੰਡ ਪਨਮੁਨਜੋਨ ਵਿਚ ਪੈਦਲ ਪਹੁੰਚੇ। ਦੋਹਾਂ ਨੇਤਾਵਾਂ ਨੇ ਸ਼ਾਂਤੀ ਹਾਲ ਵਿਚ ਇਕ ਘੰਟਾ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ ਹੁਣ ਕੋਈ ਯੁੱਧ ਨਹੀਂ ਹੋਵੇਗਾ। ਦੋਵੇਂ ਦੇਸ਼ਾਂ ਦੇ ਵਿਛੜੇ ਪ੍ਰਵਾਰਾਂ ਨੂੰ ਮਿਲਾਇਆ ਜਾਵੇਗਾ ਅਤੇ ਸੜਕ ਤੇ ਰੇਲਵੇ ਸੰਪਰਕ ਸਥਾਪਤ ਕੀਤਾ ਜਾਵੇਗਾ।
ਇਸ ਤੋਂ ਦੋ ਕਦਮ ਅੱਗੇ ਵਧਦਿਆਂ ਕਿਮ ਜੋਂਗ ਉਨ ਨੇ ਮਈ 2018 ਵਿਚ ਦੋਵਾਂ ਦੇਸ਼ਾਂ ਦਾ ਟਾਈਮ ਜ਼ੋਨ ਇਕ ਕਰ ਦਿਤਾ। ਡੋਨਾਲਡ ਟਰੰਪ ਅਤੇ ਕਿਮ ਵਿਚਕਾਰ 12 ਜੂਨ ਦੀ ਸਿੰਘਾਪੁਰ ਵਿਖੇ ਹੋਣ ਵਾਲੀ ਸਿਖਰ ਵਾਰਤਾ ਲਈ ਸੁਖਾਵਾਂ ਮਾਹੌਲ ਬਣਾਉਂਦਿਆਂ ਕਿਮ ਨੇ ਮਈ ਦੇ ਸ਼ੁਰੂ ਵਿਚ ਹੀ ਤਿੰਨ ਅਮਰੀਕੀ ਨਾਗਰਿਕਾਂ ਨੂੰ ਜੇਲ ਵਿਚੋਂ ਰਿਹਾਅ ਕਰ ਦਿਤਾ।
ਅਮਰੀਕਾ ਨਾਲ ਪ੍ਰਮਾਣੂ ਪ੍ਰੀਖਣ ਕੇਂਦਰ ਨਸ਼ਟ ਕਰਨ ਦੇ ਵਾਅਦੇ ਨੂੰ ਨਿਭਾਉਂਦਿਆਂ 24 ਮਈ ਨੂੰ ਵਿਦੇਸ਼ੀ ਪੱਤਰਕਾਰਾਂ ਦੇ ਸਾਹਮਣੇ ਅਪਣੇ ਪੁੰਗਯੇ ਰੀ ਪ੍ਰਮਾਣੂ ਕੇਂਦਰ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ। ਪ੍ਰੰਤੂ ਅੱਠ ਘੰਟੇ ਬਾਅਦ ਹੀ ਟਰੰਪ ਨੇ ਸਿੰਘਾਪੁਰ ਵਾਰਤਾ ਰੱਦ ਕਰਨ ਦਾ ਐਲਾਨ ਕਰ ਦਿਤਾ। ਕੋਰੀਆ ਨੇ ਸੁਹਿਰਦਤਾ ਵਿਖਾਉਂਦਿਆਂ ਇਸ ਪ੍ਰਕਿਰਿਆ ਨੂੰ ਦੂਜੇ ਦਿਨ ਵੀ ਜਾਰੀ ਰਖਿਆ। ਸਿਖਰਵਾਰਤਾ ਸਬੰਧੀ ਟਰੰਪ ਦੀ ਹਾਂ-ਨਾਂਹ ਦੇ ਮਿਜ਼ਾਜ ਬਦਲਣੇ ਲਗਾਤਾਰ ਜਾਰੀ ਹਨ।
ਉੱਤਰ ਕੋਰੀਆ ਨਾਲ ਗੱਲਬਾਤ ਦੀ ਮੇਜ਼ ਉਤੇ ਆਉਣਾ ਅਮਰੀਕਾ ਦੀ ਮਜਬੂਰੀ ਬਣ ਗਿਆ ਹੈ। ਲੱਖ ਪਾਬੰਦੀਆਂ ਦੇ ਬਾਅਦ ਵੀ ਕੋਰੀਆ ਨੂੰ ਤੇਲ ਦੀ ਸਪਲਾਈ ਹੁੰਦੀ ਰਹੀ ਹੈ। ਜਪਾਨ ਦੇ ਅਖ਼ਬਾਰ ਕਿਉਡੋ ਨੇ ਖੁਫ਼ੀਆ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਚੀਨ ਦੀਆਂ ਕੰਪਨੀਆਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਉਤੇ ਸਿੰਘਾਪੁਰ ਰਾਹੀਂ ਉਤਰੀ ਕੋਰੀਆ ਨੂੰ ਜ਼ਰੂਰੀ ਵਸਤਾਂ ਸਪਲਾਈ ਕਰਦੀਆਂ ਰਹੀਆਂ ਹਨ।
ਉੱਧਰ ਚੀਨ ਤੇ ਅਮਰੀਕਾ ਵਿਚਕਾਰ ਅੱਜ ਵਪਾਰ ਜੰਗ ਦੀ ਸਥਿਤੀ ਬਣੀ ਹੋਈ ਹੈ। ਚੀਨ ਤੇਜ਼ੀ ਨਾਲ ਅਪਣਾ ਵਪਾਰਕ ਦਾਇਰਾ ਵਧਾ ਰਿਹਾ ਹੈ। ਇਸ ਤਰ੍ਹਾਂ ਅਮਰੀਕਾ ਉੱਤਰੀ ਕੋਰੀਆ ਨੂੰ ਝੁਕਾਅ ਨਹੀਂ ਸਕਿਆ। ਉੱਤਰੀ ਕੋਰੀਆ ਨਾਲ ਜੰਗ ਦੀ ਸਥਿਤੀ ਵਿਚ ਪਹਿਲਾਂ ਅਫਗਾਨਿਸਤਾਨ ਤੇ ਫਿਰ ਇਰਾਕ ਵਿਚ ਛਿੱਥੇ ਪਏ ਅਮਰੀਕਾ ਲਈ ਇਕ ਹੋਰ ਜੰਗ ਮਹਿੰਗਾ ਸੌਦਾ ਸਾਬਤ ਹੋ ਸਕਦੀ ਹੈ।
ਆਖ਼ਰ ਟਰੰਪ ਦੀ ਬੌਖਲਾਹਟ ਦਾ ਕੀ ਕਾਰਨ ਹੈ? ਉਸ ਦੇ ਮਨ ਵਿਚ ਇਹ ਰੜਕ ਤਾਂ ਹੋਵੇਗੀ ਹੀ ਕਿ ਜਪਾਨ ਵਿਰੁਧ ਕੋਰੀਆ ਦੀ ਜੰਗ-ਏ-ਆਜ਼ਾਦੀ ਦੇ ਨਾਇਕ ਰਹੇ ਉੱਤਰੀ ਕੋਰੀਆ ਦੇ ਪਹਿਲੇ ਪ੍ਰਧਾਨ ਕਿਮ ਇਲ ਸੁੰਗ ਦੇ ਪ੍ਰਵਾਰ ਨੂੰ ਇਕ ਮਹਾਂਸ਼ਕਤੀ ਸੱਤਾ ਤੋਂ ਲਾਂਭੇ ਨਹੀਂ ਕਰ ਸਕੀ। ਉਸ ਦਾ ਪੋਤਰਾ ਕਿਮ ਅੱਜ ਵੀ ਉੱਤਰੀ ਕੋਰੀਆ ਦਾ ਸ਼ਾਸਕ ਹੈ।
ਅਮਰੀਕਾ ਦੀ ਦੁਬਿਧਾ ਦਾ ਹੀ ਨਤੀਜਾ ਹੈ ਕਿ ਸੁਲਾਹ-ਸਫ਼ਾਈ ਦੇ ਇਸ ਦੌਰ ਵਿਚ ਵੀ ਕਦੇ ਉਹ ਜਰਮਨੀ ਅਤੇ ਫਰਾਂਸ ਦੀ ਸਹਿਮਤੀ ਤੋਂ ਬਿਨਾਂ ਹੀ ਇਰਾਨ-ਪ੍ਰਮਾਣੂ ਸਮਝੌਤੇ ਵਿਚੋਂ ਬਿਨਾਂ ਕਾਰਨ ਬਾਹਰ ਨਿਕਲ ਰਿਹਾ ਹੈ। ਕਦੇ ਅਮਰੀਕਾ ਵਿਚ ਵੱਡਾ ਕਾਰੋਬਾਰ ਚਲਾ ਰਹੀ ਚੀਨੀ ਇਲੈਕਟ੍ਰਾਨਿਕ ਕੰਪਨੀ ਜ਼ੈਡ.ਟੀ.ਈ. ਨੂੰ ਨਿਰਧਾਰਤ ਸ਼ਰਤਾਂ ਦੀ ਉਲੰਘਣਾ ਕਰ ਕੇ ਉੱਤਰੀ ਕੋਰੀਆ ਤੇ ਇਰਾਨ ਨੂੰ ਉਤਪਾਦ ਨਿਰਯਾਤ ਕਰਨ ਬਦਲੇ 8040 ਕਰੋੜ ਦਾ ਵੱਡਾ ਜ਼ੁਰਮਾਨਾ ਠੋਕ ਰਿਹਾ ਹੈ।
ਕਦੇ ਖ਼ਬਰ ਮਿਲਦੀ ਹੈ ਕਿ ਹਾਲ ਹੀ ਵਿਚ ਬਹੁਮੁਲਕੀ ਸਾਂਝੀ ਸਮੁੰਦਰੀ ਜੰਗੀ ਮਸ਼ਕ ਵਿਚੋਂ ਚੀਨ ਨੂੰ ਦਿਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ ਹੈ। ਅੱਜ ਏਸ਼ੀਆ ਹੀ ਨਹੀਂ, ਪੂਰੀ ਦੁਨੀਆ ਵਿਚ ਸ਼ਾਂਤੀ ਲਈ ਆਸਵੰਦ ਲੋਕਾਂ ਦੀਆਂ ਨਜ਼ਰਾਂ ਅਮਰੀਕਾ-ਉੱਤਰੀ ਕੋਰੀਆ ਸ਼ਿਖਰ ਵਾਰਤਾ ਉਤੇ ਟਿਕੀਆਂ ਹੋਈਆਂ ਹਨ। ਅਮਰੀਕਾ ਏਸ਼ੀਆ ਵਿਚ ਆਨੇ-ਬਹਾਨੇ ਅਪਣਾ ਸੈਨਿਕ ਅੱਡਾ ਬਣਾਈ ਰਖਣਾ ਚਾਹੁੰਦਾ ਹੈ। ਜੇਕਰ ਉਹ ਅਪਣੇ ਸੁਆਰਥੀ ਹਿਤਾਂ ਨੂੰ ਛੱਡ ਕੇ ਦਿਲੋਂ ਸਮਝੌਤੇ ਨੂੰ ਪ੍ਰਵਾਨਗੀ ਦੇ ਦੇਵੇ ਤਾਂ ਇਹ ਵਿਸ਼ਵ ਸ਼ਾਂਤੀ ਲਈ ਭਾਗਾਂ ਭਰਿਆ ਦਿਨ ਹੋਵੇਗਾ।
ਸੰਪਰਕ : 94172-33606