ਘਰਾਂ ਵਿਚ ਬੱਚਿਆਂ ਦਾ ਦੁਰਘਟਨਾਵਾਂ ਤੋਂ ਬਚਾਅ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਸੀ ਜਾਣਦੇ ਹਾਂ ਕਿ ਬੱਚੇ ਸੱਭ ਨੂੰ ਪਿਆਰੇ ਹੁੰਦੇ ਹਨ, ਪਰ ਕਈ ਵਾਰ ਬੱਚੇ ਪਿਆਰ ਪਿਆਰ ਵਿਚ ਹੀ ਸ਼ਰਾਰਤੀ ਬਣ ਜਾਂਦੇ ਹਨ। ਤਾਂ ਉਹ ਘਰ ਵਿਚ ਹੀ ਕੁੱਝ ਅਜਿਹੀਆਂ...

The Boy using electric Switch

ਅਸੀ ਜਾਣਦੇ ਹਾਂ ਕਿ ਬੱਚੇ ਸੱਭ ਨੂੰ ਪਿਆਰੇ ਹੁੰਦੇ ਹਨ, ਪਰ ਕਈ ਵਾਰ ਬੱਚੇ ਪਿਆਰ ਪਿਆਰ ਵਿਚ ਹੀ ਸ਼ਰਾਰਤੀ ਬਣ ਜਾਂਦੇ ਹਨ। ਤਾਂ ਉਹ ਘਰ ਵਿਚ ਹੀ ਕੁੱਝ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ ਕਿ ਸਾਰਾ ਪ੍ਰਵਾਰ ਉਨ੍ਹਾਂ ਦੀਆਂ ਕੀਤੀਆਂ ਗਈਆਂ ਇਨ੍ਹਾਂ ਗ਼ਲਤੀਆਂ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਉਹ ਬੱਚੇ ਕਿਸੇ ਅਜਿਹੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਉਹ ਕੋਈ ਨਾ ਕੋਈ ਸੱਟ ਲੁਆ ਬੈਠਦੇ ਹਨ। ਇਸ ਤਰ੍ਹਾਂ ਉਹ ਆਪ ਤਕਲੀਫ਼ ਪਾਉਂਦੇ ਹਨ ਅਤੇ ਮਾਪਿਆਂ ਲਈ ਵੀ ਸਮੱਸਿਆ ਪੈਦਾ ਕਰਦੇ ਹਨ।

ਪਰ ਕਈ ਵਾਰ ਬੱਚੇ ਸ਼ਰਾਰਤੀ ਵੀ ਨਹੀਂ ਹੁੰਦੇ ਪਰ ਅਪਣੀ ਘੱਟ ਸਮਝ ਜਾਂ ਅਣਭੋਲਪੁਣੇ ਵਿਚ ਹੀ ਕੋਈ ਸੱਟ ਖਾ ਲੈਂਦੇ ਹਨ। ਇਸ ਲਈ ਸਾਨੂੰ ਅਪਣੇ ਪ੍ਰਵਾਰਾਂ ਵਿਚ ਬਹੁਤ ਹੀ ਸਾਵਧਾਨੀ ਤੋਂ ਕੰਮ ਲੈਣਾ ਪੈਂਦਾ ਹੈ।ਇਸ ਸਬੰਧ ਵਿਚ ਸਾਨੂੰ ਧਿਆਨ ਰਖਣਾ ਪਵੇਗਾ ਕਿ ਉਹ ਕਿਹੜੀਆਂ ਛੋਟੀਆਂ ਗੱਲਾਂ ਹਨ ਜਿਨ੍ਹਾਂ ਕਾਰਨ ਬੱਚੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ?

ਅਜਿਹੀਆਂ ਗੱਲਾਂ ਦਾ ਧਿਆਨ ਰੱਖ ਕੇ ਸਾਨੂੰ ਉਨ੍ਹਾਂ ਤੋਂ ਗੁਰੇਜ਼ ਕਰ ਕੇ, ਛੋਟੇ ਬੱਚਿਆਂ ਨੂੰ ਕਿਸੇ ਵੀ ਤਕਲੀਫ਼ ਤੋਂ ਬਚਾਉਣ ਦੇ ਉਪਰਾਲੇ ਕਰਨੇ ਪੈਣਗੇ ਜਿਸ ਤਰ੍ਹਾਂ ਕਿ ਆਮ ਘਰਾਂ ਵਿਚ ਹੁੰਦਾ ਹੈ ਕਿ ਕਈ ਵਾਰ ਸ਼ੀਸ਼ੇ ਦੇ ਗਲਾਸ ਜਾਂ ਕੱਪ ਆਦਿ ਤ੍ਰੇੜ ਵਾਲੇ ਹੁੰਦੇ ਹਨ ਅਤੇ ਜਦੋਂ ਬੱਚੇ ਉਨ੍ਹਾਂ ਦੀ ਵਰਤੋਂ ਕਰਦੇ ਹਨ ਤਾਂ ਟੁੱਟਣ ਕਾਰਨ ਸੱਟ ਲੁਆ ਲੈਂਦੇ ਹਨ ਕਿਉਂਕਿ ਅਜਿਹੇ ਸ਼ੀਸ਼ੇ ਦੇ ਗਲਾਸ ਜਾਂ ਕੱਪ ਟੁੱਟ ਕੇ ਬੱਚੇ ਦੇ ਹੱਥਾਂ-ਪੈਰਾਂ ਤੇ ਕੱਟ ਲਾ ਦੇਂਦੇ ਹਨ ਅਤੇ ਬੱਚਿਆਂ ਦੇ ਖ਼ੂਨ ਵਗਣ ਲੱਗ ਜਾਂਦਾ ਹੈ।

ਇਸ ਲਈ ਘਰ ਦੇ ਵੱਡੇ ਜੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਤ੍ਰੇੜ ਵਾਲੇ ਸ਼ੀਸ਼ੇ ਦੇ ਗਲਾਸ ਜਾਂ ਕੱਪ ਪਹਿਲਾਂ ਹੀ ਬਾਹਰ ਸੁੱਟ ਦਿਤੇ ਜਾਣ ਤਾਕਿ ਬੱਚਿਆਂ ਦਾ ਬਚਾਅ ਹੋ ਸਕੇ।ਇਸੇ ਤਰ੍ਹਾਂ ਜੇ ਅਸੀ ਘਰ ਵਿਚ ਧਿਆਨ ਨਾਲ ਵੇਖੀਏ ਤਾਂ ਘਰ ਵਿਚ ਫ਼ਰਨੀਚਰ ਜਾਂ ਕਿਸੇ ਹੋਰ ਕਿਸਮ ਦੇ ਸਮਾਨ ਬੜੇ ਨੋਕਦਾਰ ਹੁੰਦੇ ਹਨ। ਬੱਚੇ ਖੇਡਦੇ-ਖੇਡਦੇ ਆਮ ਤੌਰ ਤੇ ਇਨ੍ਹਾਂ ਨੋਕਦਾਰ ਕੋਨਿਆਂ ਤੋਂ ਚੋਟ ਖਾ ਲੈਂਦੇ ਹਨ ਜਿਹੜੀ ਕਿ ਦਰਦ ਦਾ ਕਾਰਨ ਬਣਦੀ ਹੈ।

ਇਸ ਤਰ੍ਹਾਂ ਦੇ ਨੁਕੀਲੇ ਫ਼ਰਨੀਚਰ ਦੀ ਬੱਚਿਆਂ ਵਾਲੇ ਘਰ ਵਿਚ ਬਿਲਕੁਲ ਵੀ ਵਰਤੋਂ ਨਹੀਂ ਹੋਣੀ ਚਾਹੀਦੀ। ਇਸ ਨਾਲ ਹੀ ਜੇ ਬੱਚੇ ਛੋਟੇ ਹੋਣ ਤਾਂ ਉਨ੍ਹਾਂ ਦੇ ਖਿਡੌਣੇ ਤਿੱਖੇ, ਨੋਕਦਾਰ ਅਤੇ ਭਾਰੇ ਨਹੀਂ ਹੋਣੇ ਚਾਹੀਦੇ। ਅਜਿਹਾ ਕਰਨ ਨਾਲ ਬੱਚੇ ਖੇਡਦੇ-ਖੇਡਦੇ ਅਪਣੇ ਖਿਡੌਣਿਆਂ ਤੋਂ ਹੀ ਸੱਟ ਲੁਆ ਲੈਂਦੇ ਹਨ। ਇਹ ਵੀ ਜ਼ਰੂਰੀ ਹੈ ਕਿ ਘਰ ਵਿਚ ਚਾਕੂ ਆਦਿ ਉੱਪਰ ਵਲ ਖੜੇ ਕਰ ਕੇ ਨਹੀਂ ਰਖਣੇ ਚਾਹੀਦੇ।

ਕੈਂਚੀਆਂ, ਬਲੇਡ ਆਦਿ ਬੱਚਿਆਂ ਦੀ ਪਹੁੰਚ ਤੋਂ ਦੂਰ ਰਖਣੇ ਚਾਹੀਦੇ ਹਨ। ਬੱਚੇ ਦਾ ਮਨ ਸ਼ਰਾਰਤੀ ਹੁੰਦਾ ਹੈ ਅਤੇ ਉਹ ਕੁੱਝ ਨਵਾਂ ਸਿਖਣ ਦਾ ਯਤਨ ਵੀ ਕਰਦਾ ਰਹਿੰਦਾ ਹੈ। ਇਸ ਲਈ ਘਰ ਵਿਚ ਵਰਤੋਂ ਵਿਚ ਲਿਆਂਦੇ ਗਏ ਸਟੋਵ, ਗੈਸ ਚੁੱਲ੍ਹਾ ਅਤੇ ਮਾਚਿਸ ਆਦਿ ਵੀ ਲੁਕੋ ਕੇ ਜਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਇਸ ਸਬੰਧ ਵਿਚ ਮਾਪਿਆਂ ਨੂੰ ਬਹੁਤ ਸਾਵਧਾਨ ਹੋਣ ਦੀ ਜ਼ਰੂਰਤ ਹੈ।

ਇਸ ਨਾਲ ਹੀ ਘਰ ਵਿਚ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਬਿਜਲੀ ਉਪਕਰਨ ਵੀ ਸਦਾ ਬੱਚਿਆਂ ਦੀ ਪਹੁੰਚ ਤੋਂ ਬਹੁਤ ਉੱਚੇ ਜਾਂ ਦੂਰ ਰਖਣੇ ਚਾਹੀਦੇ ਹਨ। ਘਰ ਦੀਆਂ ਪੁਰਾਣੀਆਂ ਅਤੇ ਖ਼ਰਾਬ ਤਾਰਾਂ ਨੂੰ ਜਲਦੀ ਬਦਲ ਦੇਣਾ ਚਾਹੀਦਾ ਹੈ ਤਾਕਿ ਕੋਈ ਵੀ ਮੰਦਭਾਗੀ ਘਟਨਾ ਨਾ ਵਾਪਰ ਸਕੇ।ਅਸੀ ਵੇਖਦੇ ਹਾਂ ਕਿ ਆਮ ਘਰਾਂ ਵਿਚ ਸਫ਼ਾਈ ਲਈ ਵਰਤੇ ਜਾਂਦੇ ਸਾਰੇ ਰਸਾਇਣਕ ਪਦਾਰਥ ਜਿਵੇਂ ਡਿਟਰਜੈਂਟ, ਕੀਟਨਾਸ਼ਕ, ਈਂਧਨ, ਮਿੱਟੀ ਦਾ ਤੇਲ, ਮਿਆਦ ਖ਼ਤਮ ਹੋ ਚੁੱਕੀਆਂ ਦਵਾਈਆਂ ਘਰਾਂ ਵਿਚ ਪਈਆਂ ਰਹਿੰਦੀਆਂ ਹਨ, ਜਿਹੜੀਆਂ ਕਿ ਬੱਚਿਆਂ ਲਈ ਬਹੁਤ ਹਾਨੀਕਾਰਕ ਹੋ ਸਕਦੀਆਂ ਹਨ।

ਘਰ ਦੇ ਛੋਟੇ ਬੱਚਿਆਂ ਵਲੋਂ ਮੂੰਹ ਵਿਚ ਪਾਏ ਜਾਣ ਦਾ ਡਰ ਸਦਾ ਬਣਿਆ ਰਹਿੰਦਾ ਹੈ ਇਸ ਲਈ ਘਰ ਦੇ ਹਰ ਸਿਆਣੇ ਜੀਅ ਦਾ ਫ਼ਰਜ਼ ਹੈ ਕਿ ਅਜਿਹੀਆਂ ਰਸਾਇਣਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਕਰੇ ਕਿਉਂਕਿ ਬੱਚੇ ਤਾਂ ਅਪਣੇ ਅਣਭੋਲਪੁਣੇ ਕਾਰਨ ਹਰ ਚੀਜ਼ ਨੂੰ ਮੂੰਹ ਵਿਚ ਪਾਉਣ ਦਾ ਯਤਨ ਕਰਦੇ ਹਨ। ਇਸੇ ਤਰ੍ਹਾਂ ਜ਼ਹਿਰੀਲੀਆਂ ਗੋਲੀਆਂ ਜਾਂ ਦਵਾਈਆਂ ਵੀ ਬੱਚਿਆਂ ਦੀ ਪਹੁੰਚ ਵਿਚ ਨਹੀਂ ਹੋਣੀਆਂ ਚਾਹੀਦੀਆਂ।

ਇਸੇ ਤਰ੍ਹਾਂ ਇਥੇ ਇਹ ਵੀ ਜ਼ਰੂਰੀ ਹੈ ਕਿ ਕਈ ਤਰ੍ਹਾਂ ਦੇ ਜਲਣਸ਼ੀਲ ਪਦਾਰਥ ਜਿਵੇਂ ਪਟਰੌਲ, ਤੇਜ਼ਾਬ ਅਤੇ ਦੂਜੇ ਰਸਾਇਣ ਘਰ ਵਿਚ ਬਹੁਤ ਹੀ ਨਿਗਰਾਨੀ ਵਿਚ ਰਖਣੇ ਚਾਹੀਦੇ ਹਨ। ਇਹ ਸਦਾ ਘਾਤਕ ਹੀ ਹੁੰਦੇ ਹਨ, ਇਸ ਲਈ ਬੱਚਿਆਂ ਨੂੰ ਇਨ੍ਹਾਂ ਤੋਂ ਸਦਾ ਦੂਰ ਹੀ ਰਖਣਾ ਚਾਹੀਦਾ ਹੈ।ਇਸ ਤਰ੍ਹਾਂ ਇਹ ਗੱਲ ਸਾਫ਼ ਹੋ ਗਈ ਹੈ ਕਿ ਬਚਪਨ ਦਾ ਅਣਭੋਲ ਸਮਾਂ, ਖੇਡਣ ਵਿਚ ਮਸਤ ਅਤੇ ਦੁਨਿਆਵੀ ਖ਼ਤਰਿਆਂ ਦੀ ਸੋਚਣੀ ਤੋਂ ਦੂਰ ਹੁੰਦਾ ਹੈ।

ਉਸ ਨੂੰ ਤਾਂ ਹਰ ਗੱਲ ਜਾਂ ਹਰ ਕੰਮ ਵਿਚ ਖ਼ੁਸ਼ੀ ਹੀ ਦਿਸਦੀ ਹੈ, ਇਸ ਲਈ ਕਿਸੇ ਵੀ ਹਾਦਸੇ ਤੋਂ ਅਣਜਾਣ ਉਹ ਕੋਈ ਵੀ ਖ਼ਤਰਾ ਮੁੱਲ ਲੈ ਸਕਦਾ ਹੈ। ਇਸ ਲਈ ਹਰ ਘਰ ਪ੍ਰਵਾਰ ਦੇ ਸੱਭ ਜੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਹਾਦਸੇ ਤੋਂ ਬਚਾਉਣ ਲਈ ਉਹ ਬੱਚੇ ਦੀ ਲਗਾਤਾਰ ਨਿਗਰਾਨੀ ਰੱਖਣ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸੱਭ ਵਸਤਾਂ ਨੂੰ ਉਸ ਦੀ ਪਹੁੰਚ ਤੋਂ ਦੂਰ ਰੱਖਣ।
ਸੰਪਰਕ : 98764-52223