ਕੋਰੋਨਾ ਦੇ ਝੰਬੇ ਅਮਰੀਕਾ ਨੂੰ ਹੁਣ ਨਸਲੀ ਹਿੰਸਾ ਨੇ ਝੁਲਸਾਇਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਮਰੀਕਾ ਜੋ ਪਿਛਲੇ ਦੋ ਢਾਈ ਮਹੀਨਿਆਂ ਤੋਂ ਕੋਰੋਨਾ ਦੀ ਲਪੇਟ ਵਿਚ ਹੈ ਜਿਸ ਦੇ ਨਤੀਜੇ ਵਜੋਂ ਉਸ ਦੇ ਇਕ ਲੱਖ ਤੋਂ ਵਧੇਰੇ ਨਾਗਰਿਕ ਅਪਣੀਆਂ ਜਾਨਾਂ

File Photo

ਅਮਰੀਕਾ ਜੋ ਪਿਛਲੇ ਦੋ ਢਾਈ ਮਹੀਨਿਆਂ ਤੋਂ ਕੋਰੋਨਾ ਦੀ ਲਪੇਟ ਵਿਚ ਹੈ ਜਿਸ ਦੇ ਨਤੀਜੇ ਵਜੋਂ ਉਸ ਦੇ ਇਕ ਲੱਖ ਤੋਂ ਵਧੇਰੇ ਨਾਗਰਿਕ ਅਪਣੀਆਂ ਜਾਨਾਂ ਗਵਾ ਚੁੱਕੇ ਹਨ ਤੇ ਹਾਲੇ ਵੀ ਲੱਖਾਂ ਦੀ ਗਿਣਤੀ ਵਿਚ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਅਜਿਹੇ ਹਾਲਾਤ ਦੌਰਾਨ ਅਮਰੀਕਾ ਵਿਚ ਜਿਸ ਤਰ੍ਹਾਂ ਨਸਲੀ ਦੰਗਿਆਂ ਦਾ ਬਾਜ਼ਾਰ ਗਰਮ ਹੋਇਆ ਹੈ ਤੇ ਇਨ੍ਹਾਂ ਉਤੇ ਕਾਬੂ ਪਾਉਣ ਲਈ ਜਿਸ ਤਰ੍ਹਾਂ ਅਮਰੀਕਾ ਦੇ 16 ਸੂਬਿਆਂ ਦੇ ਲਗਭਗ 25 ਸ਼ਹਿਰਾਂ ਵਿਚ ਕਰਫ਼ਿਊ ਲਗਾਇਆ ਗਿਆ ਹੈ,

ਉਹ ਯਕੀਨਨ ਫੈਲੀ ਹਿੰਸਾ ਦੀ ਗੰਭੀਰਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਮਾਹਰਾਂ ਅਨੁਸਾਰ ਅਮਰੀਕਾ ਵਿਚ ਫੈਲੀ ਇਹ ਸੱਭ ਅਫ਼ਰਾ-ਤਫ਼ਰੀ ਟਰੰਪ ਸਰਕਾਰ ਨੂੰ ਜਿਥੇ ਕਟਹਿਰੇ ਵਿਚ ਖੜਾ ਕਰਦੀ ਹੈ, ਉਥੇ ਹੀ ਉਨ੍ਹਾਂ ਦੇ ਤਰਜ਼-ਏ-ਹਕੂਮਤ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਉਕਤ ਨਸਲੀ ਹਿੰਸਾ ਫੈਲਣ ਦਾ ਮੁੱਖ ਕਾਰਨ ਭਾਵੇਂ ਜਾਰਜ ਫ਼ਲਾਇਡ ਦੀ ਮੌਤ ਨੂੰ ਮੰਨਿਆ ਜਾ ਰਿਹਾ ਹੈ, ਨਿਊਜ਼ ਰੀਪੋਰਟਾਂ ਅਨੁਸਾਰ ਜਾਰਜ ਫ਼ਲਾਇਡ 46 ਸਾਲਾ ਨਾਂ ਦੇ ਅਫ਼ਰੀਕੀ ਮੂਲ ਦੇ ਅਮਰੀਕੀ ਦੀ ਪੁਲਿਸ ਹਿਰਾਸਤ ਦੌਰਾਨ ਮਿਨੀਆਪੋਲਿਸ ਵਿਚ ਮੌਤ ਹੋ ਗਈ ਸੀ।

ਉਸ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਅਮਰੀਕਾ ਭਰ ਵਿਚ ਹੋ ਰਹੀਆਂ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਨੂੰ ਰੋਕਣ ਲਈ ਕਈ ਸ਼ਹਿਰਾਂ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ। ਭਾਵੇਂ ਇਸ ਮਾਮਲੇ ਵਿਚ 44 ਸਾਲਾ ਸਾਬਕਾ ਪੁਲਿਸ ਮੁਲਾਜ਼ਮ ਡੇਰੇਕ ਸ਼ਾਵਿਨ ਉਤੇ ਜਾਰਜ ਫ਼ਲਾਇਡ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪਰ ਮੁਜ਼ਾਹਰਾਕਾਰੀਆਂ ਨੇ ਇਸ ਦੇ ਬਾਵਜੂਦ ਵੀ ਕਈ ਸ਼ਹਿਰਾਂ ਵਿਚ ਭੰਨ੍ਹਤੋੜ ਕੀਤੀ ਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਹਵਾਲੇ ਕੀਤਾ ਗਿਆ।

ਪੁਲਿਸ ਨੇ ਹਾਲਾਤ ਉਤੇ ਕਾਬੂ ਪਾਉਣ ਲਈ ਤੇ ਮੁਜ਼ਾਹਰਾਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦੀ ਜੰਮ ਕੇ ਵਰਤੋਂ ਕੀਤੀ। ਦਰਅਸਲ ਘਟਨਾ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਸੋਮਵਾਰ ਨੂੰ ਪੁਲਿਸ ਨੂੰ ਇਕ ਜਨਰਲ ਸਟੋਰ ਤੋਂ ਫ਼ੋਨ ਆਇਆ ਕਿ ਉਨ੍ਹਾਂ ਨੂੰ ਜਾਰਜ ਫ਼ਲਾਇਡ ਨੇ 20 ਡਾਲਰ ਦਾ ਨਕਲੀ ਨੋਟ ਦਿਤਾ ਹੈ। ਇਸ ਉਤੇ ਪੁਲਿਸ ਨੇ ਫ਼ਜ਼ੂਲ ਦੀ ਕਾਰਵਾਈ ਕਰਦਿਆਂ ਫ਼ਲਾਇਡ ਨੂੰ ਅਪਣੀ ਵੈਨ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਇਸ ਦੌਰਾਨ ਫ਼ਲਾਇਡ ਨੇ ਪੁਲਿਸ ਨਾਲ ਹੱਥੋਪਾਈ ਕੀਤੀ ਜਿਸ ਮਗਰੋਂ ਉਸ ਨੂੰ ਹੱਥਕੜੀ ਲਗਾ ਦਿਤੀ ਗਈ।

ਇਸੇ ਦੌਰਾਨ ਫ਼ਲਾਇਡ ਨੇ ਜ਼ਮੀਨ ਉਤੇ ਲੇਟਦਿਆਂ ਸ਼ਾਇਦ ਖ਼ੁਦ ਨੂੰ ਹਿਰਾਸਤ ਵਿਚ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਕਤ ਘਟਨਾ ਦੇ ਵਾਇਰਲ ਵੀਡੀਉ ਵਿਚ ਝੜਪ ਦੀ ਸ਼ੁਰੂਆਤ ਦੀ ਰਿਕਾਰਡਿੰਗ ਨਹੀਂ ਹੈ। ਪਰ ਵੀਡੀਉ ਵਿਚ ਸ਼ਾਵਿਨ ਨੇ ਫ਼ਲਾਇਡ ਦੀ ਧੌਣ ਉਤੇ ਗੋਡਾ ਧਰਿਆ ਹੋਇਆ ਹੈ ਤੇ ਫ਼ਲਾਇਡ ਨਿਹਾਇਤ ਬੇਵਸੀ ਦੀ ਹਾਲਤ ਵਿਚ ਕਹਿ ਰਿਹਾ ਹੈ ਕਿ ''ਮੈਨੂੰ ਸਾਹ ਨਹੀਂ ਆ ਰਿਹਾ'', ''ਮੈਨੂੰ ਨਾ ਮਾਰੋ'' ਪਰ ਪੁਲਿਸ ਮੁਲਾਜ਼ਮ ਉਸ ਦੀ ਧੌਣ ਨੂੰ ਬ-ਦਸੂਰਤ ਅਪਣੇ ਗੋਡੇ ਹੇਠ ਦੱਬੀ ਬੈਠਾ ਹੈ। ਇਸ ਦੌਰਾਨ ਤਕਰੀਬਨ 3 ਮਿੰਟ ਬਾਅਦ ਫ਼ਲਾਇਡ ਨੇ ਹਰਕਤ ਕਰਨੀ ਬੰਦ ਕਰ ਦਿਤੀ।

ਇਸ ਤੋਂ ਬਾਅਦ ਜਦੋਂ ਸ਼ਾਵਿਨ ਨਾਂ ਦਾ ਪੁਲਿਸ ਮੁਲਾਜ਼ਮ ਉਠਿਆ ਤਾਂ ਫਲਾਇਡ ਨੂੰ ਸਾਹ ਨਹੀਂ ਸੀ ਆ ਰਿਹਾ ਜਿਸ ਉਪਰੰਤ ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਇਕ ਘੰਟੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਪੋਸਟ ਮਾਰਟਮ ਦੀ ਪਹਿਲੀ ਰੀਪੋਰਟ ਮੁਤਾਬਕ ਫ਼ਲਾਇਡ ਦੀ ਮੌਤ ਸ਼ਾਵਿਨ ਵਲੋਂ ਉਸ ਦੇ ਗਲੇ ਉਤੇ 8 ਮਿੰਟ 46 ਸਕਿੰਟ ਤਕ ਰੱਖੇ ਗੋਡੇ ਕਾਰਨ ਹੋਈ ਸੀ। ਇਸ ਤੋਂ ਬਾਅਦ ਹੀ ਘਟਨਾ ਵੇਲੇ ਮੌਜੂਦ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿਤਾ ਗਿਆ।

ਪਰ ਪੁਲਿਸ ਦੇ ਉਕਤ ਤਸ਼ੱਦਦ ਵਾਲੀ ਵੀਡੀਉ ਵਾਇਰਲ ਹੋਈ ਤੇ ਫ਼ਲਾਇਡ ਦੀ ਮੌਤ ਦੀ ਖ਼ਬਰ ਫੈਲੀ ਤਾਂ ਵੇਖਦੇ ਹੀ ਵੇਖਦੇ ਕੁੱਝ ਹੀ ਦਿਨਾਂ ਵਿਚ ਅਮਰੀਕਾ ਦੇ ਘੱਟੋ-ਘੱਟ ਦੋ ਦਰਜਨ ਤੋਂ ਵੱਧ ਸ਼ਹਿਰਾਂ ਵਿਚ ਵੱਡੇ ਪੱਧਰ ਉਤੇ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਜਿਸ ਦੌਰਾਨ ਸ਼ਿਕਾਗੋ ਵਿਚ ਮੁਜ਼ਾਹਰਾਕਾਰੀਆਂ ਨੇ ਪੁਲਿਸ ਅਧਿਕਾਰੀਆਂ ਉਤੇ ਪੱਥਰਬਾਜ਼ੀ ਕੀਤੀ। ਇਸ ਉਪਰੰਤ ਪੁਲਿਸ ਨੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ।

ਇਥੋਂ ਤਕ ਕਿ ਲਾਸ-ਐਂਜਲਜ਼ ਵਿਚ ਵੀ ਪੁਲਿਸ ਨੂੰ ਮੁਜ਼ਾਹਰਾਕਾਰੀਆਂ ਦੇ ਇਕੱਠ ਉਤੇ ਕਾਬੂ ਪਾਉਣ ਲਈ ਰਬੜ ਦੀਆਂ ਗੋਲੀਆਂ ਦਾ ਸਹਾਰਾ ਲੈਣਾ ਪਿਆ। ਜਿਥੇ ਕਿ ਗੁੱਸੇ ਵਿਚ ਭੜਕੇ ਮੁਜ਼ਾਹਰਾਕਾਰੀ ਬੋਤਲਾਂ ਸੁੱਟ ਰਹੇ ਸਨ ਤੇ ਵਾਹਨਾਂ ਦੀ ਭੰਨਤੋੜ ਤੇ ਅੱਗ ਲਗਾ ਰਹੇ ਸਨ।ਇਸੇ ਤਰ੍ਹਾਂ ਵਾਸ਼ਿੰਗਟਨ ਦੇ ਵ੍ਹਾਈਟ ਹਾਊਸ ਦੇ ਬਾਹਰ ਵੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਜਦੋਂ ਕਿ ਜਾਰਜੀਆ ਦੇ ਅਟਲਾਂਟਾ ਵਿਚ ਸ਼ੁਕਰਵਾਰ ਨੂੰ ਇਮਾਰਤਾਂ ਦੀ ਜੰਮ ਕੇ ਭੰਨ-ਤੋੜ ਕੀਤੀ ਗਈ ਜਿਸ ਮਗਰੋਂ ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿਤਾ ਗਿਆ।

ਐਸੋਸੀਏਟਿਡ ਪ੍ਰੈੱਸ ਦੀਆਂ ਰੀਪੋਰਟਾਂ ਅਨੁਸਾਰ ਵ੍ਹਾਈਟ ਹਾਊਸ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਇੱਕਠੇ ਹੋਣ ਉਪਰੰਤ ਹਾਲਾਤ ਕਿਸ ਕਦਰ ਗੰਭੀਰ ਹੋ ਗਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਲਗਭਗ ਇਕ ਘੰਟਾ ਬਿਤਾਇਆ। ਇਥੇ ਜ਼ਿਕਰਯੋਗ ਹੈ ਕਿ ਆਮ ਤੌਰ ਉਤੇ ਇਸ ਬੰਕਰ ਦੀ ਵਰਤੋਂ ਸੰਗੀਨ ਹਾਲਾਤ ਜਿਵੇਂ ਕਿ ਅਤਿਵਾਦੀ ਹਮਲਿਆਂ ਦੇ ਖ਼ਦਸ਼ੇ ਸਮੇਂ ਹੀ ਕੀਤੀ ਜਾਂਦੀ ਹੈ ਕਿਉਂਕਿ ਬੰਕਰ ਦੀ ਡਿਜ਼ਾਈਨਿੰਗ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਇਸ ਉਤੇ ਕਿਸੇ ਵੀ ਹਥਿਆਰ ਜਾਂ ਬੰਬ ਦਾ ਅਸਰ ਨਹੀਂ ਹੁੰਦਾ।

ਅਮਰੀਕਾ ਦੇ ਦੂਜੇ ਇਲਾਕਿਆਂ ਜਿਵੇਂ ਕਿ ਮਿਨੀਆਪੋਲਿਸ, ਨਿਊਯਾਰਕ, ਮਿਆਮੀ ਤੇ ਫ਼ਿਲਾਡੇਲਫ਼ੀਆ ਦੀਆਂ ਸੜਕਾਂ ਉਤੇ ਵੀ ਘਟਨਾ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਉਤਰੇ ਹਨ। ਪੋਰਟਲੈਂਡ, ਲੂਈਵਿਲ, ਮਿਨੀਆਪੋਲਿਸ, ਨਿਊਯਾਰਕ, ਮਿਆਮੀ ਤੇ ਫ਼ਿਲਾਡੇਲਫ਼ੀਆ ਸਮੇਤ ਹੋਰ ਕਈ ਸ਼ਹਿਰਾਂ ਵਿਚ ਰਾਤ ਵੇਲੇ ਕਰਫ਼ਿਊ ਲਗਾ ਦਿਤਾ ਗਿਆ ਹੈ ਪਰ ਕਈ ਸ਼ਹਿਰਾਂ ਵਿਚ ਲੋਕ ਕਰਫ਼ਿਊ ਦੀ ਲਗਾਤਾਰ ਉਲੰਘਣਾ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਲੁੱਟ ਖੋਹ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ।

ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਫ਼ਲਾਇਡ ਦੀ ਮੌਤ ਨੇ ਦੇਸ਼ ਦੇ ਲੋਕਾਂ ਵਿਚ 'ਡਰ, ਗੁੱਸਾ ਤੇ ਸੋਗ' ਪੈਦਾ ਕਰ ਦਿਤਾ ਹੈ। ਫ਼ਲੋਰਿਡਾ ਵਿਖੇ ਨਾਸਾ ਦੇ ਇਕ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੀ ਅਰਦਾਸ ਕਰ ਰਹੇ ਹਨ ਤੇ ਲੋਕਾਂ ਨੂੰ ਸਹਾਰਾ ਦੇਣ ਲਈ ਖੜੇ ਹਨ। ਇਸ ਦੇ ਨਾਲ ਹੀ ਉਨ੍ਹਾਂ  ਮੁਜ਼ਾਹਰਾਕਾਰੀਆਂ ਦੀ 'ਲੁਟੇਰੇ ਤੇ ਹੁੜਦੰਗੀ' ਲੋਕਾਂ ਵਜੋਂ ਨਿੰਦਿਆ ਕੀਤੀ ਤੇ ਕਿਹਾ ਕਿ ਮੈਂ ਹਿੰਸਾ ਫੈਲਾਅ ਰਹੇ ਲੋਕਾਂ ਨੂੰ ਮਨਮਰਜ਼ੀ ਨਹੀਂ ਕਰਨ ਦੇਵਾਂਗਾ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿਤੀ ਕਿ ਉਨ੍ਹਾਂ ਕੋਲ ਖ਼ਤਰਨਾਕ ਕੁੱਤੇ ਤੇ ਜਾਨਲੇਵਾ ਹਥਿਆਰ ਹਨ।

ਇਸ ਮੌਕੇ ਉਨ੍ਹਾਂ ਮਿਨੀਆਪੋਲਿਸ ਦੇ ਮੇਅਰ ਉਤੇ ਮੁਜ਼ਾਹਰਿਆਂ ਉਤੇ ਕਾਬੂ ਨਾ ਪਾ ਸਕਣ ਦਾ ਇਲਜ਼ਾਮ ਵੀ ਲਗਾਏ। ਇਥੇ ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੇ ਅਮਰੀਕਾ ਵਿਚ ਕਾਲੇ ਲੋਕਾਂ ਦੇ ਕਤਲਾਂ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਭਾਵੇਂ ਉਹ 1963 ਦੇ ਨਿਊਯਾਰਕ ਦੀ ਹਿੰਸਾ ਹੋਵੇ ਜਿਸ ਦੀ ਧੂਣੀ 1992 ਤਕ ਧੁਖਦੀ ਰਹੀ, ਚਾਹੇ ਉਹ 1921 ਦੇ ਟੁਲਸਾ ਨਸਲੀ ਦੰਗੇ ਹੋਣ, 1919 ਦੇ ਸ਼ਿਕਾਗੋ ਨਸਲੀ ਦੰਗੇ, 1943 ਦੇ ਡਿੱਰੋਇਟ ਦੇ ਨਸਲੀ ਦੰਗੇ ਆਦਿ ਹੋਣ, ਕੁੱਲ ਮਿਲਾ ਕੇ ਇਨ੍ਹਾਂ ਨਸਲੀ ਦੰਗਿਆਂ ਦਾ ਇਤਿਹਾਸ ਪੁਰਾਣਾ ਹੈ।

ਪੁਲਿਸ ਹਿਰਾਸਤ ਵਿਚ ਕਾਲੇ ਲੋਕਾਂ ਦੀਆਂ ਮੌਤਾਂ ਦੀ ਕਹਾਣੀ ਵੀ ਕੋਈ ਨਵੀਂ ਗੱਲ ਨਹੀਂ ਹੈ। ਨਿਊਜ਼ ਰੀਪੋਰਟਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਆਮ ਸ਼ਹਿਰੀ ਨੂੰ ਛੋਟੀ-ਮੋਟੀ ਗੱਲ ਉਤੇ ਪੁਲਿਸ ਮੁਲਾਜ਼ਮਾਂ ਵਲੋਂ ਜਾਨੋਂ-ਮਾਰ ਦੇਣ ਦਾ ਵਰਤਾਰਾ ਪਿਛਲੇ ਕੁੱਝ ਸਾਲਾਂ ਤੋਂ ਜ਼ਿਆਦਾ ਵਧਿਆ ਹੈ ਜਿਸ ਵਿਚ ਕਿ 1980 ਤੋਂ ਬਾਅਦ ਕਾਫ਼ੀ ਤੇਜ਼ੀ ਆਈ ਮਹਿਸੂਸ ਹੁੰਦੀ ਹੈ। ਇਕ ਰੀਪੋਰਟ ਅਨੁਸਾਰ ਪੁਲਿਸ ਦੁਆਰਾ ਹਰ ਸਾਲ ਅਮਰੀਕਾ ਵਿਚ ਲਗਭਗ 500 ਬੇਕਸੂਰੇ ਲੋਕ ਮਾਰੇ ਜਾਂਦੇ ਹਨ ਜਿਨ੍ਹਾਂ ਵਿਚ ਭਾਰੀ ਗਿਣਤੀ  ਕਾਲਿਆਂ ਦੀ ਹੁੰਦੀ ਹੈ।

ਜੇਕਰ ਅਮਰੀਕਾ ਦੇ ਇਤਿਹਾਸ ਉਤੇ ਨਜ਼ਰ ਮਾਰੀਏ ਤਾਂ ਅਸੀ ਵੇਖਦੇ ਹਾਂ ਕਿ ਜਦੋਂ ਕਦੇ ਵੀ ਅਮਰੀਕੀ ਸਰਮਾਏਦਾਰੀ ਤੇ ਸੰਕਟ ਦੇ ਬੱਦਲ ਛਾਏ ਹਨ, ਉਸ ਦਾ ਇਜ਼ਹਾਰ ਵੱਖ-ਵੱਖ ਸਮਿਆਂ ਉਤੇ ਨਸਲੀ ਦੰਗਿਆਂ ਦੇ ਰੂਪ ਵਿਚ ਹੁੰਦਾ ਨਜ਼ਰ ਆਉਂਦਾ ਹੈ, ਜਿਵੇਂ 1920, 1943, 1963, 1968, 1992 ਸਮਿਆਂ ਦੇ ਦੰਗੇ ਆਦਿ।
ਸੰਪਰਕ :98552-59650