ਸਭਿਆਚਾਰ ਤੇ ਵਿਰਸਾ :ਅਲੋਪ ਹੋ ਜਾਣਗੇ ਸਾਡੀ ਪੀੜ੍ਹੀ ਦੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਡੇ ਦੇਖਦੇ-ਦੇਖਦੇ ਨਵੀਂ ਕ੍ਰਾਂਤੀ ਆਈ। ਸੱਭ ਕੁੱਝ ਬਦਲ ਗਿਆ। ਹਰ ਪੱਖੋਂ ਸਾਡੇ ਵੇਖਦੇ ਵੇਖਦੇ ਤਰੱਕੀ ਹੋਈ। ਪਰ...

Representational

ਸਾਡੇ ਦੇਖਦੇ-ਦੇਖਦੇ ਨਵੀਂ ਕ੍ਰਾਂਤੀ ਆਈ। ਸੱਭ ਕੁੱਝ ਬਦਲ ਗਿਆ। ਹਰ ਪੱਖੋਂ ਸਾਡੇ ਵੇਖਦੇ ਵੇਖਦੇ ਤਰੱਕੀ ਹੋਈ। ਪਰ ਇਸ ਤਰੱਕੀ ਤੇ ਨਾਲ-ਨਾਲ ਸਾਡੀ ਨਵੀਂ ਪੀੜ੍ਹੀ ਸਾਡੇ ਪੁਰਖਾਂ ਦੀ ਮਿਹਨਤ ਤੇ ਪੰਜਾਬ ਦੇ ਸਭਿਆਚਾਰ, ਕਲਚਰ ਤੋਂ ਅਣਜਾਣ ਪਛਮੀ ਸਭਿਅਤਾ ਵਿਚ ਗਵਾਚ ਮਨੋਰੋਗੀ ਹੋ ਗਈ ਹੈ। ਉਸ ਨੂੰ ਨਾ ਹੀ ਅਪਣੇ ਬਜ਼ੁਰਗਾਂ ਦੇ ਵਾਹੇ ਹੱਲ ਦੇ ਖੇਤੀ ਸੰਦਾਂ ਦੇ ਨਾਂ ਦਾ ਪਤਾ ਹੈ ਨਾ ਹੀ ਠੇਠ ਪੰਜਾਬੀ ਦੇ ਲਫ਼ਜ਼ਾਂ ਬਾਰੇ ਜਾਣਕਾਰੀ ਹੈ ਤੇ ਨਾ ਹੀ ਪੰਜਾਬੀ ਦੇ ਸ਼ਬਦਾਂ, ਪਹਾੜਿਆਂ, ਹਿੰਦਸਿਆਂ ਬਾਰੇ ਮੁਹਾਰਤ ਹਾਸਲ ਹੈ। ਨਾ ਹੀ ਅਪਣੇ ਇਤਿਹਾਸ ਬਾਰੇ ਜਾਣਕਾਰੀ ਹੈ। ਪੰਜਾਬੀ ਵਿਚ ਸੱਭ ਤੋਂ ਵੱਧ ਬੱਚੇ ਫ਼ੇਲ੍ਹ ਹੋਏ ਹਨ। 

ਮੈਂ ਉਸ ਪੀੜ੍ਹੀ ਦੀ ਗੱਲ ਕਰ ਰਿਹਾ ਹਾਂ ਜਦੋਂ ਆਵਾਜਾਈ, ਢੋਆ ਢੁਆਈ, ਮਨੋਰੰਜਨ ਦਾ ਅੱਜ ਵਾਲਾ ਕੋਈ ਸਾਧਨ ਨਹੀਂ ਸੀ। ਟਾਂਵੇ ਟਾਂਵੇ ਮੇਨ ਅੱਡਿਆਂ ਤੋਂ ਟਾਂਗੇ ਚਲਦੇ ਸੀ। ਅਕਸਰ ਲੋਕ ਪੈਦਲ ਹੀ ਜਾਂਦੇ ਸੀ। ਮੱਸਿਆ ਨੂੰ ਲੋਕ ਟਾਂਗੇ ਤੇ ਸ਼ਹਿਰ ਜਾਂਦੇ ਸੀ। ਸਾਈਕਲ ਕਿਸੇ ਤਿੜ੍ਹੇ ਬੰਦੇ ਕੋਲ ਹੁੰਦਾ ਸੀ। ਢੋਆ ਢੁਆਈ ਲਈ ਗੱਡੇ ਹੁੰਦੇ ਸੀ ਜਿਸ ਰਾਹੀਂ ਜਿਨਸ ਵੇਚੀ ਜਾਂਦੀ ਸੀ। ਤੂੜੀ ਇਕੱਠੀ ਕਰ ਮੂਸਲਾਂ ਦੇ ਵਿਚ ਸਾਂਭੀ ਜਾਂਦੀ ਸੀ। ਮਨੋਰੰਜਨ ਲਈ ਲੋਕ ਸੰਪਰਕ ਵਿਭਾਗ ਡਾਕੂਮੈਂਟਰੀ ਫ਼ਿਲਮ ਦਿਖਾਉਂਦਾ ਸੀ ਜਾਂ ਗੁਰਚਰਨ ਭਾਅ ਦੇ ਨਾਟਕ ਦੇਖੇ ਜਾਂਦੇ ਸੀ। ਇਹ ਲੋਕ ਜਲਦੀ ਤੇ ਜਲਦੀ ਉਠਦੇ ਤੇ ਸੌਦੇ ਸਨ। ਬਿਜਲੀ ਅਜੇ ਆਈ ਨਹੀਂ ਸੀ, ਲਾਲਟੈਨ ਜਾਂ ਦੀਵੇ ਦੀ ਰੋਸ਼ਨੀ ਹੁੰਦੀ ਸੀ। ਪਹਿਲਾ ਰੇਡੀਉ ਆਇਆ, ਲੋਕ ਕਹਿੰਦੇ ਸੀ ਇਸ ਵਿਚ ਬੰਦੇ ਬੋਲਣਗੇ, ਫਿਰ ਬਿਜਲੀ ਤੇ ਟੈਲੀਵੀਜ਼ਨ ਆਇਆ। ਲਾਲਟੈਨ ਨਾਲ ਪੜ੍ਹੇ ਬੱਚੇ ਆਈਪੀਐਸ,ਆਈਏਐਸ ਅਫ਼ਸਰ ਤੇ ਹੋਰ ਅਹੁਦਿਆਂ ’ਤੇ ਪਹੁੰਚੇ ਹਨ।

65 ਤੋਂ ਲੈ ਕੇ 70 ਸਾਲ ਦੇ ਏੜ ਗੇੜ ਦੇ ਲੋਕਾਂ ਨੇ ਅਪਣੀ ਜ਼ਿੰਦਗੀ ਵਿਚ ਬਹੁਤ ਉਤਾਰਅ ਚੜ੍ਹਾਅ ਦੇਖੇ ਹਨ। ਗੁਰਦਵਾਰੇ ਜਾਣਾ ਰੱਬ ਦਾ ਨਾਮ ਲੈਣਾ, ਇਕ ਦੂਜੇ ਦਾ ਹਾਲ-ਚਾਲ ਪੁਛਣਾ, ਦਿਨ ਤਿਉਹਾਰ ਮਨਾਉਣੇ, ਰੀਤੀ ਰਿਵਾਜ ਨਿਭਾਉਣੇ, ਜਨਮ ਮਰਨ ਵਿਚ ਸ਼ਰੀਕ ਹੋਣਾ, ਰੱਬ ਦਾ ਡਰ ਸੀ। ਵਰਤ ਰਖਣਾ, ਲੰਘਦੇ ਜਾਂਦੇ ਬੰਦੇ ਨੂੰ ਸਲਾਮ, ਸਤਿ ਸ੍ਰੀ ਅਕਾਲ ਕਰਨ, ਸਵੇਰੇ ਜਲਦੀ ਉਠ ਖੇਤਾਂ ਵਿਚ ਹੱਲ ਚਲਾਉਣੇ, ਵਖਰੀ ਵਖਰੀ ਹਾੜੀ ਸਾਉਣੀ ਦੀਆਂ ਫ਼ਸਲਾਂ ਬੀਜਣੀਆਂ। ਖੂਹ ਗੇੜਨੇ, ਨਹਿਰਾਂ ਦੀ ਪਾਣੀ ਦੀ ਵਾਰੀ ਲਾਉਣੀ, ਕੱਦੂ ਕਰਨੇ, ਨਿੰਦਨ ਕਢਣਾ, ਕਿਸੇ ਵੇਲੇ ਜੋਕਾਂ ਵੀ ਲੱਗ ਜਾਣੀਆਂ, ਸਿਆਲੀ ਰਾਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿਧਣੀਆਂ, ਫੱਲੇ ਵਾਹੂਣੇ, ਝੋਨਾ ਝਾੜਨਾ, ਮੰਗਾਂ ਪਾਉਣੀਆਂ, ਲਾਲਟੈਨ ਨਾਲ ਪੜ੍ਹਨਾ, ਪੰਚਾਇਤੀ ਲਾਊਡ ਸਪੀਕਰ ਵਿਚ ਰੇਡੀਉ ਦੇ ਮਾਧਿਅਮ ਰਾਹੀਂ ਦਿਹਾਤੀ ਪ੍ਰੋਗਰਾਮ ਠੰਡੂ ਰਾਮ ਹੋਰਾਂ ਦਾ ਸੁਣਨਾ। ਸਵੇਰੇ ਬੈਠ ਅਖ਼ਬਾਰਾਂ ਪੜ੍ਹਨਾ, ਗੱਪਾਂ ਸ਼ੱਪਾਂ ਮਾਰਨੀਆਂ, ਭੱਠੀ ਤੋਂ ਦਾਣੇ ਭੁਨਾ ਕੇ ਖਾਣੇ, ਅੱਧੀ-ਅੱਧੀ ਰਾਤ ਤਕ ਛੜਿਆਂ ਨੇ ਭੱਠੀ ਦੀ ਅੱਗ ਸੇਕਣੀ, ਸਵੇਰੇ-ਸਵੇਰੇ ਸੁਆਣੀਆਂ ਨੇ ਕਾੜ੍ਹਨੇ ਵਿਚ ਦੁੱਧ ਜਮਾਉਣਾ, ਦੁੱਧ ਰਿੜਕਣਾ, ਲੱਸੀ ਬਣਾਉਣੀ, ਚਰਖੇ ਕੱਤਣੇ, ਦੁੱਧ, ਘਿਉ, ਮੱਖਣ, ਦਹੀਂ ਨਰੋਈ ਖ਼ੁਰਾਕ ਖਾਣੀ, ਲੁੱਕਣ ਮੀਚੀ, ਖਿੱਦੋ ਖੂੰਡੀ, ਆਦਿ ਦੇਸੀ ਖੇਡਾਂ ਖੇਡਣੀਆਂ, ਪਿੰਡਾਂ ਵਿਚ ਬਾਜ਼ੀ ਤੇ ਰਾਸਾਂ ਪੈਣੀਆਂ। ਕਿੰਨੇ ਕਿੰਨੇ ਦਿਨ ਬਰਾਤਾਂ ਠਹਿਰਨੀਆਂ, ਸਾਰਾ ਪਿੰਡ ਉਸ ਵਿਚ ਸ਼ਰੀਕ ਹੋਣਾ।

ਸਾਡੇ ਦੇਖਦੇ-ਦੇਖਦੇ ਨਵੀਂ ਕ੍ਰਾਂਤੀ ਆਈ ਸੱਭ ਕੁੱਝ ਬਦਲ ਗਿਆ, ਹਰ ਪੱਖੋਂ ਸਾਡੇ ਵੇਖਦੇ ਤਰੱਕੀ ਹੋਈ। ਪਰ ਇਸ ਤਰੱਕੀ ਤੇ ਨਾਲ-ਨਾਲ ਸਾਡੀ ਨਵੀਂ ਪੀੜ੍ਹੀ ਸਾਡੇ ਪੁਰਖਾਂ ਦੀ ਮਿਹਨਤ ਤੇ ਪੰਜਾਬ ਦੇ ਸਭਿਆਚਾਰ, ਕਲਚਰ ਤੋਂ ਅਣਜਾਣ ਪਛਮੀ ਸਭਿਅਤਾ ਵਿਚ ਗਵਾਚ ਮਨੋਰੋਗੀ ਹੋ ਗਈ ਹੈ। ਉਸ ਨੂੰ ਨਾ ਹੀ ਅਪਣੇ ਬਜ਼ੁਰਗਾਂ ਦੇ ਵਾਹੇ ਹੱਲ ਦੇ ਖੇਤੀ ਸੰਦਾਂ ਦੇ ਨਾਂ ਦਾ ਪਤਾ ਹੈ, ਨਾ ਹੀ ਠੇਠ ਪੰਜਾਬੀ ਦੇ ਲਫ਼ਜ਼ਾਂ ਬਾਰੇ ਜਾਣਕਾਰੀ ਹੈ। ਪੰਜਾਬੀ ਦੇ ਸ਼ਬਦਾਂ, ਪਹਾੜਿਆਂ, ਹਿੰਦਸਿਆਂ ਬਾਰੇ ਮੁਹਾਰਤ ਹਾਸਲ ਹੈ। ਨਾ ਹੀ ਅਪਣੇ ਇਤਿਹਾਸ ਬਾਰੇ ਜਾਣਕਾਰੀ ਹੈ ਤੇ ਪੰਜਾਬੀ ਵਿਚ ਸੱਭ ਤੋਂ ਵੱਧ ਬੱਚੇ ਫ਼ੇਲ੍ਹ ਹੋਏ ਹਨ। ਲੋੜ ਹੈ ਨਵੀਂ ਪੀੜ੍ਹੀ ਨੂੰ, ਜੋ ਇਹ ਬਜ਼ੁਰਗ ਹਨ ਇਨ੍ਹਾਂ ਦਾ ਮਾਣ ਸਤਿਕਾਰ ਲੈ ਅਸੀਂ ਇਨ੍ਹਾਂ ਤੋਂ ਕੁੱਝ ਗ੍ਰਹਿਣ ਕਰੀਏ ਜੋ ਹੌਲੀ-ਹੌਲੀ ਤੁਹਾਡਾ ਸਾਥ ਛੱਡ ਰਹੇ ਹਨ। ਜਿਨ੍ਹਾਂ ਨੇ ਅਪਣੇ ਬਜ਼ੁਰਗਾਂ ਦਾ ਵੀ ਕਹਿਣਾ ਮੰਨਿਆ ਤੇ ਹੁਣ ਅਪਣੇ ਬੱਚਿਆਂ ਦਾ ਕਹਿਣਾ ਮਨ ਉਨ੍ਹਾਂ ਦੀ ਹਰ ਮੰਗ ਪੂਰੀ ਕਰ ਰਹੇ ਹਨ। ਇਕੱਲੇ-ਇਕੱਲੇ ਬੱਚੇ ਹੋਣ ਕਾਰਨ ਉਹ ਇਸ ਦਾ ਫ਼ਾਇਦਾ ਉਠਾ ਰਹੇ ਹਨ। ਲੋੜ ਹੈ ਅਸੀ ਪੁਰਾਣੇ ਸਭਿਆਚਾਰ ਨੂੰ ਪ੍ਰਫੁੱਲਤ ਕਰ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਈਏ ਤੇ ਅਪਣੇ ਬਜ਼ੁਰਗਾਂ ਦਾ ਕਹਿਣਾ ਮੰਨੀਏ ਜੋ ਅਲੋਪ ਹੋ ਰਹੇ ਹਨ।

- ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ 
ਇੰਸਪੈਕਟਕ ਪੁਲਿਸ, 9878600221