ਨਸ਼ਾ ਲਿਆਵੇ ਵਿਨਾਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਸ਼ਹੂਰ ਸਾਹਿਤਕਾਰ ਹਰੀਵੰਸ਼ਰਾਏ ਬੱਚਨ ਦੇ ਕਾਵਿ ਸੰਗ੍ਰਹਿ ਮਧੂਸ਼ਾਲਾ ਵਿਚ ਸ਼ਰਾਬ ਦੀ ਵਰਤੋਂ ਦੀ ਖ਼ੂਬਸੂਰਤੀ ਨਾਲ ਵਡਿਆਈ ਕੀਤੀ ਗਈ ਹੈ। ਸ਼ਰਾਬ ਤੋਂ ਇਲਾਵਾ ਚਰਸ...

Drugs

ਮਸ਼ਹੂਰ ਸਾਹਿਤਕਾਰ ਹਰੀਵੰਸ਼ਰਾਏ ਬੱਚਨ ਦੇ ਕਾਵਿ ਸੰਗ੍ਰਹਿ ਮਧੂਸ਼ਾਲਾ ਵਿਚ ਸ਼ਰਾਬ ਦੀ ਵਰਤੋਂ ਦੀ ਖ਼ੂਬਸੂਰਤੀ ਨਾਲ ਵਡਿਆਈ ਕੀਤੀ ਗਈ ਹੈ। ਸ਼ਰਾਬ ਤੋਂ ਇਲਾਵਾ ਚਰਸ, ਗਾਂਜਾ, ਸਮੈਕ, ਅਫ਼ੀਮ ਹੀਰੋਇਨ ਵਰਗੇ ਬਹੁਤ ਸਾਰੇ ਅਜਿਹੇ ਨਸ਼ੀਲੇ ਪਦਾਰਥ ਹਨ ਜਿਨ੍ਹਾਂ ਤੋਂ ਮਨੁੱਖ ਅਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਦਾ ਹੈ। ਅਪਣੀ ਮੌਜਮਸਤੀ ਤੇ ਯਾਰੀ ਦੋਸਤੀ ਨਿਭਾਉਣ ਲਈ ਕੀਤੇ ਗਏ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੇ ਜ਼ਹਿਰ ਦੀ ਵਰਤੋਂ ਨਾਲ ਪਤਾ ਨਹੀਂ ਕਿੰਨੇ ਪ੍ਰਵਾਰਾਂ ਦੀ ਸੁਖ ਸ਼ਾਂਤੀ ਨੂੰ ਤਬਾਹ ਕਰ ਲੈਂਦਾ ਹੈ ਤੇ ਕਿੰਨੇ ਹੀ ਘਰ ਬਰਬਾਦ ਕਰ ਦੇਂਦਾ ਹੈ।

ਸ਼ਰਾਬ ਦੀ ਵਰਤੋਂ ਤਾ ਅਜਕਲ ਸਟੇਟਸ ਸਿੰਬਲ (ਇੱਜ਼ਤ ਦਾ ਪ੍ਰਤੀਕ ਹੋਵੇ) ਮੰਨਿਆ ਜਾਂਦਾ ਹੈ। ਕਦੇ ਕਦਾਈ ਕੀਤਾ ਜਾਣ ਵਾਲਾ ਨਸ਼ਾ ਜਦ ਲਤ ਵਿਚ ਤਬਦੀਲ ਹੋ ਜਾਂਦਾ ਹੈ ਤਾਂ ਨਸ਼ਾ ਕਰਨ ਵਾਲੇ ਦਾ ਸ੍ਰੀਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਇਸ ਤੋਂ ਉਹ ਆਪ ਵੀ ਪ੍ਰੇਸ਼ਾਨ ਰਹਿੰਦਾ ਹੈ, ਉਸ ਦੇ ਘਰ ਪ੍ਰਵਾਰ ਵਾਲਿਆਂ ਨੂੰ ਵੀ ਅਨੇਕਾਂ ਆਰਥਕ ਤੇ ਮਾਨਸਕ ਪ੍ਰੇਸ਼ਾਨੀਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ। 

ਇੰਦੋਰ ਦਾ ਰਾਹੁਲ ਦੁਬੇ ਪਿਛਲੇ 5 ਸਾਲਾਂ ਤੋਂ ਸਮੈਕ ਪੀ ਰਿਹਾ ਹੈ। ਉਸ ਦਾ ਸ੍ਰੀਰ ਸਮੈਕ ਦਾ ਏਨਾ ਆਦੀ ਹੋ ਗਿਆ ਹੈ ਕਿ ਜੇਕਰ ਉਸ ਨੂੰ ਸਮੈਕ ਦੀ ਡੋਜ਼ ਨਾ ਮਿਲੇ ਤਾਂ ਉਸ ਦੇ ਹੱਥ ਪੈਰ ਕੰਬਣ ਲਗਦੇ ਹਨ ਅਤੇ ਉਸ ਨੂੰ ਲਗਦਾ ਹੈ ਕਿ ਜਾਨ ਹੀ ਨਿਕਲ ਜਾਵੇਗੀ। ਉਸ ਦੇ ਪ੍ਰਵਾਰ ਵਿਚ 10 ਸਾਲਾਂ ਦਾ ਪੁੱਤਰ 4 ਸਾਲਾਂ ਦੀ ਪੁਤਰੀ ਤੋਂ ਇਲਾਵਾ ਪਤਨੀ, ਮਾਤਾ-ਪਿਤਾ ਅਤੇ ਇਕ ਭਰਾ ਹੈ। ਪ੍ਰਵਾਰ ਵਾਲੇ ਪਿਛਲੇ ਕਈ ਸਾਲਾਂ ਵਿਚ ਪਤਾ ਨਹੀਂ ਕਿੰਨੇ ਮੰਦਰ ਤੇ ਮਸਜਿਦ ਗਏ ਕਿ ਕਿਸੇ ਤਰ੍ਹਾਂ ਰਾਹੁਲ ਦੀ ਨਸ਼ੇ ਦੀ ਲਤ ਛੁਟ ਜਾਵੇ ਪਰ ਇਨ੍ਹਾਂ ਥਾਵਾਂ ਉਤੇ ਕੀ ਕਿਸੇ ਨੂੰ ਕੋਈ ਲਾਭ ਹੋਇਆ ਹੈ?

ਝਾੜ ਫੂਕ ਕਰਨ ਵਾਲਿਆਂ ਤੇ ਧਾਗੇ ਤਵੀਤ ਬਣਾਉਣ ਵਾਲਿਆਂ ਦੀ ਸ਼ਰਨ ਵਿਚ ਵੀ ਗਏ ਪਰ ਇਹ ਸਾਰੇ ਅੰਧਵਿਸ਼ਵਾਸੀ ਟੋਟਕੇ ਫੇਲ੍ਹ ਸਾਬਤ ਹੋਏ। ਕਾਲੂ ਸਿੰਘ 20 ਸਾਲ ਤੋਂ ਗਾਂਜੇ ਦਾ ਸੇਵਨ ਕਰ ਰਹੇ ਹਨ। ਘਰ ਵਾਲੇ ਪ੍ਰੇਸ਼ਾਨ ਰਹਿੰਦੇ ਸਨ ਪ੍ਰੰਤੂ ਉਸ ਦੀ ਲਤ ਦੇ ਅੱਗੇ ਬੇਵੱਸ ਸਨ। ਸ਼ੁਰੂ ਵਿਚ ਉਸ ਦੀ ਪਤਨੀ ਉਸ ਨੂੰ ਹਰ ਰੋਜ਼ ਕਿਸੇ ਇਕ ਸਾਧ ਦੇ ਸਤਸੰਗ ਵਿਚ ਲੈ ਜਾਂਦੀ ਸੀ ਕਿਉਂਕਿ ਸਾਧ ਨੇ ਉਨ੍ਹਾਂ ਦੀ ਨਸ਼ੇ ਦੀ ਲਤ ਛੁਡਾਉਣ ਦੀ ਗਰੰਟੀ ਲਈ ਸੀ। ਉਸ ਨੇ ਕਿਹਾ ਸੀ ਕਿ ਹਰ ਰੋਜ਼ ਸਤਸੰਗ ਵਿਚ ਲਿਆਉਣ ਨਾਲ ਉਸ ਦੀ ਨਸ਼ੇ ਦੀ ਲਤ ਭਗਵਾਨ ਭਗਤੀ ਵਿਚ ਬਦਲ ਜਾਵੇਗੀ।

ਸਵੇਰੇ ਪਤਨੀ ਉਸ ਨੂੰ ਜ਼ਬਰਦਸਤੀ ਸਤਸੰਗ ਵਿਚ ਲੈ ਜਾਂਦੀ ਅਤੇ ਸ਼ਾਮ ਨੂੰ ਉਹ ਨਸ਼ੇ ਵਿਚ ਧੁੱਤ ਹੋ ਕੇ ਪਤਨੀ ਨੂੰ ਹੀ ਗਾਲ੍ਹਾਂ ਦੇ ਕੇ ਘਰ ਤੋਂ ਨਿਕਲ ਜਾਂਦਾ। ਗੁਆਂਢੀ ਉਸ ਨੂੰ ਕਿਸੇ ਤਰ੍ਹਾਂ ਘਰ ਲੈ ਕੇ ਆਉਂਦੇ। ਅੰਤ ਵਿਚ ਪਤਨੀ ਨੇ ਹਾਰ ਮੰਨ ਕੇ ਉਸ ਨੂੰ ਉਸ ਦੇ ਹਾਲ ਉਤੇ ਛੱਡ ਦਿਤਾ। ਰਮੇਸ਼ ਤਿਆਗੀ ਬਹੁਤ ਚੰਗੇ ਘਰ ਤੋਂ ਹੈ। ਘਰ ਵਿਚ ਕੋਈ ਨਸ਼ਾ ਨਹੀਂ ਕਰਦਾ। ਸ਼ੁਰੂ ਵਿਚ ਦੋਸਤ ਧੱਕੇ ਨਾਲ ਉਸ ਨੂੰ ਸ਼ਰਾਬ ਪਿਆਉਂਦੇ ਸਨ ਪਰ ਹੌਲੀ-ਹੌਲੀ ਉਸ ਨੂੰ ਵੀ ਸੁਆਦ ਆਉਣ ਲੱਗਾ। ਫਿਰ ਤਾਂ ਇਹ ਹਾਲਤ ਹੋ ਗਈ ਕਿ ਜਿਸ ਦਿਨ ਉਸ ਨੂੰ ਸ਼ਰਾਬ ਨਹੀਂ ਮਿਲਦੀ ਸੀ, ਨਾ ਭੁੱਖ ਲਗਦੀ ਸੀ ਨਾ ਪਿਆਸ।

ਬਸ ਇਕ ਸ਼ਰਾਬ ਹੀ ਸੀ ਜਿਹੜੀ ਉਸ ਨੂੰ ਸੰਤੁਸ਼ਟੀ ਦੇਂਦੀ ਸੀ। ਮਾਤਾ-ਪਿਤਾ ਬਹੁਤ ਪ੍ਰੇਸ਼ਾਨ ਰਹਿੰਦੇ ਸਨ, ਘਰ ਵਿਚ ਲੜਾਈ ਹੁੰਦੀ ਸੀ ਅਤੇ ਇਕ ਦਿਨ ਗੁੱਸੇ ਵਿਚ ਆ ਕੇ ਉਸ ਦੇ ਪਿਤਾ ਨੇ ਉਸ ਨੂੰ ਘਰੋਂ ਕੱਢ ਦਿਤਾ। ਉਸ ਦੀ ਮਾਂ ਨੇ ਸ਼ਰਾਬ ਦੀ ਲੱਤ ਛੁਡਾਉਣ ਲਈ ਕਈ ਵਰਤ ਰੱਖੇ। ਘਰ ਵਿਚ ਹਵਨ, ਕਥਾ ਕਰਾਏ ਪਰ ਨਤੀਜਾ ਜ਼ੀਰੋ ਹੀ ਨਿਕਲਿਆ।

ਨਸ਼ਾ ਮੁਕਤੀ ਕੇਂਦਰ : ਉਪਰੋਕਤ ਸਾਰੇ ਨਸ਼ਾ ਕਰਨ ਵਾਲੇ ਲੋਕ ਓਜੈਨ ਦੇ ਨਸ਼ੇ ਮੁਕਤੀ ਕੇਂਦਰ ਵਿਚ ਭਰਤੀ ਹਨ। ਜਦ ਇਕ ਨਸ਼ਾ ਦੇ ਬਿਨਾਂ ਉਹ ਰਹਿ ਨਹੀਂ ਸਕਦੇ ਤਾਂ ਅਜਿਹੀ ਹਾਲਤ ਵਿਚ ਫਸੇ ਲੋਕਾਂ ਦੀ ਲਤ ਛੁਡਾਉਣ ਲਈ ਸਰਕਾਰ ਨੇ ਨਸ਼ਾ ਮੁਕਤੀ ਕੇਂਦਰਾਂ ਦੀ ਕਾਇਮੀ ਕੀਤੀ। ਇਨ੍ਹਾਂ ਰਹਿਣ ਦੀ ਥਾਂ ਵਿਚ ਨਸ਼ਾ ਮੁਕਤੀ ਕੇਂਦਰਾਂ ਵਿਚ ਭਿੰਨ-ਭਿੰਨ ਪ੍ਰਕਾਰ ਦੇ ਨਸ਼ਾ ਕਰਨ ਵਾਲਿਆਂ ਦੀ ਕੌਂਸਲਿੰਗ

ਸਲਾਹ ਮਸ਼ਵਰਾ, ਡਾਕਟਰੀ ਸਹਾਇਤਾ ਅਤੇ ਮਨੋਰੰਜਨ ਦੁਆਰਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਥੇ ਮਰੀਜ਼ ਜਾਂ ਤਾਂ ਆਪ ਆਉਂਦੇ ਹਨ ਜਾਂ ਮਿੱਤਰ ਜਾਂ ਪ੍ਰਵਾਰ ਵਾਲੇ ਲੈ ਕੇ ਆਉਂਦੇ ਹਨ। ਲਗਭਗ 15 ਤੋਂ 20 ਦਿਨ ਦੇ ਇਲਾਜ ਤੋਂ ਬਾਅਦ ਇਥੋਂ ਮਰੀਜ਼ਾਂ ਨੂੰ ਛੁੱਟੀ ਦੇ ਦਿਤੀ ਜਾਂਦੀ ਹੈ। 

ਮਰੀਜ਼ ਦੀਆਂ ਮੁਸ਼ਕਲਾਂ : ਨਸ਼ਾ ਮੁਕਤੀ ਕੇਂਦਰ ਵਿਚ ਮਰੀਜ਼ ਆਉਂਦਾ ਤਾਂ ਅਪਣੀ ਜਾਂ ਪ੍ਰਵਾਰ ਵਾਲਿਆਂ ਦੀ ਮਰਜ਼ੀ ਨਾਲ ਹੈ, ਪ੍ਰੰਤੂ ਇਥੇ ਰਹਿ ਕੇ ਉਸ ਨੂੰ ਘੱਟ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। 

J ਇਥੇ ਸੱਭ ਤੋਂ ਵੱਡੀ ਕਮੀ ਉਸ ਨੂੰ ਪ੍ਰਵਾਰ ਦੀ ਚੁਭਦੀ ਹੈ। ਪ੍ਰਵਾਰ ਦੇ ਨਾਲ ਨਾ ਹੋਣ ਨਾਲ ਮਨੋਬਲ ਕਮਜ਼ੋਰ ਹੋ ਜਾਂਦਾ ਹੈ ਅਤੇ ਕਈ ਵਾਰ ਉਹ ਅਪਣੇ ਆਪ ਨੂੰ ਇਸ ਦੁਨੀਆਂ ਵਿਚ ਇਕੱਲੇ ਮਹਿਸੂਸ ਕਰਨ ਲਗਦੇ ਹਨ। 

J ਨਸ਼ੇ ਦੇ ਆਦੀ ਹੋ ਚੁੱਕੇ ਸ੍ਰੀਰ ਨੂੰ ਜਦ ਉਸ ਦੀ ਡੋਜ਼ ਨਹੀਂ ਮਿਲਦੀ ਤਾਂ ਮਰੀਜ਼ ਨੂੰ ਮਾਨਸਕ ਤੇ ਸ੍ਰੀਰਕ ਦੋਵੇਂ ਪ੍ਰਕਾਰ ਦੀ ਪ੍ਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪ੍ਰਵਾਰ ਦੇ ਨਾਲ ਨਾ ਹੋਣ ਨਾਲ ਓਨੀ ਚੰਗੀ ਦੇਖਭਾਲ ਹੀ ਨਹੀਂ ਹੋ ਸਕਦੀ।

J ਜਦ ਨਸ਼ੇ ਦੀ ਲਤ ਨੂੰ ਛੁਡਾਉਣ ਦੀ ਦਵਾਈ ਦਿਤੀ ਜਾਂਦੀ ਹੈ ਤਾਂ ਸ੍ਰੀਰ ਉਤੇ ਉਸ ਦਾ ਪ੍ਰਤੀਰੋਧੀ ਅਸਰ ਹੁੰਦਾ ਹੈ  ਤੇ ਉਨ੍ਹਾਂ ਨੂੰ ਉਲਟੀ ਜੁਲਾਬ, ਬੁਖ਼ਾਰ ਤੇ ਡਿਪਰੇਸ਼ਨ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਨਾਲ ਸ੍ਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। 

J ਆਮ ਤੌਰ ਉਤੇ ਨਸ਼ੇੜੀ ਬਾਹਰੀ ਲੋਕਾਂ ਨਾਲ ਗੱਲਬਾਤ ਕਰਨ ਤੋਂ ਕਤਰਾਉਂਦੇ ਹਨ ਕਿਉਂਕਿ ਨਸ਼ਾ ਇਨ੍ਹਾਂ ਦਾ ਆਤਮਵਿਸ਼ਵਾਸ ਨੂੰ ਖ਼ਤਮ ਕਰ ਦੇਂਦਾ ਹੈ।

J ਮਨਪਸੰਦ ਭੋਜਨ, ਪ੍ਰਵਾਰਕ ਵਾਤਾਵਰਣ ਦੀ ਕਮੀ, ਆਰਥਕ ਪ੍ਰੇਸ਼ਾਨੀ ਅਤੇ ਇਕ ਥਾਂ ਬੱਝੇ ਰਹਿਣਾ ਕਈ ਵਾਰ ਉਨ੍ਹਾਂ ਲਈ ਬਹੁਤ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਕੋਈ ਕੰਮ ਨਾ ਹੋਣ ਕਰ ਕੇ ਮਨ ਨਹੀਂ ਲਗਦਾ ਅਤੇ ਉਹ ਬੜੀ ਮੁਸ਼ਕਲ ਨਾਲ ਇਥੇ ਸਮਾਂ ਬਤੀਤ ਕਰ ਪਾਉਂਦੇ ਹਨ। 

ਪ੍ਰਵਾਰ ਦੀਆਂ ਤਕਲੀਫ਼ਾਂ : ਨਸ਼ਾ ਕਰਨ ਵਾਲੇ ਦਾ ਪ੍ਰਵਾਰ ਪੂਰੀ ਤਰ੍ਹਾਂ ਨਿਰਦੋਸ਼ ਹੁੰਦਾ ਹੈ, ਪ੍ਰੰਤੂ ਬਿਮਾਰ ਦੇ ਨਾਲ-ਨਾਲ ਪ੍ਰਵਾਰ ਦੇ ਲੋਕ ਵੀ ਅਨੇਕ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਮੁਕਾਬਲਾ ਕਰਦੇ ਹਨ। ਅਪਣੇ ਮਨ ਉਤੇ ਪੱਥਰ ਰੱਖ ਕੇ ਉਹ ਅਪਣੇ ਪ੍ਰਕਾਰ ਦੇ ਮੈਂਬਰ ਨੂੰ ਇਥੇ ਛੱਡ ਕੇ ਜਾਂਦੇ ਹਨ ਕਿਉਂਕਿ ਇਥੇ ਸਿਰਫ਼ ਮਰੀਜ਼ ਦੇ ਰਹਿਣ ਦਾ ਹੀ ਪ੍ਰਬੰਧ ਹੁੰਦਾ ਹੈ।

ਦੂਰ ਤੋਂ ਰੋਜ਼ਾਨਾ ਮਿਲਣ ਆਉਣਾ ਸੰਭਵ ਨਹੀਂ ਹੁੰਦਾ। ਅਜਿਹੇ ਵਿਚ ਦਿਨ ਵਿਚ ਕਈ ਵਾਰ ਫ਼ੋਨ ਦੁਆਰਾ ਉਹ ਅਪਣੇ ਰਿਸ਼ਤੇਦਾਰ ਨੂੰ ਹਾਲਚਾਲ ਪੁਛਦੇ ਰਹਿੰਦੇ ਹਨ। ਕਈ ਘਰਾਂ ਦੇ ਤਾਂ ਮੁਖੀ ਹੀ ਨਸ਼ੇ ਦੇ ਸ਼ਿਕਾਰ ਹੁੰਦੇ ਹਨ। ਅਜਿਹੇ ਵਿਚ ਘਰ ਵਾਲਿਆਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਹੀ ਪ੍ਰਸ਼ਨ ਖੜਾ ਹੋ ਜਾਂਦਾ ਹੈ। 

J ਇਕ ਬੰਦਾ ਜਦ ਨਸ਼ਾ ਕਰ ਕੇ ਆਉਂਦਾ ਹੈ ਤਾਂ ਘਰ ਵਿਚ ਝਗੜਾ ਕਰਦਾ ਹੈ। ਕਈ ਵਾਰ ਤਾਂ ਪਤਨੀ ਅਤੇ ਬੱਚਿਆਂ ਨਾਲ ਮਾਰਕੁੱਟ ਵੀ ਕਰਦਾ ਹੈ ਜਿਸ ਤੋਂ ਛੋਟੇ ਬੱਚੇ ਡਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਪਿਤਾ ਪ੍ਰਤੀ ਆਦਰ ਹੀ ਖ਼ਤਮ ਹੋ ਜਾਂਦਾ ਹੈ। 

J ਮੇਰੀ ਇਕ ਸਹੇਲੀ ਦੇ ਪਤੀ ਨੂੰ ਸ਼ਰਾਬ ਦੀ ਲਤ ਹੈ। ਜਦ ਉਨ੍ਹਾਂ ਦੀ ਪੁਤਰੀ ਦੀ 12ਵੀਂ ਦੀ ਕੋਈ ਪ੍ਰੀਖਿਆ ਹੋ ਰਹੀ ਸੀ, ਉਨ੍ਹਾਂ ਘਰ ਵਿਚ ਆ ਕੇ ਸਹੇਲੀ ਨਾਲ ਕੁਟਮਾਰ ਕੀਤੀ। ਰਾਤ ਦੇਰ ਤਕ ਦੋਹਾਂ ਵਿਚ ਬਹਿਸ ਹੁੰਦੀ ਰਹੀ। ਸਿੱਟੇ ਵਜੋਂ, ਪੁਤਰੀ ਅਗਲੇ ਦਿਨ ਦੇ ਇਮਤਿਹਾਨ ਦੀ ਤਿਆਰੀ ਨਾ ਕਰ ਸਕੀ। ਉਸ ਵਿਸ਼ੇ ਵਿਚ ਉਸ ਦੇ ਬਹੁਤ ਘੱਟ ਨੰਬਰ ਆਉਣ ਨਾਲ ਨਤੀਜਾ ਖ਼ਰਾਬ ਹੋ ਗਿਆ ਸੀ। 

J ਕਈ ਵਾਰ ਪਿਤਾ ਦੀ ਰੀਸ ਕਰ ਕੇ ਬੱਚੇ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਸਾਰਾ ਜੀਵਨ ਬਰਬਾਦ ਹੋ ਜਾਂਦਾ ਹੈ। 

J ਬੱਚਿਆਂ ਦੇ ਦੋਸਤ ਉਨ੍ਹਾਂ ਦੇ ਪਿਤਾ ਦੇ ਨਸ਼ੇ ਨੂੰ ਲੈ ਕੇ ਮਜ਼ਾਕ ਉਡਾਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਬਾਲਮ ਨ ਜ਼ਖ਼ਮੀ ਹੋ ਜਾਂਦਾ ਹੈ। ਉਹ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ। 

ਆਰਥਕ ਸੰਕਟ : ਨਸ਼ੇ ਦੀ ਲਤ ਜਦ ਇਕ ਵਾਰ ਸ੍ਰੀਰ ਨੂੰ ਲੱਗ ਜਾਂਦੀ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਉਤੇ ਨਸ਼ੇ ਦੀ ਡੋਜ਼ ਦੀ ਲੋੜ ਹੁੰਦੀ ਹੈ। ਇਕ ਨਸ਼ਾ ਮੁਕਤੀ ਕੇਂਦਰ ਅਤੇ ਨਿਰੀਖਕ ਰਾਜੇਸ਼ ਠਾਕਰ ਦਸਦੇ ਹਨ ਕਿ ਉਂਜ ਤਾਂ ਸਾਰੇ ਪ੍ਰਕਾਰ ਦੇ ਨਸ਼ੇ ਖ਼ਰਚੀਲੇ ਹੁੰਦੇ ਹਨ ਪ੍ਰੰਤੂ ਸਮੈਕ ਦਾ ਨਸ਼ਾ ਸੱਭ ਤੋਂ ਵੱਧ ਖ਼ੁਤਰਨਾਕ ਤੇ ਖ਼ਰਚੀਲਾ ਹੁੰਦਾ ਹੈ।

10 ਗਰਾਮ ਸਮੈਕ ਦੀ ਪੁੜੀ 200 ਰੁਪਏ ਵਿਚ ਆਉਂਦੀ ਹੈ ਅਤੇ ਇਕ ਨਸ਼ੇੜੀ ਇਕ ਦਿਨ ਵਿਚ ਦੋ ਪੂੜੀਆਂ ਦੀ ਵਰਤੋਂ ਕਰਦਾ ਹੀ ਹੈ। ਯਾਨੀ ਕਿ ਹਰ ਰੋਜ਼ 400 ਰੁਪਏ ਦਾ ਖ਼ਰਚਾ।

J ਜਦ ਨਸ਼ਾ ਕਰਨ ਵਾਲੇ ਨੂੰ ਪੈਸੇ ਨਹੀਂ ਮਿਲਦੇ ਤਾਂ ਉਹ ਬੇਚੈਨ ਹੋ ਜਾਂਦਾ ਹੈ ਅਤੇ ਪਤਨੀ, ਮਾਂ ਦੇ ਗਹਿਣੇ ਅਤੇ ਘਰ ਦਾ ਸਮਾਨ ਤਕ ਵੇਚ ਦੇਂਦਾ ਹੈ। 

J ਨਸ਼ਾ ਕੋਈ ਵੀ ਹੋਵੇ, ਉਸ ਨੂੰ ਕਰਨ ਲਈ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਜਦ ਨਸ਼ੇੜੀਆਂ ਨੂੰ ਅਸਾਨੀ ਨਾਲ ਪੈਸੇ ਨਹੀਂ ਮਿਲਦੇ ਤਾਂ ਉਹ ਚੋਰੀ, ਡਕੈਤੀ ਅਤੇ ਲੁੱਟਮਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਗਦੇ ਹਨ। 

J ਨਸ਼ਾ ਮੁਕਤੀ ਕੇਂਦਰ ਵਿਚ ਭੇਜਣ ਤੋਂ ਬਾਅਦ ਵੀ ਮਰੀਜ਼ ਦੇ ਭੋਜਨ, ਚਾਹ ਨਾਸ਼ਤਾ, ਹੋਰ ਕਈ ਵਾਰ ਦਵਾਈਆਂ ਅਤੇ ਫ਼ਲ ਆਦਿ ਦਾ ਪ੍ਰਬੰਧ ਵੀ ਪ੍ਰਵਾਰ ਨੂੰ ਕਰਨਾ ਪੈਂਦਾ ਹੈ। ਇਸ ਨਾਲ ਉਨ੍ਹਾਂ ਉਤੇ ਵਾਧੂ ਆਰਥਕ ਬੋਝ ਆ ਜਾਂਦਾ ਹੈ। 

ਇੱਜ਼ਤ ਨੂੰ ਠੇਸ : ਸਮਾਜ ਵਿਚ ਨਸ਼ਾ ਕਰਨ ਵਾਲਿਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਨਸ਼ਾ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਪ੍ਰਵਾਰ ਪ੍ਰਤੀ ਲੋਕਾਂ ਦੀ ਇੱਜ਼ਤ ਖ਼ਤਮ ਹੋ ਜਾਂਦੀ ਹੈ। ਪ੍ਰਵਾਰ ਦੇ ਮੈਂਬਰ ਆਪ ਵੀ ਆਤਮਵਿਸ਼ਵਾਸ ਦੀ ਕਮੀ ਦੇ ਕਾਰਨ ਲੋਕਾਂ ਨਾਲ ਗੱਲਬਾਤ ਕਰਨ ਤੋਂ ਕਤਰਾਉਂਦੇ ਹਨ। ਮੇਰੀ ਇਕ ਵਾਕਫ਼ਕਾਰ ਕਾਲਜ ਵਿਚ ਪ੍ਰੋਫ਼ੈਸਰ ਹੈ।

ਉਸ ਦੇ ਪਤੀ ਨਸ਼ੇ ਦੀ ਲਤ ਦੇ ਇਸ ਹੱਦ ਤਕ ਸ਼ਿਕਾਰ ਹਨ ਕਿ ਆਮ ਤੌਰ ਤੇ ਸੜਕ ਉਤੇ ਪਏ ਮਿਲ ਜਾਂਦੇ ਹਨ। ਇਸ ਕਾਰਨ ਉਸ ਨੂੰ ਸਾਰਿਆਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਪ੍ਰੇਸ਼ਾਨ ਹੋ ਕੇ ਉਸ ਨੇ ਲੋਕਾਂ ਨਾਲ ਮਿਲਣਾ ਜੁਲਣਾ ਹੀ ਛੱਡ ਦਿਤਾ ਹੈ। 

ਨਸ਼ਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਨੁਕਸਾਨਦਾਇਕ ਹੀ ਹੁੰਦਾ ਹੈ। ਚੰਗਾ ਹੈ ਕਿ ਇਸ ਦਾ ਸ਼ੌਂਕ ਪਾਲਣ ਤੋਂ ਹੀ ਬਚਿਆ ਜਾਵੇ। ਆਮ ਤੌਰ ਉਤੇ ਇਸ ਪ੍ਰਕਾਰ ਦਾ ਸ਼ੌਂਕ ਯਾਰੀ ਦੋਸਤੀ ਵਿਚ ਪੈਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਜਿਹੇ ਲੋਕਾਂ ਤੋਂ ਸਮਾਂ ਰਹਿੰਦੇ ਦੂਰੀ ਬਣਾ ਲਈ ਜਾਵੇ।

ਕਈ ਵਾਰ ਨਸ਼ਾ ਮੁਕਤੀ ਕੇਂਦਰ ਵਿਚ ਰਹਿਣ ਦੇ ਬਾਅਦ ਨਸ਼ੇ ਦੀ ਲਤ ਤੋਂ ਛੁਟਕਾਰਾ ਮਿਲ ਜਾਂਦਾ ਹੈ ਪ੍ਰੰਤੂ ਘਰ ਜਾ ਕੇ ਯਾਰ ਦੋਸਤਾਂ ਦੇ ਅਸਰ ਵਿਚ ਆ ਕੇ ਬੰਦਾ ਮੁੜ ਤੋਂ ਨਸ਼ਾ ਕਰਨ ਲੱਗ ਜਾਂਦਾ। ਨਸ਼ਾ ਕਰਨ ਵਾਲਾ ਤਾਂ ਅਪਣੀ ਮੌਜ ਮਸਤੀ ਕਰਦਾ ਹੈ ਪਰ ਮਾਨਸਕ, ਆਰਥਕ ਅਤੇ ਸਮਾਜਕ ਤਕਲੀਫ਼ ਤੇ ਪ੍ਰੇਸ਼ਾਨੀ ਉਸ ਦੇ ਪ੍ਰਵਾਰ ਨੂੰ ਝਲਣੀ ਪੈਂਦੀ ਹੈ। 

ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455