ਪੰਜਾਬ ਦਾ ਗੰਜ ਢਕਣ ਲਈ ਇਕ ਸੁਝਾਅ ਇਕ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰ ਨਵੇਂ ਸੂਰਜ ਨਾਲ ਉਸਰ ਰਹੀਆਂ ਤੇ ਕਟੀਆਂ ਜਾ ਰਹੀਆਂ ਸੈਂਕੜੇ ਨਵੀਆਂ ਰਿਹਾਇਸ਼ੀ ਕਾਲੋਨੀਆਂ, ਅੰਨ੍ਹੇਵਾਹ ਕੱਟੇ ਜਾ ਰਹੇ ਜੰਗਲਾਂ, ਚੌੜੇ ਕੀਤੇ ਜਾ ਰਹੇ..........

Students Planting Plants

ਹ ਰ ਨਵੇਂ ਸੂਰਜ ਨਾਲ ਉਸਰ ਰਹੀਆਂ ਤੇ ਕਟੀਆਂ ਜਾ ਰਹੀਆਂ ਸੈਂਕੜੇ ਨਵੀਆਂ ਰਿਹਾਇਸ਼ੀ ਕਾਲੋਨੀਆਂ, ਅੰਨ੍ਹੇਵਾਹ ਕੱਟੇ ਜਾ ਰਹੇ ਜੰਗਲਾਂ, ਚੌੜੇ ਕੀਤੇ ਜਾ ਰਹੇ ਤੇ ਨਵੇਂ ਬਣ ਰਹੇ ਕੌਮੀ ਤੇ ਹੋਰ ਮਾਰਗ ਤੇ ਪਹਿਲੇ ਹਰੇ ਇਨਕਲਾਬ ਦੀ ਬਦੌਲਤ ਪੰਜਾਬ ਦੀ ਸਰਜ਼ਮੀਂ ਘੋਨੀ ਹੋਣ ਦੀ ਕਗਾਰ ਉਤੇ ਪਹੁੰਚ ਗਈ ਹੈ। 27.5 ਫ਼ੀ ਸਦੀ ਤੋਂ ਘਟਦਾ-ਘਟਦਾ ਜੰਗਲਾਂ ਹੇਠਲਾ ਰਕਬਾ ਅੱਜ ਸਿਰਫ਼ 3 ਫ਼ੀ ਸਦੀ ਉਤੇ ਪਹੁੰਚ ਗਿਆ ਹੈ। ਥਾਂ-ਥਾਂ 'ਤੇ ਉÎਸਰ ਰਹੇ ਸੀਮਿੰਟ ਅਤੇ ਕੰਕਰੀਟ ਦੇ ਜੰਗਲਾਂ ਦੀ ਬਦੌਲਤ ਇਸ ਖ਼ਿੱਤੇ ਦੇ ਵਾਤਾਵਰਣ ਦਾ ਸੰਤੁਲਨ ਤਹਿਸ-ਨਹਿਸ ਹੋ ਕੇ ਰਹਿ ਗਿਆ ਹੈ। ਪਾਣੀ ਪੀਣ ਜੋਗੇ ਨਹੀਂ ਰਹੇ, ਹਵਾ ਸਾਹ ਲੈਣ ਯੋਗ ਨਹੀਂ ਰਹੀ ਤੇ ਮੌਸਮੀ ਮੀਂਹਾਂ ਦਾ

ਸਿਲਸਿਲਾ ਗੜਬੜਾ ਗਿਆ ਹੈ, ਉਲਝ ਗਿਆ ਹੈ। ਇਸ ਪ੍ਰਤੀ ਨਾ ਤਾਂ ਆਮ ਲੋਕ ਚਿੰਤਾਤੁਰ ਹਨ ਤੇ ਨਾ ਹੀ ਸਰਕਾਰਾਂ। ਪਤਾ ਨਹੀਂ ਅਸੀ ਕਿਸ ਚੀਜ਼ ਦੀ ਤੇ ਕਿਸ ਸਮੇਂ ਦੀ ਉਡੀਕ ਕਰ ਰਹੇ ਹਾਂ। ਕੁੱਝ ਇਕ ਗਿਣੇ ਚੁਣੇ ਸੰਵੇਦਨਸ਼ੀਲ ਲੋਕ, ਥੋੜ੍ਹੀਆਂ ਬਹੁਤੀਆਂ ਸਮਾਜਸੇਵੀ ਤੇ ਧਾਰਮਕ ਸੰਸਥਾਵਾਂ ਤੇ ਕੁੱਝ ਇਕ ਐਨਜੀਓਜ਼ ਪੂਰੀ ਵਾਹ ਲਗਾ ਰਹੇ ਹਨ ਪਰ ਇਹ ਸੱਭ ਮਹਿਜ਼ ਗੋਹੜੇ ਵਿਚੋਂ ਪੂਣੀ ਕੱਤਣ ਬਰਾਬਰ ਹੈ। ਸੱਭ ਸਿਆਸੀ ਪਾਰਟੀਆਂ ਤੇ ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡ, ਕਈ ਹੋਰ ਸਰਕਾਰੀ ਅਦਾਰੇ ਅਪਣੀ ਹੋਂਦ ਬਣਾਈ ਰੱਖਣ ਤੇ ਲੋਕ ਲਾਜ ਦੀ ਖ਼ਾਤਰ ਗਾਹੇ ਬਗਾਹੇ ਥੋੜ੍ਹੇ-ਬਹੁਤੇ ਕੰਮ ਦਾ ਵਿਖਾਵਾ ਕਰ ਕੇ, ਨਵੇਂ-ਨਵੇਂ ਤੇ ਦਿਲ ਲੁਭਾਊ ਬਿਆਨ

ਜ਼ਰੂਰ ਦਾਗ਼ਦੇ ਰਹਿੰਦੇ ਹਨ ਪਰ ਪਰਨਾਲਾ ਉਥੇ ਦਾ ਉਥੇ। ਹਾਲਾਤ ਇਸ ਕਦਰ ਵਿਗੜ ਗਏ ਹਨ ਕਿ ਹੁਣ ਕਾਨਫ਼ਰੰਸਾਂ, ਸੈਮੀਨਾਰਾਂ ਤੇ ਹੋਰ ਏਦਾਂ ਦੇ ਇਕੱਠ ਕਰ ਕੇ ਲੈਕਚਰ ਦੇਣ ਜਾਂ ਵਿਖਾਵੇ ਕਰਨ ਦਾ ਸਮਾਂ ਨਹੀਂ, ਕੁੱਝ ਕਰਨ ਦਾ ਸਮਾਂ ਹੈ। ਜਿੰਨਾ ਚਿਰ ਪੰਜਾਬ ਦੀ ਧਰਤੀ 'ਤੇ ਰੁੱਖ ਉਗਾ ਕੇ ਤੇ ਦੁਬਾਰਾ ਹਰਾ ਭਰਾ ਕਰ ਕੇ ਇਸ ਦਾ ਗੰਜ ਨਹੀਂ ਢਕਿਆ ਜਾਂਦਾ। ਇਥੋਂ ਦੇ ਪਾਣੀ, ਹਵਾ ਤੇ ਮਿੱਟੀ ਦੀ ਸਿਹਤ ਵਿਚ ਸੁਧਾਰ ਸੰਭਵ ਨਹੀਂ। ਬਿਮਾਰ ਤੇ ਭੁਰਭੁਰੀ ਮਿੱਟੀ, ਧੁਆਂਖੀ ਤੇ ਧੂੜ ਅੱਟੀ ਹਵਾ ਤੇ ਜ਼ਹਿਰੀਲੇ ਤੇ ਪਲੀਤ ਪਾਣੀ ਇਸ ਖ਼ਿੱਤੇ ਦੀ ਹਰ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਅਸੀ ਪੰਜਾਬੀ ਅਪਣੀਆਂ ਅੱਖਾਂ, ਕੰਨ, ਨੱਕ, ਮੂੰਹ ਸੱਭ ਕੁੱਝ ਬੰਦ ਕਰੀ

ਬੈਠੇ ਹਾਂ। ਹਾਲਾਤ ਇਸ ਕਦਰ ਵਿਗੜ ਗਏ ਹਨ ਕਿ ਮਾਲਵੇ ਦੇ ਇਲਾਕੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਪੀਣ ਵਾਲਾ ਪਾਣੀ  ਹੋਣਾ ਤਾਂ ਇਕ ਪਾਸੇ, ਧਰਤੀ ਹੇਠਲਾ ਪਾਣੀ ਫ਼ਸਲਾਂ ਨੂੰ ਲਾਉਣ ਯੋਗ ਵੀ ਨਹੀਂ ਰਿਹਾ। ਐਨਆਈਟੀਆਈ ਆਯੋਗ ਦੀ ਹੁਣੇ-ਹੁਣੇ ਆਈ ਰਿਪੋਰਟ ਦਿਲ ਕੰਬਾਉਣ ਤੇ ਦਹਿਲਾਉਣ ਵਾਲੀ ਹੈ। ਇਸ ਰਿਪੋਰਟ ਮੁਤਾਬਕ ਭਾਰਤ ਦੇ 21 ਵੱਡੇ ਸ਼ਹਿਰ ਜਿਨ੍ਹਾਂ ਵਿਚ ਦਿੱਲੀ ਵੀ ਸ਼ਾਮਲ ਹੈ, 2020 ਤਕ ਪੀਣ ਵਾਲੇ ਪਾਣੀ ਨੂੰ ਤਰਸਣਗੇ। ਜੇ ਹਾਲਾਤ ਨਾ ਸੁਧਰੇ ਤਾਂ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਵੀ ਆਉਣ ਵਾਲੇ 4-5 ਸਾਲਾਂ ਵਿਚ ਪਾਣੀ ਦੇ ਨਜ਼ਰੀਏ ਤੋਂ ਇਹੀ ਸੰਤਾਪ ਹੰਢਾਉਣਾ ਪੈ ਸਕਦਾ ਹੈ। ਮੇਰਾ ਇਕ ਸੁਝਾਅ ਹੈ। ਜੇ ਚੰਗਾ ਲੱਗੇ, ਜਚੇ ਅਤੇ

ਮਨਚਿੱਤ ਨੂੰ ਟੁੰਬੇ ਤਾਂ ਇਹ ਦਾਅਵਾ ਹੈ ਕਿ ਪੰਜਾਬ ਕੁੱਝ ਕੁ ਸਾਲਾਂ ਵਿਚ ਹੀ ਸੌ ਫ਼ੀ ਸਦੀ ਹਰਾ ਭਰਾ ਹੋ ਜਾਵੇਗਾ ਤੇ ਨਾਲ ਦੀ ਨਾਲ ਇਥੋਂ ਦੀ ਹਵਾ, ਪਾਣੀ ਅਤੇ ਮਿੱਟੀ ਦੀ ਤਕਦੀਰ ਵੀ ਬਦਲ ਜਾਵੇਗੀ। ਪੰਜਾਬ ਦੇ ਹਰ ਕਾਲਜ/ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਕੋਰਸ ਦੇ ਸਿਲੇਬਸ ਵਿਚ ਐਨਵਾਇਰਨਮੈਂਟ (ਵਾਤਾਵਰਣ) ਦਾ ਇਕ ਪੇਪਰ ਚਲ ਰਿਹਾ ਹੈ, ਜਿਸ ਵਿਚੋਂ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਲਈ ਪਾਸ ਹੋਣਾ ਲਾਜ਼ਮੀ ਹੈ। ਮੇਰਾ ਸੁਝਾਅ ਹੈ ਕਿ ਹਰ ਉਸ ਵਿਦਿਆਰਥੀ ਲਈ ਜੋ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਲਈ ਕਾਲਜ/ਯੂਨੀਵਰਸਿਟੀ ਵਿਚ ਦਾਖ਼ਲ ਹੁੰਦਾ ਹੈ, ਉਸ ਵਾਸਤੇ ਇਹ ਲਾਜ਼ਮੀ ਕਰ ਦਿਤਾ ਜਾਵੇ ਕਿ ਕਾਲਜ/ਯੂਨੀਵਰਸਿਟੀ ਵਿਚ ਦਾਖ਼ਲ ਹੋਣ ਸਮੇਂ ਪਹਿਲੇ

ਸਾਲ ਉਹ ਇਕ ਪੌਦਾ ਜ਼ਰੂਰ ਲਗਾਏਗਾ। ਪੂਰੇ ਤਿੰਨ ਜਾਂ ਚਾਰ ਸਾਲ ਉਸ ਦੀ ਹਰ ਤਰ੍ਹਾਂ ਦੇਖ ਰੇਖ ਕਰੇਗਾ ਤੇ ਡਿਗਰੀ ਲੈਣ ਸਮੇਂ ਉਸ ਵਲੋਂ ਲਾਇਆ ਰੁੱਖ ਕਾਲਜ ਜਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਦੇਖ ਕੇ ਹੀ ਉਸ ਨੂੰ ਗ੍ਰੈਜੂਏਸ਼ਨ 'ਚੋਂ ਪਾਸ ਹੋਣ ਦਾ ਸਰਟੀਫ਼ੀਕੇਟ ਦਿਤਾ ਜਾਵੇਗਾ। ਕਿਉਂ ਜੋ ਵਾਤਾਵਰਨ ਸੱਭ ਦਾ ਸਾਂਝਾ ਹੈ ਤੇ ਸੱਭ ਇਸ ਦੀ ਮੌਜੂਦਾ ਹਾਲਤ ਅਤੇ ਹੋਣੀ ਲਈ ਜ਼ਿੰਮੇਵਾਰ ਹਨ, ਸੋ ਇਹ ਸ਼ਰਤ ਸੱਭ ਗ੍ਰੈਜੂਏਟ ਵਿਦਿਆਰਥੀਆਂ ਉÎਤੇ ਇਕਸਾਰ ਲਾਗੂ ਹੋਵੇਗੀ। ਚਾਹੇ ਉਹ ਵਿਦਿਆਰਥੀ ਮੈਡੀਕਲ ਦੇ ਹੋਣ ਜਾਂ ਇੰਜੀਨੀਅਰਿੰਗ ਦੇ, ਚਾਹੇ ਉਹ ਸਾਇੰਸ ਦੇ ਹੋਣ ਜਾਂ ਆਰਟਸ ਦੇ, ਚਾਹੇ ਉਹ ਕਾਮਰਸ ਦੇ ਹੋਣ ਜਾਂ ਕੰਪਿਊਟਰ ਦੇ, ਚਾਹੇ ਉਹ

ਫ਼ਾਰਮੇਸੀ ਦੇ ਹੋਣ ਜਾਂ ਐਗਰੀਕਲਚਰ ਦੇ। ਬੂਟੇ ਲਾਉਣ ਲਈ ਥਾਵਾਂ ਦੀ ਨਿਸ਼ਾਨਦੇਹੀ ਪੰਜਾਬ ਦਾ ਪੀ.ਡਬਲਿਊ.ਡੀ ਅਤੇ ਜੰਗਲਾਤ ਮਹਿਕਮਾ ਕਰੇਗਾ ਤੇ ਕਿਸ ਥਾਂ ਤੇ ਕਦੋਂ ਤੇ ਕਿਹੜੇ ਰੁੱਖ ਲਗਣੇ ਹਨ, ਇਹ ਜ਼ੁੰਮੇਵਾਰੀ ਵੀ ਇਨ੍ਹਾਂ ਮਹਿਕਮਿਆਂ ਦੀ ਹੋਵੇਗੀ। ਬੂਟਿਆਂ ਦੀ ਸੰਭਾਲ ਦੀ ਜ਼ੁੰਮੇਵਾਰੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਤੇ ਕਸਬਿਆਂ ਦੀਆਂ ਮਿਊਂਸੀਪਲ ਕਮੇਟੀਆਂ ਦੀ ਹੋਵੇਗੀ। ਬੂਟੇ ਚੋਰੀ ਹੋਣ, ਪੁੱਟੇ ਜਾਣ, ਨੁਕਸਾਨੇ ਜਾਣ ਜਾਂ ਸਾੜੇ ਜਾਣ ਲਈ ਇਹ ਅਦਾਰੇ ਜੁਆਬਦੇਹ ਹੋਣਗੇ। ਬੂਟੇ ਦੇ ਪਾਲਣ ਪੋਸਣ ਦੀ ਸਮੁੱਚੀ ਜ਼ੁੰਮੇਵਾਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੋਵੇਗੀ। ਇਸ ਤੋਂ ਇਲਾਵਾ ਇਸ ਸਬੰਧ ਵਿਚ ਹੋਰ ਵੀ ਕਈ ਸਮੱਸਿਆਵਾਂ,

ਉਲਝਣਾਂ ਜਾਂ ਮੁਸ਼ਕਲਾਂ ਸਮੇਂ-ਸਮੇਂ ਉਭਰ ਕੇ ਸਾਹਮਣੇ ਆਉਣਗੀਆਂ ਜਿਨ੍ਹਾਂ ਦਾ ਹੱਲ ਵਕਤ ਦੀ ਲੋੜ ਅਤੇ ਨਜ਼ਾਕਤ ਦੇ ਹਿਸਾਬ ਨਾਲ ਕਢਿਆ ਜਾ ਸਕਦਾ ਹੈ। 
ਪੰਜਾਬ ਦੇ ਵਿਗੜ ਰਹੇ ਅਤੇ ਤਹਿਸ ਨਹਿਸ ਹੋ ਰਹੇ ਵਾਤਾਵਰਣ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਚੰਗੀ ਚੋਖੀ ਗਿਣਤੀ ਵਿਚ ਪੌਦੇ ਲਗਾਉਣਾ ਅੱਜ ਦੇ ਸਮੇਂ ਦੀ ਇਕ ਫ਼ੌਰੀ ਮੰਗ ਵੀ ਹੈ, ਲੋੜ ਵੀ ਤੇ ਜ਼ਰੂਰਤ ਵੀ। ਇਕ ਵਾਰੀ ਇਹ ਸਮਾਂ ਨਿਕਲ ਗਿਆ ਤਾਂ ਫਿਰ ਸੱਪ ਦੇ ਚਲੇ ਜਾਣ ਤੋਂ ਬਾਅਦ ਉਸ ਦੀ ਲਕੀਰ ਨੂੰ ਪਿੱਟਣ ਜਾਂ ਕੁਟਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਹ ਜ਼ਰੂਰੀ ਹੈ ਕਿ ਪਹਿਲ ਦੇ ਆਧਾਰ 'ਤੇ ਇਸ ਖ਼ਿੱਤੇ ਦੀਆਂ ਸਾਰੀਆਂ ਯੂਨੀਵਰਸਟੀਆਂ

ਅਤੇ ਕਾਲਜ (ਸਰਕਾਰੀ ਅਤੇ ਗ਼ੈਰ ਸਰਕਾਰੀ) ਇਕ ਪਲੇਟਫ਼ਾਰਮ 'ਤੇ ਇਕੱਠੀਆਂ ਹੋ ਕੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਐਨਵਾਇਰਨਮੈਂਟ ਦੇ ਪੇਪਰ ਦੇ ਸਿਲੇਬਸ ਵਿਚ ਇਹ ਤਬਦੀਲੀ ਕਰਨ ਅਤੇ ਸਰਕਾਰ ਸਾਹਮਣੇ ਇਹ ਮੰਗ ਰੱਖਣ ਕਿ ਉਹ ਸਬੰਧਤ ਮਹਿਕਮਿਆਂ ਨੂੰ ਇਹ ਹਦਾਇਤਾਂ ਦੇਵੇ ਤਾਕਿ ਇਸ ਪ੍ਰਸਤਾਵ ਨੂੰ ਅਮਲੀ ਰੂਪ ਦਿਤਾ ਜਾ ਸਕੇ। ਇਸ ਸੁਝਾਅ ਨੂੰ ਅਮਲੀ ਰੂਪ ਦੇਣ ਲਈ ਜੋ ਖ਼ਰਚ ਆਵੇ ਉਹ ਉਨ੍ਹਾਂ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ, ਕਾਰਖ਼ਾਨੇਦਾਰਾਂ ਜਾਂ ਲੋਕਾਂ ਤੋਂ ਵਸੂਲਿਆ ਜਾਵੇ ਜੋ ਪੰਜਾਬ ਵਿਚ ਵਾਤਾਵਰਣ ਦੀ ਅਜੋਕੀ ਹਾਲਤ ਲਈ ਮੂਲ ਰੂਪ ਵਿਚ ਜ਼ੁੰਮੇਵਾਰ ਹਨ। ਨਿਰਸੰਦੇਹ ਇਹ ਦਵਾਈ ਕੌੜੀ ਜ਼ਰੂਰ ਹੈ ਪਰ ਮੇਰਾ

ਖ਼ਿਆਲ ਹੈ ਕਿ ਇਹ ਉਪਰਾਲਾ ਇਸ ਬਿਮਾਰੀ ਨੂੰ ਹਮੇਸ਼ਾ-ਹਮੇਸ਼ਾ ਲਈ ਜੜ ਤੋਂ ਖ਼ਤਮ ਕਰ ਦੇਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਊਠ ਅੜਾਂਦੇ ਹੀ ਲੱਦੇ ਜਾਂਦੇ ਹਨ ਪਰ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਤੇ ਮੁੜ ਲੀਹਾਂ 'ਤੇ ਲਿਆਉਣ ਖ਼ਾਤਰ ਇਹ ਭਾਰ ਊਠ 'ਤੇ ਲਦਣਾ ਹੀ ਪਵੇਗਾ ਤੇ ਲਦਣਾ ਅਤੀ ਜ਼ਰੂਰੀ ਵੀ ਹੈ। ਰੁੱਖ ਕਿਸੇ ਇਲਾਕੇ ਦੀ ਸਿਹਤ ਦੀ ਪਹਿਚਾਣ ਹੁੰਦੇ ਹਨ, ਉਥੋਂ ਦੇ ਵਾਤਾਵਰਣ ਦੇ ਦਿਲ ਦੀ ਧੜਕਣ, ਰੂਹੇ ਰਵਾਂ ਤੇ ਜਿੰਦ ਜਾਨ ਹੁਦੇ ਹਨ। ਪਾਣੀ ਦੀ ਬਹੁਲਤਾ, ਹਵਾ ਦੀ ਸ਼ੁੱਧਤਾ ਤੇ ਮਿੱਟੀ ਦੀ ਅਰੋਗਤਾ ਰੁੱਖਾਂ ਦੀ ਹੀ ਬਦੌਲਤ ਹੁੰਦੀ ਹੈ।

ਵਾਤਾਵਰਣ ਸੱਭ ਲਈ ਤੇ ਸੱਭ ਦਾ ਸਾਂਝਾ ਹੈ, ਇਸ ਲਈ ਸਾਰੇ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਵਿਚ ਨਵੀਂ ਰੂਹ ਫੂਕਣ ਲਈ ਰਲ ਕੇ ਅਤੇ ਨਿਰਸਵਾਰਥ ਹੋ ਕੇ ਹੰਭਲਾ ਮਾਰਨ। ਲੱਖਾਂ ਦੀ ਗਿਣਤੀ ਵਿਚ ਹੋਣ ਕਰ ਕੇ ਵਿਦਿਆਰਥੀ ਵਰਗ ਇਕ ਬਹੁਤ ਵੱਡੀ ਤਾਕਤ ਹੈ ਤੇ ਹੁਣ ਵਕਤ ਵੀ ਹੈ ਕਿ ਇਸ ਤਾਕਤ ਦੀ ਸਹੀ ਵਰਤੋਂ ਕਰ ਲਈ ਜਾਵੇ। ਜੇ ਇਸ ਸੁਝਾਅ ਨੂੰ ਅਮਲੀ ਰੂਪ ਦੇ ਦਿਤਾ ਜਾਂਦਾ ਹੈ ਤਾਂ ਹਰ ਸਾਲ ਲੱਖਾਂ ਹੀ ਨਵੇਂ ਪੌਦੇ ਲੱਗ ਜਾਣਗੇ।
ਸੰਪਰਕ : 94171-20251