ਸਾਉਣ ਮਹੀਨਾ ਦਿਨ ਤੀਆਂ ਦੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗਰਮੀ ਵਿਚ ਮਨ ਦੀ ਗੁਆਚੀ ਸ਼ਾਂਤੀ ਨੂੰ ਵਾਪਸ ਲਿਆਉਣ ਵਾਲੇ ਸਾਉਣ-ਭਾਦੋਂ ਦੇ ਮਹੀਨੇ ਸੱਭ ਦੇ ਮਨਾਂ ਨੂੰ ਮੋਹ ਲੈਂਦੇ ਹਨ। ਸਾਉਣ ਦਾ ਇਕ ਵਿਸ਼ੇਸ਼ਣ 'ਮਘਵਨ' ਹੈ, ਜਿਸ ...

Ghidha

ਗਰਮੀ ਵਿਚ ਮਨ ਦੀ ਗੁਆਚੀ ਸ਼ਾਂਤੀ ਨੂੰ ਵਾਪਸ ਲਿਆਉਣ ਵਾਲੇ ਸਾਉਣ-ਭਾਦੋਂ ਦੇ ਮਹੀਨੇ ਸੱਭ ਦੇ ਮਨਾਂ ਨੂੰ ਮੋਹ ਲੈਂਦੇ ਹਨ। ਸਾਉਣ ਦਾ ਇਕ ਵਿਸ਼ੇਸ਼ਣ 'ਮਘਵਨ' ਹੈ, ਜਿਸ ਦਾ ਅਰਥ 'ਉਦਾਰ' ਜਾਂ 'ਬਖ਼ਸ਼ਿਸ਼ ਕਰਨ ਵਾਲਾ' ਹੈ। ਤਪਦੇ ਸ੍ਰੀਰਾਂ ਨੂੰ ਮੀਂਹ ਵਰ੍ਹਾ ਕੇ ਠੰਢ ਪਾਉਣ ਵਾਲਾ ਸਾਉਣ ਦਾ ਮਹੀਨਾ ਸਚਮੁਚ ਬਖ਼ਸ਼ਿਸ਼ ਕਰਨ ਵਾਲਾ ਹੀ ਜਾਪਦਾ ਹੈ।

ਮੀਂਹ, ਹਨੇਰੀ, ਨਿੰਮ੍ਹੀ ਨਿੰਮ੍ਹੀ ਫ਼ੁਹਾਰ, ਮੋਹਲੇਧਾਰ, ਝੜੀ, ਬਦਲਚਾਲ, ਸਤਰੰਗੀ ਪੀਂਘ, ਚਾਰ ਚੁਫ਼ੇਰੇ ਹਰਿਆਵਲ, ਆਕਾਸ਼ ਵਲ ਦਿਸਦੀ ਕਾਲੀ ਘਟਾ ਤੇ ਉਸ ਥੱਲੇ ਦਿਸਦੇ ਚਿੱਟੇ ਦੁਧ ਜਿਹੇ ਬਗਲਿਆਂ ਦੀਆਂ ਡਾਰਾਂ, ਮਖ਼ਮਲੀ ਸ੍ਰੀਰ ਵਾਲੀਆਂ ਵਹੁਟੀਆਂ, ਟਟਹਿਣੇ, ਮੋਰ-ਨਾਚ, ਕਿੱਕਰਾਂ ਹੇਠ ਵਿਛੇ ਪੀਲੇ ਬਿਸਤਰੇ, ਪੀਂਘਾਂ ਝੂਟਦੀਆਂ ਨੂੰਹਾਂ-ਧੀਆਂ, ਮੀਂਹ ਦੇ ਪਾਣੀ ਵਿਚ ਕਾਗ਼ਜ਼ ਦੀਆਂ ਕਿਸ਼ਤੀਆਂ ਚਲਾਉਂਦੇ ਤੇ ਮੀਂਹ ਵਰ੍ਹਾਉਣ ਲਈ ਗੀਤਾਂ ਰਾਹੀਂ ਬੇਨਤੀ ਕਰਦੇ ਬੱਚਿਆਂ ਵਾਲੇ ਮਨਮੋਹਣੇ ਦ੍ਰਿਸ਼ ਇਸ ਨਿਆਰੀ ਬਹਾਰ ਵਿਚ ਹੀ ਵੇਖਣ ਨੂੰ ਮਿਲਦੇ ਹਨ।

ਗੁਰਬਾਣੀ ਵਿਚ ਸਾਉਣ ਦੇ ਮੀਂਹ ਦੇ ਆਨੰਦ ਨੂੰ ਸੱਜਣ ਦੇ ਮਿਲਾਪ ਤੋਂ ਮਿਲਦੇ ਆਨੰਦ ਨਾਲ ਤੁਲਨਾ ਕੀਤੀ ਗਈ ਹੈ :
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ£
ਸਾਉਣ ਮਹੀਨੇ ਵਿਚ ਨਦੀ, ਨਾਲੇ, ਰਜਬਾਹੇ ਕਿਨਾਰਿਆਂ ਤੋਂ ਬਾਹਰ ਹੋ ਜਾਂਦੇ ਹਨ। ਧਰਤੀ ਉਤੇ ਸੱਭ ਪਾਸੇ ਹਰਿਆਵਲ ਛਾ ਜਾਂਦੀ ਹੈ। ਮਹਿੰਦੀ ਤੇ ਰਾਤ ਦੀ ਰਾਣੀ ਮਹਿਕਾਂ ਬਖੇਰਦੀ ਹੈ।

ਕੜਕਵੀਂ ਧੁੱਪ ਤੋਂ ਬਾਅਦ ਹਰ ਬੱਚਾ, ਜਵਾਨ, ਬੁੱਢਾ ਸਾਉਣ ਮਹੀਨੇ ਦੇ ਆਰੰਭ ਲਈ ਤਰਸਦਾ ਹੈ। ਬੱਚਿਆਂ ਨੂੰ ਇਸ ਮਹੀਨੇ ਵਿਚਲਾ ਮੌਸਮ ਬੜਾ ਪਿਆਰਾ ਲਗਦਾ ਹੈ। ਉਹ ਮੀਂਹ ਦੇ ਪਾਣੀ ਵਿਚ ਨਹਾਉਂਦੇ ਤੇ ਕਾਗ਼ਜ਼ ਦੀਆਂ ਕਿਸ਼ਤੀਆਂ ਤਰਾਉਂਦੇ ਹਨ। ਬੱਚਿਆਂ ਵਾਂਗ ਪੰਛੀਆਂ ਦੀ ਚੀਂ-ਚੀਂ ਵੀ ਆਕਾਸ਼ ਵਿਚ ਗੂੰਜਣ ਲਗਦੀ ਹੈ। ਆਪਸ ਵਿਚ ਪੰਛੀ ਕਲੋਲਾਂ ਕਰਦੇ ਨਜ਼ਰ ਆਉਂਦੇ ਹਨ।

ਅੰਬਾਂ ਦੇ ਦਰੱਖ਼ਤਾਂ ਉਤੇ ਕੋਇਲਾਂ ਖ਼ੁਸ਼ੀ ਵਿਚ ਗੀਤ ਗਾਉਣ ਲਗਦੀਆਂ ਹਨ, ਮੋਰ ਪੈਲਾਂ ਪਾਉਂਦੇ ਹਨ। ਤਿਤਲੀਆਂ, ਭੰਵਰੇ ਖ਼ੁਸ਼ੀ ਵਿਚ ਇਧਰ-ਉਧਰ ਝੂਮਦੇ ਨਜ਼ਰ ਆਉਂਦੇ ਹਨ। ਸਾਉਣ ਮਹੀਨੇ ਦੇ ਪਹਿਲੇ ਮੀਂਹ ਤੇ ਹੀ ਸਵਾਦੀ ਪਕਵਾਨ ਘਰਾਂ ਵਿਚ ਪੱਕਣੇ ਸ਼ੁਰੂ ਹੋ ਜਾਂਦੇ ਹਨ। ਖ਼ੀਰ, ਮਾਲ-ਪੂੜੇ, ਗੁਲਗਲੇ ਤਾਂ ਇਸ ਮੌਸਮ ਦਾ ਮਸ਼ਹੂਰ ਭੋਜਨ ਹਨ।

 ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਂਦੇ ਹਨ, ਭਾਵ ਮਸਿਆ ਟੱਪ ਜਾਂਦੀ ਹੈ ਤਾਂ ਚਾਨਣ ਪੱਖ ਵਾਲੀ ਅਗਲੀ ਰਾਤ ਏਕਮ ਦੀ ਰਾਤ ਹੁੰਦੀ ਹੈ। ਦੂਜਾ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ। ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੇ ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ 'ਰੱਖੜੀ' ਤਕ ਚਲਦਾ ਹੈ।

ਭੈਣਾਂ, ਅਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਤੋਂ ਬਾਅਦ ਮਾਪਿਆਂ ਘਰੋਂ ਵਿਦਾ ਲੈਂਦੀਆਂ ਹਨ। ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤਾਂ 'ਧੀਆਂ ਜੰਮੀਆਂ, ਤੀਆਂ ਆਰੰਭੀਆਂ' ਤੇ 'ਜਿਸ ਘਰ ਧੀਆਂ ਉਸ ਘਰ ਤੀਜਾਂ' ਵਿਚੋਂ ਸਪੱਸ਼ਟ ਨਜ਼ਰ ਆਉਂਦੀ ਹੈ। ਤੀਆਂ ਸ਼ੁਰੂ ਹੋਣ ਤੋਂ ਚਾਰ-ਪੰਜ ਦਿਨ ਪਹਿਲਾਂ ਹੀ ਨਵ-ਵਿਆਹੀਆਂ ਨੂੰ ਪੇਕੇ ਘਰ ਬੁਲਾ ਲਿਆ ਜਾਂਦਾ ਸੀ। ਕੁਆਰੀਆਂ ਤੇ ਵਿਆਹੀਆਂ ਸੱਭ ਮੁਟਿਆਰਾਂ ਇਕੱਠੀਆਂ ਹੋ ਕੇ ਇਸ ਤਿਉਹਾਰ ਦਾ ਆਨੰਦ ਮਾਣਦੀਆਂ। ਪਿਛਲੇ ਸਮੇਂ ਵਿਚ ਮਾਂ-ਪਿਉ ਅਪਣੀ ਧੀ ਘਰੇ ਕੁੱਝ ਨਹੀਂ ਸਨ ਖਾਂਦੇ।

ਇਸ ਕਰ ਕੇ ਮੁਕਲਾਵੇ ਤੋਂ ਬਾਦ ਦੇ ਵਰ੍ਹਿਆਂ ਵਿਚ, ਭਰਾ ਹੀ ਭੈਣ ਨੂੰ ਸਹੁਰਿਉਂ ਲਿਆਉਂਦਾ ਸੀ। ਤੀਆਂ ਦੇ ਦਿਨ ਨੇੜੇ ਆਉਂਦਿਆਂ ਹੀ ਨਵਵਿਆਹੀ ਧੀ ਮਾਂ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੰਦੀ ਸੀ।
ਮਾਏ ਪੀਹੜੀ ਬੈਠੀਏ ਨੀ, ਧੀਆਂ ਕਿਉਂ ਦਿਤੀਆਂ ਦੂਰ, ਸਾਉਣ ਆਇਆ।
ਪੰਜ ਸੇਰ ਪਿੰਨੀਆਂ ਪਾ ਕੇ, ਮਾਏ ਮੇਰੀਏ ਵੀਰ ਮੇਰੇ ਨੂੰ ਭੇਜ, ਸਾਉਣ ਆਇਆ। 

ਜਿਸ ਭੈਣ ਦੀਆਂ ਵਿਆਹ ਤੋਂ ਬਾਅਦ ਪਹਿਲੀਆਂ ਤੀਆਂ ਹੁੰਦੀਆਂ,  ਉਸ ਨੂੰ ਲੈਣ ਲਈ ਵੀਰ ਉਸ ਦੇ ਸਹੁਰੀਂ ਜਾਂਦਾ। ਕਈਆਂ ਦੇ ਪਤੀ ਤਾਂ ਚੰਗੇ ਸੁਭਾਅ ਦੇ ਮਾਲਕ ਹੁੰਦੇ ਤੇ ਆਰਾਮ ਨਾਲ ਅਪਣੀਆਂ ਪਤਨੀਆਂ ਨੂੰ ਤੀਆਂ ਦਾ ਤਿਉਹਾਰ ਮਨਾਉਣ ਲਈ ਤੋਰ ਦਿੰਦੇ ਪਰ ਕਈ ਬੰਦੇ ਬੜੇ ਗੁੱਸੇ ਵਾਲੇ ਸੁਭਾਅ ਦੇ ਹੁੰਦੇ ਹਨ। ਉਹ ਅਪਣੀ ਪਤਨੀ ਨੂੰ ਪੇਕੇ ਭੇਜਣ ਲਈ ਛੇਤੀ ਹਾਮੀ ਨਾ ਭਰਦੇ। ਅਜਿਹੀ ਸਥਿਤੀ ਵਿਚ ਘਿਰੀ ਮੁਟਿਆਰ ਅਪਣੇ ਵੀਰ ਦੇ ਆਉਣ ਤੇ ਅਪਣੇ ਆਪ ਤੇ ਕਾਬੂ ਨਾ ਰੱਖ ਸਕਦੀ ਤੇ ਗੁੱਸੇ ਵਿਚ ਆ ਕੇ ਪਤੀ ਦੀ 'ਨਾਗ' ਨਾਲ ਤੁਲਨਾ ਕਰਦੀ।

ਮੁਖੋਂ ਬੋਲ ਬਰਮੀ ਦਿਆ ਨਾਗਾ, ਵੀਰ ਮੇਰਾ ਲੈਣ ਆ ਗਿਆ।
ਉਸ ਦੇ ਇੰਜ ਆਖਣ ਦੀ ਦੇਰ ਹੁੰਦੀ ਕਿ ਦੋਹਾਂ ਨੂੰ ਉਸ ਦੀ ਮਾਨਸਿਕਤਾ ਦਾ ਪਤਾ ਚੱਲ ਜਾਂਦਾ। ਜੇ ਸਾਉਣ ਖ਼ਤਮ ਹੋਣ ਤੋਂ ਪਹਿਲਾਂ ਹੀ ਸਹੁਰਿਆਂ ਤੋਂ ਕੋਈ ਲੈਣ ਆ ਜਾਂਦਾ ਤਾਂ ਨਵ-ਵਿਆਹੀਆਂ ਅਪਣੀਆਂ ਮਾਂਵਾਂ ਨੂੰ ਗੱਡੀ ਖ਼ਾਲੀ ਤੋਰਨ ਲਈ ਕਹਿ ਦਿੰਦੀਆਂ :

ਸਾਉਣ ਦਾ ਮਹੀਨਾ, ਬਾਗਾਂ ਵਿਚ ਬੋਲਣ ਮੋਰ ਵੇ
ਮੈਂ ਨਹੀਂ ਸਹੁਰੇ ਜਾਣਾ, ਗੱਡੀ ਨੂੰ ਖ਼ਾਲੀ ਤੋਰ ਦੇ। 
ਤੀਆਂ ਦਾ ਆਖ਼ਰੀ ਦਿਨ ਵੀ ਮੇਲੇ ਦਾ ਰੂਪ ਧਾਰ ਲੈਂਦਾ ਹੈ।

ਬੋਲੀ ਪਾਉਂਦੀਆਂ, ਨਚਦੀਆਂ-ਟਪਦੀਆਂ ਮੁਟਿਆਰਾਂ ਭਾਦੋਂ ਚੜ੍ਹਦਿਆਂ ਹੀ ਸਾਉਣ ਨੂੰ ਅਸੀਸਾਂ ਦਿੰਦੀਆਂ ਤੇ ਭਾਦੋਂ ਨੂੰ ਬੁਰਾ-ਭਲਾ ਕਹਿੰਦੀਆਂ ਇਕ ਦੂਜੀ ਤੋਂ ਵਿਦਾ ਲੈ ਲੈਂਦੀਆਂ। ਇਸ ਤਰ੍ਹਾਂ ਅਸੀ ਵੇਖਦੇ ਹਾਂ ਕਿ ਮੁਟਿਆਰਾਂ ਦੇ ਮਨ ਨੂੰ ਭਾਉਣ ਵਾਲੇ ਤੇ ਕੁਦਰਤ ਦੀ ਮਹਿਮਾ ਨਾਲ ਜੁੜੇ ਮਾਨਸੂਨ ਰੁੱਤ ਦੇ ਇਸ ਰਮਣੀਕ ਤਿਉਹਾਰ ਤੇ ਤੀਆਂ ਦੇ ਗਿੱਧੇ ਨਾਲ ਉਨ੍ਹਾਂ ਦੀ ਜਜ਼ਬਾਤੀ ਸਾਂਝ ਜੁੜੀ ਹੁੰਦੀ ਸੀ।

ਇਹੀ ਕਾਰਨ ਹੈ ਕਿ ਪੰਜਾਬ ਦੀ ਸਭਿਆਚਾਰਕ ਤਸਵੀਰ ਵਿਚ ਇਥੋਂ ਦੀ ਭੂਗੋਲਿਕ ਮਹੱਤਤਾ ਦਰਸਾਉਂਦੀ ਤੀਆਂ ਦਾ ਅਪਣਾ ਵਿਸ਼ੇਸ਼ ਮਹੱਤਵ ਹੈ। ਪੱਛਮੀ ਸਭਿਆਚਾਰ ਦਾ ਪ੍ਰਭਾਵ, ਮੀਡੀਆ ਤੇ ਤਕਨਾਲੋਜੀ ਦਾ ਯੁੱਗ ਅਤੇ ਮਸਰੂਫ਼ੀਅਤ ਕਾਰਨ ਵਰਤਮਾਨ ਸਮੇਂ ਵਿਚ ਤੀਆਂ ਦਾ ਗਿੱਧਾ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਦੀਆਂ ਸਟੇਜਾਂ ਤਕ ਸੀਮਤ ਹੋ ਕੇ ਰਹਿ ਗਿਆ ਹੈ।

ਇਸ ਸੰਦਰਭ ਵਿਚ ਸਮਾਜ ਸੇਵੀ ਸੰਸਥਾਵਾਂ, ਵਿਦਿਅਕ ਅਦਾਰਿਆਂ, ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਤੇ ਉਨ੍ਹਾਂ ਪਿੰਡਾਂ-ਕਸਬਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ ਜੋ ਤੀਆਂ ਦੇ ਤਿਉਹਾਰ ਨੂੰ ਜਿਊਂਦਾ ਰੱਖਣ ਲਈ ਉਪਰਾਲੇ ਕਰਦੇ ਆ ਰਹੇ ਹਨ।
ਸੰਪਰਕ : 8567886223