ਵਿਸ਼ੇਸ਼ ਲੇਖ : ਬਦਲ ਵੀ ਸਕਦਾ ਹੈ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਸੜਕਾਂ ਉੱਤੇ ਬੇਰੁਜ਼ਗਾਰਾਂ ਦੇ ਗੁੱਸੇ ਦਾ ਵਿਸਫੋਟ ਪੁਰਾਣੀਆਂ ਸਰਕਾਰਾਂ ਦੇ ਕੀਤੇ ਭਿ੍ਸ਼ਟਾਚਾਰ ਕਾਰਨ ਹੈ |

Punjab Can Change

ਅੱਜ ਸੜਕਾਂ ਉੱਤੇ ਬੇਰੁਜ਼ਗਾਰਾਂ ਦੇ ਗੁੱਸੇ ਦਾ ਵਿਸਫੋਟ ਪੁਰਾਣੀਆਂ ਸਰਕਾਰਾਂ ਦੇ ਕੀਤੇ ਭਿ੍ਸ਼ਟਾਚਾਰ ਕਾਰਨ ਹੈ | ਉਹ ਲੋਕ ਜਿਹੜੇ ਹੁਣ 65-70 ਸਾਲਾਂ ਦੇ ਹੋ ਗਏ ਹਨ, ਉਨ੍ਹਾਂ ਦੀਆਂ ਦੋ-ਦੋ ਪੀੜ੍ਹੀਆਂ ਹੋਰ ਅੱਗੇ ਆ ਗਈਆਂ ਹਨ | ਬਹੁਤਿਆਂ ਨੂੰ  ਬਹੁਤ ਸਾਲ ਹੋ ਗਏ ਰਿਸ਼ਵਤ ਦਿੰਦਿਆਂ ਲੈਂਦਿਆਂ ਨੂੰ  ਤੇ ਦੇਖਦਿਆਂ ਨੂੰ  | ਇਨ੍ਹਾਂ ਹੱਡਾਂ 'ਚ ਰਚੀ ਬਿਮਾਰੀ ਨੂੰ  ਕੁਝ ਮੋੜ ਪਾਇਆ ਹੈ ਸਰਕਾਰ ਨੇ | ਐਨੀ ਪੁਰਾਣੀ ਬਿਮਾਰੀ ਨੂੰ  ਮੋੜ ਪਾਉਣਾ ਆਸਾਨ ਕੰਮ ਨਹੀਂ | ਉਮੀਦ ਬਣੀ ਹੈ ਕੁਝ ਚੰਗਾ ਹੋਣ ਦੀ | ਬਾਕੀਆਂ ਤੋਂ ਤਾਂ ਚੰਗੇ ਸ਼ਾਸਨ ਦੀ ਉਮੀਦ ਹੀ ਨਹੀਂ ਸੀ ਕੀਤੀ ਜਾ ਸਕਦੀ | ਕਦੇ ਕਹਿਣ ਦਾ ਹੱਕ ਰਖਦੇ ਹੋਣ ਭਿ੍ਸ਼ਟਾਚਾਰ ਖ਼ਤਮ ਕਰਾਂਗੇ | ਉਲਟਾ ਧਰਮ ਦੇ ਮਾਮਲਿਆਂ 'ਚ ਉਲਝਾ ਕੇ ਮੂਰਖ ਬਣਾਉਣ ਲੱਗੇ ਹੋਏ ਹਨ, ਪੰਜਾਬ ਦੇ ਅਕਾਲੀ ਕਹਾਉਣ ਵਾਲੇ ਲੋਕ | 25 ਸਾਲ ਰਾਜ ਕਰ ਕੇ, ਕੇਂਦਰ ਸਰਕਾਰ ਦੇ ਭਾਈਵਾਲ ਰਹਿ ਕੇ ਵੀ ਆਹ ਕੰਮ ਨਹੀਂ ਕੀਤੇ ਜੋ ਕਹਿ ਰਹੇ ਹਨ |

ਜਿਸ ਤਰ੍ਹਾਂ ਮਾਮਲੇ ਸਾਹਮਣੇ ਆ ਰਹੇ ਹਨ ਜਾਂ ਪਤਾ ਲੱਗ ਰਿਹਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਖ਼ਜ਼ਾਨਾ ਲੁਟਦੀਆਂ, ਲੁਟਾਉਂਦੀਆਂ ਖ਼ਾਲੀ ਕਰਦੀਆਂ ਰਹੀਆਂ ਹਨ, ਉਹ ਨਾ ਲੁੱਟਦੇ, ਉਸੇ ਪੈਸੇ ਨਾਲ ਪੰਜਾਬ 'ਚ ਕਾਰਖ਼ਾਨੇ ਲਾਉਂਦੇ ਲਵਾਉਂਦੇ, ਰੁਜ਼ਗਾਰ ਪੈਦਾ ਕਰਦੇ ਤਾਂ ਬੇਰੁਜ਼ਗਾਰੀ ਪੈਦਾ ਨਾ ਹੁੰਦੀ | ਸ਼ਾਮਲਾਟ ਜ਼ਮੀਨ ਜਿਨ੍ਹਾਂ 'ਤੇ ਕਾਰਖ਼ਾਨੇ ਲਾਉਣੇ ਲਵਾਉਣੇ ਸਨ, ਉਸ ਨੂੰ  ਬਹੁਤੇ ਆਪ ਹੀ ਦਬਦੇ ਰਹੇ ਤੇ ਦਬਣ ਵਾਲਿਆਂ ਦੀ ਲੈ ਦੇ ਕੇ ਮਦਦ ਕਰਦੇ ਕਰਵਾਉਂਦੇ ਰਹੇ |

ਬੇਰੁਜ਼ਗਾਰੀ, ਭਿ੍ਸ਼ਟਾਚਾਰ, ਗੈਂਗਸਟਰ, ਨਸ਼ੇੜੀ, ਗ਼ਰੀਬੀ ਦੀ ਮਾਰ ਤੇ ਪੰਜਾਬ ਦੇ ਸਿਰ ਲੱਖਾਂ-ਕਰੋੜਾਂ ਦਾ ਕਰਜ਼ਾ, ਸਾਰੇ ਰੋਗ ਉਨ੍ਹਾਂ ਨੇ ਪੈਦਾ ਕੀਤੇ ਹੋਏ ਹਨ ਨਾਕਿ 2-4 ਮਹੀਨਿਆਂ 'ਚ ਪੈਦਾ ਹੋਏ ਹਨ | ਬਹੁਤ ਸਾਰੇ ਨੇਤਾ ਤੇ ਉਨ੍ਹਾਂ ਦੇ ਨਜ਼ਦੀਕੀ ਪੰਜਾਬ ਦਾ ਧਨ ਲੁੱਟ ਕੇ ਅਮੀਰ ਹੋ ਗਏ | ਸੁਣਨ ਅਨੁਸਾਰ 75-25 ਕਰ ਲੁਟਦੇ ਰਹੇ, ਥੋੜੇ ਕੰਮਾਂ 'ਤੇ ਲਾ ਕੇ ਦਿਖਾਉਂਦੇ ਚਮਕਾਉਂਦੇ ਰਹੇ | 'ਪੰਜਾਬ ਰੋਡਵੇਜ਼ ਖਟਾਰਾ, ਪ੍ਰਾਈਵੇਟ ਦਾ ਲਿਸ਼ਕਾਰਾ' ਇਹੋ ਜਿਹੇ ਹੋਰ ਵੀ ਕੰਮ ਸਰਕਾਰ ਦੀ ਲੁੱਟ ਦੀਆਂ ਨਿਸ਼ਾਨੀਆਂ ਹਨ ਜਦਕਿ ਪੰਜਾਬ ਦੀ ਆਮ ਜਨਤਾ ਹੋਰ ਗ਼ਰੀਬ ਹੁੰਦੀ ਗਈ | 

ਮੈਨੂੰ ਨਹੀਂ ਪਤਾ ਗੱਲ ਕਿੰਨੀ ਕੁ ਸੱਚ ਹੈ ਪਰ ਦੋਸ਼ ਹਨ ਕਿ ਲੁਧਿਆਣੇ ਦੇ ਕਥਿਤ 2000 ਕਰੋੜ ਖ਼ਜ਼ਾਨੇ ਦੀ ਲੁੱਟ ਤੇ ਘਪਲਾ ਕਰਨ ਵਾਲੇ ਮੰਤਰੀ ਨੇ ਵਿਦੇਸ਼ 'ਚ 420 ਕਰੋੜ ਦਾ ਕਾਰੋਬਾਰ ਕਰ ਲਿਆ ਮੰਤਰੀ ਰਹਿੰਦੇ ਹੋਏ | ਬਾਕੀ ਲੋਕਾਂ ਨੇ ਵੀ ਕੀਤੇ ਹੋਣਗੇ | ਗੱਲ 5-5 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਖ਼ਜ਼ਾਨੇ 'ਚੋਂ ਲੁੱਟ ਕਰਨ ਦੇ ਦੋਸ਼ ਦੀਆਂ ਕਹਾਣੀਆਂ ਵੀ ਸੁਣੀਆਂ ਹਨ | ਇਸ ਤਰ੍ਹਾਂ ਉਹ ਧਨ ਦੀ ਲੁੱਟ ਨਾ ਕਰਦੇ, ਪੰਜਾਬ 'ਚ ਕਾਰੋਬਾਰ ਪੈਦਾ ਕਰਦੇ, ਲੋਕਾਂ ਨੂੰ  ਰੁਜ਼ਗਾਰ ਦਿੰਦੇ ਤਾਂ ਅੱਜ ਕਿਸ ਨੇ ਸੜਕਾਂ 'ਤੇ ਅਤੇ ਪਾਣੀ ਦੀਆਂ ਟੈਂਕੀਆਂ ਉਤੇ ਚੜ੍ਹਨ ਲਈ ਇਸ ਰੂਪ 'ਚ ਆਉਣਾ ਸੀ

| ਇਹ ਵੀ ਸੁਣਿਆ ਸੀ ਕਿ ਅਕਾਲੀ ਦਲ ਦੀ ਸਰਕਾਰ ਦੇ ਆਖ਼ਰੀ ਮਹੀਨਿਆਂ 'ਚ ਲਗਭਗ 32 ਹਜ਼ਾਰ ਕਰੋੜ ਕੇਂਦਰ ਤੋਂ ਆਇਆ ਸੀ ਜਿਸ ਨੂੰ  ਖੁਰਦ ਬੁਰਦ ਕਰਨ ਦਾ ਰੌਲਾ ਪਿਆ ਸੀ, ਸ਼ਾਇਦ ਲੈ ਦੇ ਕੇ ਦਬਾ ਦਿਤਾ ਗਿਆ | ਮੁੜ ਕੇ ਹਵਾ ਨਹੀਂ ਨਿਕਲੀ ਸੀ ਮੀਡੀਆ ਵਿਚ | ਜੇਕਰ ਇਹ ਵੀ ਭਵਿੱਖ 'ਚ ਸਹੀ ਨਿਕਲਦਾ ਹੈ ਤਾਂ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਨੂੰ  ਹੋਰ ਦੋ-ਦੋ ਕਰੋੜ ਮਿਲ ਸਕਦਾ ਸੀ ਪੰਜਾਬ ਨੂੰ  ਖ਼ੁਸ਼ਹਾਲ ਕਰਨ ਲਈ |

ਅੱਜ ਸੜਕਾਂ ਉੱਤੇ ਅਕਾਲੀਆਂ-ਕਾਂਗਰਸੀਆਂ ਦੇ ਮਾੜੇ ਕੰਮਾਂ ਕਾਰਨ ਲੋਕਾਂ ਵਲੋਂ ਸੜਕਾਂ 'ਤੇ ਵਿਸਫੋਟ ਕੀਤਾ ਜਾ ਰਿਹੈ | ਭਗਵੰਤ ਮਾਨ ਇਸ ਦਾ ਜ਼ਿੰਮੇਵਾਰ ਨਹੀਂ | ਉਹ ਤਾਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਨੂੰ  ਨਵੇਂ ਰਾਹ 'ਤੇ ਪਾਉਣ ਦੀ | ਉਸ ਦੇ 90% ਚੰਗੇ ਕੰਮ ਹਨ, 10% ਕੰਮ ਸਹੀ ਨਹੀਂ ਵੀ ਕਹੇ ਜਾ ਸਕਦੇ | ਜਾਣੇ ਅਣਜਾਣੇ ਹਰ ਕੋਈ ਗ਼ਲਤੀ ਕਰ ਸਕਦਾ ਹੈ | ਰਾਜਨੀਤੀ ਹਿਸਾਬ ਦਾ ਸਵਾਲ ਨਹੀਂ ਕਿ ਹਰ ਇਕ ਦੇ ਪੂਰੇ ਨੰਬਰ ਆ ਸਕਦੇ ਹੋਣ |

ਬਹੁਤ ਸਾਰੇ ਐਸ.ਸੀ. ਸਮਾਜ ਦੇ ਮਸਲੇ ਹਨ, ਦਿਹਾੜੀ ਮਜ਼ਦੂਰੀ, ਸ਼ਾਮਲਾਟਾਂ ਦੇ ਹਿੱਸੇ ਤੇ ਹੋਰ ਜਿਨ੍ਹਾਂ ਵਲ ਉਸ ਦਾ ਧਿਆਨ ਨਹੀਂ ਹੋ ਰਿਹਾ, ਪੰਜਾਬ ਪੁਲੀਸ ਦੀ ਭਰਤੀ 'ਚ ਕਥਿਤ 150 ਐਸ.ਸੀ ਉਮੀਦਵਾਰ ਉਹ ਸਨ ਜਿਹੜੇ ਜਨਰਲ ਦੇ ਬਰਾਬਰ ਦੀ ਮੈਰਿਟ 'ਚ ਆਉਂਦੇ ਸਨ, ਉਨ੍ਹਾਂ ਨੂੰ  ਲਿਸਟ 'ਚੋਂ ਬਾਹਰ ਕਰਨ ਦੀ ਕਾਰਵਾਈ ਸਹੀ ਨਹੀਂ | ਜੋ ਵੀ ਕੀਤੈ ਸੰਵਿਧਾਨ ਦੇ ਖ਼ਿਲਾਫ਼ ਹੈ ਜਿਸ ਦੀ ਸਹੁੰ ਖਾ ਕੇ ਸਰਕਾਰ ਬਣੀ ਹੈ | ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਹਾਂ ਜ਼ਰੂਰ ਧਿਆਨ ਦੇਵੇਗੀ ਸਰਕਾਰ | ਗ਼ਲਤੀਆਂ ਕੁਤਾਹੀਆਂ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ | ਸਮੇਂ ਸਮੇਂ 'ਤੇ ਉਨ੍ਹਾਂ ਦਾ ਸੁਧਾਰ ਕਰਨ ਵਾਲੇ ਲੰਮਾ ਸਮਾਂ ਰਾਜ ਕਰਦੇ ਹਨ |

ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਦਲਿਤ ਸਮਾਜ ਦੇ ਸਰਕਾਰੀ ਕਰਮਚਾਰੀਆਂ ਦੇ ਹੱਕ 'ਚ ਆਦੇਸ਼ ਹੋਣ ਦੇ ਬਾਵਜੂਦ 85% ਵੀ ਸੋਧ ਲਾਗੂ ਨਹੀਂ ਕਰ ਸਕੇ, ਸ਼ਾਇਦ ਜਨਰਲ ਵੋਟਰ ਦੇ ਖੁਸ ਜਾਣ ਦੇ ਡਰ ਤੋਂ ਜਾਂ ਵਿਰੋਧ ਤੋਂ ਡਰਦੇ ਹੋਏ | ਉਹ ਕੰਮ ਜਿਹੜਾ ਪਹਿਲਾਂ ਕਿਸੇ ਜਰਨਲ ਮੁੱਖ ਮੰਤਰੀ ਨੇ ਦਲਿਤ ਸਮਾਜ ਵਿਰੁਧ ਕਰਨ ਦੀ ਹਿੰਮਤ ਨਹੀਂ ਕੀਤੀ ਜਿਵੇਂ ਐਸ.ਸੀ ਕਮਿਸ਼ਨ 'ਚ ਜਨਰਲ ਦਾ ਅਹੁਦੇਦਾਰ ਲਾ ਦੇਣਾ, ਕਮਿਸ਼ਨ ਬਣਾ ਦੇਣ ਵਰਗੇ  ਕੰਮ ਕੀਤੇ, ਉਸ ਨੇ ਜਿਸ ਨੂੰ  ਦਲਿਤ ਸਮਾਜ ਅਪਣਾ ਕਹਿੰਦਾ ਰਿਹਾ | 

ਹਰ ਵਾਰ ਨਿਆਏ-ਅਨਿਆਏ ਨੂੰ  ਦਰ-ਕਿਨਾਰ ਕਰਦੇ ਹੋਏ ਸਮਾਜਕ ਤੌਰ ਤੇ ਤਕੜੇ ਲੋਕ ਸਰਕਾਰਾਂ ਕੋਲੋਂ ਵੱਡਾ ਲਾਭ ਤੇ ਸਰਕਾਰੀ ਖ਼ਜ਼ਾਨੇ ਦਾ ਵੱਡਾ ਹਿੱਸਾ ਅਪਣੇ ਲਈ ਲੈ ਜਾਂਦੇ ਰਹੇ | ਜ਼ਾਹਰ ਹੈ ਭਗਵੰਤ ਮਾਨ ਨੂੰ  ਵੀ ਦੱਬੀ ਫਿਰਦੇ ਹਨ, ਹਾਲ ਦੀ ਘੜੀ | ਪੁਰਾਣੀ ਗੱਲ ਹੈ, ਮਜੀਠੀਆ ਨੇ ਵੀ ਕੇਜਰੀਵਾਲ ਨੂੰ  ਦਬ ਲਿਆ ਸੀ, ਫਿਰ ਕੇਜਰੀਵਾਲ ਨੇ ਮੁਆਫ਼ੀ ਮੰਗ ਖਹਿੜਾ ਛੁਡਾ ਲਿਆ ਸੀ |

ਸਿਲਸਲੇ ਵਾਰ ਘਟਨਾਵਾਂ ਨੂੰ  ਦੇਖ ਕੇ ਲਗਦਾ ਹੈ ਕਿ ਪਹਿਲਾਂ ਦਿੱਲੀ 'ਚ ਫਿਰ ਦੂਜਾ ਪੰਜਾਬ 'ਚੋਂ ਭਾਜਪਾ-ਅਕਾਲੀ ਗੱਠਜੋੜ ਟੁਟਿਆ | ਫਿਰ ਮੁਆਫ਼ੀ ਮੰਗਵਾਉਣ ਵਾਲਾ ਮਜੀਠੀਆ ਜੇਲ੍ਹ ਵਿਚ | ਕੌਣ ਇਹ ਸੋਚ ਸਕਦਾ ਸੀ ਸਭ ਕੁੱਝ ਉਲਟ ਸਕਦਾ ਹੈ? ਕੇਜਰੀਵਾਲ ਬਹੁਤ ਲੰਮੀ ਸੋਚ ਰੱਖ ਕੇ ਰਾਜਨੀਤੀ ਕਰ ਰਹੇ ਹਨ | ਇਹੋ ਫ਼ਰਕ ਹੁੰਦਾ ਹੈ ਪੜ੍ਹੇ ਲਿਖੇ ਬੰਦੇ ਵਿਚ | ਜਿਸ ਤਰ੍ਹਾਂ ਮਜੀਠੀਆਂ ਹੋਰੀਂ ਕਾਬੂ ਕੀਤੇ ਹਨ ਬਾਕੀ ਮਸਲੇ ਵੀ ਉਹ ਕਾਬੂ ਕਰ ਸਕਦੇ ਹਨ, ਸਮਾਂ ਜ਼ਰੂਰ ਲਗੇਗਾ |

ਪੰਜਾਬ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਨੇੜੇ ਸਨ, ਉਨ੍ਹਾਂ 'ਚੋਂ ਬਹੁਤੇ ਲੋਕ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਹੀ ਕੰਮ ਕਰਨ ਕਰਾਉਣ ਦੀ ਉਮੀਦ ਕਰਦੇ ਸਨ | ਉਹ ਹਾਲੇ ਵੀ ਉਮੀਦ ਕਰਦੇ ਹਨ ਕਿ ਸਰਕਾਰ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਚਲੇਗੀ | ਪਰ ਸਿਹਤ ਮੰਤਰੀ ਦੇ ਭਿ੍ਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰ ਕੇ ਮਾਨ ਨੇ ਸਭ ਦੇ ਰਾਹ ਰੋਕ ਦਿਤੇ | ਉਨ੍ਹਾਂ ਨੇ ਉਨ੍ਹਾਂ ਵੋਟਰਾਂ ਦੀ ਉਮੀਦ 'ਤੇ ਪਾਣੀ ਫੇਰਿਆ ਹੈ ਜਿਹੜੇ ਪੈਸਾ ਦੇ ਕੇ ਜਾਂ ਦਿਵਾ ਕੇ ਨੌਕਰੀਆਂ, ਕਾਰੋਬਾਰ, ਠੇਕੇਦਾਰੀਆਂ, ਪਰਮਿਟ ਜਾਂ ਹੋਰ ਕਾਰੋਬਾਰ ਜਾਂ ਵਿਚੋਲੇ ਬਣ ਪੈਸਾ ਕਮਾਉਣਾ ਚਾਹੁੰਦੇ ਸਨ |

ਇਸ ਵਿਚ ਮਾਨ ਸਰਕਾਰ ਦੀ ਗ਼ਲਤੀ ਨਹੀਂ | ਗ਼ਲਤ ਕਰਨ ਕਰਾਉਣ ਦੀ ਮਾਨਸਿਕਤਾ ਰੱਖਣ ਵਾਲੇ ਅਪਣੇ ਅੰਦਰ ਝਾਤ ਮਾਰਨ ਕਿ ਕੀ ਉਹ ਠੀਕ ਕਰਨ ਦਾ ਇਰਾਦਾ ਰਖਦੇ ਸਨ? ਬਾਕੀ ਜੇਕਰ ਸਿਸਟਮ ਠੀਕ ਹੋ ਜਾਵੇ ਤਾਂ ਕੇਵਲ ਉਨ੍ਹਾਂ ਨੂੰ  ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ  ਵੀ ਬਹੁਤ ਲਾਭ ਹੋਵੇਗਾ | ਜੇਕਰ ਕੁੱਝ ਲੋਕ ਟੁੱਟੇ ਜਾ ਟੁੱਟ ਸਕਦੇ ਹਨ ਤਾਂ ਚੰਗੇ ਕੰਮ ਨਾਲ ਕੁੱਝ ਰੋਹ ਨਾਲ ਆ ਵੀ ਸਕਦੇ ਹਨ |

ਆਪ ਪਾਰਟੀ ਨੇ ਅਪਣੇ ਮੰਤਰੀ ਸਿੰਗਲਾ ਹੈਲਥ ਮੰਤਰੀ ਨੂੰ  ਜੇਲ੍ਹ 'ਚ ਭਿ੍ਸ਼ਟਾਚਾਰ ਦੇ ਦੋਸ਼ ਚ ਬੰਦ ਕਰ ਦਿਤਾ ਜਿਸ ਦੀ ਦੁਨੀਆਂ ਭਰ 'ਚ ਬਹੁਤ ਸ਼ਲਾਘਾ ਹੋਈ, ਚਰਚਾ ਹੋਈ | ਇਹ ਬਹੁਤ ਵੱਡਾ ਧਮਾਕਾ ਸੀ ਮਾਨ ਸਾਹਿਬ ਦਾ | ਬਹੁਤ ਸਾਰੇ ਲੋਕਾਂ ਲਈ ਮਾਨ ਸਰਕਾਰ ਦੀ ਬੱਲੇ ਬੱਲੇ ਨੂੰ  ਹਜ਼ਮ ਕਰਨਾ ਬਹੁਤ ਔਖਾ ਸੀ | ਇਸ ਦੌਰਾਨ ਮਾਨਸਾ ਨਾਲ ਹੀ ਸਬੰਧ ਰਖਦੇ ਹੋਏ ਬਹੁ-ਚਰਚਿਤ ਗਾਇਕ ਸਿੱਧੂ ਮੂਲੇਵਾਲਾ ਜਿਹੜਾ ਸਿੰਗਲਾ ਵਿਰੁਧ ਕਾਂਗਰਸ ਦਾ ਉਮੀਦਵਾਰ ਸੀ, ਸਾਜ਼ਿਸ਼ ਤਹਿਤ ਉਸ ਦਾ ਕਤਲ ਹੋਇਆ, ਸਭ ਜਾਣਦੇ ਹਨ |

ਲੇਕਿਨ ਇਸ ਕਤਲ ਪਿੱਛੇ ਦਾ ਮਕਸਦ ਜਾਂ ਕਰਨ ਵਾਲੇ ਦਾ ਇਰਾਦਾ ਕੋਈ ਵੀ ਹੋਵੇ, ਕੁੱਝ ਸਮੇਂ ਲਈ ਆਪ ਪਾਰਟੀ ਦੀ ਭਿ੍ਸ਼ਟਾਚਾਰ ਵਿਰੁਧ ਕਾਰਵਾਈ ਦੀ ਤਸਵੀਰ ਨੂੰ  ਪੰਜਾਬ ਹੀ ਨਹੀਂ ਸੰਸਾਰ ਦੇ ਲੋਕਾਂ ਦੇ ਦਿਮਾਗ਼ 'ਚੋਂ ਹਟਾ ਦਿਤਾ ਤੇ ਸਿੰਗਲਾ ਵਿਰੁਧ ਭਿ੍ਸ਼ਟਾਚਾਰ ਦੀ ਕਾਰਵਾਈ ਕਰਨ ਲਈ ਮਾਨ ਦੀ ਹੋ ਰਹੀ ਸ਼ਲਾਘਾ ਨੂੰ  ਲੋਕਾਂ ਦੇ ਦਿਮਾਗ਼ ਵਿਚ ਧੁੰਦਲਾ ਕਰਨ 'ਚ ਕਾਮਯਾਬ ਰਿਹਾ |

ਮੈਂ ਨਹੀਂ ਜਾਣਦਾ ਮਾਨਸਾ ਨਾਲ ਜੁੜੇ ਦੋਵਾਂ ਕੇਸਾਂ ਨੂੰ  ਜੋੜ ਕੇ ਦੇਖਣਾ ਚਾਹੀਦਾ ਹੈ ਜਾਂ ਨਹੀਂ ਪਰ ਜਿਹੜਾ ਕੰਮ ਸਿੰਗਲਾ ਦੀ ਗਿ੍ਫ਼ਤਾਰੀ ਨਾਲ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਦੀ ਬੱਲੇ ਬੱਲੇ ਤੇ ਲੋਕਾਂ ਦੇ ਮਨਾਂ ਨੂੰ  ਉਤਸ਼ਾਹਤ ਕਰਦਾ ਹੋਣਾ ਚਾਹੀਦਾ ਸੀ, ਲੋਕਾਂ ਦੇ ਜੋਸ਼ ਨੂੰ  ਠੰਡਾ ਵੀ ਕੀਤਾ | ਨਵੇਂ ਮੁੱਦੇ ਬਣਨ ਬਣਾਉਣ ਵਲ ਲੋਕਾਂ ਦਾ ਮਨ ਉਲਝਾ ਦਿਤਾ | ਕਾਂਗਰਸ ਦੇ ਨੇਤਾਵਾਂ ਦਾ ਧੜਾਧੜ ਬੀਜੇਪੀ 'ਚ ਸ਼ਾਮਲ ਹੋਣ ਪਿੱਛੇ ਕੋਢੇ ਕੋਢੇ ਹੋ ਕੇ ਅਕਾਲੀਆਂ ਦੇ ਲਾਈਨ 'ਚ ਲਗ ਜਾਣਾ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਜਾਂ ਭਿ੍ਸ਼ਟਾਚਾਰ 'ਚ ਹੱਥ ਹੋਣ ਵਲ ਇਸ਼ਾਰਾ ਕਰਦਾ ਨਜ਼ਰ ਆ ਰਿਹਾ ਹੈ | 

ਪੰਜਾਬੀਆਂ ਦੀ ਗੱਲ ਕਰੀਏ ਤਾਂ ਸ਼ੁਰੂਆਤ ਅਕਾਲੀ ਦਲ ਦੇ ਸਰਗਰਮ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਹੀ ਕੀਤੀ ਸੀ | ਪੰਜਾਬ ਦੇ ਕਾਂਗਰਸੀ ਨੇਤਾ ਖਹਿਰਾ ਜਾਂ ਹੋਰ ਨੇਤਾਵਾਂ ਦਾ ਆਪ ਵਾਲਿਆਂ ਨੂੰ  ਇਹ ਸਲਾਹ ਦੇਣਾ ਕਿ ਭਿ੍ਸ਼ਟਾਚਾਰ ਤੇ ਨਾਜਾਇਜ਼ ਕਬਜ਼ਿਆਂ ਦੀ ਕਾਰਵਾਈ ਵੱਡੇ ਲੋਕਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ | ਇਸ ਵਿਚ ਵੀ ਉਨ੍ਹਾਂ ਦੇ ਮਨ ਦੀ ਬੇਇਮਾਨੀ ਝਲਕਦੀ ਹੈ | ਇਹ ਲੋਕ ਤਾਂ ਰਾਜਨੀਤੀ ਹੀ ਕਰ ਰਹੇ ਹਨ, ਪੰਜਾਬ ਦਾ ਭਲਾ ਬਾਅਦ 'ਚ, ਪਹਿਲਾਂ ਅਪਣਾ ਭਲਾ ਕਰਨ ਲਈ |

ਪੰਜਾਬ ਦੇ ਨੇਤਾਵਾਂ ਤੋਂ ਸ਼ਾਇਦ ਹੀ ਕਿਸੇ ਨੇ ਪਹਿਲਾਂ ਸੁਣਿਆ ਹੋਵੇ, ਕਦੇ ਕਿਹਾ ਹੋਵੇ ਜਿਸ ਤਰ੍ਹਾਂ ਭਗਵੰਤ ਮਾਨ ਨੇ ਪਾਰਦਰਸ਼ਤਾ ਵਿਖਾਈ ਅਤੇ ਉਨ੍ਹਾਂ ਕਿਹਾ ਕਿ ਮੇਰੇ ਐਮਪੀ ਦੇ ਸੱਤ ਸਾਲਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਭਿ੍ਸ਼ਟਾਚਾਰ ਕਰਨ ਨਾਲ ਇਕ ਇੱਟ ਵੀ ਮੇਰੇ ਨਿੱਜੀ ਘਰ 'ਚ ਲੱਗੀ ਹੋਵੇ ਜਾਂ ਹੁਣ ਮੁੱਖ ਮੰਤਰੀ ਹੁੰਦੇ ਹੋਏ ਲੱਗੇ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇਣਾ | ਉਹ ਕਹਿੰਦੇ ਹਨ ਮੇਰੀ ਪਾਰਟੀ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕਰਦੀ | ਲੋਕ ਜਾਣਦੇ ਹਨ ਕਿ ਹੁਣ ਤਕ ਇਹ ਸੱਚ ਵੀ ਹੈ |

ਵੈਸੇ ਕਹਿਣ ਨੂੰ  ਪ੍ਰਧਾਨ ਮੰਤਰੀ ਮੋਦੀ ਵੀ ਕਹਿ ਦਿੰਦਾ ਹੈ 'ਨਾ ਖਾਉਂਗਾ ਨਾ ਖਾਨੇ ਦੂੰਗਾ' | ਪਰ ਭਾਜਪਾ 'ਚ ਭਾਰਤ ਦੇ ਹਰ ਰਾਜ ਦੇ ਅਜਿਹੇ ਲੋਕ ਸ਼ਾਮਲ ਹੋ ਰਹੇ ਹਨ ਜਾਂ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਉੱਤੇ ਦਾਗ਼ ਹਨ ਤੇ ਦਾਗ਼ ਹੋ ਸਕਦੇ ਹਨ | ਇਸ ਦੇ ਉਲਟ ਆਪ ਪਾਰਟੀ ਵਾਲਿਆਂ ਦੀ ਭਿ੍ਸ਼ਟਾਚਾਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਹਰ ਤਰ੍ਹਾਂ ਨਾਲ ਸਹੀ ਹੈ | ਬੇਸ਼ੱਕ ਇਨ੍ਹਾਂ ਵਿਚ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਣ 'ਚ ਸਫ਼ਲ ਹੋ ਜਾਂਦੇ ਹਨ ਪਰ ਕੋਸ਼ਿਸ਼ ਦੀ ਹੌਂਸਲਾ ਅਫ਼ਜ਼ਾਈ ਕਰਨੀ ਤਾਂ ਬਣਦੀ ਹੈ |

ਰਾਸ਼ਟਰ ਨਿਰਮਾਣ ਤੇ ਸਮਾਜਕ ਉਥਾਨ ਲਈ ਹਰ ਮਨੁੱਖ ਨੂੰ  ਨੈਤਿਕਤਾ ਬਣਾ ਕੇ ਰਖਦੇ ਹੋਏ ਅਪਣੇ ਆਪ ਰਾਸ਼ਟਰ ਪ੍ਰਤੀ ਇਮਾਨਦਾਰ ਵਫ਼ਾਦਾਰ ਹੋਣਾ ਚਾਹੀਦਾ ਹੈ | ਬਹੁਤੇ ਰਾਜਨੀਤਕ ਦਲਾਂ ਦੀ ਸੋਚ ਕੇਵਲ ਸੱਤਾ ਤਕ ਦੀ ਹੁੰਦੀ ਹੈ, ਰਾਸ਼ਟਰ ਅਤੇ ਨੈਤਿਕਤਾ ਦੂਜੇ ਨੰਬਰ ਉੱਤੇ ਰਖਦੇ ਹਨ | ਸੱਤਾ ਲਈ ਨੈਤਿਕਤਾ ਤੇ ਰਾਸ਼ਟਰੀਅਤਾ ਗੁਆ ਦੇਣ ਵਾਲੇ ਦਲਾਂ ਤੇ ਨੇਤਾਵਾਂ ਤੋਂ ਦੇਸ਼ ਨੂੰ  ਬਚਾਉਣ ਦੀ ਲੋੜ ਹੈ | ਅਜਿਹੇ ਲੋਕ ਹਰ ਜਾਤ-ਧਰਮ 'ਚ ਹੁੰਦੇ ਹਨ ਪਰ ਇਨ੍ਹਾਂ ਦੀ ਅਪਣੀ ਕੋਈ ਜਾਤੀ ਜਾਂ ਧਰਮ ਨਹੀਂ ਹੁੰਦਾ | ਮਨੁੱਖ ਦੀ ਸੋਚ 'ਚ ਭਗਤੀ ਤੇ ਸਵਾਰਥ ਨਹੀਂ ਹੋਣਾ ਚਾਹੀਦਾ |   

ਇੰਜੀ. ਹਰਦੀਪ ਸਿੰਘ ਚੁੰਬਰ 
ਮੋ. 9463601616