ਦੇਸ਼ ਦਾ ਸਿਰ ਝੁਕਾਉਂਦੀਆਂ ਹਨ ਹਾਥਰਸ ਜਹੀਆਂ ਘਟਨਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਸਬੰਧੀ ਜੋ ਵੀਡੀਉ ਸਾਹਮਣੇ ਆਇਆ ਉਸ ਨੂੰ ਵੇਖ ਕੇ ਇਕ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ।

Hathras Case

ਹਾਥਰਸ, ਬਲਰਾਮਪੁਰ, ਕਠੂਆ, ਉਨਾਓ ਤੇ ਹੈਦਰਾਬਾਦ ਵਾਲੀਆਂ ਬੱਚੀਆਂ ਨਾਲ ਜਿਸ ਦਰਿੰਦਗੀ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਉਪਰੰਤ ਜਿਸ ਵਹਿਸ਼ੀ ਪੁਣੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ, ਅਸਲੀਅਤ ਵਿਚ ਅਜਿਹੀਆਂ ਸੱਭ ਦਰਦਨਾਕ ਤ੍ਰਾਸਦੀਆਂ ਸਾਡੇ ਸਭਿਅਕ ਸਮਾਜ ਤੇ ਦੇਸ਼ ਦੇ ਮੱਥੇ ਤੇ ਲੱਗਾ ਇਕ ਬਦਨੁਮਾ ਦਾਗ਼ ਹਨ।

ਤਾਜ਼ਾ ਘਟਨਾ ਹਾਥਰਸ ਦੀ ਹੈ ਜਿਸ ਵਿਚ ਪਿਛਲੇ ਦਿਨੀਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਦਾਖ਼ਲ  19 ਸਾਲਾ ਦਲਿਤ ਲੜਕੀ ਨੇ ਦਮ ਤੋੜ ਦਿਤਾ। ਇਸ ਉਪਰੰਤ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਘਰ ਵਾਲਿਆਂ ਹਵਾਲੇ ਕਰਨ ਦੀ ਬਜਾਏ, ਬੀਤੀ 30 ਸਤੰਬਰ ਨੂੰ ਦੇਰ ਰਾਤ ਕਰੀਬ ਢਾਈ-ਤਿੰਨ ਵਜੇ ਉਸ ਦੇ ਪਿੰਡ ਬੂਲ ਗੜ੍ਹੀ ਵਿਖੇ ਹੀ ਉਸ ਦਾ ਅੰਤਮ ਸਸਕਾਰ ਕਰ ਦਿਤਾ।

ਇਸ ਸਬੰਧੀ ਜੋ ਵੀਡੀਉ ਸਾਹਮਣੇ ਆਇਆ ਉਸ ਨੂੰ ਵੇਖ ਕੇ ਇਕ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ। ਵੀਡੀਉ ਵਿਚ ਪੁਲਿਸ ਲਾਸ਼ ਨੂੰ ਅੰਤਿਮ ਸਸਕਾਰ ਲਈ ਲੈ ਕੇ ਜਾ ਰਹੀ ਹੈ, ਜਦੋਂ ਕਿ ਪ੍ਰਵਾਰ ਵਾਲਿਆਂ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਪ੍ਰਵਾਰ ਵਾਲਿਆਂ ਵਿਚੋਂ ਕੁੜੀ ਦੀ ਮਾਂ ਗੱਡੀ ਅੱਗੇ ਲੰਮੀ ਪੈ ਕੇ ਛਾਤੀ ਪਿਟਦੀ ਰਹੀ ਤੇ ਕੁੜੀ ਦਾ ਭਰਾ ਦੇ ਪਿਤਾ ਆਦਿ ਨੇ ਕਈ ਵਾਰ ਲਾਸ਼ ਦੇਣ ਦੀ ਮੰਗ ਕੀਤੀ। ਇਥੋਂ ਤਕ ਕਿ ਉਨ੍ਹਾਂ ਇਹ ਵੀ ਕਿਹਾ ਕਿ ਰਾਤ ਨੂੰ ਅੰਤਮ ਸਸਕਾਰ ਕਰਨ ਦੀ ਉਨ੍ਹਾਂ ਦੀ ਪ੍ਰੰਪਰਾ ਨਹੀਂ ਹੈ।

ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਘਰਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਘਰ ਵਿਚ ਬੰਦ ਕਰ ਕੇ ਲਾਸ਼ ਦੁਆਲੇ ਡਾਢੀ ਸੁਰੱਖਿਆ ਬਣਾ ਕੇ ਉਸ ਦਾ ਅੰਤਿਮ ਸਸਕਾਰ ਕਰ ਦਿਤਾ। ਹਾਦਸੇ ਦਾ ਸ਼ਿਕਾਰ ਹੋਈ ਲੜਕੀ ਦੇ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਧੀ ਘਰ ਵਿਚ ਸੱਭ ਤੋਂ ਲਾਡਲੀ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਉਸ ਦਾ ਆਖ਼ਰੀ ਵਾਰ ਮੂੰਹ ਤਕ ਨਹੀਂ ਵੇਖਣ ਦਿਤਾ। ਅਸਲੀਅਤ ਵਿਚ ਇਹ ਸੱਭ ਕੁੱਝ ਵੇਖਦਿਆਂ ਰੂਹ ਕੰਬ ਜਾਂਦੀ ਹੈ ਤੇ ਦਿਲ ਵਲੂੰਧਰਿਆ ਜਾਂਦਾ ਹੈ।

ਇਥੇ ਜ਼ਿਕਰਯੋਗ ਹੈ ਕਿ ਦੇਸ਼ ਤੇ ਦੁਨੀਆਂ ਵਿਚ ਔਰਤਾਂ ਦੀ ਦੁਰਦਸ਼ਾ ਸਬੰਧੀ ਸਾਹਿਰ ਲੁਧਿਆਣਵੀ ਨੇ ਕਈ ਦਹਾਕੇ ਪਹਿਲਾਂ ਅਪਣੀਆਂ ਨਜ਼ਮਾਂ ਤੇ ਗੀਤਾਂ ਵਿਚ ਜੋ ਦਰਦਨਾਕ ਤਸਵੀਰਾਂ ਪੇਸ਼ ਕੀਤੀ ਸੀ, ਦੇਸ਼ ਵਿਚ ਔਰਤਾਂ ਦੇ ਹਾਲਾਤ ਅੱਜ ਬਿਲਕੁਲ ਉਹੀ ਹਨ। ਉਨ੍ਹਾਂ ਦੀ ਨਜ਼ਮ ਦੀਆਂ ਚੰਦ ਸਤਰਾਂ ਚੇਤੇ ਆ ਰਹੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਔਰਤ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ :

ਔਰਤ ਨੇ ਜਨਮ ਦੀਯਾ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਜਬ ਜੀਅ ਚਾਹਾ ਮਸਲਾ ਕੁਚਲਾ,
ਜਬ ਜੀਅ ਚਾਹਾ ਧੁਤਕਾਰ ਦੀਯਾ।

ਇਥੇ ਜ਼ਿਕਰਯੋਗ ਹੈ ਕਿ ਹਰ ਸਾਲ ਦੁਨੀਆਂ ਭਰ ਵਿਚ 8 ਮਾਰਚ ਨੂੰ “ਵਿਸ਼ਵ ਔਰਤ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਔਰਤਾਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ। ਪਰ ਜਦੋਂ ਅਸਲੀਅਤ ਵਿਚ ਔਰਤਾਂ ਦੇ ਜੀਵਨ ਦੀ ਜ਼ਮੀਨੀ ਹਕੀਕਤ ਵੇਖਦੇ ਹਾਂ ਤਾਂ ਸਥਿਤੀਆਂ ਬਿਲਕੁਲ ਉਲਟ ਨਜ਼ਰ ਆਉਂਦੀਆਂ ਹਨ।

ਜੇਕਰ ਅਸੀ ਅਪਣੇ ਦੇਸ਼ ਵਿਚਲੀਆਂ ਔਰਤਾਂ ਦੇ ਜੀਵਨ ਉਤੇ ਝਾਤ ਮਾਰੀਏ ਤਾਂ ਯਕੀਨਨ  ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇਸ਼ ਵਿਚ ਔਰਤ ਨੂੰ ਦੇਵੀ ਦਾ ਦਰਜਾ ਦਿਤਾ ਜਾਂਦਾ ਹੈ, ਕੰਜਕਾਂ ਵਜੋਂ ਪੂਜਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਔਰਤ ਦੀ ਕੁੱਖੋਂ ਦੁਨੀਆਂ ਦੇ ਮਹਾਨ ਮਹਾਂਪੁਰਸ਼ਾਂ ਅਤੇ ਵੱਡੇ-ਵੱਡੇ ਨਬੀਆਂ ਪੈਗ਼ੰਬਰਾਂ ਤੇ ਸੂਫ਼ੀ ਸੰਤਾਂ ਨੇ ਜਨਮ ਲਿਆ ਜਿਸ ਨੇ ਟੀਪੂ ਸੁਲਤਾਨ, ਭਗਤ ਸਿੰਘ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਕਦੇ ਰਾਮ ਪ੍ਰਸਾਦ ਬਿਸਮਿਲ ਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਬੀਰਾਂ ਨੂੰ ਜਨਮ ਦਿਤਾ, ਉਸ ਔਰਤ ਦੀ ਸਥਿਤੀ ਦਾ ਜਦੋਂ ਅਸੀ ਅਪਣੇ ਦੇਸ਼ ਦੇ ਪਰਿਪੇਖ ਵਿਚ ਅਧਿਐਨ ਕਰਦੇ ਹਾਂ ਤਾਂ ਯਕੀਨਨ ਬੇਹਦ ਦਰਦਨਾਕ ਮੰਜ਼ਰ ਸਾਹਮਣੇ ਆਉਂਦੇ ਹਨ।

ਧਾਰਮਕ ਨਜ਼ਰੀਏ ਤੋਂ ਜੇਕਰ ਔਰਤ ਨੂੰ ਵੇਖਿਆ ਜਾਵੇ ਤਾਂ ਔਰਤ ਨੂੰ ਲਗਭਗ ਹਰ ਧਰਮ ਵਿਚ ਇੱਜ਼ਤ ਤੇ ਦੇਵੀ ਦਾ ਦਰਜਾ ਦਿਤਾ ਗਿਆ ਹੈ। ਇਸਲਾਮ ਵਿਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ, ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦਸਿਆ ਗਿਆ ਹੈ ਜਦੋਂ ਕਿ ਬਾਬਾ ਨਾਨਕ ਜੀ ਨੇ ਔਰਤ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ ਕਿ :
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।

 

ਅੱਜ ਸਮਾਜ ਵਿਚ ਔਰਤ ਦੀ ਜੋ ਦੂਰਦਸ਼ਾ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿਚੋਂ ਵੀ ਲੱਭ ਸਕਣਾ ਮੁਸ਼ਕਲ ਹੈ। ਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇਕ ਤੋਂ ਬਾਅਦ ਇਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆ ਹਨ ਜਿਸ ਤਰ੍ਹਾਂ ਪਿਛਲੇ ਦਿਨੀਂ ਵੱਖ-ਵੱਖ ਸ਼ੈਲਟਰ ਹਾਊਸਾਂ ਵਿੱਚ ਮੌਜੂਦ ਬੱਚੀਆਂ ਦਾ ਮਾਨਸਕ ਤੇ ਸ੍ਰੀਰਕ ਸ਼ੋਸ਼ਣ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਤੇ ਮੌਜੂਦਾ ਸਮੇਂ ਜਿਸ ਤਰ੍ਹਾਂ ਹਾਥਰਸ ਤੇ ਬਲਰਾਮਪੁਰ ਦੀਆਂ ਦੁੱਖਦਾਈ ਘਟਨਾਵਾਂ ਵਾਪਰੀਆਂ ਹਨ, ਉਸ ਨੇ ਯਕੀਨਨ ਸਮਾਜ ਵਿਚ ਵਿਚਰਣ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਤੱਖ ਰੂਪ ਵਿਚ ਪ੍ਰਗਟਾਵਾ ਕੀਤਾ ਹੈ ।

ਇਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ ਉਤੇ ਪੀੜਤਾ ਤੇ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਇਨਸਾਫ਼ ਲਈ ਜਿਸ ਤਰ੍ਹਾਂ ਦਰ ਬਦਰ ਜ਼ਲੀਲ ਤੇ ਖੱਜਲ ਖੁਆਰ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤਕ ਖ਼ਤਰਨਾਕ ਹੈ। ਜੇਕਰ ਕਠੂਆ, ਦਿੱਲੀ, ਉਨਾਓ ਤੇ ਅਜਿਹੀਆਂ  ਦੂਜੀਆਂ ਬਲਾਤਕਾਰਾਂ ਦੀਆਂ ਦਰਦਨਾਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਮੇਂ ਸਿਰ ਸਖ਼ਤ ਸਜ਼ਾਵਾਂ ਦਿਤੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਹਾਥਰਸ ਅਤੇ ਬਲਰਾਮਪੁਰ ਵਾਲੀਆਂ ਘਟਨਾਵਾਂ ਨਾ ਵਾਪਰਦੀਆਂ।

ਪੀੜਤ ਲੜਕੀਆਂ ਨੂੰ ਸਮੇਂ ਸਿਰ ਇਨਸਾਫ਼ ਨਾ ਮਿਲਣਾ ਅਸਲੀਅਤ ਵਿਚ ਸਾਡੇ ਨਿਆਇਕ ਸਿਸਟਮ ਦੀ ਛਵੀ ਨੂੰ ਧੂਮਲ ਕਰਦਾ ਹੈ, ਉਥੇ ਹੀ ਇਨਸਾਫ਼ ਮਿਲਣ ਵਿਚ ਹੁੰਦੀ ਦੇਰੀ ਪੀੜਤਾ ਤੇ ਉਸ ਦੇ ਪ੍ਰਵਾਰਕ ਮੈਂਬਰਾਂ ਵਿਚ ਮਾਯੂਸੀ ਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਹੱਲਾਸ਼ੇਰੀ ਪ੍ਰਦਾਨ ਕਰਦੀ ਨਜ਼ਰ ਆਉਂਦੀ ਹੈ। ਬੇਸ਼ਕ ਸਰਕਾਰ ਵਲੋਂ 'ਬੇਟੀ ਬਚਾਉ, ਬੇਟੀ ਪੜ੍ਹਾਉ' ਨਾਅਰੇ ਲਗਾਏ ਜਾਂਦੇ ਹਨ ਪਰ ਸੱਭ ਨਾਹਰੇ ਉਸ ਸਮੇਂ ਲੱਫ਼ਾਜ਼ੀ ਨਜ਼ਰ ਆਉਂਦੇ ਹਨ ਜਦੋਂ ਹਾਥਰਸ ਜਹੀਆਂ ਘਟਨਾਵਾਂ ਵਿਚ ਪੁਲਿਸ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਵਿਚ ਢਿੱਲਮਠ ਵਾਲਾ ਰਵਈਆ ਅਪਣਾਉਂਦੀ ਹੈ ਤੇ ਫਿਰ ਪੀੜਤਾ ਦੀ ਮੌਤ ਤੋਂ ਬਾਅਦ ਉਸ ਨੂੰ ਉਸ ਦੇ ਘਰ ਦਿਆਂ ਰੋਕਣ ਦੇ ਬਾਵਜੂਦ ਅੱਧੀ ਰਾਤ ਨੂੰ ਅੰਤਿਮ ਸਸਕਾਰ ਕਰਨ ਦੀ ਕਾਹਲ ਵਿਖਾਉਂਦੀ ਹੈ।

ਇਥੇ ਜ਼ਿਕਰਯੋਗ ਹੈ ਕਿ ਕੁੱਝ ਵਿਦਿਅਕ ਸੰਸਥਾਵਾਂ ਵਿਚ ਵੀ ਜਿਸ ਤਰ੍ਹਾਂ ਲੜਕੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਸ ਨੂੰ ਵੇਖਦਿਆਂ ਇੰਜ ਲਗਦਾ ਹੈ ਕਿ ਜਿਵੇਂ 'ਬੇਟੀ ਬਚਾਉ, ਬੇਟੀ ਪੜ੍ਹਾਉ' ਵਰਗੇ ਨਾਅਰਿਆਂ ਨੂੰ ਅਜਿਹਾ ਰਵਈਆ ਦੰਦੀਆਂ ਚਿੜਾ ਰਹੇ ਹੋਵੇ। ਹਾਲੇ ਕੁੱਝ ਸਮਾਂ ਪਹਿਲਾਂ ਦੀ ਹੀ ਗੱਲ ਹੈ ਜਦੋਂ ਗੁਜਰਾਤ ਦੇ ਇਕ ਇੰਸਟੀਚਿਊਟ ਵਿਖੇ ਇਕ ਪ੍ਰਿੰਸੀਪਲ ਦੁਆਰਾ 68 ਵਿਦਿਆਰਥਣਾਂ ਦੇ ਕਪੜੇ ਸਿਰਫ਼ ਇਹ ਜਾਣਨ ਲਈ ਲੁਹਾਏ ਗਏ ਸਨ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਸੈਨੇਟਰੀ ਪੈਡ ਕਿਸ ਕੁੜੀ ਦੁਆਰਾ ਸੁਟਿਆ ਗਿਆ ਸੀ।

ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਇੰਸਟੀਚਿਊਟ ਵਿਖੇ ਪੜ੍ਹ ਰਹੀਆਂ ਕੁੜੀਆਂ ਨੂੰ ਜਦੋਂ ਵੀ ਮਾਂਹਵਾਰੀ ਆਉਂਦੀ ਹੈ, ਤਾਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਵਾਸਤੇ ਕੁੱਝ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ ਮਾਂਹਵਾਰੀ ਦੌਰਾਨ ਲੜਕੀਆਂ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿਚ ਰਹਿਣਾ ਪੈਂਦਾ ਸੀ। ਉਹ ਰਸੋਈ ਵਿਚ ਨਹੀਂ ਵੜ ਸਕਦੀਆਂ ਸਨ ਤੇ ਪੂਜਾ ਆਦਿ ਨਹੀਂ ਕਰ ਸਕਦੀਆਂ ਸਨ। ਮਾਂਹਵਾਰੀ ਵਾਲੀਆਂ ਕੁੜੀਆਂ ਨੂੰ ਕਲਾਸਾਂ ਵਿਚ ਵੀ ਪਿਛਲੇ ਬੈਂਚਾਂ ਉੱਤੇ ਬੈਠਣਾ ਪੈਂਦਾ ਸੀ।

ਜਿੱਥੋਂ ਤਕ ਕਾਲਜਾਂ ਤੇ ਯੂਨੀਵਰਸਟੀਆਂ ਹਨ, ਅੱਜ ਇਹ ਅਦਾਰੇ ਵੀ ਲੜਕੀਆਂ ਲਈ ਸੁਰੱਖਿਅਤ ਨਹੀਂ ਹਨ। ਪਿਛਲੇ ਦਿਨੀਂ ਅਜਿਹੀ ਹੀ ਇਕ ਨਿਊਜ਼ ਰੀਪੋਰਟ ਨੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿਤਾ ਜਦੋਂ ਇਕ ਗਰਲਜ਼ ਹੋਸਟਲ ਵਿਖੇ ਗੁੰਡਾ ਅਨਸਰਾਂ ਦੁਆਰਾ ਲੜਕੀਆਂ ਦੀਆਂ ਛਾਤੀਆਂ ਨੂੰ ਮਧੋਲਿਆ ਗਿਆ ਤੇ ਉਨ੍ਹਾਂ ਲੜਕੀਆਂ ਦੇ ਕਪੜੇ ਤਕ ਪਾੜ ਦਿਤੇ ਗਏ। ਅਪਣੀ ਨਜ਼ਮ ਵਿਚ ਸਾਹਿਰ ਲੁਧਿਆਣਵੀ ਇਕ ਥਾਂ ਲਿਖਦੇ ਹਨ ਕਿ :

ਜਿਨ ਸੀਨੋਂ ਨੇ ਉਨਹੇ ਦੂਧ ਦੀਆਂ, ਉਨ ਸੀਨੋਂ ਕਾ ਬਿਓਪਾਰ ਕੀਯਾ।
ਜਿਸ ਕੋਖ ਮੇਂ ਉਨਕਾ ਜਿਸਮ ਢਲਾ, ਉਸ ਕੋਖ ਕਾ ਕਾਰੋਬਾਰ ਕੀਯਾ।
ਜਿਸ ਤਨ ਸੇ ਉਗੇ ਕੌਂਪਲ ਬਨ ਕਰ, ਉਸ ਤਨ ਕੋ ਜ਼ਲੀਲ ਓ ਖੁਆਰ ਕੀਯਾ।

ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਅੰਤ ਵਿਚ ਸਾਹਿਰ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਅਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ :
ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ,

ਅਵਤਾਰ ਪੈਗੰਬਰ ਜਨਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ,
ਔਰਤ ਨੇ ਜਨਮ ਦੀਯਾ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ।

ਸੰਪਰਕ : 98552-59650
ਮੁਹੰਮਦ ਅੱਬਾਸ ਧਾਲੀਵਾਲ