Rajvir Singh Jawanda: ਅਲਵਿਦਾ! ਮੋਹਵੰਤਾ ਗਾਇਕ ਰਾਜਵੀਰ ਸਿੰਘ ਜਵੰਦਾ
ਸੰਸਾਰ ਵਿਚ ਵੱਸ ਰਹੇ ਲੱਖਾਂ ਪੰਜਾਬੀਆਂ ਦੀਆਂ ਦੁਆਵਾਂ ਵੀ ਰਾਜਵੀਰ ਸਿੰਘ ਜਵੰਦਾ ਨੂੰ ਬਚਾ ਨਹੀਂ ਸਕੀਆਂ।
Rajvir Singh Jawanda : ਸੰਸਾਰ ਵਿਚ ਵੱਸ ਰਹੇ ਲੱਖਾਂ ਪੰਜਾਬੀਆਂ ਦੀਆਂ ਦੁਆਵਾਂ ਵੀ ਰਾਜਵੀਰ ਸਿੰਘ ਜਵੰਦਾ ਨੂੰ ਬਚਾ ਨਹੀਂ ਸਕੀਆਂ। 27 ਸਤੰਬਰ 2025 ਨੂੰ ਹਿਮਾਚਲ ਪ੍ਰਦੇਸ਼ ’ਚ ਬੱਦੀ ਨੇੜੇ ਅਪਣੇ ਦੋਸਤਾਂ ਨਾਲ ਟ੍ਰੈਕਿੰਗ ’ਤੇ ਜਾਂਦੇ ਹੋਏ ਆਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਹਾਦਸਾ ਹੋਇਆ ਸੀ। ਇਸ ਕਲਹਿਣੇ ਦਿਨ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਰਾਜਵੀਰ ਸਿੰਘ 11 ਦਿਨਾਂ ਤੋਂ ਬਾਅਦ ਅਖ਼ੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਸੰੰਗੀਤ ਪ੍ਰੇਮੀਆਂ ਨੂੰ ਉਸ ਦੇ ਤੰਦਰੁਸਤ ਹੋਣ ਦੀ ਆਸ ਬੱਝੀ ਹੋਈ ਸੀ, ਕਿਉਂਕਿ ਅਣਗਿਣਤ ਲੋਕਾਂ ਦੀਆਂ ਦੁਆਵਾਂ ਉਸ ਦੇ ਸਿਹਤਯਾਬ ਹੋਣ ਲਈ ਅਰਦਾਸਾਂ ਕਰ ਰਹੀਆਂ ਸਨ।
ਇਕੱਲਾ ਰਾਜਵੀਰ ਸਿੰਘ ਜਵੰਦਾ ਦਾ ਪ੍ਰਵਾਰ ਹੀ ਨਹੀਂ ਸਗੋਂ ਗੀਤ ਸੰਗੀਤ ਨੂੰ ਪ੍ਰੇਮ ਕਰਨ ਵਾਲਾ ਹਰ ਵਿਅਕਤੀ ਉਸ ਦੇ ਤੁਰ ਜਾਣ ਤੋਂ ਬਾਅਦ ਅਪਣੇ ਆਪ ਨੂੰ ਬੇਬਸ ਤੇ ਠੱਗਿਆ ਮਹਿਸੂਸ ਕਰ ਰਿਹਾ ਹੈ। ਹਰ ਕੋਈ ਰਾਜਵੀਰ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣ ਕੇ ਸੋਗ ’ਚ ਡੁੱਬ ਗਿਆ। ਉਸ ਦੀ ਸੁਰੀਲੀ ਤੇ ਸਾਫ਼ ਸੁਥਰੀ ਲੋਕ ਗਾਇਕੀ ਕਰ ਕੇ ਉਹ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਚ ਵਸਿਆ ਹੋਇਆ ਸੀ। ਜਿਸ ਦਿਨ ਤੋਂ ਉਸ ਦੇ ਹਾਦਸੇ ਦਾ ਪਤਾ ਲੱਗਾ, ਲਗਭਗ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਰਾਜਵੀਰ ਦੀ ਸਿਹਤਯਾਬੀ ਨਾਲ ਜੁੜ ਗਈਆਂ। ਮੈਂ ਅਪਣੀ 77 ਸਾਲ ਦੀ ਉਮਰ ’ਚ ਕਿਸੇ ਗਾਇਕ ਦੀ ਤੰਦਰੁਸਤੀ ਲਈ ਐਨੇ ਲੋਕ ਦੁਆਵਾਂ ਕਰਦੇ ਨਹੀਂ ਵੇਖੇ। ਉਸ ਨੂੰ ਭਾਵੇਂ ਕੋਈ ਕਦੀਂ ਮਿਲਿਆ ਹੋਵੇ ਤੇ ਭਾਵੇਂ ਨਾ ਵੀ ਮਿਲਿਆ ਹੋਵੇ ਪ੍ਰੰਤੂ ਉਹ ਰਾਜਵੀਰ ਦੀ ਜਲਦੀ ਤੰਦਰੁਸਤੀ ਦੀ ਦੁਆ ਕਰ ਰਿਹਾ ਸੀ। ਉਸ ਦੀ ਸੁਰੀਲੀ ਗਾਇਕੀ ਨੇ ਜਨਸਮੂਹ ਨੂੰ ਅਪਣੇ ਨਾਲ ਜੋੜ ਲਿਆ ਸੀ। ਰਾਜਵੀਰ ਦੇ ਤੁਰ ਜਾਣ ਨਾਲ ਸਮੁੱਚੀ ਮਾਨਵਤਾ ਨੂੰ ਧੱਕਾ ਲੱਗਾ ਹੈ। ਹਰ ਖੇਤਰ ਦੇ ਲੋਕਾਂ ਨੇ ਸੱਚੇ ਦਿਲੋਂ ਅਰਦਾਸਾਂ ਕੀਤੀਆਂ ਪ੍ਰੰਤੂ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਇਸ ਦੁੱਖਦਾਈ ਖ਼ਬਰ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ। ਸੋਹਣਾ, ਸੁਣੱਖਾ, ਸੁਡੌਲ, ਹੁੰਦੜਹੇਲ, ਚੁਸਤ ਫਰੁਸਤ, ਤਿੱਖੇ ਨੈਣ ਨਕਸ਼ ਵਾਲਾ, ਮਿੱਠਬੋਲੜਾ ਰਾਜਵੀਰ ਜਵੰਦਾ ਅਜੇ ਵੀ ਅੱਖਾਂ ਅੱਗੇ ਉਸੇ ਤਰ੍ਹਾਂ ਗਾਉਂਦਾ ਤੇ ਵਿਚਰਦਾ ਵਿਖਾਈ ਦੇ ਰਿਹਾ ਹੈ। ਭਾਵੇਂ ਉਹ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ ਹੈ, ਪ੍ਰੰਤੂ ਦਿਲ ਨੂੰ ਯਕੀਨ ਨਹੀਂ ਆ ਰਿਹਾ। ਅਜੇ ਤਾਂ ਉਸ ਨੇ ਨਵੇਂ ਕੀਰਤੀਮਾਨ ਸਥਾਪਤ ਕਰਨੇ ਸਨ। ਸੰਗੀਤ ਰੂਹ ਦੀ ਖ਼ੁਰਾਕ ਹੁੰਦਾ ਹੈ। ਰਾਜਵੀਰ ਦੇ ਗੀਤ ਸਾਫ਼ ਸੁਥਰੇ ਘਰ ਪ੍ਰਵਾਰ ’ਚ ਬੈਠ ਕੇ ਸੁਣੇ ਜਾ ਸਕਦੇ ਹਨ। ਬਹੁਤੇ ਗੀਤ ਉਹ ਆਪ ਹੀ ਲਿਖਦਾ ਸੀ। ਉਹ ਅਜੋਕੀ ਧੂਮ ਧੜੱਕੇ ਵਾਲੀ ਗਾਇਕੀ ਤੋਂ ਕੋਹਾਂ ਦੂਰ ਰਿਹਾ ਜਿਸ ਕਰ ਕੇ ਉਸ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਸੀ।
ਰਾਜਵੀਰ ਜਵੰਦਾ ਨੇ ਸੰਸਾਰ ’ਚ ਪੰਜਾਬੀ ਗਾਇਕੀ ਨਾਲ ਅਪਣਾ ਨਾਮ ਬਣਾਇਆ ਅਤੇ ਦੇਸ਼-ਵਿਦੇਸ਼ ’ਚ ਛਾਇਆ ਰਿਹਾ। ਉਹ ਅਜਿਹਾ ਗਾਇਕ ਸੀ, ਜਿਸ ਦੇ ਲਗਭਗ ਹਰ ਰੋਜ਼ ਪ੍ਰੋਗਰਾਮ ਲਗਦੇ ਰਹਿੰਦੇ ਸਨ। ਉਸ ਦੇ ਪ੍ਰੋਗਰਾਮ ਦੀਆਂ ਟਿਕਟਾਂ ਮਿਲਣੀਆਂ ਔਖੀਆਂ ਹੁੰਦੀਆਂ ਸਨ। ਉਸ ਦਾ ਕਿਸੇ ਵੀ ਕਲਾਕਾਰ ਜਾਂ ਗਾਇਕ ਨਾਲ ਕੋਈ ਵਿਰੋਧ ਨਹੀਂ ਸੀ। ਉਹ ਕਦੀਂ ਵੀ ਕਿਸੇ ਵਾਦ-ਵਿਵਾਦ ’ਚ ਨਹੀਂ ਪਿਆ। ਆਮ ਤੌਰ ’ਤੇ ਵੱਡੇ ਕਲਾਕਾਰਾਂ ਨਾਲ ਵਾਦ-ਵਿਵਾਦ ਜੁੜਦੇ ਰਹਿੰਦੇ ਹਨ। ਇੰਨੀ ਛੋਟੀ ਉਮਰ ’ਚ ਨਾਮਣਾ ਖੱਟ ਗਿਆ, ਇਹੋ ਉਸ ਦੀ ਕਮਾਈ ਹੈ। ਰਾਜਵੀਰ ਸਿੰਘ ਦੀ ਹਰਮਨ-ਪਿਆਰਤਾ ਤੇ ਕਲਾਕਾਰਾਂ ਅਤੇ ਗਾਇਕਾਂ ਨਾਲ ਪਿਆਰ ਦਾ ਪ੍ਰਗਟਾਵਾ ਉਸ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਪਤਾ ਲਗਦਾ ਹੈ ਕਿ ਪੰਜਾਬ ਦਾ ਹਰ ਵੱਡਾ ਗਾਇਕ ਤੇ ਕਲਾਕਾਰ ਤੁਰੰਤ ਹਸਪਤਾਲ ਅਤੇ ਉਸ ਦੇ ਪਿੰਡ ਪਹੁੰਚ ਗਿਆ ਹੈ। ਇਹ ਹੀ ਰਾਜਵੀਰ ਸਿੰਘ ਜਵੰਦਾ ਦੀ ਸ਼ੋਹਰਤ ਦੀ ਨਿਸ਼ਾਨੀ ਹੈ।
ਪੁਲਿਸ ਦੀ ਨੌਕਰੀ ਉਸ ਨੂੰ ਰਾਸ ਨਾ ਆਈ, ਹਾਲਾਕਿ ਪੁਲਿਸ ਵਿਭਾਗ ਦੇ ਅਧਿਕਾਰੀ ਉਸ ਨੂੰ ਨੌਕਰੀ ਛੱਡਣ ਤੋਂ ਰੋਕਦੇ ਰਹੇ। ਇਸੇ ਕਰ ਕੇ ਉਸ ਦਾ ਅਸਤੀਫ਼ਾ ਲੰਮਾ ਸਮਾਂ ਦਫ਼ਤਰੀ ਝਮੇਲਿਆਂ ’ਚ ਪਿਆ ਰਿਹਾ। ਅਸਲ ’ਚ ਪੁਲਿਸ ਅਧਿਕਾਰੀ ਉਸ ਤੋਂ ਅਪਣੇ ਨਿੱਜੀ ਹਿਤਾਂ ਲਈ ਅਪਣੇ ਕੋਲ ਹੀ ਰਖਣਾ ਚਾਹੁੰਦੇ ਸਨ। ਉਸ ਦੇ ਪਿਤਾ ਵੀ ਨਹੀਂ ਚਾਹੁੰਦੇ ਸਨ ਕਿ ਉਹ ਪੁਲਿਸ ਦੀ ਨੌਕਰੀ ਛੱਡੇ। ਰਾਜਵੀਰ ਜਵੰਦਾ ਫੋਰਟੀਜ਼ ਹਸਪਤਾਲ ’ਚ ਦਾਖ਼ਲ ਰਿਹਾ, ਉਸ ਦੀ ਤੰਦਰੁਸਤੀ ਦੀ ਖ਼ਬਰ ਲੈਣ ਵਾਲੇ ਲੋਕਾਂ ਦਾ ਤਾਂਤਾ ਲਗਿਆ ਰਿਹਾ। ਇਕੱਲੇ ਸੰਗੀਤਕਾਰ ਹੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਦੇ ਲੋਕ ਹਸਪਤਾਲ ਪਹੁੰਚਦੇ ਰਹੇ। ਇਥੋਂ ਤਕ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਉਸ ਦੀ ਖ਼ਬਰ ਲੈਣ ਲਈ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਵੀ ਹਸਪਤਾਲ ਪਹੁੰਚੇ ਸਨ। ਪਰ ਇਹ ਸਿਆਸਤਦਾਨ ਆਵਾਰਾ ਪਸ਼ੂਆਂ ਦਾ ਕੋਈ ਸਾਰਥਕ ਪ੍ਰਬੰਧ ਪਤਾ ਨਹੀਂ ਕਿਉਂ ਨਹੀਂ ਕਰਦੇ। ਲਗਭਗ ਦੇਸ਼ ਦੀਆਂ ਸਾਰੀਆਂ ਸਰਕਾਰਾਂ ਗਊ ਸੈਸ ਲੋਕਾਂ ਤੋਂ ਲੈਂਦੀਆਂ ਹਨ, ਫਿਰ ਪਸ਼ੂਆਂ ਦਾ ਇੰਤਜ਼ਾਮ ਕਿਉਂ ਨਹੀਂ ਕਰਦੀਆਂ?
ਰਾਜਵੀਰ ਜਵੰਦਾ ਦਾ ਜਨਮ ਕਰਮ ਸਿੰਘ ਜਵੰਦਾ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ 23 ਦਸੰਬਰ 1988 ਨੂੰ ਲੁਧਿਆਣਾ ਜ਼ਿਲ੍ਹੇ ਵਿਚ ਜਗਰਾਉਂ ਦੇ ਪਿੰਡ ਪੋਨਾ ਵਿਖੇ ਹੋਇਆ ਸੀ। ਉਹ ਅਪਣੇ ਪਿੱਛੇ ਅਪਣੀ ਮਾਤਾ, ਪਤਨੀ, ਇਕ ਛੋਟੀ ਭੈਣ ਅਤੇ ਦੋ ਬੱਚੇ ਛੱਡ ਗਿਆ ਹੈ। ਉਸ ਦਾ ਪਿਤਾ 2021 ’ਚ ਸਵਰਗਵਾਸ ਹੋ ਗਿਆ ਸੀ। ਸਕੂਲੀ ਪੜ੍ਹਾਈ ਉਸ ਨੇ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਤੋਂ ਕੀਤੀ। ਉਸ ਤੋਂ ਬਾਅਦ ਬੀ.ਏ ਲਾਲਾ ਲਾਜਪਤ ਰਾਇ ਕਾਲਜ ਜਗਰਾਉਂ ਤੋਂ ਪਾਸ ਕੀਤੀ। ਮਹਿਜ਼ ਗਿਆਰਾਂ ਸਾਲ ਦੀ ਉਮਰ ’ਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿਤਾ ਸੀ। ਸਕੂਲ ਦੀਆਂ ਸਭਿਅਚਾਰਕ ਸਰਗਰਮੀਆਂ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ। ਪੜ੍ਹਾਈ ਦੌਰਾਨ ਹੀ ਉਸ ਨੇ ਉਸਤਾਦ ਲਾਲੀ ਖ਼ਾਨ ਕੋਲੋਂ ਗਾਇਕੀ ਦੀ ਸਿਖਿਆ ਲੈਣੀ ਸ਼ੁਰੂ ਕਰ ਦਿਤੀ ਸੀ।
10 ਸਾਲ ਉਹ ਸੰਗੀਤਕ ਜਗਤ ’ਚ ਸਥਾਪਤ ਹੋਣ ਲਈ ਜਦੋਜਹਿਦ ਕਰਦਾ ਰਿਹਾ। 10 ਸਾਲ ਤੋਂ ਬਾਅਦ ਉਹ ਐਸਾ ਸਥਾਪਤ ਹੋਇਆ ਕਿ ਲੋਕਾਂ ਨੇ ਉਸ ਦੀ ਗਾਇਕੀ ਨੂੰ ਪ੍ਰਵਾਨ ਕਰ ਕੇ ਉਸ ਨੂੰ ਅਪਣੀਆਂ ਅੱਖਾਂ ਦਾ ਤਾਰਾ ਬਣਾ ਲਿਆ। ਲਾਲ ਚੰਦ ਯਮਲਾ ਜੱਟ ਦੀ ਗਾਇਕੀ ਦਾ ਕਾਇਲ ਹੋਣ ਕਰ ਕੇ ਉਸ ਨੇ ਤੂੰਬੀ ਵਜਾਉਣ ਨੂੰ ਤਰਜੀਹ ਦਿਤੀ। ਕਾਲਜ ਸਮੇਂ ਇੰਟਰ ਕਾਲਜ ਯੂਥ ਫ਼ੈਸਟੀਵਲਾਂ ਦਾ ਸ਼ਿੰਗਾਰ ਹੁੰਦਾ ਸੀ। ਸੁਭਾਅ ਦਾ ਬਹੁਤ ਨਰਮ ਅਤੇ ਮੁਹੱਬਤੀ ਵਿਦਿਆਰਥੀ ਸੀ। ਯੂਥਫ਼ੈਸਟੀਵਲਾਂ ’ਚ ਰਾਜਵੀਰ ਸਿੰਘ ਨੇ ਵੱਖੋ ਵਖਰੇ ਈਵੈਂਟਸ ਵਿਚੋਂ 11 ਟਰਾਫ਼ੀਆਂ ਜਿੱਤੀਆਂ। ਪੋਸਟ ਗ੍ਰੈਜੂਏਸ਼ਨ ਲਈ 2007 ਵਿਚ ਰਾਜਵੀਰ ਜਵੰਦਾ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਦਾਖ਼ਲਾ ਲਿਆ ਸੀ। ਇਥੇ ਉਸ ਨੇ ਥੇਟਰ ਤੇ ਟੀ.ਵੀ ਦੀ ਪੋਸਟ ਗ੍ਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਫਿਰ ਉਹ ਮੁਕਾਬਲੇ ਦੇ ਇਮਤਿਹਾਨ ਰਾਹੀਂ ਪੰਜਾਬ ਪੁਲਿਸ ’ਚ ਭਰਤੀ ਹੋ ਗਿਆ। ਲਗਭਗ 9 ਸਾਲ ਉਸ ਨੇ ਪੁਲਿਸ ’ਚ ਨੌਕਰੀ ਕੀਤੀ। ਉਹ ਭਾਂਤ ਸੁਭਾਂਤ ਦੇ ਮੋਟਰਸਾਈਕਲਾਂ ਤੇ ਟ੍ਰੈਕਿੰਗ ਦਾ ਸ਼ੌਕੀਨ ਸੀ।
ਪਹਿਲੀ ਵਾਰ ਉਸ ਦਾ ਗਾਣਾ 2007 ’ਚ ਯੂਟਿਊਬ ਤੇ ਆਇਆ ਸੀ। 2016 ਵਿਚ ਮੁਕਾਬਲਾ ਅਤੇ 2017 ’ਚ ਕੰਗਣੀ ਗੀਤ ਨਾਲ ਉਸ ਦੀ ਮਕਬੂਲੀਅਤ ਵੱਧ ਗਈ। ਰਾਜਵੀਰ ਜਵੰਦਾ ਦੇ ਕਲੀ ਜਵੰਦਾ ਦੀ, ਦੁੱਗ ਦੁੱਗ ਵਾਲੇ ਯਾਰ, ਮੁਕਾਬਲਾ, ਪਟਿਆਲਾਸ਼ਾਹੀ ਪੱਗ, ਕੇਸਰੀ ਝੰਡੇ, ਸ਼ਾਨਦਾਰ, ਸ਼ੌਕੀਨ, ਲੈਂਡਲਾਰਡ, ਸਰਨੇਮ ਅਤੇ ਕੰਗਣੀ ਗਾਣੇ ਹਿੱਟ ਹੋ ਗਏ। ਉਸ ਤੋਂ ਬਾਅਦ ਤਾਂ ਉਹ ਸੰਗੀਤ ਪ੍ਰੇਮੀਆਂ ਦਾ ਚਹੇਤਾ ਬਣ ਗਿਆ। ਇਸ ਸਮੇਂ ਉਸ ਦੇ ਲੱਖਾਂ ਪ੍ਰਸ਼ੰਸ਼ਕ ਸਨ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਰਾਜਵੀਰ ਐਡਵੈਂਚਰਸ ਸੀ। ਉਹ ਮੋਟਰਸਾਈਕਲ ਤੇ ਪਹਾੜਾਂ ਦੀ ਸੈਰ ਕਰਨ ਦਾ ਸ਼ੌਂਕੀਨ ਸੀ।
ਕਈ ਤਰ੍ਹਾਂ ਦੇ ਮੋਟਰਸਾਈਕਲ ਉਹ ਖ੍ਰੀਦਦਾ ਰਹਿੰਦਾ ਸੀ। ਉਸ ਦਾ ਜ਼ਿੰਦਗੀ ਨੂੰ ਮਾਣਨ ਦਾ ਸੁਭਾਅ ਸੀ, ਉਹ ਕਹਿੰਦਾ ਹੁੰਦਾ ਸੀ ਕਿ ਜ਼ਿੰਦਗੀ ਜਿਉਣੀ ਚਾਹੀਦੀ ਹੈ, ਆਨੰਦ ਲੈਣਾ ਚਾਹੀਦਾ ਹੈ। ਉਹ ਜ਼ਿੰਦਗੀ ਦਾ ਆਨੰਦ ਮਾਣਦਾ ਵੀ ਰਿਹਾ ਹੈ। ਪ੍ਰੰਤੂ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦੇ ਸ਼ੌਂਕ ਹੀ ਉਸ ਦੀ ਜਾਨ ਲੈ ਲੈਣਗੇ। ਰਾਜਵੀਰ ਸਿੰਘ ਜਵੰਦਾ ਨੂੰ ਲੋਕ ਏਨਾ ਪਿਆਰ ਕਰਦੇ ਸਨ ਕਿ ਇਸ ਗੱਲ ਦਾ ਪਤਾ ਉਸ ਦੀ ਮੌਤ ਤੋਂ ਬਾਅਦ ਪਤਾ ਲਗਿਆ ਹੈ। ਉਸ ਦੇ ਪਿੰਡ ਦਾ ਬੱਚਾ ਬੱਚਾ ਖ਼ੂਨ ਦੇ ਅਥਰੂ ਵਹਾ ਰਿਹਾ ਹੈ। ਪਿੰਡ ਵਿਚ ਮਾਤਮ ਛਾਇਆ ਪਿਆ ਹੈ। ਉਸ ਦਾ ਸਸਕਾਰ ਅੱਜ (9 ਅਕਤੂਬਰ ਨੂੰ) ਪਿੰਡ ਪੋਨਾ ਜ਼ਿਲ੍ਹਾ ਲੁਧਿਆਣਾ ਵਿਚ ਕੀਤਾ ਜਾਵੇਗਾ।
ਮੋਬਾ : 94178-13072