ਵਿਦੇਸ਼ੀਆਂ ਦੇ ਰਾਹ ’ਚ ਟਰੰਪ ਨੇ ਅੜਾਇਆ ਇਕ ਹੋਰ ਫਾਨਾ
ਹੁਣ ਬਿਮਾਰ ਲੋਕਾਂ ਲਈ ਅਮਰੀਕਾ ਦੀ ਐਂਟਰੀ ਕੀਤੀ ਬੰਦ!
ਵਾਸ਼ਿੰਗਟਨ (ਸ਼ਾਹ) : ਭਾਵੇਂ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਆਪਣੀਆਂ ਨੀਤੀਆਂ ਦੇ ਚਲਦਿਆਂ ਕਈ ਵੱਡੇ ਸ਼ਹਿਰਾਂ ਦੀਆਂ ਸਥਾਨਕ ਚੋਣਾਂ ਵਿਚ ਕਰਾਰੀ ਮਾਤ ਖਾਣੀ ਪਈ ਐ, ਪਰ ਇਸ ਦੇ ਬਾਵਜੂਦ ਟਰੰਪ ਪਰਵਾਸੀਆਂ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ। ਹੁਣ ਫਿਰ ਅਮਰੀਕਾ ਸਰਕਾਰ ਵੱਲੋਂ ਵੀਜ਼ਾ ਨੀਤੀਆਂ ਵਿਚ ਵੱਡਾ ਬਦਲਾਅ ਕੀਤਾ ਗਿਆ ਏ, ਜਿਸ ਦੇ ਚਲਦਿਆਂ ਵਿਦੇਸ਼ੀਆਂ ਲਈ ਅਮਰੀਕਾ ਜਾਣ ਦਾ ਰਾਹ ਹੋਰ ਜ਼ਿਆਦਾ ਮੁਸ਼ਕਲ ਕਰ ਦਿੱਤਾ ਗਿਆ ਏ,, ਕਿਉਂਕਿ ਹੁਣ ਅਮਰੀਕਾ ਦੀ ਨਵੀਂ ਨੀਤੀ ਮੁਤਾਬਕ ਬਿਮਾਰ ਵਿਅਕਤੀ ਵੀ ਅਮਰੀਕਾ ਨਹੀਂ ਜਾ ਸਕਣਗੇ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਹੜੀਆਂ ਬਿਮਾਰੀਆਂ ਵਾਲੇ ਲੋਕਾਂ ਦਾ ਅਮਰੀਕਾ ਦਾ ਵੀਜ਼ਾ ਹੋ ਸਕਦੈ ਰੱਦ?
ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਵਿਦੇਸ਼ੀਆਂ ਨੂੰ ਵੀਜ਼ਾ ਦੇਣ ਦਾ ਮਾਮਲੇ ਵਿਚ ਹੁਣ ਨਵਾਂ ਨਿਰਦੇਸ਼ ਜਾਰੀ ਕੀਤਾ ਗਿਆ ਏ, ਜਿਸ ਵਿਚ ਕਿਹਾ ਗਿਆ ਏ ਕਿ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਨੂੰ ਸ਼ੂਗਰ, ਮੋਟਾਪਾ ਜਾਂ ਦੂਜੀ ਕੋਈ ਗੰਭੀਰ ਬਿਮਾਰੀ ਹੈ ਤਾਂ ਉਸ ਨੂੰ ਅਮਰੀਕਾ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਵੀਜ਼ਾ ਅਧਿਕਾਰੀਆਂ ਨੂੰ ਅਜਿਹੇ ਉਮੀਦਵਾਰਾਂ ਨੂੰ ‘ਪਬਲਿਕ ਚਾਰਜ’ ਮੰਨਦੇ ਹੋਏ ਰਿਜੈਕਟ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਅਮਰੀਕਾ ਦੇ ਇਸ ਕਦਮ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਅਮਰੀਕਾ ਵਿਚ ਰਹਿਣ ਵਾਲੇ ਲੋਕ ਸਰਕਾਰ ’ਤੇ ਮੈਡੀਕਲ ਖ਼ਰਚ ਦਾ ਬੋਝ ਨਾ ਵਧਾਉਣ। ਇਕ ਰਿਪੋਰਟ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਸ਼ਫਾਰਤਖ਼ਾਨਿਆਂ ਅਤੇ ਕੌਂਸਲੇਟਾਂ ਨੂੰ ਆਖਿਆ ਏ ਕਿ ਵੀਜ਼ਾ ਲੈਣ ਵਾਲਿਆਂ ਦੀ ਸਿਹਤ ’ਤੇ ਧਿਆਨ ਦੇਣ। ਨਵੇਂ ਨਿਯਮਾਂ ਤਹਿਤ ਜੇਕਰ ਕਿਸੇ ਵਿਅਕਤੀ ਨੂੰ ਲਗਦਾ ਏ ਕਿ ਉਹ ਅਮਰੀਕਾ ਵਿਚ ਸਰਕਾਰੀ ਸਿਹਤ ਸਹੂਲਤਾਂ ’ਤੇ ਨਿਰਭਰ ਹੋ ਸਕਦਾ ਏ ਤਾਂ ਉਸ ਨੂੰ ਪਬਲਿਕ ਚਾਰਜ ਯਾਨੀ ਜਨਤਕ ਬੋਝ ਮੰਨਿਆ ਜਾ ਸਕਦਾ ਏ। ਇਸ ਨਿਯਮ ਵਿਚ ਸਿਰਫ਼ ਵੀਜ਼ਾ ਉਮੀਦਵਾਰ ਹੀ ਨਹੀਂ, ਬਲਕਿ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਵਰਗੇ ਆਸ਼ਰਿਤਾਂ ਦੀ ਸਿਹਤ ਨੂੰ ਵੀ ਦੇਖਿਆ ਜਾਵੇਗਾ।
ਹੁਣ ਵੱਡਾ ਸਵਾਲ ਇਹ ਐ ਕਿ ਅਮਰੀਕਾ ਦੀ ਇਸ ਨੀਤੀ ਨਾਲ ਕੀ ਅਸਰ ਹੋਵੇਗਾ? ਇਸ ਨੂੰ ਲੈ ਕੇ ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਪਹਿਲਾਂ ਵੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਦੀ ਸਿਹਤ ਜਾਂਚ ਹੁੰਦੀ ਸੀ, ਪਰ ਇਸ ਨਵੇਂ ਆਦੇਸ਼ ਨਾਲ ਵੀਜ਼ਾ ਅਧਿਕਾਰੀਆਂ ਨੂੰ ਜ਼ਿਆਦਾ ਅਧਿਕਾਰ ਮਿਲ ਗਏ ਨੇ। ਉਹ ਉਮੀਦਵਾਰ ਦੇ ਸਿਹਤ ਖ਼ਰਚ ਅਤੇ ਸੰਭਾਵਿਤ ਸਮੱਸਿਆ ਨੂੰ ਦੇਖਦਿਆਂ ਵੀਜ਼ਾ ਰਿਜੈਕਟ ਕਰ ਸਕਦੇ ਨੇ। ਟਰੰਪ ਪ੍ਰਸ਼ਾਸਨ ਦਾ ਕਹਿਣਾ ਏ ਕਿ ਕਾਰਡੀਓਵੈਸਕੁਲਰ, ਸਾਹ ਰੋਗ, ਕੈਂਸਰ, ਮੈਟਾਬਲਿਕ ਰੋਗ, ਨਿਊਰੋਲਾਜ਼ਿਕਲ ਅਤੇ ਮੈਂਟਲ ਹੈਲਥ ਵਰਗੀਆਂ ਬਿਮਾਰੀਆਂ ’ਤੇ ਧਿਆਨ ਦਿੱਤਾ ਜਾਵੇਗਾ। ਹੋਰ ਤਾਂ ਹੋਰ ਮੋਟਾਪੇ ਨੂੰ ਵੀ ਗੰਭੀਰ ਮੰਨਿਆ ਜਾਵੇਗਾ ਕਿਉਂਕਿ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਅਸਥਮਾ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਏ।
ਇਸ ਨਵੀਂ ਨੀਤੀ ਦਾ ਉਦੇਸ਼ ਅਮਰੀਕਾ ਵਿਚ ਇਮੀਗ੍ਰੇਸ਼ਨ ਨੂੰ ਹੋਰ ਸਖ਼ਤ ਕਰਨਾ ਏ। ਪਿਛਲੇ ਕੁੱਝ ਸਾਲਾਂ ਵਿਚ ਵਾਈਟ ਹਾਊਸ ਨੇ ਵਿਦੇਸ਼ੀਆਂ ਦੀ ਗਿਣਤੀ ਘੱਟ ਕੀਤੀ ਐ, ਸ਼ਰਨਾਰਥੀਆਂ ਦੇ ਅਮਰੀਕਾ ਆਉਣ ’ਤੇ ਰੋਕ ਲਗਾਈ ਐ ਅਤੇ ਵੀਜ਼ਾ ਦੀਆਂ ਵੱਖ ਵੱਖ ਸ਼੍ਰੇਣੀਆਂ ਦੇ ਨਿਯਮ ਸਖ਼ਤ ਕੀਤੇ ਗਏ ਨੇ। ਇਸ ਤੋਂ ਇਲਾਵਾ ਅਸਥਾਈ ਵੀਜ਼ਾ ਜਿਵੇਂ ਐਚ-1ਬੀ, ਵਿਦਿਆਰਥੀਆਂ ਅਤੇ ਵਿਦੇਸ਼ੀ ਮੀਡੀਆ ਨੁਮਾਇੰਦਿਆਂ ਦੇ ਲਈ ਵੀ ਨਿਯਮ ਬਦਲੇ ਗਏ ਨੇ।
ਉਧਰ ਅਮਰੀਕਾ ਦੀ ਇਸ ਨੀਤੀ ਨੂੰ ਲੈ ਕੇ ਸਿਹਤ ਮਾਹਿਰਾਂ ਦਾ ਕਹਿਣਾ ਏ ਕਿ ਇਹ ਕਦਮ ਨਾ ਸਿਰਫ਼ ਭੇਦਭਾਵਪੂਰਨ ਐ, ਬਲਕਿ ਮਨੁੱਖਤਾ ਦੇ ਨਜ਼ਰੀਏ ਨਾਲ ਵੀ ਗ਼ਲਤ ਐ। ਬਿਮਾਰੀਆਂ ਦੇ ਆਧਾਰ ’ਤੇ ਲੋਕਾਂ ਨੂੰ ਦੇਸ਼ ਵਿਚ ਦਾਖ਼ਲ ਨਾ ਹੋਣ ਦੇਣਾ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਐ। ਮਾਹਿਰਾਂ ਦਾ ਕਹਿਣਾ ਏ ਕਿ ਇਸ ਨੀਤੀ ਦਾ ਸਭ ਤੋਂ ਜ਼ਿਆਦਾ ਅਸਰ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਲੋਕਾਂ ’ਤੇ ਪਵੇਗਾ, ਜੋ ਬਿਹਤਰ ਇਲਾਜ ਜਾਂ ਰੁਜ਼ਗਾਰ ਦੇ ਲਈ ਅਮਰੀਕਾ ਜਾਣਾ ਚਾਹੁੰਦੇ ਨੇ।